35.1 C
Delhi
Friday, March 29, 2024
spot_img
spot_img

ਪੰਜਾਬ ਹਾਰੇਗਾ 23 ਨੂੰ, ਲਿਖ਼ ਲਓ ਕਿਤੇ! – ਐੱਚ.ਐੱਸ.ਬਾਵਾ

ਪੰਜਾਬ ਹਾਰੇਗਾ 23 ਮਈ ਨੂੰ। ਲਿਖ਼ ਲਓ ਕਿਤੇ, ਲਿਖ਼ ਲਓ। ਮੈਂ ਦਾਅਵੇ ਨਾਲ ਕਹਿ ਰਿਹਾਂ, ਕੌਣ ਜਿੱਤਦੈ, ਕਿਹੜਾ ਦੂਜੇ ਥਾਂਈਂ ਰਹਿੰਦੈ, ਕਿਹੜਾ ਤੀਜੇ ਤੇ ਚੌਥੇ ਥਾਵੇਂ ਰਹਿੰਦੈ ਤੇ ਕਿਹਦੀ ਕਿਹਦੀ ਜ਼ਮਾਨਤ ਜ਼ਬਤ ਹੁੰਦੀ ਐ, ਇਹ ਤਾਂ ਪਤਾ ਨਹੀਂ, ਪੰਜਾਬ ਹਾਰੇਗਾ। ਨਤੀਜੇ ਮਗਰੋਂ ਕਿਹਦੀ ਝੰਡੀ ਹੁੰਦੀ ਐ ਤੇ ਕਿਹਦੇ ਝੰਡੇ ਵਿਚੋਂ ਡੰਡਾ ਗਾਇਬ ਹੋ ਜਾਂਦੈ, ਕਿਹੜਾ ਜਿੱਤ ਮਗਰੋਂ ਧਰਮ ਅਸਥਾਨੀਂ ਮੱਥਾ ਟੇਕ ਕੇ ਸ਼ਾਮ ਨੂੰ ਮਿੱਤਰਾਂ ਨਾਲ ਡੱਟ ਖੋਲ੍ਹ ਬਹਿੰਦੈ ਤੇ ਕਿਹੜਾ ਹਾਰ ਦੀ ਨਮੋਸ਼ੀ ਤੋਂ ਬਚਦਾ ਮੋਬਾਇਲ ਸਵਿੱਚ ਆਫ਼ ਕਰ ਕੇ ਆਪਣਿਆਂ ਨੂੰ ਵੀ ਮਿਲਣੋਂ ਇਨਕਾਰੀ ਹੋ ਜਾਂਦੈ, ਇਹ ਤਾਂ ਪਤਾ ਨਹੀਂ, ਪੰਜਾਬ ਹਾਰੇਗਾ।

ਮੈਨੂੰ ਵੀ ਪਤੈ, ਕਿ ਕੋਡ ਅਜੇ ਲੱਗਾ ਹੋਇਐ, ਕਿ ਅਜੇ ਕੋਈ ਪੇਸ਼ੀਨਗੋਈ ਨਹੀਂ ਕੀਤੀ ਜਾ ਸਕਦੀ ਪਰ ਜੋ ਹੋਵੇਗੀ, ਵੇਖ਼ੀ ਜਾਏਗੀ, ਮੈਂ ਡੰਕੇ ਦੀ ਚੋਟ ’ਤੇ ਕਹਿਣਾਂ ਕਿ 23 ਨੂੰ ਪੰਜਾਬ ਹਾਰੇਗਾ।

ਚੋਣਾਂ ਦੇ ਐਲਾਨ ਤੋਂ ਬਾਅਦ ਪਾਰਟੀਆਂ, ਟਿਕਟਾਂ ਦੇ ਐਲਾਨ ਮਗਰੋਂ ਉਮੀਦਵਾਰਾਂ ਨੂੰ ਜੰਗ ਪਲੰਗਾ ਖ਼ੇਡਦਿਆਂ ਤੇ ਆਪੋ ਆਪਣੇ ਰੁਤਬੇ ਤੇ ਸਮਰੱਥਾ ਅਨੁਸਾਰ ਨੋਟ ਫ਼ੂਕਦਿਆਂ ਮਹੀਨੇ ਤੋਂ ਉੱਤੇ ਹੋ ਚੱਲਿਐ। 23 ਮਈ ਨੇ ਕਿਸੇ ਦੀ ਝੋਲੀ ਰਾਜ ਭਾਗ ਪਾਉਣੈ ਤੇ ਕਿਸੇ ਦੀ ਝੋਲੀ ਪੰਜਾਂ ਸਾਲਾਂ ਦੀ ਨਮੋਸ਼ੀ ਪਰ ਇਕ ਵਾਰ ਫ਼ਿਰ ਆਖਾਂਗਾ, ਪੰਜਾਬ ਜ਼ਰੂਰ ਹਾਰੇਗਾ।

ਜਿਹੜੀਆਂ ਸੀਟਾਂ ’ਤੇ ਗਹਿਗੱਚ ਮੁਕਾਬਲਾ ਹੁੰਦੈ, ਉਨ੍ਹਾਂ ਨੂੰ ਅੰਗਰੇਜ਼ੀ ’ਚ ‘ਹੌਟ ਸੀਟ’ ਕਹਿੰਦੇ ਨੇ। ਬਠਿੰਡਾ ਵੀ ‘ਹੌਟ’ ਹੈ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਐ। ਤੁਹਾਡਾ ਉਨ੍ਹਾਂ ਨੂੰ ਜਾਨਣਾ ਜ਼ਰੂਰੀ ਐ। ਬੀਬਾ ਜੀ ਆਖ਼ ਸੰਬੋਧਨ ਕੀਤੇ ਜਾਂਦੇ ਨੇ। ਬੀਬਾ ਜੀ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਨੌਂਹ ਐ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਦੀ ਧਰਮਪਤਨੀ ਹੈ। ਮਾਝੇ ਦੇ ਨਾਮਵਰ ਮਜੀਠਾ ਪਰਿਵਾਰ ਵਿਚੋਂ ਹੈ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਤਿ ਮਹੱਤਵਪੂਰਨ ਤੇ ਸਰਗਰਮ ਆਗੂਆਂ ਵਿਚ ਸ਼ੁਮਾਰ ਬਿਕਰਮ ਸਿੰਘ ਮਜੀਠੀਆ ਦੀ ਭੈਣ ਹੈ। ਗੱਲ ਸਿਰਫ਼ ਇੰਨੀ ਹੀ ਨਹੀਂ ਹੈ, ਬੀਬਾ ਜੀ ਆਪ ਪਾਰਟੀ ਦੀ ਸਰਕਰਦਾ ਆਗੂ ਹੈ, ਮੋਦੀ ਜੀ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਹੈ। ਦੋ ਵਾਰ ਬਠਿੰਡਾ ਪਾਰਲੀਮਾਨੀ ਚੋਣ ਜਿੱਤੀ ਹੈ। ਹਰਾਇਆ ਵੀ ਹਾਰੀਆਂ ਸਾਰੀਆਂ ਨੂੰ ਨਹੀਂ, ਇਕ ਵਾਰ ਕੈਪਟਨ ਅਮਰਿੰਦਰ ਸਿੰਘ ਦੇ ‘ਕਾਕਾ ਜੀ’ ਰਣਇੰਦਰ ਸਿੰਘ ਨੂੰ ਤੇ ਦੂਜੀ ਵਾਰ ਬਾਦਲ ਪਰਿਵਾਰ ਵਿਚੋਂ ‘ਬਗਾਵਤੀ’ ਹੋ ਕੇ ਨਿਕਲੇ ਕਾਂਗਰਸ ਆਗੂ ਅਤੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ। ਉਂਜ 2014 ’ਚ ਜਦ ਮਨਪ੍ਰੀਤ ਹਾਰੇ ਉਸ ਵੇਲੇ ਉਹ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸਨ ਅਤੇ ਆਪਣੀ ਪਾਰਟੀ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਸਨ। ਉਂਜ ਇਕ ਗੱਲ ਹੋਰ ਵੀ ਸਮਝਣ ਵਾਲੀ ਹੈ। ਖ਼ਵਰੇ ਪੰਜਾਬੀ ਵਿਚ ‘ਐਸੇਟਸ’ ਨੂੰ ਅਸਾਸੇ ਹੀ ਕਹਿੰਦੇ ਨੇ। ਬੀਬਾ ਜੀ ਤੇ ਉਨ੍ਹਾਂ ਦੇ ਪਤੀ ‘ਕਾਕਾ ਜੀ’ ਜੋ ਹੁਣ ‘ਕਾਕਾ ਜੀ’ ਨਾ ਰਹਿ ਕੇ ‘ਪ੍ਰਧਾਨ ਜੀ’ ਹੋ ਗਏ ਨੇ ਦੀ ਜਾਇਦਾਦ ਰਲਾ ਕੇ ਜਦ ਹਿਸਾਬ ਚੋਣ ਕਮਿਸ਼ਨ ਨੂੰ ਦੱਸਿਆ ਗਿਆ ਤਾਂ ਪਤਾ ਲੱਗਾ ਕਿ 2019 ਚੋਣਾਂ ਵਿਚ ਪੰਜਾਬ ਦੇ ਚੋਣ ਪਿੜ ਵਿਚ ਨਿੱਤਰੀ ਇਹ ਸਭ ਤੋਂ ਅਮੀਰ ਜੋੜੀ ਹੈ। ਚੋਣ ਕਮਿਸ਼ਨ ਨੂੰ ਦੱਸਿਆ ਗਿਐ ਕਿ ਦੋਹਾਂ ਦੇ ਅਸਾਸੇ 115.95 ਕਰੋੜ ਦੇ ਹਨ।

‘ਬੀਬਾ ਜੀ’ ਦਾ ਮੁੱਖ ਵਿਰੋਧੀ ਮੰਨਿਆਂ ਜਾ ਰਿਹਾ, ਕਾਂਗਰਸ ਦਾ ਨੌਜਵਾਨ ਵਿਧਾਇਕ ਹੈ, ਰਾਜਾ ਵੜਿੰਗ। ਇਹ ਵੀ ਦੋ ਵੇਰਾਂ ਵਿਧਾਇਕ ਦੇ ਤੌਰ ’ਤੇ ਜਿੱਤ ਚੁੱਕੈ। ਜਿੱਤ ਹੀ ਨਹੀਂ ਚੁੱਕਾ, ਪਹਿਲੀ ਚੋਣ ਲੜਦਿਆਂ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਗਿੱਦੜਬਾਹਾ ਤੋਂ 4 ਚੋਣਾਂ ਜਿੱਤ ਚੁੱਕੇ ਮਨਪ੍ਰੀਤ ਸਿੰਘ ਬਾਦਲ ਨੂੰ ਤੀਜੀ ਥਾਂਵੇਂ ਪੁਚਾ ਦੇਣ ਵਾਲੇ ਇਸ ਛੇ ਫੁੱਟੇ ਜਵਾਨ ਨੂੰ ਉਦੋਂ ਅਖ਼ਬਾਰਾਂ ਨੇ ‘ਜਾਇੰਟ ਕਿੱਲਰ’ ਦੀ ਉਪਾਧੀ ਦਿੱਤੀ ਸੀ। 2017 ਵਿਚ ਵੀ ਅਕਾਲੀ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਹਰਾਇਆ ਸੀ। ਰਾਹੁਲ ਗਾਂਧੀ ਦੇ ਨੇੜੂਆਂ ’ਚ ਗਿਣਿਆ ਜਾਂਦਾ ਇਹ ਉਮੀਦਵਾਰ ਕੁਲ ਹਿੰਦ ਯੂਥ ਕਾਂਗਰਸ ਦਾ 4 ਸਾਲ ਪ੍ਰਧਾਨ ਰਹਿ ਚੁੱਕੈ। ਕਾਂਗਰਸ ਇਹਦੇ ’ਤੇ ਦਾਅ ਖ਼ੇਡ ਗਈ ਕਿਉਂਕਿ ਧੱਕੜ ਕਰਕੇ ਜਾਣਿਆ ਜਾਂਦੈ।

ਬਠਿੰਡਾ ‘ਹੌਟ ਸੀਟ’ ਹੈ। ਇਸੇ ਲਈ ਸ਼ਾਇਦ ਦੁਆਬਿਉਂ ਤੁਰ ਸੁਖ਼ਪਾਲ ਸਿੰਘ ਖ਼ਹਿਰਾ ਸਿੱਧਾ ਇੱਥੇ ਲੈਂਡ ਕਰਦਾ ਹੈ। ਖ਼ਹਿਰਾ ਨਿਧੜਕ ਆਗੂ ਹੈ, ਯਾਰੀਆਂ ਘੱਟ, ਦੁਸ਼ਮਨੀਆਂ ਬਾਹਲੀਆਂ। ਜਿਹੜਾ ਸਿਆਸੀ ਸਫ਼ਰ ਕਾਂਗਰਸ ਤੋਂ ਸ਼ੁਰੂ ਕੀਤਾ, ਅਜੇ ਉਹ ਸਫ਼ਰ ਜਾਰੀ ਹੈ, ਮੁੱਕਿਆ ਨਹੀਂ, ਖ਼ਵਰੇ ਮੁੱਕ ਗਿਆ ਹੋਵੇ। ਕਾਂਗਰਸ ਤੋਂ ਬਾਅਦ ਰੁਖ਼ ਕੀਤਾ ‘ਆਮ ਆਦਮੀ ਪਾਰਟੀ’ ਵੱਲ ਪਰ ਅੰਤ ਸਮਝ ਆ ਗਈ ਕਿ ਬੇਗਾਨੇ ਖ਼ੇਡ ਮੈਦਾਨਾਂ ਵਿਚ ਖ਼ੇਡ ਸਕਣ ਵਾਲਾ ਖ਼ਿਡਾਰੀ ਨਹੀਂ। ਸੋ, ਆਪਣੀ ਸਿਆਸੀ ਜ਼ਮੀਨ ਆਪ ਤਾਲਾਸ਼ਦੇ ਹੋਏ ਆਪਣੀ ਪਾਰਟੀ ਬਣਾਈ ਤੇ ਫ਼ਿਰ ਇਕ ‘ਅਲਾਇੰਸ’ ਵੀ ਖੜ੍ਹੀ ਕਰ ਲਈ। ਹੁਣ ਖ਼ਹਿਰਾ ਆਪਣੀ ਪਾਰਟੀ ‘ਪੰਜਾਬ ਏਕਤਾ ਪਾਰਟੀ’ ਅਤੇ ‘ਪੰਜਾਬ ਡੈਮੋਕਰੈਟਿਕ ਅਲਾਇੰਸ’ ਦੇ ਉਮੀਦਵਾਰ ਵਜੋਂ ਬਠਿੰਡਾ ਜਿੱਤਣ ਦੀ ਕੋਸ਼ਿਸ਼ ਵਿਚ ਹੈ।

‘ਆਮ ਆਦਮੀ ਪਾਰਟੀ’ ਨੂੰ ਮਾਲਵੇ ਵਿਚ ਹੀ ਚੰਗਾ ਹੁੰਗਾਰਾ ਮਿਲਿਆ ਸੀ, ਸੋ ਪਾਰਟੀ ਭਾਵੇਂ ਦੁਫ਼ੇੜ ਹੁੰਦੀ ਜਾਂ ਤਿੰਨੀ ਥਾਂਈਂ ਜਾਂਦੀ, ਬਠਿੰਡਾ ਤਾਂ ਖ਼ਾਲੀ ਨਹੀਂ ਛੱਡਿਆ ਜਾ ਸਕਦਾ। ਤਲਵੰਡੀ ਸਾਬੋ ਦੀ ਸਰਗਰਮ ਅਤੇ ਗੱਜਵੀਂ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਨੂੰ ਇੱਥੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਸ: ਸਿਮਰਨਜੀਤ ਸਿੰਘ ਮਾਨ ਦੇ ਨੇੜਲੇ ਸਾਥੀ ਗੁਰਸੇਵਕ ਸਿੰਘ ਜਵਾਹਰਕੇ ਚੋਣ ਮੈਦਾਨ ਵਿਚ ਹਨ। ਇਹਨਾਂ ਸਾਰੇ ਆਪੋ ਆਪਣੀ ਥਾਈਂ ਧੱਕੜ, ਤਕੜੇ ਤੇ ਸਮਰੱਥ ਆਗੂਆਂ ਤੋਂ ਇਲਾਵਾ ਹੋਰ ਵੀ ਕਈ ਨੇ ਬਠਿੰਡਾ ਦੇ ਚੋਣ ਮੈਦਾਨ ਵਿਚ।

Veerpal Kaur Election Campaignਇਕ ਆਹ ਵੀ ਜੇ। ਨਾਂਅ ਐ ਵੀਰਪਾਲ ਕੌਰ। ਇਹ ਕੌਣ ਐ? ਕੋਈ ਜਾਣਦੈ ਵੀਰਪਾਲ ਕੌਰ ਨੂੰ? ਇਹਨੂੰ ਕੌਣ ਪੁੱਛੇਗਾ ਜਦ ‘ਬੀਬਾ ਜੀ’ ਦੇ ਨਾਲ ਨਾਲ ਵੱਡੇ ਬਾਦਲ ਸਾਹਿਬ, ਛੋਟੇ ਬਾਦਲ ਸਾਹਿਬ ‘ਪ੍ਰਧਾਨ ਜੀ’ ਅਤੇ ‘ਨੌਜਵਾਨ ਦਿਲਾਂ ਦੀ ਧੜਕਣ’ ਮਜੀਠੀਆ ਸਾਹਿਬ ਬਠਿੰਡਾ ਸਰ ਕਰਣ ਲਈ ਦਿਨ ਰਾਤ ਇਕ ਕਰ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਬਠਿੰਡਾ ਆਏ ਕਿ ਬਾਦਲ ਪਰਿਵਾਰ ਦੀ ਜਿੱਤ ਦਾ ਪਰਚਮ ਇਸ ਵਾਰ ਵੀ ਲਹਿਰਾਉਂਦਾ ਰਹੇ। ਵੀਰਪਾਲ ਕੌਰ ਨੂੰ ਕੌਣ ਪੁੱਛੇਗਾ ਜਦ ਆਪਣੀ ਚੋਣ ਮੁਹਿੰਮ ਵਿੱਚੇ ਛੱਡ ਸਵੇਰੇ ਹੇਮਾ ਮਾਲਿਨੀ ਅਤੇ ਤਰਕਾਲਾਂ ਨੂੰ ਸੰਨੀ ਦਿਉਲ ਨੀਲੀ ਪੱਗ ਬੰਨ੍ਹ ਬਠਿੰਡੇ ਪਹੁੰਚ ਰੋਡ ਸ਼ੋਅ ਕਰਦੇ ਨੇ। ਗੱਲ ਹੋਈ ਨਾ। ਇਹ ਵੀਰਪਾਲ ਕੌਰ ਕੀ ਐ?

ਵੀਰਪਾਲ ਕੌਰ ਦੀ ਕੀ ਗੱਲ ਬਣੇਗੀ ਜਦ ਕਾਂਗਰਸ ਵੱਲੋਂ ਰਾਜਾ ਵੜਿੰਗ ਚੋਣ ਮੈਦਾਨ ਵਿਚ ਹੈ। ‘ਅਮਰਿੰਦਰ ਸਿੰਘ ਰਾਜਾ ਬਰਾੜ ਵੜਿੰਗ’, ਨਾਂਅ ਵਿਚ ਈ ਗੱਲ ਐ। ਉਂਜ ਵੀ ਨਾਲ ਰਾਜੇ ਦੀ ਰਾਣੀ ਅੰਮ੍ਰਿਤਾ ਵੜਿੰਗ ਹੈ। ਰਾਜਾ ਧੱਕੜ ਹੈ, ਕਦੇ ਕਦੇ ਫ਼ਾਊਲ ਖ਼ੇਡ ਜਾਣਾ ਸੁਭਾਅ ਵਿਚ ਹੈ ਪਰ ਦੂਜੇ ਬੰਨੇ ਪੜ੍ਹੀ ਲਿਖ਼ੀ, ‘ਆਰਟੀਕੁਲੇਟ’ ਤੇ ਪ੍ਰਭਾਵੀ ਗੱਲ ਨਾਲ ਵਿਰੋਧੀਆਂ ਲਈ ਚੁਣੌਤੀ ਸਾਬਿਤ ਹੋ ਰਹੀ ਅੰਮ੍ਰਿਤਾ ਵੜਿੰਗ ਆਪਣੇ ਰਾਜੇ ਦੀ ਅੱਧਿਉਂ ਵੱਧ ਚੋਣ ਮੁਹਿੰਮ ਸਾਂਭੀ ਬੈਠੀ ਹੈ। ਲੈ, ਅਜੇ ਕਿਹੜਾ ਗੱਲ ਮੁੱਕ ਗਈ ਐ, ਰਾਜਾ ਵੜਿੰਗ ਵਾਸਤੇ ਗਾਂਧੀ ਪਰਿਵਾਰ ਦੀ ਧੀ, ਵਾਡਰਿਆਂ ਦੀ ਨੂੰਹ ਤੇ ਜਵਾਨੀ ਵੇਲੇ ਦੀ ਇੰਦਰਾ ਗਾਂਧੀ ਦਾ ਭੁਲੇਖ਼ਾ ਪਾਉਂਦੀ ਪ੍ਰਿਅੰਕਾ ਗਾਂਧੀ ਵਾਡਰਾ ਖ਼ਾਸ ਤੌਰ ’ਤੇ ‘ਲੈਮਨ ਯੈਲੋ’ ਰੰਗ ਦਾ ਪੰਜਾਬੀ ਸੂਟ ਸੁਆ ਬਠਿੰਡੇ ਆਉਂਦੀ ਹੈ। ਰਾਜੇ ਵਾਸਤੇ ‘ਮਹਾਰਾਜਾ’ ਆਉਂਦੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਗੱਲ ਹੋਈ ਨਾ। ਉਂਜ ਗੱਲ ਅਜੇ ਵੀ ਪੂਰੀ ਹੋਈ ਨਹੀਂ, ਕਿਉਂਕਿ ਪ੍ਰਿਅੰਕਾ ਵੀ ‘ਕੱਲੀ ਨਹੀਂ ਆਈ, ਨਾਲ ਲੈ ਕੇ ਆਈ ਕਾਂਗਰਸ ਦੇ ਉਸ ਆਗੂ ਨੂੰ, ਪਾਰਟੀ ਦੇ ਕੌਮੀ ਪ੍ਰਚਾਰਕ ਵਜੋਂ ਜਿਹਦੀ ‘ਡਿਮਾਂਡ’ ਹੁਣ ਰਾਹੁਲ ਅਤੇ ਪ੍ਰਿਅੰਕਾ ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦੀ ਹੈ। ਜਿਹੜਾ ਕਹਿੰਦੈ ਵਿਰੋਧੀਆਂ ਨੂੰ ਠੋਕ ਕੇ ਜਾਊਂ, ਕਹਿੰਦੈ ਤੁਸੀਂ ਵੀ ਠੋਕ ਦਿਉ ਐਤਕਾਂ, ਤੇ ‘ਠੋਕੋ ਤਾੜੀ’ ਕਹਿ ਕੇ ਤਾੜੀਆਂ ਮਰਵਾਉਂਦੈ, ਤੇ ਗੱਲ ਇਹ ਵੀ ਐ, ਬਈ ਤਾੜੀ ਵੱਜਦੀ ਵੀ ਹੈ।

ਪ੍ਰੋ: ਬਲਜਿੰਦਰ ਕੌਰ ਲਈ ਆਪ ਕੇਜਰੀਵਾਲ ਸਾਹਿਬ ਬਠਿੰਡੇ ਪੁੱਜੇ ਨੇ। ਉਹੀ ਕੇਜਰੀਵਾਲ ਸਾਹਿਬ, ਜਿਨ੍ਹਾਂ ਨੂੰ ਕਹਿੰਦੇ ਸੀ, ‘ਕੇਜਰੀਵਾਲ ਕੇਜਰੀਵਾਲ, ਸਾਰਾ ਪੰਜਾਬ ਤੇਰੇ ਨਾਲ’। ਹੁਣ ਪੰਜਾਬ ਅੱਗੇ ਵਾਂਗ ਨਾਲ ਨਹੀਂ ਰਿਹਾ, ਉਹ ਗੱਲ ਵੱਖਰੀ ਐ, ਕੇਜਰੀਵਾਲ ਉਂਜ ਅਜੇ ਵੀ ਕੇਜਰੀਵਾਲ ਐ।

ਇਨ੍ਹਾਂ ਸਾਰਿਆਂ ‘ਸਿਆਸੀ ਸਟਾਰਜ਼’ ਦੇ ਜਮਘਟੇ ਵਿੱਚ ਇਹ ਵੀਰਪਾਲ ਕੌਰ ਕੌਣ ਐ? ਇੰਨਾ ਇਨਸਾਫ਼ ਤਾਂ ਹੋਣਾ ਹੀ ਚਾਹੀਦੈ ਕਿ ਵੀਰਪਾਲ ਕੌਰ ਨਾਲ ਵੀ ਤੁਹਾਨੂੰ ਮਿਲਾਇਆ ਜਾਵੇ। ਵੀਰਪਾਲ ਕੌਰ ਵੀ ਬਠਿੰਡਾ ਤੋਂ ਉਮੀਦਵਾਰ ਹੈ। ਚਿੱਟੀ ਚੁੰਨੀ ਵਾਲੀ ਇਸ ਸਾਦ ਮੁਰਾਦੀ ਉਮੀਦਵਾਰ ਦਾ ਚੋਣ ਨਿਸ਼ਾਨ ਐ ਘੜਾ। ਇਕ ਟੈਂਪੂ ਹੈ ਜਿਹਦੇ ’ਚ ਚੋਣ ਪ੍ਰਚਾਰ ਲਈ ਕਦੇ ਬੇਟੀ ਤੇ ਕਦੇ ਬੇਟਾ ਨਾਲ ਜਾਂਦੇ ਨੇ। ਇਕ ਹੋਰ ਕਿਸਾਨ ਖੁਦਕੁਸ਼ੀ ਪੀੜਤ ਕਿਰਨਜੀਤ ਕੌਰ ਵੀ ਹੈ, ਜੋ ਸਾਥ ਦੇ ਰਹੀ ਹੈ ਤੇ ਸਾਥ ਦਿੰਦੀ ਹੈ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਪ੍ਰਤੀਨਿਧ ਸੰਸਥਾ ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ। ਸਾਥ ਉਂਜ ਕਈ ਹੋਰ ਲੋਕ ਵੀ ਦੇ ਰਹੇ ਨੇ, ਬਸ ਗਿਣਤੀ ਥੋੜ੍ਹੀ ਹੈ। 25 ਹਜ਼ਾਰ ਰੁਪਏ ਫ਼ੜ ਫ਼ੜਾ ਕੇ ਜਮ੍ਹਾਂ ਕਰਵਾਏ ਨੇ, ਚੋਣ ਲੜਣ ਲਈ ਜ਼ਮਾਨਤ ਵਜੋਂ। ਚੋਣ ਪ੍ਰਚਾਰ ਦੇ ਨਾਲ ਨਾਲ ਪੈਸੇ ਇਕੱਠੇ ਕੀਤੇ ਜਾ ਰਹੇ ਨੇ, ਉਹ 25 ਹਜ਼ਾਰ ਮੋੜਣ ਨੂੰ। ਪਤਾ ਲੱਗੈ ਬਈ ਹੁਣ ਤਕ 14 ਹਜ਼ਾਰ ਰੁਪਏ ਇਕੱਠੇ ਹੋ ਗਏ ਨੇ, ਪਰ ਹੁਣ ਸਮਾਂ ਵੀ ਕਿਹੜਾ ਰਹਿ ਗਿਐ।

ਵੀਰਪਾਲ ਕੌਰ ਦੀ ਕਹਾਣੀ ਕੋਈ ਵੱਡੇ ਦਿੱਗਜਾਂ ਦੀ ਕਹਾਣੀ ਸਾਹਮਣੇ ਛੋਟੀ ਨਹੀਂ ਹੈ, ਵੱਖਰੀ ਜ਼ਰੂਰ ਹੈ, ‘ਇਟ’ਸ ਡਿਫਰੈਂਟ’। ਕਿਸਾਨੀ ਖੁਦਕੁਸ਼ੀਆਂ ਦੀ ਪ੍ਰਤੀਕ ਵੀਰਪਾਲ ਕੌਰ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ‘ਆਈਕਨ’ ਹੈ, ‘ਸਿੰਬਲ’ ਹੈ। ਉਹ ਇਕ ਉਸ ਕਰਜ਼ੇ ਹੇਠ ਦੱਬੇ ਕਿਸਾਨ ਦੀ ਧੀ ਹੈ, ਜਿਸਨੇ 1995 ਵਿਚ ਜ਼ਹਿਰ ਪੀ ਕੇ ਆਤਮਹੱਤਿਆ ਕਰ ਲਈ ਸੀ। ਉਸਦਾ ਸਹੁਰਾ ਵੀ ਕਰਜ਼ੇ ਦਾ ਝੰਬਿਆ ਇਕ ਕਿਸਾਨ ਸੀ ਜਿਸਨੇ 1990 ਵਿਚ ਫ਼ਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।

ਦੋਹਾਂ ਪਰਿਵਾਰਾਂ ਦੀ ਇਕੋ ਹੋਣੀ ਸੀ, ਸ਼ਾਇਦ ਇਸੇ ਕਰਕੇ ਦੋਹਾਂ ਪਰਿਵਾਰਾਂ ਦਾ ਸੰਜੋਗ ਜੁੜਿਆ ਅਤੇ 1999 ਵਿਚ ਵੀਰਪਾਲ ਕੌਰ ਦਾ ਧਰਮਵੀਰ ਸਿੰਘ ਨਾਲ ਵਿਆਹ ਹੋ ਗਿਆ। ਖ਼ਵਰੇ ਪਰਿਵਾਰਾਂ ਦੇ ਕਰਜ਼ੇ ਅਤੇ ਖੁਦਕੁਸ਼ੀਆਂ ਨੂੰ ਕੇਹਾ ਚੰਦਰਾ ਬੂਰ ਪਿਆ ਕਿ ਚਾਰਾਂ ਵਰਿ੍ਹਆਂ ਬਾਅਦ ਹੀ 2003 ਵਿਚ ਧਰਮਵੀਰ ਨੇ ਆਪਣੇ ਆਪ ਨੂੰ ਅੱਗ ਲਾ ਕੇ ਖੁਦਕੁਸ਼ੀ ਕਰ ਲਈ। ਉਸ ਵੇਲੇ ਵੀਰਪਾਲ ਕੌਰ ਦੀ ਧੀ 3 ਵਰਿ੍ਹਆਂ ਦੀ ਸੀ ਤੇ ਡੂਢ ਸਾਲ ਦਾ ਮੁੰਡਾ ਕੁੱਛੜ ਸੀ। ਵੀਰਪਾਲ ਕੌਰ ਨੂੰ ਆਸ ਸੀ ਕਿ ਸਰਕਾਰੋਂ ਦਰਬਾਰੋਂ ਕੋਈ ਤਾਂ ਉਹਦੀ ਮਦਦ ਨੂੰ ਬਹੁੜੇਗਾ, ਪਰ ਸਰਕਾਰਾਂ ਕੋਲ ਹੋਰ ਕੰਮ ਬੜੇ ਨੇ। ਉਹਦੇ ਬੱਚਿਆਂ ਨੂੰ ਕੋਈ ਐਨ.ਆਰ.ਆਈ. ਆਪਣੇ ਖ਼ਰਚੇ ’ਤੇ ਪੜ੍ਹਾ ਰਿਹੈ।

ਵੀਰਪਾਲ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਪ੍ਰਤੀਕ ਹੈ, ਕੋਈ ਕੱਲਾ ਕਾਰਾ ਕੇਸ ਨਹੀਂ। ਪੰਜਾਬ ਦੀਆਂ ਹੀ ਤਿੰਨ ਯੂਨੀਵਰਸਿਟੀਆਂ ਵੱਲੋਂ ਇਕੱਤਰ ਕੀਤੇ ਅੰਕੜੇ ਬੜੇ ਡਰਾਉਣੇ ਨੇ। ਹੋਣ ਪਏ, ਆਪਣੇ ਲੀਡਰ ਤਕੜੇ ਜਿਗਰੇ ਵਾਲੇ ਨੇ, ਕੋਈ ਫ਼ਰਕ ਨਹੀਂ, ਇਹ ਸਭ ਤਾਂ ਚੱਲਦਾ ਹੀ ਰਹਿਣੈ। ਦੱਸਦੇ ਨੇ ਬਈ ਸੰਨ 2000 ਤੋਂ 2015 ਤਕ 16,606 ਕਿਸਾਨਾਂ ਅਤੇ ਬੇਜ਼ਮੀਨੇ ਕਿਸਾਨੀ ਕਾਮਿਆਂ ਨੇ ਖ਼ੁਦਕੁਸ਼ੀਆਂ ਕੀਤੀਆਂ ਨੇ। ਸਿਰ ਕਰਜ਼ਾ ਐ, ਇਸ ਕਰਕੇ ਜਿਉਂਦਿਆਂ ਨਮੋਸ਼ੀ, ਫ਼ਿਰ ਖੁਦਕੁਸ਼ੀ ਤੇ ਉਹਦੇ ਬਾਅਦ ਪਰਿਵਾਰ ਲਈ ਹੋਰ ਨਮੋਸ਼ੀ। ਇਹ ਵੀ ਹੈ ਕਿ ਉਪਰ ਦੱਸੀਆਂ 16,606 ਖੁਦਕੁਸ਼ੀਆਂ ਵਿਚੋਂ 88 ਪ੍ਰਤੀਸ਼ਤ ਮਾਲਵੇ ਵਿਚ ਹੀ ਹੋਈਆਂ ਅਤੇ 3388 ਖੁਦਕੁਸ਼ੀਆਂ ਤਾਂ ਮਾਨਸਾ ਵਿਚ ਹੀ ਦਰਜ ਕੀਤੀਆਂ ਗਈਆਂ ਜਿੱਥੇ ਵੀਰਪਾਲ ਕੌਰ ਰਹਿੰਦੀ ਹੈ। 2015 ਤੋਂ ਬਾਅਦ ਵੀ ਸਿਲਸਿਲਾ ਜਾਰੀ ਹੈ। ਕਰਜ਼ੇ ਦਾ ਬੋਝ ਸਰਕਾਰਾਂ ਦੇ ਬਦਲਣ ਨੂੰ ਕੀ ਸਮਝੇ, ਕਰਜ਼ਾ ਤਾਂ ਕਰਜ਼ਾ ਹੈ, ਹਾਕਮ ਅਕਾਲੀ ਹੋਵੇ ਜਾਂ ਕਾਂਗਰਸੀ।

ਮਾਲਵਾ ਪੰਜਾਬ ਦਾ ਸਿਆਸੀ ਧੁਰਾ ਹੈ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਕੱਦਾਵਰ ਕਿਸਾਨ ਨੇਤਾ ਵੀ ਇੱਥੋਂ ਹੀ ਹਨ। ਹੋਰ ਵੀ ਕਈ ਸਿਰਕੱਢ ਆਗੂ ਅਤੇ ‘ਪੰਜਾਬ ਦੀ ਆਵਾਜ਼’ ਅਖ਼ਵਾਉਣ ਵਾਲੇ ਵੀ ਇੱਥੋਂ ਹੀ ਹੋਏ ਹਨ, ਇਧਰੋਂ ਉੱਧਰ ਤੁਰੇ ਫ਼ਿਰਦੇ ਹਨ।

ਵੀਰਪਾਲ ਕੌਰ ਖ਼ੁਦ ਮੰਨਦੀ ਹੈ ਕਿ ਉਹਦੀ ਲੜਾਈ ‘ਸੰਕੇਤਕ’ (ਸਿੰਬੌਲਿਕ) ਹੈ। ਪਾਰਲੀਮਾਨੀ ਹਲਕਾ ਬਠਿਡਾ ਦੇ ਲੋਕ ਵੀ ਇੰਜ ਹੀ ਮੰਨਦੇ ਹਨ। ਉਹ ਆਪ ਮੰਨਦੀ ਹੈ, ਮੈਂ ਜਿੱਤਣ ਲਈ ਨਹੀਂ ਖੜ੍ਹੀ ਹੋਈ, ਕਿਸਾਨੀ ਕਰਜ਼ੇ ਅਤੇ ਖੁਦਕੁਸ਼ੀਆਂ ਦੇ ਮੁੱਦੇ ਨੂੰ ਉਭਾਰਣ ਦਾ ਇਹ ਇਕ ਨਿਮਾਣਾ ਜਿਹਾ ਯਤਨ ਹੈ। ਉਹ ਕਹਿੰਦੀ ਹੈ, ਮੈਂ ਅੱਗੇ ਬਹੁਤ ਕੁਝ ਹਾਰੀ ਹਾਂ, ਇਕ ਚੋਣ ਹਾਰਣ ਨਾਲ ਕੀ ਫ਼ਰਕ ਪਵੇਗਾ।

ਕੋਈ ਹਮਦਰਦ ਕਹਿੰਦੈ, ਇਹ ਜਿੱਤੇ ਜਾਂ ਹਾਰੇ ਮੈਂ ਵੋਟ ਇਸੇ ਨੂੰ ਪਾਵਾਂਗਾ। ਇਕ ਹੋਰ ਸੱਜਣ ਜ਼ਿਆਦਾ ‘ਤਜਰਬੇਕਾਰ’ ਅਤੇ ‘ਪ੍ਰੈਕਟੀਕਲ’ ਹੈ, ਉਹ ਕਹਿੰਦੈ, ਇੱਥੇ ਇੱਡੀਆਂ ਇੱਡੀਆਂ ਵੱਡੀਆਂ ਪਾਰਟੀਆਂ, ਇੰਨੇ ਇੰਨੇ ਤਕੜੇ ਉਮੀਦਵਾਰ, ਇਹਨੇ ਕਿਹੜਾ ਜਿੱਤਣੈ, ਭਾਵੇਂ ਮੇਰਾ ਦਿਲ ਕਰਦੈ ਮੈਂ ਇਹਨੂੰ ਵੋਟ ਪਾਵਾਂ, ਪਰ ਇਹਨੇ ਕਿਹੜਾ ਜਿੱਤਣੈ।

ਮੈਂ ਦੱਖਣ ਵੱਲ ਨਜ਼ਰ ਘੁਮਾਉਂਦਾ ਹਾਂ। ਮੈਨੂੰ ਲੱਗਦੈ ਉੱਥੇ ਲੋਕਾਂ ਵਿਚ ਪ੍ਰਤੀਬੱਧਤਾ ਬਹੁਤ ਜ਼ਿਆਦੈ। ਅਸੀਂ ਪੰਜਾਬੀ ਕੁਝ ਜ਼ਿਆਦਾ ਹੀ ‘ਪ੍ਰੈਕਟੀਕਲ’ ਕੁਝ ਜ਼ਿਆਦਾ ਹੀ ਨਿਰਮੋਹੇ ਜਿਹੇ ਨਹੀਂ ਹੋ ਗਏ। ਦੱਖਣ ’ਚ ਲੋਕ ਜਿਸ ਫ਼ਿਲਮ ਸਟਾਰ ਦੇ ਦੀਵਾਨੇ ਹੋ ਜਾਂਦੇ ਹਨ, ਉਹਦੇ ਮੰਦਰ ਤਕ ਬਣਾ ਦਿੰਦੇ ਹਨ। ਅਭਿਨੇਤਰੀ ਤੋਂ ਨੇਤਾ ਬਣੀ ਕੋਈ ਆਗੂ, ਜਿਸ ਤੇ ਕਈ ਤਰ੍ਹਾਂ ਦੇ ਇਲਜ਼ਾਮ ਸਨ, ਮਰਦੀ ਹੈ ਤਾਂ ਲੋਕ ਸੜਕਾਂ ’ਤੇ ਨਿਕਲ ਰੋਂਦੇ ਹਨ, ਪਿੱਟ ਸਿਆਪਾ ਕਰਦੇ ਹਨ, ਕੁਝ ਤਾਂ ਉਹਦੇ ਵੈਰਾਗ ਵਿਚ ਖੁਦਕੁਸ਼ੀਆਂ ਹੀ ਕਰ ਜਾਂਦੇ ਹਨ ਪਰ ਇੱਥੇ ਪੰਜਾਬ ਵਿਚ, ਅਸੀਂ ਪੰਜਾਬੀ ਮੁੱਦਿਆਂ ਨੂੰ ਪਿਆਰ ਨਹੀਂ ਕਰਦੇ। ਕੇਵਲ ਆਪਣੇ ਦਰਦ ਦਾ ਅਹਿਸਾਸ ਕਰਦੇ ਹਾਂ, ਕਿਸੇ ਪਿੰਡ ਆਲੇ ਦੀ ਪੀੜ ਦਾ ਨਹੀਂ, ਕਿਸੇ ਗਰਾਈਂ ਦੇ ਦੁੱਖ ਦਾ ਨਹੀਂ, ਕਿਸੇ ਪੰਜਾਬੀ ਦੀ ਟੀਸ ਨੂੰ ਆਪਣਾ ਨਹੀਂ ਬਣਾਉਂਦੇ। ਖ਼ਬਰ ਇਕ ਖ਼ੁਦਕੁਸ਼ੀ ਦੀ ਹੋਵੇ ਜਾਂ ਫ਼ਿਰ ਇਕੋ ਦਿਨ ਵਿਚ ਤਿੰਨ ਖ਼ੁਦਕੁਸ਼ੀਆਂ ਦੀ, ਪੜ੍ਹੀ ਤੇ ਉਹ ਗਏ ਉਹ ਗਏ।

ਚੋਣਾਂ ਵਿਚ ਉਂਜ ਕਿਸਾਨੀ ਕਰਜ਼ੇ, ਕਿਸਾਨ ਤੇ ਖ਼ੇਤ ਕਾਮਿਆਂ ਦੀਆਂ ਖੁਦਕੁਸ਼ੀਆਂ ਕੋਈ ਮੁੱਦਾ ਹੋਣੇ ਵੀ ਨਹੀਂ ਚਾਹੀਦੇ। ਇਹਨਾਂ ਮੁੱਦਿਆਂ ’ਤੇ ਤਾਂ ਸਰਕਾਰਾਂ ਤੇ ਵਿਰੋਧੀ ਧਿਰਾਂ ਪੰਜ ਸਾਲ ਬਹਿਸ ਮੁਬਹਿਸੇ ਕਰਦੀਆਂ ਹੀ ਰਹਿੰਦੀਆਂ ਨੇ, ਮਿਹਣੋ ਮਿਹਣੀ ਹੁੰਦੀਆਂ ਹੀ ਰਹਿੰਦੀਆਂ ਨੇ। ਵੈਸੇ ਵੀ ਕਿੰਨਾ ‘ਬੋਰਿੰਗ ਸਬਜੈਕਟ’ ਹੈ, ਕਿਸਾਨੀ ਕਰਜ਼ੇ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ। ਚੋਣਾਂ ਥੋੜ੍ਹੀਆਂ ‘ਲਾਈਵਲੀ’ ਹੋਣੀਆਂ ਚਾਹੀਦੀਆਂ ਨੇ।

ਰਾਮ ਮੰਦਿਰ, ਪੁਲਵਾਮਾ, ਸਰਜੀਕਲ ਸਟਰਾਈਕ, ਏਅਰ ਸਟਰਾਈਕ, ਪਾਕਿਸਤਾਨ ਕੋ ਮਜ਼ਾ ਚਖ਼ਾ ਦੇਂਗੇ, ਛੱਪਣ ਇੰਚ ਕੀ ਛਾਤੀ, ਕਮਜ਼ੋਰ ਨੇਤਾ, ਮਜ਼ਬੂਤ ਨੇਤਾ, ਦੇਸ਼ ਕੇ ਗੱਦਾਰ, ਚੌਂਕੀਦਾਰ ਚੋਰ ਇਨ੍ਹਾਂ ਗੱਲਾਂ ਵਿਚ ਕੁਝ ‘ਐਕਸਾਈਟਮੈਂਟ’ ਤਾਂ ਹੈ। ਜੇ ਅਗਲੇ ਜ਼ਿਆਦਾ ਰੌਲਾ ਪਾਉਣ ਬਰਗਾੜੀ ਦਾ, ਬਹਿਬਲ ਕਲਾਂ ਤੇ ਕੋਟਕਪੂਰੇ ਦਾ ਤਾਂ ਤੁਸੀਂ ਕੱਢ ਕੇ ਲਿਆਉ ਜੂਨ 1984 ਦਾ ਹੱਲਾ, ਨਵੰਬਰ 1984 ਦਾ ਕਤਲੇਆਮ। ਚੋਣਾਂ ਵਿਚ ਕੋਈ ਇਕ ਸੈਮ ਪਿਤਰੋਦਾ ਹੀ ਬਥੇਰਾ ਹੁੰਦੈ, ਜਿਹੜਾ ‘ਹੂਆ ਤੋਂ ਹੂਆ’ ਆਖ਼ ਜਾਵੇ। ਬਾਕੀ ਦੂਜੀ ਧਿਰ ਦੇ ‘ਫ਼ੀਲਡਰ’ ਤਾਂ ‘ਬਾਲ’ ਬੋਚਣ ਨੂੰ ਤਿਆਰ ਹੀ ਖੜ੍ਹੇ ਹੁੰਦੇ ਨੇ। ਇਕ ਕਹੇ ਛੱਡਾਂਗੇ ਨਹੀਂ, ਦੂਜਾ ਕਹੇ ਜਿਹਨੇ ਕੀਤਾ ਉਹਦਾ ਵੀ ਰਹੇ ਕੱਖ ਨਾ, ਜਿਹੜਾ ਸਿਆਸਤ ਕਰੇ ਉਹਦਾ ਵੀ ਰਹੇ ਕੱਖ ਨਾ। ਕੋਈ ਚੋਰਾਂ, ਠੱਗਾਂ ਦਾ ਯਾਰ ਹੈ, ਕੋਈ ਪੰਥ ਦਾ ਗੱਦਾਰ ਹੈ। ਇੱਧਰੋਂ ਬਿਆਨ, ਉੱਧਰੋਂ ਬਿਆਨ, ‘ਟਿੱਟ ਫ਼ਾਰ ਟੈਟ’, ਗੱਲ ਖ਼ਤਮ। ਤਦ ਨੂੰ 19 ਮਈ ਆਈ ਲਉ।

19 ਮਈ ਆਈ ਲਉ, ਪਰ 19 ਤੋਂ ਬਾਅਦ 23 ਵੀ ਆਉਣੀ ਹੈ। ਵੀਰਪਾਲ ਕੌਰ ਦੀ ਲੜਾਈ ‘ਸਿੰਬੌਲਿਕ’ ਹੈ। ਵੀਰਪਾਲ ਕੌਰ ਦੀ ਜ਼ਮਾਨਤ ਜ਼ਬਤ ਹੋਵੇਗੀ, ਇਹ ਮੇਰੀ ਭਵਿੱਖਬਾਣੀ ਹੈ। ਪਰ ਵੀਰਪਾਲ ਕੌਰ ਹਾਰ ਕੇ ਹੀ ‘ਸਿੰਬੌਲਿਕ’ ਲੜਾਈ ਕਿਉਂ ਲੜੇ? ਕਿਉਂ ਕੋਈ ‘ਸਿੰਬੌਲਿਕ’ ਲੜਾਈ ਕੇਵਲ ਹਾਰ ਦੇ ਰੂਪ ਵਿਚ ਹੀ ਸਮਾਪਤ ਹੋਵੇ। ਕਿਉਂ ਇਹ ਲੜਾਈ ਜਿੱਤ ਕੇ ਇਕ ਵੱਡੇ ‘ਸਿੰਬਲਜ਼ਿਮ’ ਵਿਚ ਨਹੀਂ ਬਦਲੀ ਜਾ ਸਕਦੀ। ਵੀਰਪਾਲ ਕੌਰ ਦੀ ਖ਼ਬਰ 23 ਮਈ ਤਕ ਹੀ ਕਿਉਂ ਰਹੇ। ਵੱਧ ਤੋਂ ਵੱਧ 23 ਤੋਂ 30 ਤਕ ਜਦ ਤਕ ਇਹ ਲਿਖ਼ਿਆ ਜਾਵੇ ਕਿ ਉਹਨੂੰ ਕਿੰਨੀਆਂ ਵੋਟਾਂ ਪਈਆਂ ਜਿਸ ਕਰਕੇ ਉਹਦੀ ਜ਼ਮਾਨਤ ਜ਼ਬਤ ਹੋਈ। ਵੀਰਪਾਲ ਕੌਰ ਨੂੰ ਜਿਤਾ ਕੇ ਸੰਸਦ ਵਿਚ ਕਿਉਂ ਨਹੀਂ ਭੇਜਿਆ ਜਾ ਸਕਦਾ ਤਾਂ ਕਿ ਜਦ ਇਕ ਚਿੱਟੀ ਚੁੰਨੀ ਵਾਲੀ ਸਾਦ ਮੁਰਾਦੀ ਪੰਜਾਬਣ ਸੰਸਦ ਵਿਚ ਖੜ੍ਹੀ ਹੋਵੇ ਤਾਂ ਨਵੇਂ ਚੁਣੇ ਪ੍ਰਧਾਨ ਮੰਤਰੀ, ਉਹਦੀ ਕਾਬੀਨਾ ਦੇ ਵਜ਼ੀਰ, ਲੋਕ ਸਭਾ ਦੇ ਸਪੀਕਰ, ਡਿਪਟੀ ਸਪੀਕਰ ਤੇ ਸਾਰੇ ਭਾਰਤ ਤੋਂ ਚੁਣ ਕੇ ਆਏ ਸੰਸਦ ਮੈਂਬਰ ਸ਼ਰਮਿੰਦਾ ਹੋਣ ਕਿ ਹਰੀ ¬ਕ੍ਰਾਂਤੀ ਤੇ ਚਿੱਟੀ ¬ਕ੍ਰਾਂਤੀ ਵਾਲੇ ਪੰਜਾਬ ਵਿਚੋਂ, ਦੇਸ਼ ਦੇ ਅੰਨਭੰਡਾਰ ਕਹੇ ਜਾਣ ਵਾਲੇ ਸੂਬੇ ਤੋਂ, ਦੇਸ਼ ਦੇ ਅੰਨਦਾਤਾ ਕਹੇ ਜਾਣ ਵਾਲੇ ਪੰਜਾਬੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮੁੱਦਾ ਆਪਣੀ ਚਿੱਟੀ ਚੁੰਨੀ ਵਿਚ ਸਮੇਟ ਕੇ ਕੋਈ ਔਰਤ ਉਸ ਸਿਸਟਮ ਨੂੰ ਲਾਹਨਤ ਪਾਉਣ ਆਈ ਹੈ ਜਿਹੜਾ ਸਿਸਟਮ ਮੁਫ਼ਤ ਬਿਜਲੀ, ਐਮ.ਐਸ.ਪੀ., ਫ਼ਸਲਾਂ ਦੇ ਬੀਮੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ, ਕਿਸਾਨੀ ਕਰਜ਼ਿਆਂ ਦੇ ਮੱਕੜ ਜਾਲ, ਖੁਦਕੁਸ਼ੀਆਂ ਦੇ ਦੈਂਤ ਦੀਆਂ ਬਾਤਾਂ ਪਾ ਹਰ ਪੰਜੀਂ ਸਾਲੀਂ ਵੋਟ ਤਾਂ ਬਟੋਰਦਾ ਹੈ ਪਰ ਮੁੜ ਇਨ੍ਹਾਂ ਹੀ ਮੁੱਦਿਆਂ ਨੂੰ ਸਾਢੇ ਚਾਰ ਸਾਲ ਆਪਣੀ ਸਾਣ ’ਤੇ ਲਾ ਤਿੱਖ਼ਿਆਂ ਕਰਦਾ ਹੈ ਤਾਂ ਜੋ ਇਹੀ ਮੁੱਦੇ ਹੋਰ ਤਿੱਖੇ ਕਰਕੇ ਹਥਿਆਰ ਬਣਾ ਅਗਲੀਆਂ ਚੋਣਾਂ ਵਿਚ ਵਰਤੇ ਜਾ ਸਕਣ।

ਚੰਗੀ ਗੱਲ ਹੋਵੇ, ਜੇ ਇਹ ਗੱਲ ਲੀਡਰਾਂ ਸਿਰ ਵੀ ਨਾ ਪਾਈਏ। ਜਿਹੜੇ ਮੁੱਦੇ ਪੰਜਾਬੀਆਂ ਨੇ ਨਹੀਂ ਪ੍ਰਣਾਏ, ਜਿਨ੍ਹਾਂ ਮੁੱਦਿਆਂ ਦੀ ਕਸਕ ਪੰਜਾਬੀਆਂ ਦੇ ਮਨਾਂ ’ਚ ਨਹੀਂ ਉੱਤਰੀ, ਉਨ੍ਹਾਂ ਮੁੱਦਿਆਂ ’ਤੇ ਲੀਡਰਾਂ ਤੋਂ ਕੀ ਭਾਲਦੇ ਹਾਂ। ਲੀਡਰ ਤਾਂ ਕਹਿੰਦੇ ਨੇ, ਅਸੀਂ ਤਾਂ ਉਹ ਮੁੱਦੇ ਚੱਕਦੇ ਹਾਂ ਜਿਹੜੇ ਲੋਕਾਂ ਦੇ ਮੁੱਦੇ ਹੁੰਦੇ ਨੇ। ਕਿਸਾਨੀ ਖੁਦਕੁਸ਼ੀਆਂ ਤੀਜੇ ਪੰਨੇ ਦੀ ਖ਼ਬਰ ਤੋਂ ਅੱਗੇ ਕੁਝ ਨਹੀਂ। ਤੀਜਾ ਪੰਨਾ ਵੀ ਤਾਂ ਹੀ ਮਿਲਦੈ ਜੇ ਘੱਟੋ ਘੱਟ ਤਿੰਨਾਂ ਦੀ ਖੁਦਕੁਸ਼ੀ ਦੀ ਖ਼ਬੁਰ ਇਕੋ ਦਿਨ ਆਵੇ। ਟੀ.ਵੀ.ਚੈਨਲਾਂ ਵਾਲਿਆਂ ਕੋਲ ਇਹ ਖ਼ਬਰਾਂ ਲਈ ਸਮਾਂ ਕਿੱਥੇ ਹੈ?

ਵੀਰਪਾਲ ਕੌਰ ਨੂੰ ਜਿਤਾ ਕੌਣ ਸਕਦਾ ਹੈ? ਵੀਰਪਾਲ ਨੂੰ ਹਰਾ ਕੌਣ ਸਕਦਾ ਹੈ? ਵੀਰਪਾਲ ਕੌਰ ਨੂੰ ਜਿਤਾ ਵੀ ਬਠਿੰਡੇ ਵਾਲੇ ਸਕਦੇ ਹਨ ਤੇ ਹਰਾਉਣਾ ਵੀ ਬਠਿੰਡੇ ਵਾਲਿਆਂ ਹੀ ਹੈ। ਉਮੀਦਵਾਰ ਜੋ ਉੱਥੋਂ ਦੀ ਹੋਈ। ਵੈਸੇ ਆਪਾਂ ਗੱਲ ਬਠਿੰਡੇ ਵਾਲਿਆਂ ਸਿਰ ਨਾ ਪਾਈਏ। ਬਠਿੰਡਾ ਵੀ ਤਾਂ ਪੰਜਾਬ ਹੈ। ਵੀਰਪਾਲ ਕੌਰ ਨੂੰ ਪੰਜਾਬ ਨੇ ਜਿਤਾਉਣਾ ਹੈ, ਜਿਹੜਾ ਕਿ ਸੰਭਵ ਨਹੀਂ ਜਾਪਦਾ। ਵੀਰਪਾਲ ਕੌਰ ਨੂੰ ਪੰਜਾਬ ਨੇ ਹਰਾ ਦੇਣਾ ਹੈ, ਇਹ ਨਾ ਸਮਝਦੇ ਹੋਏ ਕਿ ਵੀਰਪਾਲ ਨੂੰ ਹਰਾ ਕੇ ਪੰਜਾਬ ਨੇ ਹਾਰ ਜਾਣਾ ਹੈ। ਵੇਖ਼ ਲੈਣਾ 23 ਮਈ ਨੂੂੰ ਪੰਜਾਬ ਨੇ ਹਾਰ ਜਾਣਾ ਹੈ, ਲਿਖ਼ ਲਉ ਕਿਤੇ।

ਐੱਚ.ਐੱਸ.ਬਾਵਾ
ਸੰਪਾਦਕ, ਯੈੱਸ ਪੰਜਾਬ
17.05.2019
[email protected]

Veerpal Kaur Election Poster

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION