22.1 C
Delhi
Friday, March 29, 2024
spot_img
spot_img

ਪੰਜਾਬ ਵਿਧਾਨ ਸਭਾ ਵਲੋਂ ਪੰਜਾਬੀ ਸਬੰਧੀ ਬਿੱਲ ਨਾ ਪਾਸ ਕਰਨਾ ਅਫ਼ਸੋਸਨਾਕ: ਪੰਜਾਬ ਜਾਗ੍ਰਿਤੀ ਮੰਚ

ਜਲੰਧਰ, 7 ਨਵੰਬਰ, 2019 –

ਪੰਜਾਬੀ ਭਾਸ਼ਾ ਨੂੰ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਦੇ ਖੇਤਰ ਵਿਚ ਯੋਗ ਸਥਾਨ ਦਿਵਾਉਣ ਲਈ ਸੰਘਰਸ਼ ਕਰਦੀ ਆ ਰਹੀ ਜਥੇਬੰਦੀ ਪੰਜਾਬ ਜਾਗ੍ਰਿਤੀ ਮੰਚ ਨੇ ਪੰਜਾਬ ਵਿਧਾਨ ਸਭਾ ਵਿਚ ਸਰਕਾਰੀ ਅਤੇ ਗ਼ੈਰ-ਸਰਕਾਰੀ ਬੋਰਡਾਂ ‘ਤੇ ਦੂਜੀਆਂ ਭਾਸ਼ਾਵਾਂ ਸਮੇਤ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਵਿਚ ਜਾਣਕਾਰੀ ਲਿਖਣ ਸਬੰਧੀ ਪੰਜਾਬ ਵਿਧਾਨ ਸਭਾ ਵਲੋਂ ਸਰਬਸੰਮਤੀ ਨਾਲ ਬਿੱਲ ਨਾ ਪਾਸ ਕਰਨ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

ਪੰਜਾਬ ਜਾਗ੍ਰਿਤੀ ਮੰਚ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਅਤੇ ਜਨਰਲ ਸਕੱਤਰ ਦੀਪਕ ਬਾਲੀ ਨੇ ਇਕ ਪ੍ਰੈੱਸ ਕਾਨਫ਼ਰੰਸ ਵਿਚ ਇਸ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਜੇਕਰ ਵਿਧਾਨ ਸਭਾ ਵਲੋਂ ਅਜਿਹਾ ਇਤਿਹਾਸਕ ਬਿੱਲ ਪੇਸ਼ ਕਰਕੇ ਪ੍ਰਵਾਨ ਕੀਤਾ ਜਾਂਦਾ ਤਾਂ ਵਿਧਾਨ ਸਭਾ ਦਾ 6 ਤੋਂ 7 ਨਵੰਬਰ ਤੱਕ ਹੋਇਆ ਦੋ ਦਿਨਾ ਵਿਸ਼ੇਸ਼ ਇਜਲਾਸ ਇਤਿਹਾਸਕ ਦਰਜਾ ਹਾਸਲ ਕਰ ਸਕਦਾ ਸੀ। ਪਰ ਪੰਜਾਬ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਢਿੱਲੇ ਵਤੀਰੇ ਕਾਰਨ ਵਿਧਾਨ ਸਭਾ ਇਸ ਵੱਡੀ ਪ੍ਰਾਪਤੀ ਤੋਂ ਵਾਂਝੀ ਰਹਿ ਗਈ ਹੈ।

ਉਕਤ ਨੇਤਾਵਾਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨਾਲ ਇਸ ਸਬੰਧੀ ਰਾਬਤਾ ਕਰਕੇ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਵਿਧਾਨ ਸਭਾ ਵਿਚ ਅਜਿਹਾ ਬਿੱਲ ਲਿਆਉਣ ਤੇ ਇਹ ਮੁੱਦਾ ਸਦਨ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ।

ਇਸ ਦੇ ਬਾਵਜੂਦ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਇਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਸ ਕਾਰਨ ਨਾ ਕੋਈ ਅਜਿਹਾ ਬਿੱਲ ਪੇਸ਼ ਹੋਇਆ ਤੇ ਨਾ ਹੀ ਪਾਸ ਹੋ ਸਕਿਆ। ਫਿਰ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਅਤੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਵਲੋਂ ਇਹ ਮੁੱਦਾ ਉਠਾਉਣਾ ਅਤੇ ਰਾਜ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਇਸ ਸਬੰਧੀ ਭਰੋਸਾ ਦਿਵਾਉਣਾ ਪ੍ਰਸੰਸਾਯੋਗ ਹੈ।

ਪਰ ਇਸ ਸਬੰਧੀ ਅਜੇ ਠੋਸ ਕਦਮ ਚੁੱਕੇ ਜਾਣੇ ਬਾਕੀ ਹਨ। ਉਕਤ ਨੇਤਾਵਾਂ ਨੇ ਕਿਹਾ ਕਿ ਭਾਵੇਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਤਾਂ ਹੁਣ ਖ਼ਤਮ ਹੋ ਚੁੱਕਾ ਹੈ ਪਰ ਇਸ ਸਬੰਧੀ ਪੰਜਾਬ ਸਰਕਾਰ ਹੁਣ ਵੀ ਇਕ ਵਿਸ਼ੇਸ਼ ਆਰਡੀਨੈਂਸ ਲਿਆ ਕੇ ਰਾਜ ਦੇ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ ਬੋਰਡਾਂ ‘ਤੇ ਪੰਜਾਬੀ ਵਿਚ ਜਾਣਕਾਰੀ ਲਿਖਣ ਨੂੰ ਯਕੀਨੀ ਬਣਾ ਸਕਦੀ ਹੈ।

ਜੇਕਰ ਰਾਜ ਵਿਚ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਬੋਰਡਾਂ ‘ਤੇ ਸਭ ਤੋਂ ਉੱਪਰ ਪੰਜਾਬੀ ਲਿਖੀ ਜਾਵੇਗੀ ਤਾਂ ਰਾਜ ਦਾ ਪੂਰਾ ਦ੍ਰਿਸ਼ ਹੀ ਬਦਲ ਸਕਦਾ ਹੈ ਅਤੇ ਪੰਜਾਬੀ ਹਰ ਖੇਤਰ ਵਿਚ ਆਪਣੀ ਮਾਂ-ਬੋਲੀ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਹੋ ਸਕਦੇ ਹਨ।

ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਬਾਣੀ ਪੰਜਾਬੀ ਗੁਰਮੁਖੀ ਲਿਪੀ ਵਿਚ ਲਿਖੀ ਸੀ ਅਤੇ ਇਸੇ ਕਰਕੇ ਉਹ ਆਮ ਲੋਕਾਂ ਤੱਕ ਪਹੁੰਚ ਸਕੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿਚ ਲੋਕਾਂ ਨੂੰ ਆਪਣੀ ਜ਼ਬਾਨ ਅਪਣਾਉਣ ਅਤੇ ਵਿਦੇਸ਼ੀਆਂ ਦੇ ਪ੍ਰਭਾਵ ਅਧੀਨ ਆਪਣੀ ਜ਼ਬਾਨ ਅਤੇ ਆਪਣੇ ਪਹਿਰਾਵੇ ਨੂੰ ਨਾ ਛੱਡਣ ਸਬੰਧੀ ਵੀ ਤਾੜਨਾ ਕੀਤੀ ਸੀ।

ਜੇਕਰ ਅਸੀਂ ਚਾਹੁੰਦੇ ਹਾਂ ਕਿ ਆਪਣੇ ਇਤਿਹਾਸ, ਵਿਰਸੇ, ਸੱਭਿਆਚਾਰ ਅਤੇ ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿੱਖਿਆਵਾਂ ਤੋਂ ਅਗਲੀਆਂ ਪੀੜੀਆਂ ਜਾਣੂ ਹੋਣ ਤੇ ਉਨ੍ਹਾਂ ਨੂੰ ਅਪਣਾਉਣ ਤਾਂ ਇਹ ਬੇਹੱਦ ਜ਼ਰੂਰੀ ਹੈ ਕਿ ਰਾਜ ਵਿਚ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਦੇ ਖੇਤਰ ਵਿਚ ਪੰਜਾਬੀ ਨੂੰ ਯੋਗ ਸਥਾਨ ਦਿੱਤਾ ਜਾਏ ਅਤੇ ਸਾਰੇ ਸਰਕਾਰੀ, ਗ਼ੈਰ-ਸਰਕਾਰੀ ਬੋਰਡਾਂ ‘ਤੇ ਪੰਜਾਬੀ ਲਿਖਣੀ ਯਕੀਨੀ ਬਣਾਈ ਜਾਏ।

ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲਾਂ ਵਿਚ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਦੀ ਪੜਾਈ ਸੰਤੁਸ਼ਟੀਜਨਕ ਢੰਗ ਨਾਲ ਹੋਵੇ ਅਤੇ ਜਿਨ੍ਹਾਂ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਆਪਣੇ ਸਕੂਲਾਂ ਵਿਚ ਵਿਦਿਆਰਥੀਆਂ ‘ਤੇ ਪੰਜਾਬੀ ਬੋਲਣ ‘ਤੇ ਪਾਬੰਦੀ ਲਗਾਈ ਹੋਈ ਹੈ, ਉਨ੍ਹਾਂ ਦੀ ਮਾਨਤਾ ਤੁਰੰਤ ਰੱਦ ਕੀਤੀ ਜਾਏ।

ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਇਹ ਬੜੇ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਵਸ ਤਾਂ ਮਨਾ ਰਹੇ ਹਾਂ ਪਰ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਵਰੋਸਾਈ ਪੰਜਾਬੀ ਜ਼ਬਾਨ ‘ਤੇ ਸਕੂਲਾਂ ਵਿਚ ਬੋਲਣ ‘ਤੇ ਪਾਬੰਦੀ ਲੱਗੀ ਹੋਈ ਹੈ ਅਤੇ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਇਕ ਤਰਾਂ ਨਾਲ ਇਹ ਪੰਜਾਬੀਆਂ ਦੀ ਨਵੀਂ ਪੀੜੀ ਨੂੰ ਆਪਣੀ ਜ਼ਬਾਨ ਨਾਲੋਂ ਤੋੜਨ ਦੀ ਇਕ ਬਹੁਤ ਵੱਡੀ ਸਾਜਿਸ਼ ਚੱਲ ਰਹੀ ਹੈ, ਜਿਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION