35.1 C
Delhi
Thursday, March 28, 2024
spot_img
spot_img

ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਡਾ. ਹਰਭਜਨ ਸਿੰਘ ਦਿਉਲ ਦਾ ਦੇਹਾਂਤ

ਪਟਿਆਲਾ, 29 ਅਕਤੂਬਰ, 2019:

ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ, ਪੰਜਾਬ ਰਾਜ ਬਿਜਲੀ ਬੋਰਡ ਦੇ ਪ੍ਰਬੰਧਕੀ ਮੈਂਬਰ ਅਤੇ ਭਾਰਤ ‘ਚ ਘੱਟ ਗਿਣਤੀ ਭਾਸ਼ਾਵਾਂ ਦੇ ਕਮਿਸ਼ਨਰ ਰਹੇ ਡਾ. ਹਰਭਜਨ ਸਿੰਘ ਦਿਉਲ ਦਾ ਅੱਜ ਦੇਹਾਂਤ ਹੋ ਗਿਆ। ਉਹ 83 ਸਾਲਾਂ ਦੇ ਸਨ ਤੇ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਹ ਆਪਣੀ ਸੁਪਤਨੀ ਸ੍ਰੀਮਤੀ ਬਲਵੰਤ ਕੌਰ ਸਮੇਤ 5 ਧੀਆਂ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ।

ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਮਿਤੀ 31 ਅਕਤੂਬਰ ਨੂੰ ਦੁਪਹਿਰ 1 ਵਜੇ ਪਟਿਆਲਾ ਦੇ ਬਡੂੰਗਰ ਸਥਿਤ ਸਮਸ਼ਾਨ ਘਾਟ ਵਿਖੇ ਹੋਵੇਗਾ ਅਤੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ 4 ਨਵੰਬਰ ਸੋਮਵਾਰ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗਾ।

ਡਾ. ਹਰਭਜਨ ਸਿੰਘ ਦਿਉਲ ਦਾ ਜਨਮ ਲੁਧਿਆਣਾ ਦੇ ਪਿੰਡ ਬੋਪਾਰਾਏ ਕਲਾਂ ਵਿਖੇ ਉੱਘੇ ਸਿਆਸੀ ਤੇ ਸਮਾਜਿਕ ਆਗੂ ਤੇ ਸੁਧਾਰ ਹਲਕੇ ਤੋਂ ਵਿਧਾਇਕ ਰਹੇ ਪ੍ਰਿੰਸੀਪਲ ਇਕਬਾਲ ਸਿੰਘ ਦੇ ਘਰ 27 ਅਪ੍ਰੈਲ 1936 ਨੂੰ ਹੋਇਆ ਸੀ। ਉਨ੍ਹਾਂ ਦਾ ਵਿਆਹ ਮੁਕਤਸਰ ਦੀ ਉੱਘੀ ਹਸਤੀ ਸਵਰਗੀ ਡਾ. ਕੇਹਰ ਸਿੰਘ ਦੀ ਸਪੁੱਤਰੀ ਬਲਵੰਤ ਕੌਰ ਨਾਲ ਹੋਇਆ।

ਡਾ. ਦਿਉਲ ਐਮ.ਏ. ਪੰਜਾਬ ਯੂਨੀਵਰਸਿਟੀ ਤੋਂ ਕਰਕੇ ਅਗਲੇਰੀ ਪੜ੍ਹਾਈ ਯੂ.ਕੇ ਦੀ ਯੂਨੀਵਰਸਿਟੀ ਆਫ਼ ਬਰਮਿੰਘਮ ਤੋਂ ਕਰਨ ਉਪਰੰਤ ਉਹ ਇੰਗਲੈਂਡ ਅਤੇ ਭਾਰਤ ਦੀ ਟ੍ਰੇਡ ਯੂਨੀਅਨ ‘ਚ ਵੀ ਸਰਗਰਮ ਰਹੇ।

ਡਾ. ਦਿਉਲ ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ ਯੂਨੀਅਨ ਦੇ ਪ੍ਰਧਾਨ, ਪੰਜਾਬੀ ਯੂਨੀਵਰਸਿਟੀ ਦੇ ਲੋਕ ਪ੍ਰਸ਼ਾਸ਼ਨ ਵਿਭਾਗ ‘ਚ ਪ੍ਰੋਫੈਸਰ, ਕੌਮੀ ਏਕਤਾ ਚੇਅਰ ਦੇ ਮੁਖੀ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ, ਪੰਜਾਬ ਰਾਜ ਬਿਜਲੀ ਬੋਰਡ ਦੇ ਪ੍ਰਬੰਧਕੀ ਮੈਂਬਰ ਵੀ ਰਹੇ। ਵਰਣਨਯੋਗ ਹੈ ਕਿ ਡਾ. ਦਿਉਲ ਨੇ 1984 ‘ਚ ਸਾਕਾ ਨੀਲਾ ਤਾਰਾ ਦੇ ਵਿਰੋਧ ‘ਚ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਵਜੋਂ ਅਸਤੀਫ਼ਾ ਵੀ ਦੇ ਦਿੱਤਾ ਸੀ।

ਡਾ. ਦਿਉਲ ਨੇ ਭਾਰਤ ‘ਚ ਘੱਟ ਗਿਣਤੀ ਭਾਸ਼ਾਵਾਂ ਦੇ ਕਮਿਸ਼ਨਰ ਵਜੋਂ ਅਲਾਹਾਬਾਦ ਵਿਖੇ ਸੇਵਾ ਨਿਭਾਈ ਅਤੇ ਭਾਰਤ ਅੰਦਰ ਭਾਸ਼ਾ ਦੀਆਂ ਸਮੱਸਿਆਵਾਂ ਬਾਬਤ ਰਾਸ਼ਟਰਪਤੀ ਰਾਹੀਂ ਦੇਸ਼ ਦੀ ਸੰਸਦ ‘ਚ ਤਿੰਨ ਰਿਪੋਰਟਾਂ ਵੀ ਪੇਸ਼ ਕੀਤੀਆਂ। ਉਨ੍ਹਾਂ ਨੇ ‘ਟ੍ਰੇਡ ਯੂਨੀਅਨਇਜ਼ਮ-ਐਨ ਇਟਰੋਡਕਸ਼ਨ, ਅਪ੍ਰੋਚ ਟੂ ਨੈਸ਼ਨਲ ਇੰਟੈਗ੍ਰੇਸ਼ਨ, ਬਿਊਰੋਕ੍ਰੇਸੀ ਇਨ ਮਾਰਕਿਸਟ ਥਿਊਰੀ, ਰੇਸਿਜਮ ਇਨ ਬ੍ਰਿਟੇਨ’ ਸਮੇਤ ਪੰਜਾਬੀ ਤੇ ਅੰਗ੍ਰੇਜੀ ‘ਚ ਕਈ ਹੋਰ ਪੁਸਤਕਾਂ ਵੀ ਲਿਖੀਆਂ।

ਡਾ. ਹਰਭਜਨ ਸਿੰਘ ਦਿਉਲ, ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੇ ਫੁੱਫੜ ਜੀ ਤੇ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਦੇ ਪਤੀ ਸ. ਗੁਰਭਜਨ ਸਿੰਘ ਗਿੱਲ ਦੇ ਮਾਮਾ ਜੀ ਲੱਗਦੇ ਸਨ।

ਉਨ੍ਹਾਂ ਦੇ ਦੇਹਾਂਤ ‘ਤੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਤੇ ਹੋਰ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਅਤੇ ਪ੍ਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION