ਚੰਡੀਗੜ੍ਹ, 24 ਜੁਲਾਈ, 2019:
ਰੱਖ ਰਖਾਓ, ਮੁਰੰਮਤ ਅਤੇ ਕਾਰਜਸ਼ੀਲਤਾ ਦੇ ਖਰਚਿਆਂ ਨਾਲ ਨਿਪਟਣ ਲਈ ਹੁਣ ਗੋਬਿੰਦਗੜ੍ਹ ਕਿਲਾ ਅੰਮਿ੍ਰਤਸਰ ਵਿਖੇ ਅਜਾਇਬ ਘਰ ਹੁਣ ਨਿਰਧਾਰਤ ਦਰ ਦੀਆਂ ਦਾਖਲਾ ਟਿਕਟਾਂ ਲਾਈਆਂ ਗਈਆਂ ਹਨ। ਹਾਲਾਂਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ।
ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ।
ਇਕ ਸਰਕਾਰੀ ਬੁਲਾਰੇ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਲਈ ਆਜਾਇਬ ਘਰ ਵਾਸਤੇ ਨਿਰਧਾਰਤ ਦਾਖਲਾ ਟਿਕਟ ਬਾਰੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਵੱਲੋਂ ਪੇਸ਼ ਕੀਤੀ ਤਜਵੀਜ਼ ਨੂੰ ਮੰਤਰੀ ਮੰਡਲ ਨੇ ਪ੍ਰਵਾਨ ਕਰ ਲਿਆ ਹੈ।
ਦਾਖਲਾ ਟਿਕਟਾਂ ਤੋਂ ਇਕੱਤਰ ਹੋਣ ਵਾਲੀ ਰਾਸ਼ੀ ਪੰਜਾਬ ਵਿਰਾਸਤੀ ਤੇ ਸੈਰ-ਸਪਾਟਾ ਬੜ੍ਹਾਵਾ ਬੋਰਡ ਕੋਲ ਜਮ੍ਹਾਂ ਕਰਵਾਈ ਜਾਵੇਗੀ ਅਤੇ ਇਸ ਨੂੰ ਆਜਾਇਬ ਘਰ ਦੀ ਮੁਰੰਮਤ, ਰਖ ਰਖਾਓ ਅਤੇ ਕਾਰਜਸ਼ੀਲਤਾ ਲਈ ਵਰਤਿਆ ਜਾਵੇਗਾ।
ਜੇ ਟਿਕਟਾਂ ਰਾਹੀਂ ਇਕੱਤਰ ਹੋਈ ਰਾਸ਼ੀ ਚੋਖੀ ਨਾ ਹੋਈ ਤਾਂ ਇਸ ਵਿਚਲਾ ਪਾੜਾ ਵਿਭਾਗ ਦੀ ਬਜਟ ਗ੍ਰਾਂਟ ਰਾਹੀਂ ਪੂਰਿਆ ਜਾਵੇਗਾ।
ਵਿਭਾਗ ਨੇ ਬਾਲਗਾਂ ਲਈ 30 ਰੁਪਏ ਦਾਖਲਾ ਟਿਕਟ ਨਿਰਧਾਰਤ ਕੀਤੀ ਹੈ ਜਦਕਿ 18 ਸਾਲ ਤੱਕ ਦੇ ਵਿਦਿਆਰਥੀਆਂ/ਬੱਚਿਆਂ ਲਈ ਇਹ 20 ਰੁਪਏ ਹੋਵੇਗੀ। ਇਸੇ ਤਰ੍ਹਾਂ ਹੀ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟਿਜ਼ਨਾਂ ਲਈ ਵੀ ਇਹ 20 ਰੁਪਏ ਹੀ ਹੋਵੇਗੀ। ਡਿਫੈਂਸ ਦੇ ਮੁਲਾਜ਼ਮਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਵੀ ਇਹ ਟਿਕਟ 20 ਰੁਪਏ ਹੋਵੇਗੀ।
‘ਦਾ ਆਰਮਜ਼ ਮਿਊਜ਼ੀਅਮ’ ਅਤੇ ‘ਕੋਆਇਨ ਮਿਊਜ਼ੀਅਮ’ ਨਾਂ ਦੇ ਇਸ ਅਜਾਇਬ ਘਰ ਲਈ ਦਾਖਲਾ ਟਿਕਟ ਦੀਆਂ ਦਰਾਂ ਪੰਜਾਬ ਵਿਰਾਸਤੀ ਸੈਰ-ਸਪਾਟਾ ਬੜ੍ਹਾਵਾ ਬੋਰਡ ਵੱਲੋਂ ਸੈਰ-ਸਪਾਟਾ ’ਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਸਾਲਾਨਾ ਸੋਧੀਆਂ ਜਾਣਗੀਆਂ। ਇਨ੍ਹਾਂ ਵਿੱਚ ਵੱਧ ਤੋਂ ਵੱਧ ਵਾਧਾ ਪੰਜ ਰੁਪਏ ਪ੍ਰਤੀ ਟਿਕਟ ਹੋਵੇਗਾ।
ਗੋਬਿੰਦਗੜ੍ਹ ਕਿਲਾ ਸ਼ੁਰੂ ਵਿੱਚ ਭੰਗੀ ਮਿਸਲ ਦੇ ਸ਼ਾਸਕਾਂ ਵੱਲੋਂ 1760 ਵਿੱਚ ਉਸਾਰਿਆ ਗਿਆ ਸੀ। ਇਹ 12 ਸਿੱਖ ਮਿਸਲਾਂ ਵਿੱਚੋਂ ਇਕ ਸੀ। 1825 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਕਿਲੇ ਨੂੰ ਫਤਹਿ ਕਰ ਲਿਆ ਸੀ ਅਤੇ ਇਹ 1845 ਵਿੱਚ ਅੰਗਰੇਜ਼ਾਂ ਦਾ ਕਬਜਾ ਹੋਣ ਤੱਕ ਇਹ ਉਨ੍ਹਾਂ ਦੇ ਕਬਜ਼ੇ ਵਿੱਚ ਰਿਹਾ। ਮਹਾਰਾਜਾ ਰਣਜੀਤ ਸਿੰਘ ਨੇ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਇਸ ਕਿਲੇ ਦਾ ਨਾਂ ਕਿਲਾ ਗੋਬਿੰਦਗੜ੍ਹ ਰੱਖਿਆ ਸੀ।
ਸਾਲ 1948 ਵਿੱਚ ਭਾਰਤੀ ਫੌਜ ਨੇ ਗੋਬਿੰਦਗੜ੍ਹ ਕਿਲੇ ਨੂੰ ਆਪਣੇ ਹੇਠ ਲੈ ਲਿਆ ਅਤੇ 20 ਦਸੰਬਰ, 2006 ਨੂੰ ਭਾਰਤ ਸਰਕਾਰ ਨੇ ਇਹ ਕਿਲਾ ਪੰਜਾਬ ਸਰਕਾਰ ਹਵਾਲੇ ਕਰ ਦਿੱਤਾ। ਪੰਜਾਬ ਵਿਰਾਸਤ ਅਤੇ ਸੈਰ-ਸਪਾਟਾ ਬੜ੍ਹਾਵਾ ਬੋਰਡ ਨੂੰ ਇਸ ਦੀ ਸਾਂਭ-ਸੰਭਾਲ ਵਾਸਤੇ ਜ਼ਿੰਮੇਵਾਰੀ ਸੌਂਪੀ ਗਈ।