29 C
Delhi
Saturday, April 20, 2024
spot_img
spot_img

ਪੰਜਾਬ ਦਾ ਖਜ਼ਾਨਾ ਲੁੱਟਣ ਵਾਲਿਆਂ ਦੀਆਂ ਜੇਬਾਂ ਤੋਂ ਸਰਕਾਰੀ ਪੈਸਾ ਵਸੂਲ ਕਰੇਗੀ ‘ਆਪ’ ਦੀ ਸਰਕਾਰ – ਬਾਦਲਾਂ ਦੇ ਗੜ੍ਹ ਲੰਬੀ ’ਚ ਗਰਜੇ ਕੇਜਰੀਵਾਲ ਅਤੇ ਭਗਵੰਤ ਮਾਨ

Bhagwant Mann speakingਯੈੱਸ ਪੰਜਾਬ
ਲੰਬੀ (ਮੁਕਤਸਰ ਸਾਹਿਬ)/ ਚੰਡੀਗੜ੍ਹ, 16 ਦਸੰਬਰ, 2021:
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੌਜੂਦਾ ਕਾਂਗਰਸ ਸਰਕਾਰ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਅਤੇ ਡਰਾਮੇਬਾਜ਼ੀ ਸਰਕਾਰ ਕਰਾਰ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ।

ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਇਸ ਵਾਰ ਦੀਆਂ ਚੋਣਾ ’ਚ ਪੰਜਾਬ ਖ਼ੁਦ ਤਹਿ ਕਰੇ ਕਿ ਇੱਥੇ ਗੁੱਲੀ-ਡੰਡਾ ਖੇਡਣ ਜਾਂ ਧਾਰਾਂ ਚੋਣ ਵਾਲੀ ਡਰਾਮੇਬਾਜ ਸਰਕਾਰ ਚਾਹੀਦੀ ਹੈ ਜਾਂ ਸਕੂਲ ਹਸਪਤਾਲ ਬਣਾਉਣ ਵਾਲੀ ਲੋਕ ਪੱਖੀ ਸਰਕਾਰ ਚਾਹੀਦੀ ਹੈ। ਕੇਜਰੀਵਾਲ ਨੇ ਅਪੀਲ ਕਰਦਿਆਂ ਕਿਹਾ, ‘‘ਤੁਸੀਂ 25 ਸਾਲ ਕਾਂਗਰਸ ਅਤੇ 20 ਸਾਲ ਅਕਾਲੀ ਭਾਜਪਾ ਨੂੰ ਮੌਕੇ ਦਿੱਤੇ ਅਤੇ ਵਾਰ ਵਾਰ ਅਜ਼ਮਾ ਕੇ ਦੇਖਿਆ ਹੈ। ਹੁਣ 2022 ’ਚ ਇੱਕ ਮੌਕਾ ਸਾਨੂੰ (ਆਮ ਆਦਮੀ ਪਾਰਟੀ) ਨੂੰ ਵੀ ਦੇ ਕੇ ਦੇਖੋ।’’

‘ਆਪ’ ਸੁਪਰੀਮੋ ਵੀਰਵਾਰ ਨੂੰ ਬਾਦਲ ਪਰਿਵਾਰ ਦੇ ਗੜ੍ਹ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਖੁੱਡੀਆਂ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਇੱਕ ਵੱਡੀ ਜਨ ਸਭਾ ਕਰਕੇ ‘ਆਪ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਮੰਚ ’ਤੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਅ ਦੇ ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਲੰਬੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਹੋਰ ਪ੍ਰਮੁੱਖ ਆਗੂ ਮੌਜੂਦ ਸਨ।

ਲੰਬੀ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ 1966 ਤੋਂ ਬਾਅਦ ਮੁੜ ਪੰਜਾਬ ਸੂਬਾ ਬਣਨ ’ਤੇ ਕਰੀਬ 25 ਸਾਲ ਕਾਂਗਰਸ ਪਾਰਟੀ ਨੇ ਅਤੇ ਕਰੀਬ 19 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਰਾਜ ਕੀਤਾ। ਆਪਣੇ 25 ਸਾਲਾਂ ਦੇ ਰਾਜ ’ਚ ਨਾ ਕਾਂਗਰਸ ਸਰਕਾਰ ਨੇ ਪੰਜਾਬ ਲਈ ਕੁੱਝ ਕੀਤਾ ਅਤੇ ਨਾ ਹੀ 20 ਸਾਲਾਂ ਵਿੱਚ ਬਾਦਲਾਂ ਭਾਜਪਾ ਨੇ ਪੰਜਾਬ ਲਈ ਕੁੱਝ ਕੀਤਾ। ਇਨ੍ਹਾਂ ਨੂੰ ਵਾਰ ਵਾਰ ਅਜ਼ਮਾ ਕੇ ਦੇਖਿਆ, ਪਰ ਬਰਬਾਦੀ ਭਰਿਆ ਨਤੀਜਾ ਸਭ ਦੇ ਸਾਹਮਣੇ ਹੈ। ਪਰ ਹੁਣ ਇੱਕ ਮੌਕਾ ਕੇਜਰੀਵਾਲ ਨੂੰ ਵੀ ਦੇ ਕੇ ਦੇਖੋ, ਬਾਕੀ ਸਾਰੀਆਂ ਪਾਰਟੀਆਂ ਨੂੰ ਭੁੱਲ ਜਾਵੋਗੇ।’’

ਕੇਜਰੀਵਾਲ ਨੇ ਕਾਂਗਰਸ ’ਚ ਚੱਲ ਰਹੀ ਖ਼ਾਨਾ-ਜੰਗੀ ’ਤੇ ਟਿੱਪਣੀ ਕਰਦਿਆਂ ਕਿਹਾ, ‘‘ਮੁੱਖ ਮੰਤਰੀ ਚੰਨੀ ਨਾਲ ਨਵਜੋਤ ਸਿੱਧੂ ਲੜ ਰਹੇ ਹਨ, ਨਵਜੋਤ ਸਿੱਧੂ ਨਾਲ ਸੁਨੀਲ ਜਾਖੜ ਲੜ ਰਹੇ ਹਨ, ਜਾਖੜ ਨਾਲ ਪ੍ਰਤਾਪ ਸਿੰਘ ਬਾਜਵਾ ਲੜ ਰਹੇ ਹਨ। ਦਰਅਸਲ ਇਹ ਸਭ ਪੰਜਾਬ ਨੂੰ ਲੁੱਟਣ ਲਈ ਲੜ ਰਹੇ ਹਨ ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਕਾਂਗਰਸ ਸਰਕਾਰ ਜਾ ਰਹੀ ਹੈ। ਸਾਰੇ ਕਾਂਗਰਸੀ ਲੁੱਟਣ ਲੱਗੇ ਹੋਏ ਹਨ।

‘ਆਪ’ ਸੁਪਰੀਮੋ ਕੇਜਰੀਵਾਲ ਨੇ ਦੋਸ਼ ਲਾਇਆ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਅਤੇ ਡਰਾਮੇਬਾਜ਼ ਸਰਕਾਰ ਹੈ, ਜੋ ਐਲਾਨ ਕਰਨ ਦੇ ਡਰਾਮੇ ਕਰਦੀ ਹੈ। ਚੰਨੀ ਕਹਿੰਦਾ ਰੇਤ 5 ਰੁਪਏ ਫੁੱਟ ਕਰ ਦਿੱਤਾ ਹੈ,ਬਿਜਲੀ ਸਸਤੀ ਕੀਤੀ ਹੈ ਅਤੇ ਕੇਬਲ ਦਾ ਰੇਟ ਘਟਾ ਦਿੱਤਾ ਹੈ। ਪਰ ਲੋਕਾਂ ਨੂੰ ਸਸਤਾ ਕੁੱਝ ਵੀ ਨਹੀਂ ਮਿਲ ਰਿਹਾ।

ਕੇਜਰੀਵਾਲ ਨੇ ਕਿਹਾ, ‘‘ਮੁੱਖ ਮੰਤਰੀ ਚੰਨੀ ਹਰ ਥਾਂ ਕਹਿੰਦੇ ਫਿਰਦੇ ਹਨ ਹਨ ਕਿ ਉਹ ਐਸ.ਸੀ. ਭਾਈਚਾਰੇ ਵਿੱਚੋਂ ਹਨ। ਪਰ ਕੇਜਰੀਵਾਲ ਐਸ.ਸੀ ਭਾਈਚਾਰੇ ਦੇ ਹਰ ਪਰਿਵਾਰ ਦਾ ਮੈਂਬਰ ਹੈ। ਜੋ (ਕੇਜਰੀਵਾਲ) ਐਸ.ਸੀ ਭਾਈਚਾਰੇ ਦੇ ਹਰ ਬੱਚੇ ਚੰਗੀ ਸਿੱਖਿਆ, ਚੰਗਾ ਇਲਾਜ ਅਤੇ ਅਫ਼ਸਰ ਬਣਨ ਲਈ ਮੁਫ਼ਤ ਸਿਖਲਾਈ ਪ੍ਰਦਾਨ ਕਰਦਾ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ ਬੇਟੀਆਂ ਨੂੰ ਇੱਕ ਇੱਕ ਹਜ਼ਾਰ ਮਹੀਨਾ ਦੇਣ ਦੀ ਗਰੰਟੀ ਦਿੱਤੀ ਹੈ, ਉਦੋਂ ਹੀ ਵਿਰੋਧੀ ਪਾਰਟੀਆਂ ਦੇ ਆਗੂ ਉਸ ਨੂੰ ਗਾਲ਼ਾਂ ਕੱਢ ਰਹੇ ਹਨ। ਸਵਾਲ ਕਰਦੇ ਹਨ ਇਸ ਲਈ ਪੈਸਾ ਕਿੱਥੋਂ ਆਵੇਗਾ? ਉਨ੍ਹਾਂ ਕਿਹਾ ਕਿ ਇੱਕ ਇੱਕ ਹਜ਼ਾਰ ਮਹੀਨਾ ਦੇਣ ਲਈ ਕੁੱਲ 10 ਹਜ਼ਾਰ ਕਰੋੜ ਰੁਪਏ ਲੱਗੇਗਾ।

ਇਸੇ ਤਰ੍ਹਾਂ ਮੁਫ਼ਤ ਬਿਜਲੀ ਦੇਣ ’ਤੇ 2 ਹਜ਼ਾਰ ਕਰੋੜ ਰੁਪਏ ਖ਼ਰਚ ਹੋਣਗੇ। ਇਹ ਸਾਰਾ ਪੈਸਾ ਮਾਫ਼ੀਆ ਰਾਜ ਬੰਦ ਕਰਕੇ ਇਕੱਠਾ ਕੀਤਾ ਜਾਵੇਗਾ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਸੱਤਾਧਾਰੀ ਆਗੂਆਂ ਨੇ ਖ਼ਜ਼ਾਨਾ ਲੁੱਟ ਲੁੱਟ ਕੇ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਚਾੜ ਦਿੱਤਾ ਹੈ। ਪੰਜਾਬ ਦੇ ਖ਼ਜ਼ਾਨੇ ’ਚੋਂ ਕਰੀਬ 34 ਹਜ਼ਾਰ ਕਰੋੜ ਰੁਪਏ ਘੁਟਾਲਿਆਂ ਰਾਹੀਂ ਇਨ੍ਹਾਂ ਆਗੂਆਂ ਦੀਆਂ ਜੇਬਾਂ ਵਿੱਚ ਜਾਂਦਾ ਹੈ।

ਇਸ ਲੁੱਟ ਨੂੰ ਰੋਕਿਆ ਜਾਵੇਗਾ ਅਤੇ ‘ਆਪ’ ਦੀ ਸਰਕਾਰ ਬਣਨ ਖ਼ਜ਼ਾਨਾ ਨੂੰ ਲੁੱਟਣ ਵਾਲਿਆਂ ਦੀਆਂ ਜੇਬਾਂ ਵਿਚੋਂ ਸਰਕਾਰੀ ਪੈਸਾ ਵਸੂਲ ਕਰੇਗੀ। ਪੰਜਾਬ ਦੇ ਸਕੂਲ , ਹਸਪਤਾਲ ਤੇ ਇਲਾਜ ਦਿੱਲੀ ਦੀ ਤਰ੍ਹਾਂ ਚੰਗੇ ਅਤੇ ਮੁਫ਼ਤ ਕੀਤੇ ਜਾਣਗੇ। ਅਧਿਆਪਕਾਂ, ਡਾਕਟਰਾਂ ਅਤੇ ਮੁਲਾਜ਼ਮਾਂ ਨੂੰ ਧਰਨੇ ਨਹੀਂ ਲਾਉਣੇ ਪੈਣਗੇ। ਪੰਜਾਬ ਵਾਸੀਆਂ ਨੂੰ ਹਰ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।

ਇਸ ਮੌਕੇ ਸੰਬੋਧਨ ਕਰਦੇ ਹੋਏ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉੱਤੇ ਨਿਸ਼ਾਨਾ ਲਾਉਂਦੇ ਕਿਹਾ, ‘‘ਉਨ੍ਹਾਂ ਕੋਲ ਟਰਾਂਸਪੋਰਟ ਹੈ, ਬੱਸਾਂ ਹਨ , ਜਹਾਜ਼ ਹਨ, ਹੋਟਲ ਹਨ ਅਤੇ ਹੋਰ ਕਈ ਵੱਡੇ ਕਾਰੋਬਾਰ ਹਨ। ਹੁਣ ਉਹ ਲੋਕਾਂ ਨੂੰ ਮੂਰਖ ਬਣਾਉਣ ਲਈ ਕਿਸਾਨ ਬਣਨ ਦਾ ਡਰਾਮਾ ਕਰ ਰਹੇ ਹਨ।’’

ਕਾਂਗਰਸ ਨੂੰ ਝੂਠ ਦਾ ਪੁਲੰਦਾ ਪਾਰਟੀ ਕਰਾਰ ਦਿੰਦਿਆਂ ਮਾਨ ਨੇ ਕਿਹਾ ਕਾਂਗਰਸ ਸਿਰਫ਼ 80 ਦਿਨ ਦਾ ਹਿਸਾਬ ਦੇ ਕੇ ਕਿਸ ਮੂੰਹ ਨਾਲ ਫਿਰ ਤੋਂ 5 ਸਾਲ ਮੰਗ ਰਹੀ ਹੈ, ਪਰੰਤੂ ਮੈਂ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਾਢੇ ਚਾਰ ਸਾਲ ਦੇ ਕੈਪਟਨ ਸ਼ਾਸਨ ਦਾ ਹਿਸਾਬ ਕੌਣ ਦੇਵੇਗਾ ਜਿਸ ਵਿੱਚ ਵਰਤਮਾਨ ਮੁੱਖ ਮੰਤਰੀ ਚੰਨੀ ਅਤੇ ਬਾਕੀ ਵੀ ਮੰਤਰੀ ਰਹੇ ਹਨ? ਮਾਨ ਨੇ ਕਿਹਾ ਕਿ ਘਰ ਘਰ ਨੌਕਰੀ, ਸੰਪੂਰਨ ਕਰਜ਼ਾ ਮੁਆਫ਼ੀ, 2500 ਬੁਢਾਪਾ ਪੈਨਸ਼ਨ ਸਮੇਤ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਜਿਸ ਦਾ ਲੋਕਾਂ ਨੂੰ ਹਿਸਾਬ ਦੇਣਾ ਪੈਣਾ ਹੈ।

ਚੰਨੀ ਸਰਕਾਰ ਦੇ ਝੂਠ ਦੀ ਪੋਲ ਖੋਲ੍ਹਦੇ ਹੋਏ ਮਾਨ ਨੇ ਕਿਹਾ, ‘‘ਮੁੱਖ ਮੰਤਰੀ ਚੰਨੀ ਨੇ ਪੂਰੇ ਪੰਜਾਬ ਵਿੱਚ ਝੂਠੇ ਬੋਰਡ ਲਵਾਏ ਹੋਏ ਹਨ ਕਿ ਉਨ੍ਹਾਂ ਨੇ 36000 ਮੁਲਾਜ਼ਮ ਪੱਕੇ ਕੀਤੇ ਹਨ, ਪਰੰਤੂ ਉਨ੍ਹਾਂ ਕੋਲ ਗਿਣਾਉਣ ਨੂੰ ਅਜਿਹੇ 36 ਮੁਲਾਜ਼ਮ ਵੀ ਨਹੀਂ ਹਨ। ਚੰਨੀ ਨੂੰ ਸਿਰਫ਼ ਝੂਠੇ ਐਲਾਨ ਕਰਨੇ ਆਉਂਦੇ ਹਨ।’’ ਉਨ੍ਹਾਂ ਨੇ ਕਿਹਾ ਕਿ ਜਿਵੇਂ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ, ਉਸੇ ਤਰ੍ਹਾਂ ਅਕਾਲੀ- ਕਾਂਗਰਸ ਦਾ ਝੂਠ ਇਸ ਵਾਰ ਬਿਲਕੁਲ ਵੀ ਨਹੀਂ ਚੱਲੇਗਾ । ਮਾਨ ਨੇ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਪੰਜਾ ਅਤੇ ਤੱਕੜੀ ਦੇ ਘਾਤਕ ਚੱਕਰਵਿਊ ਤੋਂ ਬਾਹਰ ਨਿਕਲ ਕੇ ਝਾੜੂ ਨੂੰ ਮੌਕਾ ਦਿਓ ।

ਲੰਬੀ ਤੋਂ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੇ ਇਮਾਨਦਾਰ ਰਾਜਨੀਤੀ ਦਾ ਪੱਲਾ ਫੜਿਆ ਹੈ ਅਤੇ ਉਹ ਖ਼ੁਦ ਉਨ੍ਹਾਂ ਦੇ ਰਸਤੇ ’ਤੇ ਚੱਲ ਰਹੇ ਹਨ। ਜਿਸ ਕਰਕੇ ਇਲਾਕੇ ਦੇ ਲੋਕ ਉਨ੍ਹਾਂ ਦੇ ਨਾਲ ਖੜੇ ਹਨ।

ਉਨ੍ਹਾਂ ਕਿਹਾ ਕਿ 25 ਸਾਲ ਪੰਜਾਬ ’ਤੇ ਰਾਜ ਕਰਨ ਵਾਲੇ ਬਾਦਲ ਪਰਿਵਾਰ ਅਤੇ ਕੈਪਟਨ ਪਰਿਵਾਰ ਨੇ ਸੂਬੇ ਨੂੰ ਤਿੰਨ ਲੱਖ ਕਰੋੜ ਦੇ ਕਰਜ਼ੇ ’ਚ ਡੋਬ ਦਿੱਤਾ, ਜਿਸ ਕਾਰਨ ਹਰ ਜੰਮਣ ਵਾਲਾ ਬੱਚਾ ਕਰਜ਼ਾਈ ਹੈ। ਕੈਪਟਨ ਅਤੇ ਚੰਨੀ ਨੇ 9700 ਕਰੋੜ ਰੁਪਏ ਜਹਾਜ਼ਾਂ ਦੇ ਝੂਟਿਆਂ ’ਤੇ ਉਡਾ ਦਿੱਤੇ, ਪਰ ਆਮ ਲੋਕਾਂ ਲਈ ਖ਼ਜ਼ਾਨਾ ਖ਼ਾਲੀ ਹੈ। ਖੁੱਡੀਆਂ ਨੇ ਅਪੀਲ ਕਰਦਿਆਂ ਕਿਹਾ ਕਿ ਵੋਟ ਦੀ ਚੋਟ ਨਾਲ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਰਾਜਭਾਗ ਤੋਂ ਦੂਰ ਕੀਤਾ ਜਾ ਸਕਦਾ ਹੈ।

ਇਸ ਮੌਕੇ ਭੁੱਚੋ ਤੋਂ ਮਾਸਟਰ ਜਗਸੀਰ ਸਿੰਘ, ਬਠਿੰਡਾ ਤੋਂ ਜਗਰੂਪ ਗਿੱਲ, ਮੌੜ ਮੰਡੀ ਤੋਂ ਸੁਖਬੀਰ ਸਿੰਘ ਮਾਇਸਰਖਾਨਾ, ਫ਼ਾਜ਼ਿਲਕਾ ਤੋਂ ਸਮਰਬੀਰ ਸਿੰਘ ਸਿੱਧੂ, ਜਲਾਲਾਬਾਦ ਤੋਂ ਜਗਦੀਪ ਗੋਲਡੀ ਕੰਬੋਜ, ਬੱਲੂਆਣਾ ਤੋਂ ਗੋਲਡੀ ਮੁਸਾਫ਼ਰ, ਸ੍ਰੀ ਮੁਕਤਸਰ ਸਾਹਿਬ ਤੋਂ ਜਗਦੀਪ ਸਿੰਘ ਕਾਕਾ ਬਰਾੜ ਸਮੇਤ ਨੀਲ ਗਰਗ, ਰਾਕੇਸ਼ ਪੁਰੀ, ਜਗਦੇਵ ਸਿੰਘ ਬਾਮ, ਜਸ਼ਨ ਬਰਾੜ ਅਤੇ ਹੋਰ ਆਗੂ ਵੀ ਪਹੁੰਚੇ ਹੋਏ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION