31.7 C
Delhi
Saturday, April 20, 2024
spot_img
spot_img

ਪੰਜਾਬ ਸਰਕਾਰ ਸਕੂਲ ਸਿੱਖਿਆ ਦੇ ਖੇਤਰ ਵਿਚ ਪਹਿਲਾ ਸਥਾਨ ਕਾਇਮ ਰੱਖਣ ਲਈ ਵਚਨਬੱਧ: ਸਿੰਗਲਾ

ਯੈੱਸ ਪੰਜਾਬ
ਸੰਗਰੂਰ/ਚੰਡੀਗੜ੍ਹ, 16 ਜੁਲਾਈ, 2021:
ਪੰਜਾਬ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਨੇ ਸਿਖਲਾਈ ਅਤੇ ਮਾਰਗਦਰਸ਼ਨ ਦੇ ਮਕਸਦ ਨਾਲ ਸੂਬੇ ਦੇ ਪ੍ਰਮੁੱਖ ਅਦਾਰਿਆਂ ਨਾਲ ਆਪਣਾ ਤਾਲਮੇਲ ਮਜਬੂਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਨਾਲ ਵਿਦਿਅਕ, ਖੇਡਾਂ ਅਤੇ ਸਕਾਲਰਸ਼ਿਪ ਦੇ ਖੇਤਰ ਵਿਚ ਵੀ ਵਿਦਿਆਰਥੀਆਂ ਨੂੰ ਲਾਭ ਮਿਲੇਗਾ।

ਕੈਬਨਿਟ ਮੰਤਰੀ ਸ੍ਰੀ ਸਿੰਗਲਾ ਅੱਜ ਇਥੇ ਇੰਡੀਅਨ ਸਕੂਲ ਆਫ ਬਿਜਨਸ (ਆਈਐਸਬੀ), ਮੁਹਾਲੀ ਵੱਲੋਂ ਸਰਕਾਰੀ ਸਕੂਲ ਅਧਿਆਪਕਾਂ ਦੀ ਆਧੁਨਿਕ ਸਿਖਲਾਈ ਸਬੰਧੀ ਵਰਚੁਅਲ ਲਾਂਚ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਲਈ ਜਲ੍ਹਿਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਪਹੁੰਚੇ ਹੋਏ ਸਨ। ਸ੍ਰੀ ਸਿੰਗਲਾ ਨੇ ਵਰਚੂਅਲ ਪ੍ਰੋਗਰਾਮ ਦੌਰਾਨ ਨਵੇਂ ਭਰਤੀ ਕੀਤੇ 2,527 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡਣ ਦੀ ਸ਼ੁਰੂਆਤ ਕੀਤੀ।

ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ ਅਤੇ ਉਪਰਾਲਿਆਂ ਸਦਕਾ ਪੰਜਾਬ ਪੂਰੇ ਦੇਸ ਵਿੱਚੋਂ ਸਕੂਲ ਸਿੱਖਿਆ ਦੇ ਖੇਤਰ ‘ਚ ਮੋਹਰੀ ਸੂਬਾ ਬਣ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਅਤੇ ਅਧਿਆਪਕ, ਅਧਿਕਾਰੀ ਅਤੇ ਸਿੱਖਿਆ ਵਿਭਾਗ ਦਾ ਹੋਰ ਸਟਾਫ ਆਉਣ ਵਾਲੇ ਸਾਲਾਂ ਵਿੱਚ ਵੀ ਪਹਿਲੇ ਸਥਾਨ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮੁਸ਼ਕਲ ਸਮੇਂ ਦੌਰਾਨ ਬਹੁਤ ਸਾਰੀਆਂ ਮੁਸਕਲਾਂ ਦੇ ਬਾਵਜੂਦ ਅਧਿਆਪਕਾਂ ਨੇ ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਨੂੰ ਯਕੀਨੀ ਬਣਾਇਆ ਹੈ।

ਪ੍ਰੋਗਰਾਮ ਦੌਰਾਨ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਆਈਐਸਬੀ ਮੁਹਾਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਿੱਖਿਆ ਵਿਭਾਗ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ ਦੀ ਇੱਕ ਪ੍ਰਮੁੱਖ ਸੰਸਥਾ ਨੇ ਪਿ੍ਰੰਸੀਪਲਾਂ ਅਤੇ ਸਰਕਾਰੀ ਸਕੂਲ ਮੁਖੀਆਂ ਨੂੰ ਪੇਸੇਵਰ ਸਿਖਲਾਈ ਮੁਹੱਈਆ ਕਰਵਾਉਣ ਲਈ ਆਪਣੀ ਸਹਾਇਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਇਸ ਪ੍ਰੋਗਰਾਮ ਨੂੰ ਸੂਬੇ ਦੇ ਸਾਰੇ ਅਧਿਆਪਕਾਂ ਲਈ ਸ਼ੁਰੂ ਕਰੇਗਾ ਕਿਉਂਕਿ ਇਹ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਅਧਿਆਪਨ ਦੇ ਹੁਨਰ ਵਿੱਚ ਵਾਧਾ ਕਰੇਗਾ।

ਸ੍ਰੀ ਸਿੰਗਲਾ ਨੇ ਦੱਸਿਆ ਕਿ ਭਾਰਤੀ ਇੰਸਟੀਚਿਊਟ ਆਫ ਪਬਲਿਕ ਪਾਲਿਸੀ (ਬੀਆਈਪੀਪੀ) ਨੇ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਰਾਹੀਂ ਸਿੱਧੇ ਤੌਰ ‘ਤੇ ਭਰਤੀ ਸਰਕਾਰੀ ਹਾਈ ਸਕੂਲਾਂ ਦੇ ਹੈੱਡਮਾਸਟਰਾਂ ਲਈ ‘ਅਗਵਾਈ ਅਤੇ ਪ੍ਰੇਰਣਾ’ ਵਿਸ਼ੇ ‘ਤੇ ਕਈ ਸਿਖਲਾਈ ਵਰਕਸ਼ਾਪਾਂ ਆਯੋਜਿਤ ਕੀਤੀਆਂ।

ਉਨ੍ਹਾਂ ਅੱਗੇ ਕਿਹਾ ਕਿ ਇਹ ਵਰਕਸ਼ਾਪਾਂ ਬੀ.ਆਈ.ਪੀ.ਪੀ. ਵੱਲੋਂ ਵਿਭਾਗ ਨਾਲ ਮਿਲ ਕੇ ਸ਼ੁਰੂ ਕੀਤੇ ਇੱਕ ਬਹੁਤ ਵੱਡੇ ਪ੍ਰਾਜੈਕਟ ‘ਪੰਜਾਬ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ’ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਇਸ ਕਿਸਮ ਦੀ ਸਿਖਲਾਈ ਵੱਡੇ ਪੱਧਰ ‘ਤੇ ਯੋਜਨਾਬੱਧ ਕੀਤੀ ਗਈ ਹੈ ਅਤੇ ਰਾਸ਼ਟਰੀ ਮਾਧਿਅਮਕ ਸਕੂਲ ਅਭਿਆਨ (ਰਮਸਾ) ਅਧੀਨ 317 ਸਮੇਤ ਕੁੱਲ 152 ਪਿ੍ਰੰਸੀਪਲਾਂ, 672 ਮੁੱਖ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪਹਿਲ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਵਿਭਾਗ ਨੇ ਇੱਕ ਆਨਲਾਈਨ ਸਿਖਲਾਈ ਮਡਿਊਲ ਤਿਆਰ ਕੀਤਾ ਹੈ ਜੋ ਕਿ ਸੂਬੇ ਭਰ ਦੇ 10,000 ਤੋਂ ਵੱਧ ਸਕੂਲ ਮੁਖੀਆਂ, ਪਿ੍ਰੰਸੀਪਲਾਂ, ਲੈਕਚਰਾਰਾਂ, ਬੀਪੀਈਓਜ, ਸੀ.ਐਚ.ਟੀ. ਅਤੇ ਐਚ.ਟੀਜ਼ ਤੱਕ ਪਹੁੰਚ ਲਈ ਉਪਲੱਬਧ ਹੋਵੇਗਾ।

ਇਨ੍ਹਾਂ ਮਡਿਊਲਾਂ ਦੀ ਵਧੇਰੇ ਪਹੁੰਚ ਹੋਣ ਦੇ ਨਾਲ ਨਾਲ ਇਹ ਮਹਾਂਮਾਰੀ ਦੀ ਸਥਿਤੀ ਦੌਰਾਨ ਵਧੇਰੇ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਦਾ ਮੂਲ ਟੀਚਾ ਸਕੂਲ ਪਿ੍ਰੰਸੀਪਲਾਂ ਦੀ ਸਮਰੱਥਾ ਨੂੰ ਵਧਾਉਣਾ ਹੈ ਤਾਂ ਜੋ ਉਹ ਵੱਖ ਵੱਖ ਭਾਈਵਾਲਾਂ ਨਾਲ ਜੁੜ ਕੇ ਸਕੂਲਾਂ ਵਿੱਚ ਇੱਕ ਮਿਆਰੀ ਸਿੱਖਿਆ ਦਾ ਮਾਹੌਲ ਸਿਰਜ ਸਕਣ।

ਨਵੇਂ ਭਰਤੀ ਹੋਏ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਨੇ ਉਨ੍ਹਾਂ ਨੂੰ ਇੱਕ ਮਜਬੂਤ ਰਾਸ਼ਟਰ ਦੇ ਨਿਰਮਾਣ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਸਬੰਧੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਅਧਿਆਪਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨਿਕ ਪ੍ਰਣਾਲੀ ਪ੍ਰਦਾਨ ਕਰਨ ਲਈ ਕਾਂਗਰਸ ਸਰਕਾਰ ਨੇ ਆਨਲਾਈਨ ਅਧਿਆਪਕ ਤਬਾਦਲਾ ਨੀਤੀ ਲਾਗੂ ਕੀਤੀ ਹੈ, ਜਿਸ ਤਹਿਤ ਪੂਰੀ ਤਰ੍ਹਾਂ ਅਧਿਆਪਕ ਦੀ ਕਾਰਗੁਜਾਰੀ ਦੇ ਅਧਾਰ ’ਤੇ ਤਬਾਦਲੇ ਕੀਤੇ ਜਾਂਦੇ ਹਨ।

ਇਸ ਮੌਕੇ ਮੁੱਖ ਸਕੱਤਰ, ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲ ਸਿੱਖਿਆ ਦੇ ਮਿਆਰ ਨੂੰ ਬਿਹਤਰ ਬਣਾਉਣ ਲਈ ਕਈ ਨਵੇਂ ਉਪਰਾਲੇ ਕੀਤੇ ਹਨ ਜਿਸ ਨਾਲ ਪੇਂਡੂ ਵਿਦਿਆਰਥੀਆਂ ਨੂੰ ਪੇਸੇਵਰ ਹੁਨਰ ਦੇਣ ਲਈ ਇੱਕ ਮੰਚ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਮਿਲੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਲਈ ਵਿਦਿਆਰਥੀਆਂ ਨੂੰ ਸਮਾਰਟਫੋਨਾਂ ਤੋਂ ਇਲਾਵਾ ਸਕੂਲਾਂ ਵਿੱਚ ਐਲ.ਈ.ਡੀਜ਼ ਅਤੇ ਟੈਬਲੇਟਜ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਅਧਿਆਪਕਾਂ ਦੇ ਯੋਗਦਾਨ ਦੀ ਸਲਾਘਾ ਕਰਦਿਆਂ ਕਿਹਾ ਕਿ ਅਧਿਆਪਕ ਭਾਈਚਾਰੇ ਨੇ ਸਮਾਰਟ ਸਕੂਲ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਹੈ ਜਿਸ ਦੇ ਨਤੀਜੇ ਵਜੋਂ ਸਕੂਲ ਸਿੱਖਿਆ ਦੇ ਸਾਰੇ ਖੇਤਰਾਂ ਵਿੱਚ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।

ਪ੍ਰੋਗਰਾਮ ਦੌਰਾਨ ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਨੇ ਕਿਹਾ ਕਿ ਇੰਨ-ਸਰਵਿਸ ਟਰੇਨਿੰਗ ਦਾ ਅਸਲ ਟੀਚਾ ਸਕੂਲ ਪਿ੍ਰੰਸੀਪਲਾਂ ਦੀ ਸਮਰੱਥਾ ਨੂੰ ਵਧਾਉਣਾ ਹੈ ਤਾਂ ਜੋ ਉਹ ਵੱਖ-ਵੱਖ ਭਾਈਵਾਲਾਂ ਨਾਲ ਜੁੜ ਕੇ ਸਕੂਲਾਂ ਵਿੱਚ ਇਕ ਬਿਹਤਰ ਸਿੱਖਿਆ ਪ੍ਰਣਾਲੀ ਦਾ ਮਾਹੌਲ ਸਿਰਜ ਸਕਣ।

ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ, ਕਾਂਗਰਸ ਆਗੂ ਦਾਮਨ ਥਿੰਦ ਬਾਜਵਾ, ਏ.ਡੀ.ਸੀ. ਅਨਮੋਲ ਸਿੰਘ ਧਾਲੀਵਾਲ, ਡੀ.ਈ.ਓ. ਮਲਕੀਤ ਸਿੰਘ ਖੋਸਾ, ਪ੍ਰਧਾਨ ਕਾਨੂੰਨੀ ਸੈੱਲ ਪੀ.ਪੀ.ਸੀ.ਸੀ. ਗੁਰਤੇਜ ਸਿੰਘ ਗਰੇਵਾਲ, ਚੇਅਰਮੈਨ ਸੁਧਾਰ ਟਰੱਸਟ ਨਰੇਸ ਗਾਬਾ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਗੋਬਿੰਦਰ ਸਿੰਘ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION