29 C
Delhi
Friday, April 19, 2024
spot_img
spot_img

ਪੰਜਾਬ ਦੇ ਗੰਭੀਰ ਖੇਤੀ ਸੰਕਟ ਨੂੰ ਵੇਖਦਿਆਂ, ਪੰਜਾਬ ਨੂੰ ਇੱਕ ਸੁਤੰਤਰ ਕੁੱਲਵਕਤੀ ਖੇਤੀਬਾੜੀ ਮੰਤਰੀ ਦੀ ਲੋੜ: ਬੀਰ ਦਵਿੰਦਰ ਸਿੰਘ

ਪਟਿਆਲਾ 17 ਜੁਲਾਈ 2019:

ਪੰਜਾਬ ਅੱਜ ਇੱਕ ਗੰਭੀਰ ਖੇਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ।ਪੰਜਾਬ ਦੇ ਖੇਤੀ ਸੰਕਟ ਨਾਲ ਨਜਿੱਠਣ ਲਈ, ਪੰਜਾਬ ਨੂੰ ਇੱਕ ਸੁਤੰਤਰ ਕੁੱਲ-ਵਕਤੀ ਖੇਤੀਬਾੜੀ ਮੰਤਰੀ ਦੀ ਤੁਰੰਤ ਲੋੜ ਹੈ ਜੋ ਆਪਣਾ ਪੂਰਾ ਸਮਾਂ ਦੇ ਕੇ ਇਸ ਮਹਿਕਮੇ ਦੀ ਅਗਵਾਈ ਕਰ ਸਕੇ ਅਤੇ ਪੰਜਾਬ ਦੇ ਗੰਭੀਰ ਖੇਤੀ ਸੰਕਟ ਨੂੰ ਨਜਿੱਠਣ ਲਈ ਯੋਗ ਉਪਰਾਲੇ ਕਰ ਸਕੇ।

ਪੰਜਾਬ ਵਿੱਚ ਸਾਲ 2015-16 ਵਿੱਚ ਦੇ 14 ਲੱਖ 19 ਹਜ਼ਾਰ ਟਿਊਬਵੈੱਲ ਸਨ ਜਿਨ੍ਹਾਂ ਦੀ 2019 ਵਿੱਚ ਗਿਣਤੀ ਲਗਪਗ 14,50,000 ( ਚੌਦਾਂ ਲੱਖ ਪੰਜਾਹ ਹਜ਼ਾਰ) ਹੋ ਗਈ ਹੈ। ਇਹ ਟਿਊਬਵੈੱਲ ਝੋਨੇ ਦੀ ਫਸਲ ਦੇ ਪਾਲਣ ਲਈ, ਦਿਨ ਰਾਤ ਜ਼ਮੀਨੀ ਪਾਣੀ ਕੱਢੀ ਜਾ ਰਹੇ ਹਨ, ਜਿਸ ਨਾਲ ਜ਼ਮਨੀ ਪਾਣੀ ਖਤਮ ਹੋਣ ਦੇ ਕਿਨਾਰੇ ਹੈ।

ਝੋਨੇ ਦੀ ਅੰਨ੍ਹੇਵਾਹ ਖੇਤੀ ਕਾਰਨ ਪੰਜਾਬ ਵਿੱਚ ਪਾਣੀ ਦਾ ਸੰਕਟ ਅੱਤ ਗੰਭੀਰ ਸ਼ਕਲ ਇਖਤਿਆਰ ਕਰਦਾ ਜਾ ਰਿਹਾ ਹੈ।ਜਿਸ ਦਾ ਤੁਰੰਤ ਮੁਲਾਂਕਣ ਕਰਕੇ ਜੰਗੀ ਪੱਧਰ ਤੇ ਉਪਰਾਲੇ ਕਰਨ ਦੀ ਲੋੜ ਹੈ । ਜੇ ਪੰਜਾਬ ਨੂੰ ਬਚਾਊਂਣਾ ਹੈ ਤਾਂ ਝੋਨੇ ਦੀ ਖੇਤੀ ਬੰਦ ਕਰਨੀ ਪਵੇਗੀ। ਇਹ ਕੰਮ ਪੜਾਅ ਵਾਰ ਪਹਿਲਾਂ ਹੀ ਸ਼ੁਰੂ ਕਰਨ ਦੀ ਲੋੜ ਸੀ ਅਤੇ ਇਸ ਸਬੰਧ ਵਿੱਚ ਸਖਤ ਦਿਸ਼ਾਨਿਰਦੇਸ਼ ਜਾਰੀ ਕਰਨੇ ਖੇਤੀਬਾੜੀ ਵਿਭਾਗ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਸੀ।ਪੰਜਾਬ ਦੇ ਕੁੱਲ ਵਾਹੀ ਯੋਗ ਰਕਬੇ ਦਾ 72% ਫੀਸਦੀ ਰਕਬਾ ਇਸ ਵੇਲੇ ਝੋਨੇ ਦੀ ਖੇਤੀ ਅਧੀਨ ਹੈ।

ਝੋਨੇ ਦੀ ਖੇਤੀ ਹੀ, ਪੰਜਾਬ ਦੇ ਜ਼ਮੀਨੀ ਪਾਣੀ ਨੂੰ, ਇੱਕ ਖ਼ਤਰਨਾਕ ਪੱਧਰ ਤੱਕ ਨੀਵੇਂ ਲੈ ਜਾਣ ਲਈ ਜ਼ਿੰਮੇਵਾਰ ਹੈ।ਖੇਤੀ ਮਾਹਰਾਂ ਨੂੰ ਚਾਹੀਦਾ ਹੈ ਕਿ ਹਰ ਕਿਸਾਨ ਦੇ ਖੇਤ ਦੀ ਮਿੱਟੀ ਦੀ ਪਰਖ ਕਰਵਾ ਕੇ, ਉਸਦੀ ਅਗਵਾਈ ਕਰਨ ਕਿ ਝੋਨੇ ਕਾਰਨ ਬਰਬਾਦ ਹੋਈ ਭੋਂਇ ਵਿੱਚ ਹੁਣ ਕਿਹੜਾ ਬਦਲਵਾਂ ਫਸਲੀ ਚੱਕਰ ਲਾਹੇਵੰਦ ਤੇ ਉਪਜਾਊ ਹੋ ਸਕਦਾ ਹੈ ? ਪਰ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਖੇਤੀਬਾੜੀ ਵਿਭਾਗ ਨੇ ਇਸ ਦਿਸ਼ਾ ਵਿੱਚ ਹਾਲੇ ਪੂਣੀ ਵੀ ਨਹੀਂ ਕੱਤੀ।

ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਵਿੱਚ ਇੱਕ ਵਾਰ ਵੀ ਖੇਤੀ ਯੁਨੀਵਰਸਿਟੀ, ਲੁਧਿਆਣਾ ਪੁੱਜ ਕੇ ਖੇਤੀ ਵਿਗਿਆਨੀਆ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ, ਪੰਜਾਬ ਦੇ ਇਸ ਗੰਭੀਰ ਖੇਤੀ ਸੰਕਟ ਸਬੰਧੀ, ਕਦੇ ਵੀ ਕੋਈ ਗੰਭੀਰ ਚਰਚਾ ਨਹੀਂ ਕੀਤੀ।

ਸਧਾਰਨ ਕਿਸਾਨ ਨੂੰ ਤਾਂ ਇਹ ਪਤਾ ਵੀ ਨਹੀਂ ਕਿ ਪੰਜਾਬ ਦਾ ਖੇਤੀਬਾੜੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ, ਕਿਊਂਕਿ ਖੇਤੀਬਾੜੀ ਮੰਤਰੀ ਵੱਜੋਂ ਉਨ੍ਹਾਂ ਦੀ ਕੋਈ ਕਾਰਗੁਜ਼ਾਰੀ ਬਿਲਕੁਲ ਜ਼ੀਰੋ ਹੈ।ਇੱਕ ਖੇਤੀ ਪ੍ਰਧਾਨ ਰਾਜ ਲਈ ਇਸ ਤੋਂ ਵੱਡੀ ਵਿਡੰਬਣਾ ਹੋਰ ਕੀ ਹੋ ਸਕਦੀ ਹੈ ?

ਇਸ ਲਈ ਲੋੜ ਹੈ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਸਥਾਨਕ ਸਰਕਾਰਾਂ ਦੇ ਮੰਤਰੀ ਵੱਜੋਂ ਕਥਿੱਤ ਢਿੱਲੀ ਕਾਰਗੁਜ਼ਾਰੀ ਨੂੰ ਮੁੱਦਾ ਬਣਾਕੇ, ਉਨ੍ਹਾਂ ਦਾ ਮਹਿਕਮਾਂ ਖੋਹ ਲਿਆ ਹੈ, ਠੀਕ ਇਸੇ ਤਰ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ ਵੀ ਬਤੌਰ ਖੇਤੀਬਾੜੀ ਮੰਤਰੀ, ਪੰਜਾਬ ਦੇ ਖੇਤੀ ਸੰਕਟ ਦੀ ਦ੍ਰਿਸ਼ਟੀ ਵਿੱਚ, ਆਪਣੀ ਸਿਫਰ ਕਾਰਗੁਜ਼ਾਰੀ ਦੀ ਸਵੈ-ਸਮੀਖਿਆ ਕਰਨ।

ਇਹ ਹੋਰ ਵੀ ਚੰਗਾ ਹੋਵੇਗਾ ਕਿ ਪੰਜਾਬ ਦੇ ਕਿਸਾਨਾਂ ਦੀ ਜਾਣਕਾਰੀ ਲਈ, ਇਮਾਨਦਾਰੀ ਨਾਲ ਉਹ ਆਪਣਾ ਰਿਪੋਰਟ ਕਾਰਡ ਜਾਰੀ ਕਰਨ ਅਤੇ ਪੰਜਾਬ ਵਾਸੀਆਂ ਨੂੰ ਦੱਸਣ ਕਿ ਆਪਣੇ ਸਵੈਮੁਲਾਂਕਣ ਵਿੱਚ, ਉਨ੍ਹਾਂ ਦੀ ਆਪਣੀ ਕਾਰਗੁਜ਼ਾਰੀ ਬਤੌਰ ਖੇਤੀਬਾੜੀ ਮੰਤਰੀ, ਉਹ ਕਿੱਥੇ ਕੁ ਖੜ੍ਹੇ ਹਨ ਜਾਂ ਨਜ਼ਰ ਵੀ ਨਹੀਂ ਆ ਰਹੇ।

ਵੈਸੇ ਤਾਂ ਜਿਸ ਸੂਬੇ ਦਾ ਖੇਤੀ ਸੰਕਟ, ਦੁੱਖ ਤੇ ਬਿਪਤਾ ਦੀ ਹੱਦ ਤੱਕ ਅੱਪੜ ਗਿਆ ਹੋਵੇ ਤੇ ਹਰ ਰੋਜ਼ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ ਉਸ ਰਾਜ ਦੇ ਮੁੱਖ ਮੰਤਰੀ ਨੂੰ ਖੁਦ ਹੀ ਆਪਣੇ ਅਹੁਦੇ ਤੋਂ ਬਰਤਰਫ਼ ਹੋ ਜਾਣਾ ਚਾਹੀਦਾ ਹੈ ਜੇ ਏਡਾ ਜੇਰਾ ਨਹੀਂ ਤਾਂ ਘੱਟੋ-ਘੱਟ ਇੱਕ ਸੁਤੰਤਰ ਖੇਤੀਬਾੜੀ ਮੰਤਰੀ ਤਾਂ ਪੰਜਾਬ ਨੂੰ ਫੌਰੀ ਤੌਰ ਤੇ ਦਿੱਤਾ ਹੀ ਜਾ ਸਕਦਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION