23.1 C
Delhi
Wednesday, April 24, 2024
spot_img
spot_img

ਪੰਜਾਬ ਨੂੰ ‘ਸਬਕ’ ਸਿਖਾਉਣ ਵਾਲੀ ਸੋਚ ਨਾਲ ਕੰਮ ਕਰ ਰਹੀ ਹੈ ਕੇਂਦਰ ਸਰਕਾਰ: ਜਾਖੜ

ਯੈੱਸ ਪੰਜਾਬ
ਅੰਮ੍ਰਿਤਸਰ, 28 ਅਕਤੂਬਰ, 2020 –
ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਪ੍ਰਤੀ ਅਪਨਾਏ ਜਾ ਰਹੇ ਵਤੀਰਾ ਦਾ ਤਿੱਖਾ ਵਿਰੋਧ ਕਰਦੇ ਕਿਹਾ ਕਿ ਪੰਜਾਬੀ ਲੋਕ, ਜੋ ਕਿ ਦੇਸ਼ ਦੀ ਖੜਕਭੁਜਾ ਬਣਨ ਦੇ ਨਾਲ-ਨਾਲ ਦੇਸ਼ ਵਾਸੀਆਂ ਦਾ ਪੇਟ ਭਰਦੇ ਆ ਰਹੇ ਹਨ, ਨੂੰ ਸਾਬਾਸ਼ ਦੇਣ ਦੀ ਥਾਂ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨੂੰ ਸਬਕ ਸਿਖਾਉਣ ਵਾਲੀ ਨੀਤੀ ਨਾਲ ਕੰਮ ਕਰ ਰਹੀ ਹੈ।

ਅੱਜ ਅਜਨਾਲਾ ਹਲਕੇ ਦੇ ਪਿੰਡ ਚਮਿਆਰੀ ਅਤੇ ਅਟਾਰੀ ਹਲਕੇ ਦੇ ਪਿੰਡ ਗੁਰੂਵਾਲੀ ਵਿਚ ਕਿਸਾਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਵੱਲੋਂ ਥੋਪੇ ਗਏ ਕਾਨੂੰਨ ਕੇਵਲ ਪੰਜਾਬ ਦੇ ਕਿਸਾਨਾਂ ਲਈ ਹੀ ਨਹੀਂ ਬਲਕਿ ਦੇਸ਼ ਦੀ ਕਿਰਸਾਨੀ ਲਈ ਘਾਤਕ ਹਨ।

ਉਨਾਂ ਕਿਹਾ ਕਿ ਇਸ ਨਾਲ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬਿਆਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਬੇਜ਼ਮੀਨੇ ਕਰਕੇ ਉਨਾਂ ਦੀਆਂ ਜਮੀਨਾਂ ਖੋਹ ਕੇ ਵੱਡੇ ਘਰਾਣਿਆਂ ਨੂੰ ਦੇਣ ਦੀਆਂ ਸਾਜਿਸ਼ਾਂ ਰਚੀਆਂ ਗਈਆਂ ਹਨ, ਜਿੰਨਾ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਸ੍ਰੀ ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਫਤ ਕਰਦੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਹਨ, ਤਾਂ ਵੀ ਕੇਂਦਰ ਸਰਕਾਰ ਪੰਜਾਬ ਉਤੇ ਉਸੇ ਤਰਾਂ ਆਰਥਿਕ ਪਾਬੰਦੀਆਂ ਲਗਾ ਰਹੀ ਹੈ, ਜਿਵੇਂ ਕਿ ਅਮਰੀਕਾ ਆਪਣੇ ਵਿਰੋਧੀ ਦੇਸ਼ਾਂ ਕਿਊਬਾ, ਇਰਾਨ ਵਗੈਰਾ ਉਤੇ ਲਗਾਉਂਦਾ ਹੈ।

ਉਨਾਂ ਕਿਹਾ ਕਿ ਪਹਿਲਾਂ ਜੀ. ਐਸ ਟੀ ਦਾ 9500 ਕਰੋੜ ਰੁਪਏ ਬਕਾਇਆ ਅਤੇ ਹੁਣ ਦਿਹਾਤੀ ਵਿਕਾਸ ਫੰਡ ਦਾ 1100 ਕਰੋੜ ਰੁਪਏ ਫੰਡ ਰੋਕ ਕੇ ਪੰਜਾਬ ਦੇ ‘ਗੋਡੇ’ ਲਵਾਉਣ ਵਾਲੀ ਚਾਲ ਚੱਲੀ ਜਾ ਰਹੀ ਹੈ, ਪਰ ਸਾਡੀ ਸਰਕਾਰ ਕਿਸਾਨ ਦੇ ਨਾਲ ਖੜੀ ਹੈ, ਚਾਹੇ ਇਸ ਲਈ ਕਿੰਨੀ ਵੀ ਵੱਡੀ ਕੀਮਤ ਕਿਉਂ ਨਾ ਚੁੱਕਾਉਣੀ ਪਵੇ।

ਉਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਸੰਘਰਸ਼ ਤੋਂ ਲੈ ਕੇ ਹੁਣ ਤੱਕ ਦੁਸ਼ਮਣ ਤਾਕਤਾਂ ਨਾਲ ਲੋਹਾ ਲੈਂਦੇ ਆ ਰਹੇ ਪੰਜਾਬ ਦੇ ਜਵਾਨ ਨੂੰ ਚੀਨੀ ਸਰਹੱਦ ਉਤੇ ਦੁਸ਼ਮਣਾਂ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ ਅਤੇ ਇਥੇ ਉਸਦੇ ਮਾਪੇ ਦਿੱਲੀ ਦੀਆਂ ਘਾਤਕ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨਾਂ ਕਿਹਾ ਕਿ ਜਿੱਥੇ ਦੁਸ਼ਮਣ ਦੇਸ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਥਾਂ ਮੋਦੀ ਸਰਕਾਰ ਗੱਲਬਾਤ ਨਾਲ ਮਸਲੇ ਦਾ ਹੱਲ ਕਰਨ ਲਈ ਹਾੜੇ ਕੱਢ ਰਿਹਾ ਹੈ, ਉਥੇ ਆਪਣੇ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਰਾਜ਼ੀ ਨਹੀਂ ਅਤੇ ਉਨਾਂ ਦੀ ਬਾਂਹ ਮਰੋੜੀ ਜਾ ਰਹੀ ਹੈ।

ਉਨਾਂ ਕਿਹਾ ਕਿ ਜਿਹੜੀ ਮੋਦੀ ਸਰਕਾਰ ਥੋੜੇ ਦਿਨ ਪਹਿਲਾਂ ਆਰ. ਡੀ. ਐਫ ਅਤੇ ਹੋਰ ਫੰਡਾਂ ਵਿਚ ਨਵੇਂ ਕਾਨੂੰਨਾਂ ਨੂੰ ਕੋਈ ਰੁਕਾਵਟ ਨਹੀਂ ਸੀ ਦੱਸ ਰਹੀ ਉਸਦੇ ਇਹ ਵਾਅਦੇ ਫੰਡ ਰੋਕਣ ਨਾਲ ਜੁਮਲਾ ਬਣ ਗਏ ਹਨ, ਪਰ ਮੋਦੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਸਰਕਾਰਾਂ ਭਰੋਸੇ ਉਤੇ ਚੱਲਦੀਆਂ ਹਨ ਜੁਮਲਿਆਂ ਨਾਲ ਨਹੀਂ।

ਸ. ਹਰਪ੍ਰਤਾਪ ਸਿੰਘ ਅਜਨਾਲਾ ਦੀ ਰਿਹਾਇਸ਼ ਵਿਖੇ ਪ੍ਰੈਸ ਨਾਲ ਗੱਲਬਾਤ ਕਰਦੇ ਸ੍ਰੀ ਜਾਖੜ ਨੇ ਖਦਸ਼ਾਂ ਪ੍ਰਗਟ ਕੀਤਾ ਕਿ ਕੇਂਦਰ ਦੀ ਸੋਚ ਦੱਸਦੀ ਹੈ ਕਿ ਇਹ ਸੰਘਰਸ਼ ਲੰਮਾ ਚੱਲੇਗਾ ਅਥੇ ਪੰਜਾਬੀਆਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਡੇ ਲਈ ਕੁਰਸੀ ਪਹਿਲਾਂ ਨਹੀਂ, ਸੂਬੇ ਦੇ ਲੋਕ ਤਰਜੀਹ ਹਨ ਅਤੇ ਅਸੀਂ ਆਪਣੇ ਲੋਕਾਂ ਲਈ ਹਰ ਕੀਮਤ ਤਾਰਨ ਨੂੰ ਤਿਆਰ ਹਾਂ।

ਉਨਾਂ ਕਿਹਾ ਕਿ ਇਹ ਮੁੱਦਾ ਸਾਰੇ ਦੇਸ਼ ਦਾ ਹੈ, ਪਰ ਮੋਦੀ ਸਰਕਾਰ ਇਸ ਨੂੰ ਕੇਵਲ ਪੰਜਾਬ ਉਤੇ ਕੇਂਦਰਤ ਕਰਕੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨਾਂ ਕਿਹਾ ਕਿ ਭਾਜਪਾ ਨੇਤਾ ਕਦੇ ਕਿਸਾਨਾਂ ਨੂੰ ਬਾਗੀ, ਕਦੇ ਵਿਚੋਲੀਏ ਅਤੇ ਕਦੇ ‘ਅਰਬਨ ਨੈਕਸਸ’ ਦੱਸਦੇ ਹਨ, ਜੋ ਕਿ ਦੇਸ਼ ਦੇ ਅੰਨਦਾਤੇ ਲਈ ਸ਼ੋਭਾ ਨਹੀਂ ਦਿੰਦੇ।

ਉਨਾਂ ਕਿਹਾ ਕਿ ਅਜਿਹੇ ਸਬਦਾਂ ਲਈ ਭਾਜਪਾ ਆਗੂਆਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਨਾਂ ਕਿਹਾ ਕਿ ਇਸ ਮਸਲੇ ਦਾ ਸੌਖਾ ਅਤੇ ਵਧੀਆ ਹੱਲ ਇਹ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਉਨਾਂ ਨੂੰ ਫਸਲਾਂ ਦੀ ਘੱਟੋ-ਘੱਟ ਸਰਕਾਰੀ ਕੀਮਤ ਜਾਰੀ ਰਹਿਣ ਦਾ ਲਿਖਤੀ ਭਰੋਸਾ ਦੇਣ, ਨਾ ਕਿ ਜੁਮਲਿਆਂ ਨਾਲ।

ਸ੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਸ੍ਰੀ ਜਾਖੜ ਨੇ ਕਿਹਾ ਕਿ ਇਸ ਦੇ ਮੌਜੂਦਾ ਆਗੂਆਂ ਨੇ ਪਹਿਲਾਂ ਪੰਥ ਦੀ ਪਿਠ ਵਿਚ ਛੁਰਾ ਮਾਰਿਆ ਤੇ ਹੁਣ ਕਿਸਾਨ ਦੀ ਪਿਠ ਵਿਚ। ਉਨਾਂ ਕਿਹਾ ਕਿ ਸੰਨ 2017 ਵਿਚ ਵੋਟਾਂ ਦੇ ਨਤੀਜੇ ਆਉਣ ਤੋਂ ਇਕ ਦਿਨ ਪਹਿਲਾਂ ਇਸ ਦੇ ਮੰਤਰੀਆਂ ਵੱਲੋਂ ਕੇਂਦਰ ਕੋਲ ਜਾ ਕੇ ਜੋ 31 ਹਜ਼ਾਰ ਕਰੋੜ ਰੁਪਏ ਦਾ ਅਨਾਜ ਘੁਟਾਲਾ ਸਵਿਕਾਰ ਕਰਕੇ ਇਸਦੇ ਪੈਸੇ ਕਿਸ਼ਤਾਂ ਵਿਚ ਵਾਪਸ ਕਰਨ ਲਈ ਦਸਤਖਤ ਕੀਤੇ ਗਏ ਸਨ, ਉਸਨੇ ਨਵੇਂ ਕਾਨੂੰਨਾਂ ਦਾ ਖਰੜਾ ਤਿਆਰ ਕਰਨ ਵਾਲੀ ਸਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸਾਂ ਦੀ ਪ੍ਰੋੜਤਾ ਕੀਤੀ ਅਤੇ ਇਹ ਕਿਸਾਨਾਂ ਦੀ ਕਬਰ ਵਿਚ ਪਹਿਲਾ ਕਿੱਲ ਸਾਬਤ ਹੋਇਆ।

ਉਨਾਂ ਕਿਹਾ ਕਿ ਅਕਾਲੀ ਦਲ ਦੀ ਕੈਬਨਿਟ ਮੰਤਰੀ ਜੋ ਕਿਸਾਨ ਮੁੱਦੇ ਉਤੇ ਅਸਤੀਫਾ ਦੇਣ ਦੀ ਗੱਲ ਕਰਦੇ ਹਨ, ਉਹ ਵੀ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਹੈ, ਹਕੀਕਤ ਇਹ ਹੈ ਕਿ ਮੋਦੀ ਨੇ ਇਨਾਂ ਕੋਲੋਂ ਅਸਤੀਫਾ ਧੱਕੇ ਨਾਲ ਲਿਆ ਹੈ ਅਤੇ ਇਨਾਂ ਨੂੰ ਮਜ਼ਬੂਰੀ ਵਸ ਕਿਸਾਨਾਂ ਨਾਲ ਖੜਨਾ ਪਿਆ ਹੈ।

ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰ ਰਹੀ ਹੈ ਅਤੇ ਇਕ ਨਵਾਂ ਕਾਰਪੋਰੇਟ ਕਲਚਰ ਲੈ ਕੇ ਆ ਰਹੀ ਹੈ ਜਿਸ ਨਾਲ ਅੰਬਾਨੀ ਤੇ ਅੰਡਾਨੀ ਵਰਗੇ ਹੀ ਅੱਗੇ ਆਉਣਗੇ ਅਤੇ ਕਿਸਾਨੀ ਨੂੰ ਤਬਾਹ ਕਰਨਗੇ। ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਿਆ ਕੇ ਸਮੁੱਚੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ।

ਉਨਾਂ ਕਿਹਾ ਕਿ ਅਸੀਂ ਪੰਜਾਬੀ ਯੋਧੇ ਹਾਂ ਅਤੇ ਇਹ ਕਾਲੇ ਕਾਨੂੰਨ ਵਾਪਸ ਕਰਾ ਕੇ ਦਮ ਲਵਾਂਗੇ। ਉਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਇਨਾਂ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨ ਪੱਖੀ ਹੋਣ ਦਾ ਸਬੂਤ ਦਿੱਤਾ ਹੈ। ਉਨਾਂ ਕਿਹਾ ਕਿ ਕੈਪਟਨ ਸਰਕਾਰ ਪਾਣੀਆਂ, ਕਿਸਾਨੀ ਅਤੇ ਵਪਾਰੀਆਂ ਦੀ ਰਾਖੀ ਕਰਦੀ ਹੈ।

ਉਨਾਂ ਕਿਹਾ ਕਿ ਕੇਂਦਰ ਦੀ ਬੀ:ਜੇ:ਪੀ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ। ਉਨਾਂ ਕਿਹਾ ਕਿ ਬੀ:ਜੇ:ਪੀ ਸਰਕਾਰ ਪਿਛੇ ਆਰ:ਐਸ:ਐਸ ਦਾ ਏਜੰਡਾ ਕੰਮ ਕਰ ਰਿਹਾ ਹੈ ਜਿਸ ਦਾ ਕੰਮ ਦੇਸ਼ ਵਿੱਚ ਨਫਰਤ ਫੈਲਾਉਣਾ ਹੈ।

ਇਸ ਮੌਕੇ ਸ੍ਰੀ ਸੁਨੀਲ ਦੱਤੀ ਵਿਧਾਇਕ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਇਹ ਲੜਾਈ ਕੇਵਲ ਕਿਸਾਨਾਂ ਦੀ ਨਹੀਂ, ਬਲਕਿ ਸਾਰੇ ਪੰਜਾਬੀਆਂ ਦੀ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਕੋਲੋਂ ਹਰ ਵਰਗ ਦੁਖੀ ਹੈ ਅਤੇ ਹੁਣ ਵੇਲਾ ਆ ਗਿਆ ਹੈ ਸਾਰੇ ਲੋਕ ਇਕਮੁੱਠ ਹੋ ਕੇ ਕਿਸਾਨ ਵਿਰੋਧੀ ਬਣਾਏ ਗਏ ਕਾਲੇ ਕਾਨੂੰਨਾ ਦਾ ਵਿਰੋਧ ਕਰਨ।

ਇਸ ਮੌਕੇ ਬੋਲਦਿਆਂ ਸ੍ਰ ਸੰਤੋਖ ਸਿੰਘ ਭਲਾਈਪੁਰ ਵਿਧਾਇਕ ਹਲਕਾ ਬਾਬਾ ਬਕਾਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਸ਼ਬਦਾਂ ਵਿੱਚ ਸੰਦੇਸ਼ ਦਿੱਤਾ ਹੈ ਕਿ ਸਾਡੀ ਸਰਕਾਰ ਜਾਂਦੀ ਹੈ ਤਾਂ ਜਾਵੇ ਪਰ ਅਸੀਂ ਕਿਰਸਾਨੀ ਦਾ ਸਾਥ ਨਹੀਂ ਛੱਡਾਂਗੇ। ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਕਾਨੂੰਨ ਪਾਸ ਕਰ ਦਿੱਤਾ ਹੈ ਕਿ ਐਮ:ਐਸ:ਪੀ ਤੋਂ ਘੱਟ ਰੇਟਾਂ ਤੇ ਖਰੀਦ ਨਹੀਂ ਹੋਵੇਗੀ ਅਗਰ ਕੋਈ ਕਰਦਾ ਹੈ ਤਾਂ ਉਸ ਨੂੰ ਤਿੰਨ ਸਾਲ ਦੀ ਸਜਾ ਹੋਵੇਗੀ। ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਪੂਰੇ ਦੇਸ਼ ਦੀ ਅਰਥ ਵਿਵਸਥਾ ਚੌਪਟ ਕਰ ਦਿੱਤੀ ਹੈ।

ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸ੍ਰ ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ ਨੇ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਨਹੀਂ ਇਹ ਸਾਰੇ ਪੰਜਾਬੀਆਂ ਦੀ ਰੈਲੀ ਹੈ। ਉਨਾਂ ਕਿਹਾ ਕਿ ਅਜੇ ਤੱਕ ਕਿਸਾਨਾਂ ਦੇ ਹੱਕ ਵਿੱਚ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਅਤੇ ਬੀ:ਜੇ:ਪੀ ਦੀ ਅੰਦਰੋਂ ਖਿਚੜੀ ਪੱਕ ਰਹੀ ਹੈ। ਉਨਾਂ ਕਿਹਾ ਕਿ ਇਹ ਲੜਾਈ ਅਜੇ ਲੰਬੀ ਚੱਲਣੀ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਕਿਸਾਨ ਵਿਰੋਧੀ ਕਾਨੂੰਨਾਂ ਦਾ ਡੱਟਵਾਂ ਮੁਕਾਬਲਾ ਕਰਨਾ ਪੈਣਾ ਹੈ।

ਇਸ ਮੌਕੇ ਬੋਲਦਿਆਂ ਚੇਅਰਮੈਨ ਜਿਲਾ ਪ੍ਰੀਸ਼ਦ ਦਿਲਰਾਜ ਸਿੰਘ ਸਰਕਾਰੀਆ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਪਿਛੇ ਲੱਗੇ ਕੇ ਕਿਰਸਾਨੀ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ। ਉਨਾਂ ਕਿ ਬੜੇ ਦੁੱਖ ਦੀ ਗੱਲ ਹੈ ਕਿ ਬੀ:ਜੇ:ਪੀ ਦੇ ਰਾਜ ਸਭਾ ਦੇ ਮੈਂਬਰ ਵੀ ਕਿਸਾਨਾਂ ਦੇ ਹੱਕਾਂ ਦੀ ਗੱਲ ਨਹੀਂ ਕਰਦੇ ਜਿਸਤੋਂ ਸਾਬਤ ਹੁੰਦਾ ਹੈ ਕਿ ਇਹ ਪੰਜਾਬ ਨੂੰ ਤਬਾਹ ਕਰਨ ਤੇ ਤੁਲੇ ਹੋਏ ਹਨ।

ਸ. ਕੰਵਰ ਪ੍ਰਤਾਪ ਸਿੰਘ ਅਜਨਾਲਾ ਨੇ ਸਟੇਜ ਸੰਚਾਲਨ ਕਰਦੇ ਕਿਹਾ ਕਿ ਕਿਸਾਨ ਆਪਣੀ ਖੂਨ ਪਸੀਨਾ ਲਗਾ ਕੇ ਫਸਲ ਤਿਆਰ ਕਰਦਾ ਹੈ ਅਤੇ ਹੁਣ ਕੇਂਦਰ ਸਰਕਾਰ ਕਿਸਾਨਾਂ ਤੋਂ ਆਪਣੀ ਮਰਜੀ ਦੇ ਰੇਟ ਨਾਲ ਫਸਲ ਖਰੀਦਣ ਦੀ ਨਾਪਾਕ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਮੌਕੇ ਸ੍ਰ ਤਰਸੇਮ ਸਿੰਘ ਡੀ:ਸੀ ਹਲਕਾ ਵਿਧਾਇਕ ਅਟਾਰੀ, ਸ੍ਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਦਿਨੇਸ਼ ਬੱਸੀ, ਸ੍ਰੀ ਅਕਾਸ਼ਦੀਪ ਸਿੰਘ ਮਜੀਠੀਆ , ਸ੍ਰੀ ਰਾਜਬੀਰ ਸ਼ਰਮਾ, ਸ੍ਰ ਜੁਗਰਾਜ ਸਿੰਘ, ਸ੍ਰੀ ਮੈਨੂਅਲ ਮਸੀਹ , ਮੈਡਮ ਜਤਿੰਦਰ ਸੋਨੀਆ, ਸਰਪੰਚ ਰਮਨਦੀਪ ਸਿੰਘ ਗ੍ਰੰਥਗੜ, ਚੇਅਰਮੈਨ ਗਰਵਿੰਦਰ ਸਿੰਘ, ਸਰਪੰਚ ਗੁਰਸ਼ਿੰਦਰ ਕਾਹਲੋਂ, ਸਰਪੰਚ ਬੰਟੀ ਕੱਲੇ ਮਾਹਲ, ਸਰਪੰਚ ਹਰਪ੍ਰੀਤ ਸਿੰਘ ਸਹਿੰਸਰਾ, ਪ੍ਰਧਾਨ ਸੁਰਜੀਤ ਸਿੰਘ ਗ੍ਰੰਥਗੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚ ਸਰਪੰਚ ਅਤੇ ਕਿਸਾਨ ਹਾਜਰ ਸਨ।


Click here to Like us on Facebook


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION