22.1 C
Delhi
Friday, March 29, 2024
spot_img
spot_img

ਪੰਜਾਬ ਦੇ ਪਹਿਲੇ ਸੂਰਜੀ ਊਰਜਾ ਆਧਾਰਤ ਜਲ ਸਪਲਾਈ ਪ੍ਰੋਜੈਕਟਾਂ ਨਾਲ ਬਿਜਲੀ ਬਿੱਲ ਹੋਏ ਜ਼ੀਰੋ

ਯੈੱਸ ਪੰਜਾਬ
ਚੰਡੀਗੜ੍ਹ, 16 ਫਰਵਰੀ, 2021 –
ਪੰਜਾਬ ਸਰਕਾਰ ਵੱਲੋਂ `ਹਰ ਘਰ ਪਾਣੀ, ਹਰ ਘਰ ਸਫਾਈ` ਮਿਸ਼ਨ ਤਹਿਤ ਲੋਕਾਂ ਨੂੰ ਜਲ ਸਪਲਾਈ ਦੀਆਂ ਨਿਰਵਿਘਨ ਅਤੇ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਜਲ ਸਪਲਾਈ ਵਿਭਾਗ ਵੱਲੋਂ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡਾਂ ਜਗਰਾਵਾਂ, ਮੁਰਾਦਪੁਰ ਅਤੇ ਤਲਵਾੜਾ ਗੋਲ ਵਿੱਚ ਸੂਰਜੀ ਊਰਜਾ ’ਤੇ ਆਧਾਰਤ ਜਲ ਸਪਲਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲਕਦਮੀ ਸਦਕਾ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਗਏ ਹਨ। ਇਸ ਪਾਇਲਟ ਪ੍ਰੋਜੈਕਟ ਦੀ ਲਾਗਤ 67.71 ਲੱਖ ਰੁਪਏ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਹਰ ਘਰ ਪਾਣੀ ਦਾ ਕੁਨੈਕਸ਼ਨ ਦੇਣ ਲਈ ਇਨ੍ਹਾਂ ਪਿੰਡਾਂ ਵਿੱਚ 150 ਮੀਟਰ ਡੂੰਘੇ ਟਿਊਬਵੈੱਲਾਂ ਅਤੇ 25000 ਲੀਟਰ ਸਮਰੱਥਾ ਵਾਲੀ ਪਾਣੀ ਦੀਆਂ ਟੈਂਕੀਆਂ ਨਾਲ ਸੂਰਜੀ ਊਰਜਾ ਆਧਾਰਤ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੂਰਜੀ ਊਰਜਾ ਸਿਸਟਮ ਰਾਹੀਂ ਬਿਜਲੀ ਪੈਦਾ ਹੁੰਦੀ ਹੈ, ਜਿਸ ਨੂੰ ਪੰਪ ਚਲਾਉਣ ਅਤੇ ਪਿੰਡ ਵਾਸੀਆਂ ਦੇ ਘਰਾਂ ਤੱਕ ਪਾਣੀ ਦੀ ਸਪਲਾਈ ਲਈ ਵਰਤਿਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਸੂਰਜੀ ਊਰਜਾ ਆਧਾਰਤ ਇਸ ਪ੍ਰਾਜੈਕਟ ਸਦਕਾ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਬਿਜਲੀ ਬਿੱਲ ਜ਼ੀਰੋ ਹੋ ਗਿਆ ਹੈ। ਹੁਣ ਇਨ੍ਹਾਂ ਪੰਚਾਇਤਾਂ ਨੂੰ ਜਲ ਸਪਲਾਈ ਪ੍ਰੋਜੈਕਟ ’ਤੇ ਬਿਜਲੀ ਦਾ ਕੋਈ ਬਿਲ ਨਹੀਂ ਮਿਲ ਰਿਹਾ ਅਤੇ ਇਸ ਪੈਸੇ ਨੂੰ ਪਿੰਡ ਦੇ ਹੋਰ ਵਿਕਾਸ ਕਾਰਜਾਂ ’ਤੇ ਖ਼ਰਚ ਕੀਤਾ ਜਾ ਰਿਹਾ ਹੈ।

ਜਗਰਾਵਾਂ ਪਿੰਡ ਦੀ ਸਰਪੰਚ ਹਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਸੂਰਜੀ ਊਰਜਾ ਨਾਲ ਚੱਲਣ ਵਾਲੇ ਪ੍ਰੋਜੈਕਟ ਦੀ ਬਦੌਲਤ ਜਿਥੇ ਪੰਚਾਇਤ ਬਿਜਲੀ ਬਿੱਲ ਦੇ ਭਾਰ ਤੋਂ ਮੁਕਤ ਹੋ ਗਈ ਹੈ ਉਥੇ ਲੋਕਾਂ ਨੂੰ ਵੀ ਪੀਣ ਯੋਗ ਸਾਫ ਪਾਣੀ ਵੀ ਮਿਲਣ ਲੱਗਾ ਹੈ।

ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਪਿੰਡ ਵਿੱਚ ਲੱਗੇ ਨਲਕਿਆਂ ਦੇ ਪਾਣੀ ਦੀ ਵਰਤੋਂ ਕਰਨੀ ਪੈਂਦੀ ਸੀ। ਇਹ ਪਾਣੀ ਗੰਧਲਾ ਹੋਣ ਕਾਰਨ ਬੀਮਾਰ ਹੋਣ ਦਾ ਡਰ ਬਣਿਆ ਰਹਿੰਦਾ ਸੀ। ਹਰਜੀਤ ਕੌਰ ਨੇ ਇਸ ਪ੍ਰਾਜੈਕਟ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਪ੍ਰਗਟ ਕੀਤਾ ਹੈ।

ਇਸੇ ਤਰ੍ਹਾਂ ਤਲਵਾੜਾ ਅਤੇ ਮੁਰਾਦਪੁਰ ਪਿੰਡ ਦੇ ਲੋਕਾਂ ਨੂੰ ਪੀਣ ਯੋਗ ਸਾਫ਼ ਪਾਣੀ ਲਈ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਸੂਰਜੀ ਊਰਜਾ ਆਧਾਰਤ ਇਸ ਪ੍ਰਾਜੈਕਟ ਕਾਰਣ ਪਿੰਡ ਦੇ ਘਰਾਂ ਵਿੱਚ ਸਾਫ-ਸੁਥਰਾ ਪਾਣੀ ਪੁੱਜਣ ਲੱਗਾ ਹੈ।

ਕਾਬਿਲੇਗੌਰ ਹੈ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਪੰਜਾਬ ਵਿੱਚ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਇਹ ਪ੍ਰੋਜੈਕਟ ਸਫਲਤਾਪੂਰਵਕ ਚੱਲ ਰਿਹਾ ਹੈ। ਇਸ ਪ੍ਰੋਜੈਕਟ ਅਧੀਨ ਜਗਰਾਵਾਂ-ਮੁਰਾਦਪੁਰ ਦੇ 141 ਘਰਾਂ ਅਤੇ ਤਲਵਾੜਾ ਗੋਲ ਦੇ 102 ਘਰਾਂ ਨੂੰ ਫਾਇਦਾ ਪਹੁੰਚਿਆ ਹੈ।

ਲੋਕਾਂ ਨੂੰ ਸਾਫ ਪਾਣੀ ਦੇਣਾ ਸਾਡੀ ਜ਼ਿੰਮੇਵਾਰੀ: ਰਜ਼ੀਆ ਸੁਲਤਾਨਾ
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਹੈ ਕਿ ਪੰਜਾਬ ਦੇ ਹਰੇਕ ਵਾਸੀ ਨੂੰ ਉਨ੍ਹਾਂ ਦੇ ਘਰਾਂ ਤੱਕ ਸ਼ੁੱਧ ਪੀਣ ਵਾਲਾ ਪਾਣੀ, ਸਵੱਛਤਾ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਕ ਸਾਲ ਅੰਦਰ ਸਾਰੇ ਪੰਜਾਬ ਵਿਚ ਚੱਲ ਰਹੇ ਪ੍ਰੋਜੈਕਟ ਮੁਕੰਮਲ ਕਰਨ ਦਾ ਟੀਚਾ ਹੈ ਤਾਂ ਜੋ ਸੂਬੇ ਦੀ 100 ਫੀਸਦੀ ਪੇਂਡੂ ਵੱਸੋਂ ਨੂੰ ਸਾਫ ਪਾਣੀ ਦਿੱਤਾ ਜਾ ਸਕੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION