35.1 C
Delhi
Thursday, March 28, 2024
spot_img
spot_img

ਪੰਜਾਬ ’ਚ ਰਾਤ ਦਾ ਕਰਫ਼ਿਊ, ਐਤਵਾਰ ਦਾ ਲੌਕਡਾਊਨ ਖ਼ਤਮ – ਪੜ੍ਹੋ ਕੈਪਟਨ ਅਮਰਿੰਦਰ ਵੱਲੋਂ ਕੀਤੇ ਨਵੇਂ ਐਲਾਨ

ਚੰਡੀਗੜ੍ਹ, 1 ਅਕਤੂਬਰ, 2020:
ਕੋਵਿਡ ਕੇਸਾਂ ਅਤੇ ਮੌਤ ਦਰ ਵਿੱਚ ਕਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਸਾਰੀਆਂ ਛੋਟਾਂ ਦੇ ਆਦੇਸ਼ ਦਿੱਤੇ ਜਿਨ੍ਹਾਂ ਵਿੱਚ ਰਾਤ ਦਾ ਕਰਫਿਊ ਅਤੇ ਐਤਵਾਰ ਦਾ ਲੌਕਡਾਊਨ ਖਤਮ ਕਰਨਾ ਸ਼ਾਮਲ ਹੈ। ਇਸ ਦੇ ਨਾਲ ਡੀ.ਜੀ.ਪੀ. ਨੂੰ ਮਾਸਕ ਪਹਿਨਣ ਅਤੇ ਹੋਰ ਸੁਰੱਖਿਆ ਇਹਤਿਆਤ ਦੀ ਪਾਲਣਾ ਯਕੀਨੀ ਬਣਾਉਣ ਦੇ ਵੀ ਆਦੇਸ਼ ਦਿੱਤੇ ਹਨ।

ਮੁੱਖ ਮੰਤਰੀ ਵੱਲੋਂ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕੀਤੀਆਂ ਛੋਟਾਂ ਦੇ ਐਲਾਨ ਵਿੱਚ ਸੂਬੇ ਵਿੱਚ ਵਿਆਹ ਤੇ ਸਸਕਾਰ ਮੌਕੇ ਵਿਅਕਤੀਆਂ ਦੀ ਹੱਦ ਵਧਾ ਕੇ 100 ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਾਰ ਵਿੱਚ ਤਿੰਨ ਵਿਅਕਤੀਆਂ ਦੇ ਸਵਾਰ ਹੋਣ ਅਤੇ ਬੱਸਾਂ ਵਿੱਚ 50 ਫੀਸਦੀ ਸਵਾਰੀਆਂ ਦੀ ਸਮਰੱਥਾ ਵਿੱਚ ਵੀ ਢਿੱਲ ਦੇ ਦਿੱਤੀ ਹੈ ਬਸ਼ਰਤੇ ਸਫਰ ਦੌਰਾਨ ਤਾਕੀਆਂ ਖੁੱਲ੍ਹੀਆਂ ਹੋਣ।

ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਯਕੀਨੀ ਕਰਵਾਉਣ ਦੇ ਆਦੇਸ਼ ਦਿੱਤੇ ਹਨ ਅਤੇ ਮਾਸਕ ਪਹਿਨਣ ਦੀ ਲਾਜ਼ਮੀ ਸ਼ਰਤ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਝੋਨੇ ਦੀ ਖਰੀਦ ਸੀਜ਼ਨ ਅਤੇ ਤਿਉਹਾਰਾਂ ਦੇ ਮੌਸਮ ਨੂੰ ਦੇਖਦਿਆਂ ਇਸ ਸਬੰਧੀ ਕੋਈ ਢਿੱਲ-ਮੱਠ ਨਹੀਂ ਦਿੱਤੀ ਜਾਵੇਗੀ।

ਸਕੂਲ ਅਤੇ ਵਿਦਿਅਕ ਸੰਸਥਾਵਾਂ ਖੋਲ੍ਹਣ ਦੇ ਮਾਮਲੇ ਜਿਸ ਬਾਰੇ ਕੇਂਦਰ ਨੇ ਅਨਲੌਕ 5.0 ਤਹਿਤ 15 ਅਕਤੂਬਰ ਤੋਂ ਫੈਸਲਾ ਲੈਣ ਦੇ ਅਧਿਕਾਰ ਸੂਬਿਆਂ ਉਤੇ ਛੱਡ ਦਿੱਤੇ ਹਨ, ਬਾਰੇ ਅੰਤਿਮ ਫੈਸਲੇ ਦਾ ਐਲਾਨ ਗ੍ਰਹਿ ਸਕੱਤਰ ਅਤੇ ਸਿੱਖਿਆ ਵਿਭਾਗ ਵਿਚਾਲੇ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਜਾਵੇਗਾ।

ਸੂਬੇ ਵਿੱਚ ਕੋਵਿਡ ਦੀ ਸਥਿਤੀ ਬਾਰੇ ਸੱਦੀ ਵਰਚੁਅਲ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਸੂਬੇ ਵਿੱਚ ਕੇਸਾਂ ਅਤੇ ਮੌਤ ਦਰ ਵਿੱਚ ਆਈ ਗਿਰਾਵਟ ਨੂੰ ਦੇਖਦਿਆਂ ਕਿਹਾ ਕਿ ਪਹਿਲਾਂ ਲਾਈਆਂ ਗਾਈਆਂ ਪਾਬੰਦੀਆਂ ਨਾਲ ਸੂਬਾ ਸਰਕਾਰ ਨੂੰ ਬਹੁਤ ਮੱਦਦ ਮਿਲੀ ਹੈ। ਹਾਲਾਂਕਿ ਉਨ੍ਹਾਂ ਪੇਂਡੂ ਖੇਤਰਾਂ ਵਿੱਚ ਵਧਦੇ ਕੇਸਾਂ ਉਤੇ ਚਿੰਤਾ ਪ੍ਰਗਟਾਈ। ਸ਼ਹਿਰਾਂ/ਕਸਬਿਆਂ ਵਿੱਚ ਕੇਸਾਂ ਦੀ ਗਿਣਤੀ ਜ਼ਰੂਰ ਘਟ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਨਿਰਦੇਸ਼ ਦਿੱਤੇ ਕਿ ਹਸਪਤਾਲਾਂ ਵਿੱਚੋਂ ਛੁੱਟੀ ਹਾਸਲ ਕਰਨ ਵਾਲੇ ਗਰੀਬ ਕੋਵਿਡ ਮਰੀਜ਼ਾਂ ਲਈ ਵਿਟਾਮਿਨ ਆਦਿ ਦਾ ਪ੍ਰਬੰਧ ਦਾ ਖਿਆਲ ਰੱਖਿਆ ਜਾਵੇ।

ਇਸ ਤੋਂ ਪਹਿਲਾਂ ਸੰਖੇਪ ਪੇਸ਼ਕਾਰੀ ਵਿੱਚ ਸੂਬੇ ਦੇ ਸਿਹਤ ਮਾਹਿਰਾਂ ਦੀ ਕਮੇਟੀ ਦੇ ਮੁਖੀ ਡਾ. ਕੇ.ਕੇ.ਤਲਵਾੜ ਨੇ ਕਿਹਾ ਕਿ ਸੂਬੇ ਵਿੱਚ ਪਾਜ਼ੇਟਿਵ ਕੇਸਾਂ ਦੀ ਦਰ 14 ਸਤੰਬਰ ਨੂੰ 10.85 ਫੀਸਦੀ ਸੀ ਜੋ ਕਿ 28 ਸਤੰਬਰ ਨੂੰ ਘਟ ਕੇ 5.12 ਫੀਸਦੀ ਉਤੇ ਆ ਗਈ।

ਇਸ ਸਮੇਂ ਦੌਰਾਨ ਮੌਤ ਦਰ ਅਤੇ ਵੈਟੀਲੇਂਟਰ ਵਾਲੇ ਮਰੀਜ਼ਾਂ ਦੀ ਦਰ ਵਿੱਚ ਗਿਰਾਵਟ ਆਈ ਹੈ। ਸੂਬੇ ਵਿੱਚ ਇਸ ਵੇਲੇ ਕੋਵਿਡ ਮੌਤ ਦਰ 2.95 ਫੀਸਦੀ ਹੈ ਅਤੇ ਪ੍ਰਤੀ ਮਿਲੀਅਨ ਮੌਤਾਂ ਦੀ ਦਰ 112.5 ਫੀਸਦੀ ਹੈ। ਰਿਕਵਰੀ ਦਰ ਵਧ ਕੇ 82.1 ਫੀਸਦੀ ਹੋ ਗਈ ਹੈ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਥਿਤੀ ਨੂੰ ਕੰਟਰੋਲ ਹੇਠ ਰੱਖਣ ਲਈ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਦਾ ਹੌਸਲਾ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।

ਸਿਹਤ ਸਕੱਤਰ ਹੁਸਨ ਲਾਲ ਨੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਆਦਿ ਦੀ ਮੌਜੂਦਾ ਸਥਿਤੀ ਦੇ ਵੇਰਵੇ ਸਾਂਝੇ ਕੀਤੇ ਜਦੋਂ ਕਿ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਡੀ.ਕੇ.ਤਿਵਾੜੀ ਨੇ ਖੁਲਾਸਾ ਕੀਤਾ ਕਿ ਹੁਣ ਤੱਕ 3 ਸਰਕਾਰੀ ਮੈਡੀਕਲ ਕਾਲਜਾਂ ਵਿੱਚ 54 ਕੋਵਿਡ ਮਰੀਜ਼ ਆਪਣਾ ਪਲਾਜ਼ਮਾ ਦਾਨ ਕਰ ਚੁੱਕੇ ਹਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION