26.1 C
Delhi
Saturday, April 20, 2024
spot_img
spot_img

ਪੰਜਾਬ ਦੇ ਲੋਕਪਾਲ ਨੇ ਐਡਵੋਕੇਟ ਸੰਧੂ ਦੀ ਪੁਸਤਕ ‘ਸਿੰਗਾਪੁਰ-ਇੰਡੀਅਨ ਲੀਗਲ ਸਿਸਟਮ-ਏ ਕੰਪੈਰੇਟਿਵ ਲੀਗਲ ਸਟੱਡੀ’ ਦੀ ਕੀਤੀ ਸ਼ਲਾਘਾ

ਚੰਡੀਗੜ੍ਹ, 11 ਫਰਵਰੀ, 2020 –

ਪੰਜਾਬ ਦੇ ਲੋਕਪਾਲ ਜਸਟਿਸ (ਸੇਵਾਮੁਕਤ) ਸ੍ਰੀ ਵਿਨੋਦ ਕੁਮਾਰ ਸ਼ਰਮਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਸ੍ਰੀ ਹਰਪ੍ਰੀਤ ਸੰਧੂ ਵੱਲੋਂ ਲਿਖੀ ਪੁਸਤਕ ‘ਸਿੰਗਾਪੁਰ-ਇੰਡੀਅਨ ਲੀਗਲ ਸਿਸਟਮ-ਏ ਕੰਪੈਰੇਟਿਵ ਸਟੱਡੀ’ ਦੀ ਅੱਜ ਸ਼ਲਾਘਾ ਕੀਤੀ।

ਇੱਥੇ ਸਿਵਲ ਸਕੱਤਰੇਤ-2, ਸੈਕਟਰ-9 ਵਿਖੇ ਆਪਣੇ ਦਫ਼ਤਰ ਵਿੱਚ ਲੇਖਕ ਤੋਂ ਪੁਸਤਕ ਪ੍ਰਾਪਤ ਕਰਨ ਪਿੱਛੋਂ ਜਸਟਿਸ ਸ਼ਰਮਾ ਨੇ ਸਿੰਗਾਪੁਰ ਦੀਆਂ ਅਦਾਲਤਾਂ ਦੇ ਦੌਰੇ ਦੌਰਾਨ ਹੋਏ ਨਿੱਜੀ ਤਜਰਬਿਆਂ ਉਤੇ ਆਧਾਰਤ ਅਤੇ ਇਨ੍ਹਾਂ ਦੀ ਭਾਰਤੀ ਕਾਨੂੰਨੀ ਪ੍ਰਣਾਲੀ ਨਾਲ ਤੁਲਨਾ ਕਰਦੀ ਇਹ ਪੁਸਤਕ ਲਿਖਣ ਲਈ ਐਡਵੋਕੇਟ ਸੰਧੂ ਦੀਆਂ ਸੰਜੀਦਾ ਤੇ ਸ਼ਲਾਘਾਯੋਗ ਕੋਸ਼ਿਸ਼ਾਂ ਨੂੰ ਸਰਾਹਿਆ।

ਉਨ੍ਹਾਂ ਕਿਹਾ ਕਿ ਇਸ ਨਾਲ ਪਰਸਪਰ ਹਿੱਤਾਂ ਵਾਲੇ ਕਾਨੂੰਨਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਯਕੀਨਨ ਤੇਜ਼ੀ ਆਏਗੀ ਅਤੇ ਕਾਨੂੰਨ ਦੇ ਖੇਤਰ ਵਿੱਚ ਸਿੰਗਾਪੁਰ ਤੇ ਭਾਰਤ ਵਿਚਲੇ ਸਾਂਝੇ ਸੰਕਲਪਾਂ ਬਾਰੇ ਬਿਹਤਰ ਸੂਝ-ਬੂਝ ਬਣੇਗੀ। ਉਨ੍ਹਾਂ ਕਿਹਾ ਕਿ ਇਹ ਪੁਸਤਕ ਮਿਆਰੀ ਅਤੇ ਕਾਨੂੰਨ ਦੀ ਜਾਣਕਾਰੀ ਨਾਲ ਭਰਪੂਰ ਹੈ।

ਪੁਸਤਕ ਨੂੰ ਪੜ੍ਹਨ ਤੋਂ ਪਤਾ ਚਲਦਾ ਹੈ ਕਿ ਐਡਵੋਕੇਟ ਸੰਧੂ ਨੇ ਇਹ ਪੁਸਤਕ ਲਿਖਣ ਤੋਂ ਪਹਿਲਾਂ ਸਿੰਗਾਪੁਰ ਦੀ ਕਾਨੂੰਨੀ ਪ੍ਰਣਾਲੀ ਦਾ ਡੂੰਘਾਈ ਨਾਲ ਅਧਿਐਨ ਕੀਤਾ। ਉਨ੍ਹਾਂ ਸਿੰਗਾਪੁਰ ਦੇ ਸੰਵਿਧਾਨ ਅਤੇ ਇਸ ਦੀ ਸੰਰਚਨਾ ਦੇ ਵਿਕਾਸ ਦਾ ਵਿਵਰਣ ਬਹੁਤ ਥੋੜ੍ਹੇ ਸ਼ਬਦਾਂ ਵਿੱਚ ਕੀਤਾ ਹੈ ਪਰ ਇਸ ਨਾਲ ਸਿੰਗਾਪੁਰ ਦੀ ਸੰਵਿਧਾਨਕ ਕਾਰਜਪ੍ਰਣਾਲੀ ਬਾਰੇ ਵਿਆਪਕ ਪੱਧਰ ਉਤੇ ਪਤਾ ਚਲਦਾ ਹੈ ਅਤੇ ਇਹ ਅਸਲ ਵਿੱਚ ਕਾਨੂੰਨੀ ਭਾਈਵਾਲਾਂ ਲਈ ਅੱਖਾਂ ਖੋਲ੍ਹਣ ਵਾਲੀ ਹੈ।

ਜ਼ਿਕਰਯੋਗ ਹੈ ਕਿ ਇਸ ਪੁਸਤਕ ਨੂੰ ਸਿੰਗਾਪੁਰ ਦੀ ਸੰਸਦ ਵਿੱਚ ਵੀ ਰਿਲੀਜ਼ ਕੀਤਾ ਗਿਆ ਸੀ ਅਤੇ ਇਸ ਦੀ ਸਿੰਗਾਪੁਰ ਸੁਪਰੀਮ ਕੋਰਟ ਦੇ ਚੀਫ ਜਸਟਿਸ, ਸਿੰਗਾਪੁਰ ਅਕੈਡਮੀ ਆਫ ਲਾਅ ਅਤੇ ਸਿੰਗਾਪੁਰ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੇ ਸ਼ਲਾਘਾ ਕੀਤੀ।

ਭਾਰਤ ਦੇ ਸਾਲਿਸਟਰ ਜਨਰਲ ਸ੍ਰੀ ਤੁਸ਼ਾਰ ਮਹਿਤਾ ਨੇ ਵੀ ਸੁਪਰੀਮ ਕੋਰਟ, ਨਵੀਂ ਦਿੱਲੀ ਵਿੱਚ ਇਸ ਪੁਸਤਕ ਨੂੰ ਰਿਲੀਜ਼ ਕੀਤਾ ਅਤੇ ਚੀਫ ਜਸਟਿਸ ਨੇ ਨਵੰਬਰ 2019 ਵਿੱਚ ਨਵੀਂ ਦਿੱਲੀ ਵਿਖੇ ਹੋਏ ਸੰਵਿਧਾਨ ਦਿਵਸ ਸਮਾਰੋਹ ਦੌਰਾਨ ਐਡਵੋਕੇਟ ਸੰਧੂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਐਡਵੋਕੇਟ ਸੰਧੂ ਦੀ ਇਹ ਚੌਥੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ 2010 ਵਿੱਚ ‘ਜਰਮਨ ਇੰਡੀਅਨ ਲਾਅਜ਼’, 2013 ਵਿੱਚ ‘ਯੂਰੋਪੀਅਨ ਲੀਗਲ ਸਿਸਟਮ’ ਅਤੇ 2014 ਵਿੱਚ ‘ਜੁਡੀਸ਼ੀਅਲ ਸਰਵਿਸਜ਼ ਅਸਾਇਨਮੈਂਟਸ ਬਾਕੀ ਦਿ ਜੁਡੀਸ਼ਰੀ ਆਫ ਘਾਨਾ’ ਲਿਖ ਚੁੱਕੇ ਹਨ।

ਅੱਜ ਪੁਸਤਕ ਭੇਟ ਕਰਨ ਮੌਕੇ ਏ.ਡੀ.ਜੀ.ਪੀ. ਲੋਕਪਾਲ ਸ੍ਰੀਮਤੀ ਸ਼ਸ਼ੀ ਪ੍ਰਭਾ ਅਤੇ ਰਜਿਸਟਰਾਰ, ਲੋਕਪਾਲ ਸ੍ਰੀ ਇੰਦਰਜੀਤ ਕੌਸ਼ਿਕ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION