35.1 C
Delhi
Saturday, April 20, 2024
spot_img
spot_img

ਪੰਜਾਬ ਐਨ.ਐਫ.ਸੀ. ਤਕਨਾਲੋਜੀ ਅਧਾਰਿਤ ਸ਼ਨਾਖ਼ਤੀ ਕਾਰਡ ਵਰਤੋਂ ਕਰਨ ਵਾਲਾ ਪਹਿਲਾ ਸੂਬਾ; ਮੰਡੀ ਬੋਰਡ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਰੀ ਕਰੇਗਾ ਸਮਾਰਟ ਕਾਰਡ

ਯੈੱਸ ਪੰਜਾਬ
ਚੰਡੀਗੜ੍ਹ, 6 ਜੂਨ, 2021:
ਦੁਨੀਆ ਭਰ ਦੇ ਰੁਝਾਨ ਨੂੰ ਧਿਆਨ ਵਿਚ ਰੱਖਦਿਆਂ ਜਿਥੇ ਕਈ ਦੇਸ਼ਾਂ ਵਿਚ ਇਲੈਕਟ੍ਰਾਨਿਕ ਸ਼ਨਾਖ਼ਤੀ ਕਾਰਡਾਂ (ਈ-ਆਈ.ਡੀਜ਼) ਦੀ ਵਰਤੋਂ ਸ਼ੁਰੂ ਕੀਤੀ ਗਈ ਹੈ, ਉਥੇ ਹੀ ਪੰਜਾਬ ਸਰਕਾਰ ਨੇ ਵੀ ਆਪਣੇ ਪ੍ਰਮੁੱਖ ਅਦਾਰੇ ਪੰਜਾਬ ਮੰਡੀ ਬੋਰਡ ਰਾਹੀਂ ਆਪਣੇ ਅਧਿਕਾਰੀਆਂ / ਕਰਮਚਾਰੀਆਂ ਲਈ ਨੀਅਰ ਫੀਲਡ ਕਮਿਊਨੀਕੇਸ਼ਨ (ਐਨ.ਐਫ.ਸੀ.) ਤਕਨਾਲੋਜੀ ਨਾਲ ਲੈਸ ਈ-ਆਈ.ਡੀਜ਼ ਦੀ ਵਰਤੋਂ ਸ਼ੁਰੂ ਕੀਤੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਇਹ ਈ-ਆਈ.ਡੀਜ਼ ਐਨ.ਐਫ.ਸੀ. ਟੈਕਨੋਲੋਜੀ ਨਾਲ ਲੈਸ ਹਨ।ਇਹ ਇਕ ਮਾਪਦੰਡ ਅਧਾਰਤ ਵਾਇਰਲੈੱਸ ਕਮਿਊਨੀਕੇਸ਼ਨ ਤਕਨਾਲੋਜੀ ਹੈ ਜੋ ਕੁਝ ਸੈਂਟੀਮੀਟਰ ਦੀ ਦੂਰੀ ਤੋਂ ਉਪਕਰਨਾਂ ਦਰਮਿਆਨ ਡਾਟਾ ਦੇ ਆਦਾਨ-ਪ੍ਰਦਾਨ ਦੀ ਆਗਿਆ ਦਿੰਦੀ ਹੈ ਅਤੇ ਇਸਨੂੰ ਮੁੱਢਲੇ ਪ੍ਰਮਾਣਿਕਤਾ ਉਪਕਰਣ ਵਜੋਂ ਵਰਤਿਆ ਜਾਏਗਾ। ਐਨਐਫਸੀ 13.66 ਮੈਗਾਹਰਟਜ਼ ` ਤੇ ਕੰਮ ਕਰਦੀ ਹੈ ਅਤੇ 424 ਕੇਬਿਟਜ਼/ਸੈਕਿੰਡ ਤੱਕ ਦੀ ਸਪੀਡ ਨਾਲ ਡਾਟਾ ਟਰਾਂਸਫਰ ਕਰਦੀ ਹੈ।

ਜ਼ਿਕਰਯੋਗ ਹੈ ਕਿ ਇੱਕ ਐਨਐਫਸੀ ਸਮਰੱਥ ਮੋਬਾਈਲ ਡਿਵਾਈਸ ਇੱਕ ਕਾਰਡ ਜਾਂ ਰੀਡਰ ਜਾਂ ਦੋਵਾਂ ਦੀ ਤਰ੍ਹਾਂ ਕੰਮ ਕਰ ਸਕਦੀ ਹੈ ਜੋ ਉਪਭੋਗਤਾ ਡਿਵਾਇਸ ਨੂੰ ਜਾਣਕਾਰੀ ਸਾਂਝੀ ਕਰਨ ਅਤੇ ਆਪਣੀ ਪਛਾਣ ਸਾਬਤ ਕਰਨ ਦੇ ਯੋਗ ਬਣਾਉਂਦੀ ਹੈ।

ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਨੇ ਇਸ ਐਨ.ਐਫ.ਸੀ. ਤਕਨਾਲੋਜੀ ਦੀ ਵਰਤੋਂ ਕਰਦਿਆਂ ਆਪਣੇ ਅਧਿਕਾਰੀਆਂ / ਕਰਮਚਾਰੀਆਂ ਲਈ ਈ-ਆਈ.ਡੀਜ਼ ਤਿਆਰ ਕਰਕੇ ਸ਼ੁਰੂਆਤ ਕੀਤੀ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਮੰਡੀ ਬੋਰਡ ਅਗਲੇ ਹਫ਼ਤੇ ਇਸ ਤਕਨਾਲੋਜੀ ਦੀ ਸ਼ੁਰੂਆਤ ਕਰੇਗਾ।

ਇਸ ਲਈ, ਮਨੁੱਖੀ ਸਰੋਤ ਪ੍ਰਬੰਧਨ ਪ੍ਰਣਾਲੀ (ਐਚਆਰਐਮਐਸ) ਦੇ ਡੇਟਾ ਦਾ ਇਸਤੇਮਾਲ ਕੀਤਾ ਗਿਆ ਹੈ, ਜਿੱਥੇ ਹਰ ਅਧਿਕਾਰੀ / ਕਰਮਚਾਰੀ ਦੇ ਵੇਰਵੇ ਸਰਵਿਸ ਬੁੱਕ ਦੇ ਰੂਪ ਵਿੱਚ ਸਟੋਰ ਕੀਤੇ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਸਹੂਲਤ ਪੈਨਸ਼ਨਰਾਂ ਤੱਕ ਵੀ ਵਧਾਈ ਜਾ ਸਕਦੀ ਹੈ ਕਿਉਂਕਿ ਉਹ ਐਚ.ਆਰ.ਐਮ.ਐਸ. ਸਿਸਟਮ ਦਾ ਹਿੱਸਾ ਹਨ।

ਚੇਅਰਮੈਨ ਨੇ ਅੱਗੇ ਕਿਹਾ ਕਿ ਵਿਸ਼ੇਸ਼ ਤੌਰ `ਤੇ ਕੋਵਿਡ-19 ਦੇ ਸਮੇਂ ਦੌਰਾਨ ਜਦੋਂ ਸੰਪਰਕ ਰਹਿਤ ਪਛਾਣ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਮਾਰਟ ਚਿੱਪਾਂ ਵਾਲੇ ਐਨਐਫਸੀ-ਸਮਰਥਿਤ ਮੋਬਾਈਲ ਫੋਨ, ਵਿਅਕਤੀਗਤ ਦੀ ਪਛਾਣ ਨਾਲ ਮਿਲਾਨ ਕਰਨ ਲਈ ਫੋਨ ਨੂੰ ਸੁਰੱਖਿਅਤ ਢੰਗ ਨਾਲ ਡਾਟਾ ਸਟੋਰ ਕਰਨ ਅਤੇ ਇਸਤੇਮਾਲ ਕਰਨ ਦੀ ਆਗਿਆ ਦਿੰਦੇ ਹਨ।

ਮੌਜੂਦਾ ਸਮੇਂ ਐਨਐਫਸੀ ਮੋਬਾਈਲ ਫੋਨਾਂ ਵਿੱਚ ਮਿਆਰੀ ਕਾਰਜਕੁਸ਼ਲਤਾ ਦੇ ਤੌਰ `ਤੇ ਉਪਲਬਧ ਹੈ ਅਤੇ ਉਪਭੋਗਤਾਵਾਂ ਨੂੰ ਸੁਰੱਖਿਅਤ ਢੰਗ ਨਾਲ ਸੰਪਰਕ ਰਹਿਤ ਵਰਤੋਂ ਕਰਨ, ਡਿਜੀਟਲ ਸਮੱਗਰੀ ਤੱਕ ਪਹੁੰਚ ਕਰਨ ਅਤੇ ਇਲੈਕਟ੍ਰਾਨਿਕ ਡਿਵਾਈਸਾਂ ਨੂੰ ਸੌਖੇ ਢੰਗ ਨਾਲ ਕੁਨੈਕਟ ਕਰਨ ਦੀ ਆਗਿਆ ਦਿੰਦਾ ਹੈ।

ਇਸ ਦੌਰਾਨ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਨੇ ਚਾਰ ਸਾਲ ਪਹਿਲਾਂ ਐਚ.ਆਰ.ਐਮ.ਐਸ. ਪ੍ਰਣਾਲੀ ਲਾਗੂ ਕੀਤੀ ਹੈ ਅਤੇ ਹੁਣ ਸਾਰੇ ਅਧਿਕਾਰੀ/ਕਰਮਚਾਰੀ ਇਸ ਪ੍ਰਣਾਲੀ ਦਾ ਹਿੱਸਾ ਹਨ, ਜਿਥੇ ਉਨ੍ਹਾਂ ਵੱਲੋਂ ਇਸ ਪ੍ਰਣਾਲੀ ਰਾਹੀਂ ਹੀ ਤਨਖਾਹਾਂ ਵੀ ਕਢਵਾਈਆਂ ਜਾ ਰਹੀਆਂ ਹਨ।

ਇਸ ਤਰ੍ਹਾਂ ਐਨਐਫਸੀ ਤਕਨਾਲੋਜੀ ਦੀ ਵਰਤੋਂ ਕਰਦਿਆਂ ਈ-ਆਈ.ਡੀਜ਼ ਦੀ ਵਰਤੋਂ ਇਸ ਮਹਾਂਮਾਰੀ ਦੌਰਾਨ ਪੰਜਾਬ ਲਈ ਇੱਕ ਮੀਲ ਪੱਥਰ ਸਾਬਤ ਹੋਏਗੀ, ਖ਼ਾਸਕਰ ਉਨ੍ਹਾਂ ਕਰਮਚਾਰੀਆਂ ਲਈ ਜੋ ਲਾਕਡਾਊਨ/ਕਰਫਿਊ ਵਿਚ ਵੀ ਦਿਨ ਰਾਤ ਕੰਮ ਕਰ ਰਹੇ ਹਨ, ਜਿੱਥੇ ਉਨ੍ਹਾਂ ਨੂੰ ਆਪਣਾ ਆਈਡੀ ਨਾਲ ਕਾਰਡ ਰੱਖਣਾ ਪੈਂਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੰਡੀ ਬੋਰਡ ਦੁਆਰਾ ਜਾਰੀ ਕੀਤੀ ਗਈ ਈ-ਆਈ.ਡੀਜ਼ ਦੀ ਵਰਤੋਂ ਦੋ ਉਦੇਸ਼ਾਂ ਸ਼ਨਾਖ਼ਤੀ ਕਾਰਡ ਦੇ ਨਾਲ ਨਾਲ ਇੱਕ ਬਿਜ਼ਨਸ ਕਾਰਡ ਵਜੋਂ ਵੀ ਕੀਤੀ ਜਾ ਸਕੇਗੀ। ਉਹ ਵਿਅਕਤੀ ਜਿਸ ਕੋਲ ਇਹ ਐਨ.ਐਫ.ਸੀ. ਕਾਰਡ ਹੈ, ਨੂੰ ਆਪਣੇ ਵੇਰਵੇ ਕਿਸੇ ਹੋਰ ਵਿਅਕਤੀ ਤੱਕ ਪਹੁੰਚਾਉਣ ਲਈ ਸਮਾਰਟ ਫੋਨ `ਤੇ ਟੈਪ ਕਰਨ ਦੀ ਜ਼ਰੂਰਤ ਹੈ।

ਇਹ ਐਨਐਫਸੀ ਕਾਰਡ ਵਿਅਕਤੀ ਦੇ ਸੋਸ਼ਲ ਨੈਟਵਰਕ ਜਿਵੇਂ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ ਚੈਨਲ ਆਦਿ ਦੀ ਜਾਣਕਾਰੀ ਵੀ ਲੈ ਸਕਦਾ ਹੈ। ਇਸ ਤਰ੍ਹਾਂ, ਸਿਰਫ ਇੱਕ ਟੈਪ ਵਿੱਚ, ਕੋਈ ਵੀ ਆਪਣੇ ਆਈਡੀ ਕਾਰਡ ਨੂੰ ਵੇਖੇ ਬਿਨਾਂ ਜਾਣਕਾਰੀ ਸਾਂਝੀ ਕਰ ਸਕਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਵੱਖ-ਵੱਖ ਸਰਕਾਰੀ ਯੋਜਨਾਵਾਂ ਜਿਵੇਂ ਸਿਟੀਜ਼ਨ ਕਾਰਡ / ਸ਼ਨਾਖਤੀ ਕਾਰਡ, ਬੁਢਾਪਾ ਪੈਨਸ਼ਨ, ਡਰਾਇਵਿੰਗ ਲਾਇਸੰਸ, ਪੇਸ਼ੈਂਟ ਕਾਰਡ ਜਾਂ ਬੀਮਾ ਯੋਜਨਾਵਾਂ ਆਦਿ ਵੀ ਇਸ ਸਮਾਰਟ ਕਾਰਡ ਨਾਲ ਜੋੜੀਆਂ ਜਾ ਸਕਦੀਆਂ ਹਨ ਤਾਂ ਜੋ ਸਾਰੀਆਂ ਯੋਜਨਾਵਾਂ ਤੱਕ ਪਹੁੰਚ ਲਈ ਇਕ ਮੰਚ ਬਣਾਇਆ ਜਾ ਸਕੇ।

ਇਸ ਤਰ੍ਹਾਂ, ਸਰਕਾਰ ਤੋਂ ਲੋੜੀਂਦੀ ਪ੍ਰਵਾਨਗੀ ਮਿਲਣ ਤੋਂ ਬਾਅਦ, ਇਸ ਕਾਰਡ ਦੀ ਵਰਤੋਂ ਨਾਗਰਿਕਾਂ ਦੇ ਲਾਭ ਲਈ ਪੰਜਾਬ ਦੇ ਨਾਲ ਨਾਲ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਕੀਤੀ ਜਾ ਸਕੇਗੀ। ਇਹ ਕਾਰਡ ਨਾਗਰਿਕਾਂ ਨੂੰ ਆਪਣੇ ਨਾਲ ਗੈਰ-ਜ਼ਰੂਰੀ ਦਸਤਾਵੇਜ਼ ਲਿਜਾਏ ਬਿਨਾਂ ਵੱਖ ਵੱਖ ਸਰਕਾਰੀ ਯੋਜਨਾਵਾਂ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION