29.1 C
Delhi
Friday, March 29, 2024
spot_img
spot_img

ਪੰਜਾਬ ਵਿੱਚ ਟਿੱਡੀ ਦਲ: ਰਾਜਸਥਾਨ ਵੱਲੋਂ ਮੌਜੂਦਾ ਹਮਲੇ ਦਾ ਖਦਸ਼ਾ ਘਟਿਆ, ਪਰ ਸੁਚਤੇ ਰਹਿਣ ਦੀ ਲੋੜ

ਚੰਡੀਗੜ੍ਹ/ਲੁਧਿਆਣਾ, 25 ਜਨਵਰੀ, 2020 –

ਭਾਰਤ ਵਿੱਚ ਟਿੱਡੀ ਦਲ ਦੀ ਪਲੇਗ ਸਾਲ 1962-63 ਤੱਕ ਹੀ ਵੇਖੀ ਗਈ ਹੈ ਜਦ ਕਿ ਆਖਰੀ ਵਾਰ ਇਸ ਦੇ ਪੂਰਣ ਸਵਾਰਮ 1993 ਅਤੇ ਛੋਟੇ ਸਵਾਰਮ 2010 ਵਿੱਚ ਵੇਖਣ ਵਿੱਚ ਆਏ ਹਨ। ਟਿੱਡੀ ਦਲ ਚੇਤਾਵਨੀ ਸੰਗਠਨ (ਐਲ ਡਬਲਯੂ ਓ) ਭਾਰਤ ਵਿੱਚ ਰਾਜਸਥਾਨ ਅਤੇ ਗੁਜਰਾਤ ਦੇ ਨਿਰਧਾਰਤ ਰੇਗਿਸਤਾਨ ਖੇਤਰ ਵਿੱਚ ਇਸ ਦਾ ਨਿਯਮਿਤ ਸਰਵੇਖਣ ਕਰਦਾ ਹੈ ਤਾਂ ਜੋ ਟਿੱਡੀ ਦਲ ਦੀ ਮੌਜੂਦਗੀ ਦੀ ਨਿਗਰਾਨੀ ਕੀਤੀ ਜਾ ਸਕੇ। ਜੇ ਟਿੱਡੀਆਂ ਦੀ ਗਿਣਤੀ 10,000 ਬਾਲਗ ਟਿੱਡੀਆਂ ਪ੍ਰਤੀ ਹੈਕਟੇਅਰ ਜਾਂ 5 ਤੋਂ 6 ਟਿੱਡੀਆਂ ਪ੍ਰਤੀ ਝਾੜੀ (ਇਕਨਾਮਿਕ ਥਰੈਸ਼ਹੋਲਡ ਲੈਵਲ) ਹੋਵੇ ਤਾਂ ਇਸ ਨੂੰ ਨਿਯੰਤਰਣ ਦੀ ਲੋੜ ਹੁੰਦੀ ਹੈ।

ਰਾਜਸਥਾਨ ਅਤੇ ਗੁਜਰਾਤ ਸੂਬੇ ਤੋਂ ਬੀਤੇ ਕੁੱਝ ਦਿਨਾਂ ਤੋਂ ਟਿੱਡੀ ਦਲ ਦੇ ਹਮਲੇ ਅਤੇ ਰੋਕਥਾਮ ਦੀਆਂ ਖਬਰਾਂ ਆ ਰਹੀਆਂ ਹਨ। ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਵਿੱਚ ਟਿੱਡੀ ਦਲ ਦੇ ਪੰਜਾਬ ਚ’ ਰਾਜਸਥਾਨ ਅਤੇ ਪਾਕਿਸਤਾਨ ਬਾਰਡਰ ਨਾਲ ਲਗਦੇ ਜ਼ਿਲਿਆਂ ਵਿਚ ਦਾਖਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਸਰਦੀਆਂ ਦੇ ਮੌਸਮ ਵਿੱਚ ਟਿੱਡੀ ਦਲ ਦੇ ਹਾਪਰਾਂ ਦਾ ਇਹ ਇੱਕ ਨਵਾਂ ਵਰਤਾਰਾ ਹੈ ਅਤੇ ਇਹ ਮੌਸਮ ਤਬਦੀਲੀਆਂ ਦੀਆਂ ਘਟਨਾਵਾਂ ਨਾਲ ਜੁੜਿਆ ਹੋ ਸਕਦਾ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ, ਪੰਜਾਬ ਪੂਰੀ ਸਤਰਕਤਾ ਨਾਲ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਟਿੱਡੀ ਦਲ ਵਾਸਤੇ ਸਰਵੇਖਣ ਕਰ ਰਿਹਾ ਹੈ। ਅਜੇ ਤੱਕ ਪੰਜਾਬ ਵਿੱਚ ਕਿਸੇ ਵੀ ਥਾਂ ਉੱਤੇ ਟਿੱਡੀ ਦਲ ਦਾ ਨੁਕਸਾਨ ਵੇਖਣ ਵਿੱਚ ਨਹੀਂ ਆਇਆ ਹੈ।

ਤਾਜ਼ਾ ਸਰਵੇਖਣਾਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਗੁੰਮਜਾਲ, ਡੰਗਰਖੇੜਾ, ਪੰਜਾਵਾ, ਪੰਨੀਵਾਲਾ ਮਾਹਲਾ, ਅਚੜਕੀ, ਭੰਗਰਖੇੜਾ, ਰੂਪਨਗਰ, ਬਾਰੇਕਾ, ਬਕੈਣਵਾਲਾ, ਹਰੀਪੁਰਾ, ਖੁਈਆਂ ਸਰਵਰ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਰਾਣੀਵਾਲਾ, ਮਿੱਡਾ, ਅਸਪਾਲ, ਵਿਰਕ ਖੇੜਾ, ਭਾਗਸਰ ਆਦਿ ਪਿੰਡਾਂ ਵਿੱਚ ਟਿੱਡੀ ਦਲ ਦੇ ਕੁੱਝ ਹਾਪਰ ਜਾਂ ਛੋਟੇ ਸਮੂਹ (5-20 ਟਿੱਡੇ) ਪਾਏ ਗਏ ਹਨ।

ਇਹ ਘੱਟ ਗਿਣਤੀ ਟਿੱਡੇ ਫ਼ਸਲਾਂ ਆਦਿ ਨੂੰ ਆਮ ਟਿੱਡੀਆਂ ਵਾਂਗ ਹੀ ਨੁਕਸਾਨ ਕਰ ਸਕਦੇ ਹਨ। ਇਸ ਸਮੇਂ ਕਿਸਾਨ ਵੀਰਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਨਾ ਕਿ ਸੋਸ਼ਲ ਮੀਡੀਆ ਤੇ ਚਲ ਰਹੀਆਂ ਕੁੱਝ ਖਬਰਾਂ ਤੋਂ ਘਬਰਾ ਕੇ ਛਿੜਕਾਅ ਕਰਨ ਦੀ। ਟਿੱਡੀ ਦਲ ਦੇ ਬਾਲਗ ਕੀੜੇ ਦੀ ਪਹਿਚਾਣ ਇਸ ਦੇ ਪੀਲੇ ਰੰਗ ਦੇ ਸ਼ਰੀਰ ਉਪਰ ਕਾਲੇ ਰੰਗ ਦੇ ਨਿਸ਼ਾਨਾਂ ਅਤੇ ਜਬਾੜੇ ਗੂੜ੍ਹੇ ਜਾਮਣੀ ਤੋਂ ਕਾਲੇ ਰੰਗ ਤੋਂ ਹੁੰਦੀ ਹੈ।

ਡਾ ਪਰਦੀਪ ਕੁਮਾਰ ਛੁਨੇਜਾ, ਮੁਖੀ, ਕੀਟ ਵਿਗਿਆਨ ਵਿਭਾਗ, ਪੀ ਏ ਯੂ, ਲੁਧਿਆਣਾ ਨੇ ਕਿਸਾਨ ਵੀਰਾਂ ਦੀ ਜਾਣਕਾਰੀ ਹਿੱਤ ਦੱਸਿਆ ਕਿ ਮੌਜੂਦਾ ਟਿੱਡੀ ਦਲ ਦੇ ਕੁੱਝ ਟਿੱਡੀਆਂ ਜਾਂ ਇਸ ਦੇ ਛੋਟੇ ਸਮੂਹ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਫ਼ਸਲਾਂ ਆਦਿ ਦਾ ਆਰਥਿਕ ਨੁਕਸਾਨ ਕਰਨ ਦੀ ਸਮਰੱਥਾ ਨਹੀਂ ਰੱਖਦੇ। ਉਨ੍ਹਾਂ ਦੱਸਿਆ ਕਿ ਰਾਜਸਥਾਨ ਵੱਲੋਂ ਕਿਸੇ ਵੱਡੇ ਸਮੂਹ ਦੇ ਆਉਣ ਦਾ ਖਤਰਾ ਨਹੀਂ ਹੈ ਕਿਉਂਕਿ ਸਥਿਤੀ ਤੇ ਕਾਬੁ ਪਾ ਲਿਆ ਗਿਆ ਹੈ।

ਸਰਹੱਦ ਦੇ ਉਸ ਪਾਰੋਂ ਕਿਸੇ ਨਵੇਂ ਟਿੱਡੀ ਦਲ ਦੇ ਸਮੂਹ ਦੀ ਆਮਦ ਉੱਪਰ ਟਿੱਡੀ ਦਲ ਚੇਤਾਵਨੀ ਸੰਗਠਨ, ਖੇਤੀਬਾੜੀ ਵਿਭਾਗ, ਪੰਜਾਬ ਅਤੇ ਪੀ ਏ ਯੂ ਦੇ ਸਾਇੰਸਦਾਨਾਂ ਨੇ ਲਗਾਤਾਰ ਨਿਗਰਾਨੀ ਰੱਖੀ ਹੋਈ ਹੈ। ਕਿਸਾਨ ਵੀਰਾਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਕੀੜੇ ਦੇ ਹਮਲੇ ਸਬੰਧੀ ਚੌਕਸ ਰਹਿਣ ਅਤੇ ਜੇਕਰ ਟਿੱਡੀ ਦਲ ਦੇ ਸਮੂਹ ਦਾ ਹਮਲਾ ਖੇਤਾਂ ਵਿੱਚ ਦਿਖਾਈ ਦੇਵੇ ਤਾਂ ਇਸ ਦੀ ਜਾਣਕਾਰੀ ਜਲਦ ਤੋਂ ਜਲਦ ਪੀ ਏ ਯੂ ਜਾਂ ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੂੰ ਦੇਣ ਤਾਂ ਜੋ ਇਸ ਕੀੜੇ ਦੀ ਸੁਚੱਜੀ ਰੋਕਥਾਮ ਕਰਕੇ ਫ਼ਸਲਾਂ ਅਤੇ ਹੋਰ ਬਨਸਪਤੀ ਨੂੰ ਬਚਾਇਆ ਜਾ ਸਕੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION