ਬਠਿੰਡਾ, 28 ਮਾਰਚ, 2020 –
ਪੂਰੀ ਮਨੁੱਖਤਾ ਨੂੰ ਕੋਵਿਡ 19 ਬਿਮਾਰੀ ਤੋਂ ਬਚਾਉਣ ਲਈ ਸਰਕਾਰ ਵੱਲੋਂ ਲਗਾਏ ਕਰਫਿਊ ਦੇ ਮੱਦੇਨਜ਼ਰ ਦਿਹਾੜੀਦਾਰ ਅਤੇ ਹੋਰ ਲੋੜਵੰਦ ਲੋਕਾਂ ਨੂੰ ਰਾਸ਼ਨ ਦੀ ਸਪਲਾਈ ਦਾ ਕੰਮ ਬਠਿੰਡਾ ਜ਼ਿਲੇ ਵਿਚ ਸ਼ੁਰੂ ਹੋ ਚੁੱਕਾ ਹੈ। ਪੰਜਾਬ ਦੇ ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਸ: ਮਨਪ੍ਰੀਤ ਸਿੰਘ ਬਾਦਲ ਨੇ ਇਹ ਜਾਣਕਾਰੀ ਦਿੰਦਿਆਂ ਸੂਬੇ ਦੇ ਹਰੇਕ ਨਾਗਰਿਕ ਨੂੰ ਭਰੋਸਾ ਦਿੱਤਾ ਹੈ ਕਿ ਰਾਜ ਵਿਚ ਕੋਈ ਵੀ ਨਾਗਰਿਕ ਭੁੱਖਾ ਨਹੀਂ ਸੌਂਵੇਗਾ।
ਉਨਾਂ ਨੇ ਕਿਹਾ ਕਿ ਜਿੱਥੇ ਦਿਹਾੜੀਦਾਰ ਅਤੇ ਰੋਜ ਕਮਾ ਕੇ ਖਾਣ ਵਾਲਿਆਂ ਨੂੰ ਸੁੱਕਾ ਰਾਸ਼ਨ ਮੁਹਈਆ ਕਰਵਾਇਆ ਜਾ ਰਿਹਾ ਹੈ ਜਦ ਕਿ ਬੇਘਰੇ ਲੋਕਾਂ ਨੂੰ ਖਾਣਾ ਪਕਾ ਕੇ ਵੀ ਨਗਰ ਨਿਗਮ ਬਠਿੰਡਾ ਦੇ ਮਾਰਫ਼ਤ ਵੰਡਿਆ ਜਾ ਰਿਹਾ ਹੈ। ਉਨਾਂ ਨੇ ਦੱਸਿਆ ਕਿ ਬਠਿੰਡਾ ਵਿਚ ਸਾਰੇ ਲੋੜਵੰਦ ਘਰਾਂ ਨੂੰ ਪ੍ਰਸ਼ਾਸਨ ਵੱਲੋਂ ਹਫਤਾਵਾਰੀ ਤਰੀਕੇ ਨਾਲ ਰਾਸ਼ਨ ਦੇ ਪੈਕੇਟ ਵੰਡੇ ਜਾਣਗੇ।
ਇਸ ਤੋਂ ਬਿਨਾਂ ਇਸ ਸਮੇਂ ਰੋਜਾਨਾ 1500 ਲੋਕਾਂ ਨੂੰ ਖਾਣਾ ਪਕਾ ਕੇ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਭਲਕੇ ਤੋਂ ਇਹ ਗਿਣਤੀ 3000 ਕੀਤੀ ਜਾ ਰਹੀ ਹੈ। ਇੱਥੇ ਜਿਕਰਯੋਗ ਹੈ ਕਿ ਵੀਰਵਾਰ ਨੂੰ ਜ਼ਿਲਾ ਅਧਿਕਾਰੀਆਂ ਨਾਲ ਬੈਠਕ ਦੌਰਾਨ ਵਿੱਤ ਮੰਤਰੀ ਨੇ ਐਲਾਣ ਕੀਤਾ ਸੀ ਕਿ ਲੋੜਵੰਦ ਲੋਕਾਂ ਲਈ ਰਾਸ਼ਨ ਦੇ ਪੈਕਟ ਤਿਆਰ ਕਰਕੇ ਵੰਡੇ ਜਾਣ।
ਓਧਰ ਸੀਨਿਅਰ ਕਾਂਗਰਸੀ ਆਗੂ ਸ: ਜੈਜੀਤ ਸਿੰਘ ਜੌਹਲ ਨੇ ਦੱਸਿਆ ਕਿ ਨਗਰ ਨਿਗਮ ਦੇ ਮਾਰਫ਼ਤ ਊੜੀਆ ਬਸਤੀ, ਹਰਦੇਵ ਨਗਰ, ਖੇਤਾ ਬਸਤੀ, ਕੁਸ਼ਟ ਆਸ਼ਰਮ, ਧੋਬੀਆਣਾ ਬਸਤੀ ਆਦਿ ਇਲਾਕਿਆਂ ਵਿਚ ਸਮਾਨ ਦੀ ਵੰਡ ਕੀਤੀ ਜਾ ਚੁੱਕੀ ਹੈ। ਜਦ ਕਿ ਬਾਕੀ ਬਸਤੀਆਂ ਵਿਚ ਵੀ ਲੋੜਵੰਦ ਲੋਕਾਂ ਦੀ ਪਹਿਚਾਣ ਕਰਕੇ ਸਮਾਨ ਦੀ ਵੰਡ ਕੀਤੀ ਜਾ ਰਹੀ ਹੈ।
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਲੋਕਾਂ ਤੱਕ ਰਾਸ਼ਨ ਪਹੁਚਾਉਣ ਲਈ ਜਿੱਥੇ ਵਾਹਨ ਚਲਾਏ ਗਏ ਹਨ ਉਥੇ ਹੀ ਕੁਝ ਸਪਲਾਇਰ ਦੇ ਫੋਨ ਨੰਬਰ ਵੀ ਜਾਰੀ ਕੀਤੇ ਗਏ ਹਨ ਜਿੱਥੇ ਕਾਲ ਕਰਕੇ ਲੋਕ ਰਾਸ਼ਨ ਘਰ ਮੰਗਵਾ ਸਕਦੇ ਹਨ। ਜਦ ਕਿ ਜਰੂਰਤਮੰਦ ਲੋਕਾਂ ਨੂੰ ਸੁੱਕਾ ਰਾਸ਼ਨ ਨਿਗਮ ਵੱਲੋਂ ਵੰਡਿਆ ਜਾ ਰਿਹਾ ਹੈ।
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ