37.8 C
Delhi
Thursday, April 25, 2024
spot_img
spot_img

ਪੰਜਾਬ ਸਰਕਾਰ ਲਾਲਾ ਲਾਜਪਤ ਰਾਏ ਦੀ ਨਿਸ਼ਾਨੀ ਜੱਦੀ ਘਰ ਦੇ ਉੱਚਿਤ ਰੱਖ ਰਖਾਵ ਲਈ ਵਚਨਬੱਧ: ਕੈਪਟਨ ਅਮਰਿੰਦਰ

ਲੁਧਿਆਣਾ, 4 ਜੁਲਾਈ, 2020 –

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਲਾਈਵ ਸੈਸ਼ਨ ”ਕੈਪਟਨ ਨੂੰ ਸਵਾਲ” ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਜਗਰਾਂਉ ਨਾਲ ਸੰਬੰਧਤ ਕਮਲਦੀਪ ਬਾਂਸਲ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੇ ਜਨਮ ਅਸਥਾਨ ਦੇ ਉੱਚਿਤ ਰੱਖ ਰਖਾਵ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਨੂੰ ਇਸ ਸਥਾਨ ਦਾ ਦੌਰਾ ਕਰਨ ਲਈ ਭੇਜਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਜੀਵਨ ਦੌਰਾਨ ਕਈ ਵਾਰ ਇਸ ਸ਼ਹੀਦ ਦੇ ਘਰ ਜਾਣ ਦਾ ਮੌਕਾ ਮਿਲਿਆ ਹੈ। ਸ਼ਹੀਦ ਦੇ ਘਰ ਦੀ ਮੌਜੂਦਾ ਹਾਲਤ ਬਾਰੇ ਉਹਨਾਂ ਨੂੰ ਇਲਮ ਨਹੀਂ ਹੈ। ਪੰਜਾਬ ਸਰਕਾਰ ਸ਼ਹੀਦ ਲਾਲਾ ਲਾਜਪਤ ਰਾਏ ਜੀ ਦੀ ਇਸ ਨਿਸ਼ਾਨੀ ਨੂੰ ਸੰਭਾਲ ਕੇ ਰੱਖੇਗੀ।

ਇਸੇ ਤਰਾਂ ਲੁਧਿਆਣਾ ਵਾਸੀ ਜਸਕਰਨ ਸਿੰਘ ਦੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਦੇ ਹਰੇਕ ਸ਼ਹਿਰ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਨ ਲਈ ਇੱਕ ਮਾਸਟਰ ਪਲਾਨ ਬਣਿਆ ਹੁੰਦਾ ਹੈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੇ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਹੈ ਤਾਂ ਉਹ ਉਹਨਾਂ (ਮੁੱਖ ਮੰਤਰੀ) ਦੇ ਧਿਆਨ ਵਿੱਚ ਲਿਆ ਸਕਦੇ ਹਨ, ਜਿੱਥੇ ਕਿ ਮਾਸਟਰ ਪਲਾਨ ਦੇ ਮੁਤਾਬਿਕ ਯੋਜਨਾਬੱਧ ਤਰੀਕੇ ਨਾਲ ਵਿਕਾਸ ਨਹੀਂ ਹੋ ਰਿਹਾ ਹੈ।

ਲੁਧਿਆਣਾ ਵਾਸੀ ਗੁਰਪ੍ਰੀਤ ਸਿੰਘ ਗਿੱਲ ਦੇ ਸਵਾਲ ਦਾ ਜਵਾਬ ਦਿੰਦਿਆਂ ਆਖਿਆ ਕਿ ਅਕਾਲੀਆਂ ਨੇ ਸੂਬੇ ਦੀ ਕਿਸਾਨੀ ਨੂੰ ਤਬਾਹ ਕਰ ਦੇਣ ਵਾਲੇ ਕਿਸਾਨ ਵਿਰੋਧੀ ਆਰਡੀਨੈਂਸਾਂ ਪ੍ਰਤੀ ਹਾਮੀ ਭਰ ਕੇ ਪੰਜਾਬ ਦੇ ਹਿੱਤ ਵੇਚ ਦਿੱਤੇ ਹਨ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸਾਂ ਵਿਰੁੱਧ ਉਹ ਕੇਂਦਰ ਸਰਕਾਰ ਨਾਲ ਲੜਾਈ ਲੜਨਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਛੇਤੀ ਹੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਸਰਬ ਪਾਰਟੀ ਵਫ਼ਦ ਦੇ ਮਿਲਣ ਲਈ ਸਮਾਂ ਮੰਗਣਗੇ। ਉਹਨਾਂ ਦੱਸਿਆ ਕਿ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਸੀ।

ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸ਼ਾਂ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਾਵਧਾਨ ਕੀਤਾ, ”ਸੁਖਬੀਰ ਬਾਦਲ ਜਾਂ ਭਾਜਪਾ ਵਾਲੇ ਭਾਵੇਂ ਕੁਝ ਵੀ ਕਹੀ ਜਾਣ, ਜੇਕਰ ਇਕ ਵਾਰ ਆਰਡੀਨੈਂਸ ਪਾਸ ਹੋ ਗਏ ਤਾਂ ਕੇਂਦਰ ਸਰਕਾਰ ਵੱਲੋਂ ਆਪਣੇ ਅਗਲੇ ਕਦਮ ਵਿੱਚ ਘੱਟੋ-ਘੱਟ ਸਮਰਥਨ ਮੁੱਲ ਨੂੰ ਖਤਮ ਕਰਨ ਦੇ ਨਾਲ-ਨਾਲ ਐਫ.ਸੀ.ਆਈ. ਨੂੰ ਵੀ ਤੋੜ ਦਿੱਤਾ ਜਾਵੇਗਾ।”

ਉਹਨਾਂ ਕਿਹਾ,”ਤੁਸੀਂ ਆਪ ਇਸ ਦੀ ਕਲਪਨਾ ਕਰ ਸਕਦੇ ਹੋ ਕਿ ਜੇਕਰ ਇਹ ਸਭ ਕੁਝ ਹਕੀਕਤ ਵਿੱਚ ਬਦਲ ਗਿਆ ਤਾਂ ਪੰਜਾਬ ਦੇ ਕਿਸਾਨਾਂ ਨਾਲ ਕੀ ਵਾਪਰੇਗਾ।” ਉਹਨਾਂ ਕਿਹਾ ਕਿ ਜੇਕਰ ਇਹ ਆਰਡੀਨੈਂਸ ਕਾਨੂੰਨੀ ਰੂਪ ਵਿੱਚ ਲਾਗੂ ਹੋ ਗਏ ਤਾਂ ਖਰੀਦ ਪ੍ਰਕ੍ਰਿਆ ਖਤਮ ਹੋ ਜਾਵੇਗੀ ਅਤੇ ਮੰਡੀਆਂ ਦਾ ਵੀ ਅੰਤ ਹੋ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੂੰ ਸਿਰਫ ਆਪਣੇ ਸਿਆਸੀ ਮੁਫ਼ਾਦ ਪਾਲਣ ਵਿੱਚ ਦਿਲਚਸਪੀ ਹੈ ਅਤੇ ਹਰਮਿਸਰਤ ਬਾਦਲ ਨੂੰ ਕੇਂਦਰੀ ਕੈਬਨਿਟ ਵਿੱਚ ਆਪਣੀ ਕੁਰਸੀ ਬਚਾਉਣ ਦਾ ਫਿਕਰ ਲੱਗਾ ਰਹਿੰਦਾ ਹੈ। ਉਹਨਾਂ ਕਿਹਾ ਕਿ ਅਸਲ ਵਿੱਚ ਬਾਦਲ ਕਿਸੇ ਵੀ ਕੀਮਤ ‘ਤੇ ਪੰਜਾਬ ਵਿੱਚ ਗੱਠਜੋੜ ਬਚਾਉਣ ਲਈ ਭਾਜਪਾ ਨੂੰ ਖੁਸ਼ ਕਰਨ ਵਿੱਚ ਲੱਗੇ ਹਨ।

ਮੁੱਖ ਮੰਤਰੀ ਨੇ ਕਿਹਾ,”ਅਕਾਲੀਆਂ ਨੂੰ ਆਪਣੇ ਸਿਆਸੀ ਹਿੱਤਾਂ ਨਾਲ ਹੀ ਸਰੋਕਾਰ ਹੈ। ਸੁਖਬੀਰ ਚਾਹੁੰਦਾ ਹੈ ਕਿ ਉਸ ਦੀ ਪਤਨੀ ਕੇਂਦਰੀ ਕੈਬਨਿਟ ਵਿੱਚ ਬੈਠੀ ਰਹੇ ਜਦਕਿ ਉਹ ਆਪ ਪ੍ਰਧਾਨ ਬਣਿਆ ਰਹੇ। ਉਹ ਪੰਜਾਬ ਬਾਰੇ ਨਹੀਂ ਸੋਚਦੇ ਸਗੋਂ ਉਹਨਾਂ ਉਪਰ ਨਿੱਜਵਾਦ ਭਾਰੂ ਹੈ।” ਉਹਨਾਂ ਕਿਹਾ ਕਿ ਇਤਿਹਾਸ ਵੀ ਇਸ ਤੱਥ ਦੀ ਗਵਾਹੀ ਭਰਦਾ ਹੈ।

ਪੰਜਾਬ ਅਤੇ ਇਸ ਦੇ ਹਿੱਤਾਂ ਨੂੰ ਬਚਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਰਡੀਨੈਂਸ 100 ਫੀਸਦੀ ਪੰਜਾਬ ਤੇ ਕਿਸਾਨ ਵਿਰੋਧੀ ਹਨ ਅਤੇ ਭਾਜਪਾ ਅਤੇ ਅਕਾਲੀਆਂ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀ ਵੀ ਇਸੇ ਨੁਕਤੇ ‘ਤੇ ਸਹਿਮਤੀ ਪ੍ਰਗਟਾ ਚੁੱਕੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਹਾਲ ਹੀ ਵਿੱਚ ਮਿਲੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਵੀ ਇਨ•ਾਂ ਆਰਡੀਨੈਂਸਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਪਹਿਲਾਂ ਵੀ ਪੰਜਾਬੀ ਸੂਬਾ ਲਹਿਰ ਰਾਹੀਂ ਸੂਬੇ ਨੂੰ ਬਰਬਾਦ ਕਰ ਦਿੱਤਾ ਅਤੇ ਹੁਣ ਇਹਨਾਂ ਆਰਡੀਨੈਂਸਾਂ ਦੀ ਹਮਾਇਤ ਕਰਕੇ ਕਿਸਾਨੀ ਨੂੰ ਤਬਾਹ ਕਰਨ ਲਈ ਪੱਬਾਂ ਭਰ ਹੋਏ ਫਿਰਦੇ ਹਨ। ਉਹਨਾਂ ਨੇ ਇਹਨਾਂ ਆਰਡੀਨੈਂਸਾਂ ਨੂੰ ਮੁਲਕ ਦੇ ਸੰਘੀ ਢਾਂਚੇ ‘ਤੇ ਸਿੱਧਾ ਹਮਲਾ ਦੱਸਿਆ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਕਾਲੀਆਂ ਨੇ ਪੰਜਾਬ ਦੇ ਟੋਟੇ ਕੀਤੇ ਅਤੇ ਆਪਣੇ ਸੌੜੇ ਸਿਆਸੀ ਹਿੱਤ ਪਾਲਣ ਖਾਤਰ ਤੰਗ-ਨਜ਼ਰੀਆ ਅਪਣਾਉਂਦਿਆਂ ਸੂਬੇ ਦੇ ਬਹੁਤ ਸਾਰੇ ਵਸੀਲੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨੂੰ ਦੇ ਦਿੱਤੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੂਬੇ ਦੀ ਵੰਡ ਨਾ ਹੁੰਦੀ ਤਾਂ ਸੰਸਦ ਵਿੱਚ ਪੰਜਾਬ ਦੀ ਨੁਮਾਇੰਦਗੀ ਕਈ ਗੁਣਾ ਵੱਧ ਹੁੰਦੀ ਅਤੇ ਦਿੱਲੀ ਵਿੱਚ ਸੂਬੇ ਦਾ ਵੀ ਦਬਦਬਾ ਹੋਣਾ ਸੀ ਜਿਸ ਕਰਕੇ ਇਸ ਦੇ ਹਿੱਤਾਂ ਨੂੰ ਦਰਕਿਨਾਰ ਕਰ ਦੇਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੋਣਾ।

ਉਹਨਾਂ ਨੇ ਸੰਸਦ ਵਿੱਚ ਸੂਬੇ ਦੇ ਸਿਰਫ 13 ਸੰਸਦ ਮੈਂਬਰ ਹੋਣ ‘ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਦੀ ਅਵਾਜ਼ ਸੁਣੀ ਨਹੀਂ ਜਾ ਰਹੀ ਅਤੇ ਖਾਸ ਤੌਰ ‘ਤੇ ਦੂਜਿਆਂ ਸੂਬਿਆਂ ਵੱਲੋਂ ਵੀ ਹੁਣ ਕਣਕ ਦਾ ਉਤਪਾਦਨ ਸ਼ੁਰੂ ਕਰ ਦੇਣ ਨਾਲ ਕੇਂਦਰ ਸਰਕਾਰ ਮਹਿਸੂਸ ਕਰਨ ਲੱਗਾ ਹੈ ਕਿ ਅਨਾਜ ਦੀ ਸੁਰੱਖਿਆ ਲਈ ਹੁਣ ਪੰਜਾਬ ਦੀ ਲੋੜ ਨਹੀਂ ਰਹੀ।

ਮੁੱਖ ਮੰਤਰੀ ਨੇ ਕਿਹਾ,”ਉਹਨਾਂ (ਕੇਂਦਰ ਦੀਆਂ ਸਰਕਾਰਾਂ) ਨੇ ਸਾਡੀ ਸਮਰੱਥਾ ਨੂੰ ਨਿਚੋੜ ਲਿਆ ਅਤੇ ਸਾਨੂੰ ਵਰਤ ਕੇ ਛੱਡ ਦਿੱਤਾ।” ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਆਰਡੀਨੈਂਸ ਵਿਰੁੱਧ ਲੜਾਈ ਵਿੱਚ ਸਾਥ ਦੇਣ ਅਤੇ ਅਕਾਲੀ-ਭਾਜਪਾ ਦੇ ਹੱਥੋਂ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION