ਯੈੱਸ ਪੰਜਾਬ
ਜਲੰਧਰ, 6 ਜੁਲਾਈ, 2021:
ਅਦਾਕਾਰਾ ਸਿੱਧਿਕਾ ਸ਼ਰਮਾ ਨਿਰਮਾਤਾ ਨਿਰਦੇਸ਼ਕ ਪੰਕਜ ਬਤਰਾ ਦੀ ਪੰਜਾਬੀ ਫ਼ਿਲਮ ‘ਫੁੱਫੜ ਜੀ’ ਵਿੱਚ ਗਾਇਕ ਅਦਾਕਾਰ ਜੱਸੀ ਗਿੱਲ ਨਾਲ ਨਜ਼ਰ ਆਵੇਗੀ।
ਇਹ ਫ਼ਿਲਮ ਜਿਸ ਵਿੱਚ ਗੁਰਨਾਮ ਭੁੱਲਰ ਅਤੇ ਬੀਨੂੰ ਢਿੱਲੋਂ ਦੇ ਵੀ ਮੁੱਖ ਕਿਰਦਾਰ ਹਨ, ਦੀ ਸ਼ੂਟਿੰਗ ਜਾਰੀ ਹੈ।
ਜ਼ਿਕਰਯੋਗ ਹੈ ਕਿ ਇਹ ਸਿੱਧਿਕਾ ਸ਼ਰਮਾ ਦੀ ਪਹਿਲੀ ਪੰਜਾਬ ਫ਼ਿਲਮ ਹੈ। ਇਸ ਤੋਂ ਪਹਿਲਾਂ ਉਹ ਉਂਕਾਰ ਕਪੂਰ ਦੇ ਸਿੰਗਲ ‘ਸੌਸੌ ਵਾਰੀ ਖ਼ਤ ਲਿਖ਼ੇ’ ਅਤੇ ਹਾਰਡੀ ਸੰਧੂ ਦੇ ਗ਼ੀਤ ‘ਨਾ ਜੀ ਨਾ’ ਵਿੱਚ ਨਜ਼ਰ ਆਈ ਸੀ।
‘ਫ਼ੁਲਕਾਰੀ’, ‘ਲਵ ਕੌਂਕਰਸ’ ਅਤੇ ‘ਤੌਬਾ ਤੌਬਾ’ ਆਦਿ ਗੀਤਾਂ ਵਿੱਚ ਨਜ਼ਰ ਆਈ ਸਿੱਧਿਕਾ ਸ਼ਰਮਾ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ।
ਜੱਸੀ ਗਿੱਲ ਅਤੇ ਸਿੱਧਿਕਾ ਸ਼ਰਮਾ ਦੀ ਫ਼ਿਲਮ ‘ਫੁੱਫੜ ਜੀ’ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਦੋਵੇਂ ਹੀ ਨਵ ਵਿਆਹੇ ਜੋੜੇ ਵਾਂਗ ਨਜ਼ਰ ਆ ਰਹੇ ਹਨ ਅਤੇ ਦੋਹਾਂ ਦੀ ਕੈਮਿਸਟਰੀ ਕਾਫ਼ੀ ਜਚ ਰਹੀ ਹੈ।
ਪੰਜਾਬੀ ਸੰਗੀਤ ਉਦਯੋਗ ਵਿੱਚ ਵੀਡੀਓਜ਼ ਰਾਹੀਂ ਆਪਣੀ ਛਾਪ ਛੱਡਣ ਤੋਂ ਬਾਅਦ ਚੰਡੀਗੜ੍ਹ ਦੀ ਰਹਿਣ ਵਾਲੀ ਸਿੱਧਿਕਾ ਸ਼ਰਮਾ ਪੰਜਾਬੀ ਫ਼ਿਲਮ ਸਨਅਤ ਵਿੱਚ ‘ਫੁੱਫੜ ਜੀ’ ਨਾਲ ਸ਼ੁਰੂਆਤ ਕਰਨ ਤੋਂਉਤਸ਼ਾਹਿਤ ਹੈ।
ਸਿੱਧਿਕਾ ਸ਼ਰਮਾ ਜਿਸਨੇ ਹੁਣੇ ਹੀ ਸੋਨੂੰ ਸੂਦ ਦੇ ਨਾਲ ਇਕ ਡੇਅਰੀ ਬਰਾਂਡ ਦੇ ਪ੍ਰਮੋਸ਼ਨ ਵਿੱਚ ਸੋਨੂੰ ਸੂਦ ਨਾਲ ਅਦਾਕਾਰੀ ਕੀਤੀ ਹੈ ਛੇਤੀ ਹੀ ਰਜਤ ਬਖ਼ਸ਼ੀ ਦੀ ਫ਼ਿਲਮ ‘ਵੇਲਾਪੰਤੀ’ ਨਾਲ ਬਾਲੀਵੁੱਡ ਵਿੱਚ ਪੈਰ ਰੱਖਣ ਜਾ ਰਹੀ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ