31.1 C
Delhi
Thursday, March 28, 2024
spot_img
spot_img

ਪੰਜਾਬੀ ਲੇਖ਼ਕ ਸਭਾ ਚੰਡੀਗੜ੍ਹ ਨੇ ਜੰਗ-ਏ-ਅਜ਼ਾਦੀ ਯਾਦਗਾਰ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਕਵੀ ਦਰਬਾਰ

ਕਰਤਾਰਪੁਰ (ਜਲੰਧਰ), 16 ਜੁਲਾਈ, 2019 –

ਜੰਗ-ਏ-ਅਜ਼ਾਦੀ ਯਾਦਗਾਰ ਕਮੇਟੀ ਦੇ ਸੱਦੇ ‘ਤੇ ਚੰਡੀਗੜ੍ਹ ਤੋਂ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦਾ ਇਕ ਸਾਹਿਤਕ ਵਫ਼ਦ ਕਰਤਾਰਪੁਰ ਵਿਖੇ ਪਹੁੰਚਿਆ। ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਗੁਰਨਾਮ ਕੰਵਰ ਹੁਰਾਂ ਦੀ ਅਗਵਾਈ ਹੇਠ ਜੰਗ-ਏ-ਅਜ਼ਾਦੀ ਯਾਦਗਾਰ ਵੇਖਣ ਪਹੁੰਚੇ ਇਸ ਵਫ਼ਦ ਵਿਚ 20 ਦੇ ਕਰੀਬ ਕਵੀ, ਲੇਖਕ ਤੇ ਸਾਹਿਤ ਪ੍ਰੇਮੀ ਸ਼ਾਮਲ ਸਨ।

ਇਸ ਵਫ਼ਦ ਨੇ ਸਭ ਤੋਂ ਪਹਿਲਾਂ ਸਮੁੱਚੀ ਯਾਦਗਾਰ ਵੇਖੀ ਅਤੇ ਪ੍ਰਬੰਧਕਾਂ ਤੇ ਯਾਦਗਾਰੀ ਕਮੇਟੀ ਨੂੰ ਮੁਬਾਰਕਾਂ ਦਿੰਦਿਆਂ ਆਖਿਆ ਕਿ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਨੂੰ, ਉਸ ਅਜ਼ਾਦੀ ਦੇ ਸੰਘਰਸ਼ ਵਿਚ ਪੰਜਾਬੀਆਂ ਦੇ ਯੋਗਦਾਨ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਸੰਭਾਲਣ ਤੇ ਸਹੇਜਣ ਦਾ ਕੰਮ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਹ ਸਥਾਨ ਚਾਨਣ ਮੁਨਾਰਾ ਬਣ ਗਿਆ ਹੈ।

ਇਸ ਉਪਰੰਤ ਜੰਗ-ਏ-ਅਜ਼ਾਦੀ ਯਾਦਗਾਰ ਦੇ ਸੈਮੀਨਾਰ ਹਾਲ ਵਿਚ ‘ਦੇਸ਼ ਭਗਤੀ ਦੇ ਰੰਗ ਕਵਿਤਾ ਦੇ ਸੰਗ’ ਸਲੋਗਨ ਹੇਠ ਇਕ ਦੇਸ਼ ਭਗਤੀ ਦਾ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਇਸ ਕਵੀ ਦਰਬਾਰ ਵਿਚ ਬਤੌਰ ਮੁੱਖ ਮਹਿਮਾਨ ਜੰਗ-ਏ-ਅਜ਼ਾਦੀ ਯਾਦਗਾਰ ਕਮੇਟੀ ਦੇ ਉਪ ਪ੍ਰਧਾਨ ਸਤਨਾਮ ਸਿੰਘ ਮਾਣਕ ਜਿੱਥੇ ਮੌਜੂਦ ਰਹੇ, ਉਥੇ ਹੀ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਜਾਗ੍ਰਤੀ ਮੰਚ ਦੇ ਜਨਰਲ ਸਕੱਤਰ ਦੀਪਕ ਬਾਲੀ ਹੁਰਾਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ। ਜਦੋਂਕਿ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਇਸੇ ਕਮੇਟੀ ਦੇ ਜਨਰਲ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਹੁਰਾਂ ਨੇ ਕੀਤੀ।

ਸਭ ਤੋਂ ਪਹਿਲਾਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਹਾਲ ਵਿਚ ਮੌਜੂਦ ਸਾਰੇ ਪ੍ਰਮੁੱਖ ਮਹਿਮਾਨਾਂ, ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸਰੋਤਿਆਂ ਨੂੰ ਜਿੱਥੇ ਜੀ ਆਇਆਂ ਆਖਿਆ, ਉਥੇ ਹੀ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ‘ਤੇ ਆਏ ਕਵੀਆਂ ਨਾਲ ਵੀ ਜਾਣ-ਪਹਿਚਾਣ ਕਰਵਾਈ।

ਫਿਰ ਮੰਚ ਦੀ ਕਾਰਵਾਈ ਚਲਾਉਣ ਵਾਲੇ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਕਾਵਿ ਮਹਿਫ਼ਲ ਦੀ ਸ਼ੁਰੂਆਤ ਗਾਇਕ ਹਰਵਿੰਦਰ ਹਬੀਬ ਦੇ ਗਾਣੇ ਨਾਲ ਕਰਵਾਈ। ਹਬੀਬ ਤੋਂ ਬਾਅਦ ਮਲਕੀਅਤ ਬਸਰਾ, ਜਗਦੀਪ ਨੂਰਾਨੀ ਤੇ ਰਜਿੰਦਰ ਰੇਣੂ ਹੁਰਾਂ ਦੀਆਂ ਨਜ਼ਮਾਂ ‘ਤੇ ਵੀ ਖੂਬ ਤਾੜੀਆਂ ਵੱਜੀਆਂ। ਮਨਜੀਤ ਕੌਰ ਮੀਤ ਵੱਲੋਂ ਫੌਜੀ ਪਰਿਵਾਰਾਂ ਦੀ ਦਸ਼ਾ ਤੇ ਪੀੜਾ ਨੂੰ ਬਿਆਨ ਕਰਦੀ ਕਹਾਣੀ ਨੇ ਸਭ ਨੂੰ ਹਲੂਣ ਕੇ ਰੱਖ ਦਿੱਤਾ। ਇਸ ਕਾਵਿ ਮਹਿਫ਼ਲ ਵਿਚ ਰਘਵੀਰ ਵੜੈਚ, ਸਿਮਰਜੀਤ ਗਰੇਵਾਲ, ਬਲਕਾਰ ਸਿੱਧੂ ਤੇ ਦੀਪਕ ਚਨਾਰਥਲ ਦੀਆਂ ਨਜ਼ਮਾਂ ਨੂੰ ਵੀ ਖੂਬ ਵਾਹ-ਵਾਹੀ ਮਿਲੀ। ਜਦੋਂਕਿ ਇਸ ਦੇਸ਼ ਭਗਤੀ ਦੀ ਕਾਵਿ ਮਹਿਫ਼ਲ ਨੂੰ ਗੁਰਨਾਮ ਕੰਵਰ ਹੁਰਾਂ ਦੀ ਜੋਸ਼ ਭਰੀ ਕਵਿਤਾ ਨੇ ਲੁੱਟਿਆ।

ਇਸ ਉਪਰੰਤ ਬਤੌਰ ਮੁੱਖ ਮਹਿਮਾਨ ਸਤਨਾਮ ਸਿੰਘ ਮਾਣਕ ਹੁਰਾਂ ਨੇ ਜਿੱਥੇ ਇਸ ਜੰਗ-ਏ-ਅਜ਼ਾਦੀ ਯਾਦਗਾਰ ਦੀ ਵਿਊਂਤਬੰਦੀ, ਨਿਰਮਾਣ ਕਾਰਜ ਤੇ ਇਸ ਘਾਲਣਾ ਦੇ ਪਿੱਛੇ ਜਿਹੜੀਆਂ-ਜਿਹੜੀਆਂ ਹਸਤੀਆਂ ਹਨ ਉਨ੍ਹਾਂ ਦਾ ਜ਼ਿਕਰ ਕੀਤਾ, ਉਥੇ ਹੀ ਉਨ੍ਹਾਂ ਮੌਜੂਦ ਸਰੋਤਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੁੜਨ ਦੀ ਵੀ ਅਪੀਲ ਕੀਤੀ।

ਦੀਪਕ ਬਾਲੀ ਹੁਰਾਂ ਨੇ ਲੇਖਕ ਸਭਾ ਅਤੇ ਯਾਦਗਰੀ ਕਮੇਟੀ ਨੂੰ ਇਸ ਸਾਹਿਤਕ ਸਮਾਗਮ ਲਈ ਵਧਾਈ ਦਿੰਦਿਆਂ ਬੇਨਤੀ ਕੀਤੀ ਕਿ ਅਜਿਹੇ ਸਮਾਗਮ ਲੜੀਵਾਰ ਹੁੰਦੇ ਰਹਿਣੇ ਚਾਹੀਦੇ ਹਨ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਲਖਵਿੰਦਰ ਸਿੰਘ ਜੌਹਲ ਹੁਰਾਂ ਨੇ ਜਿੱਥੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੀ ਸਾਹਿਤਕ ਖੇਤਰ ਵਿਚ ਲਗਾਤਾਰਤਾ ਵਡਮੁੱਲੀ ਦੇਣ ਦਾ ਜ਼ਿਕਰ ਕੀਤਾ, ਉਥੇ ਹੀ ਉਨ੍ਹਾਂ ਇਹ ਖੁਲਾਸਾ ਕਰਦਿਆਂ ਜਿਵੇਂ ਹੀ ਇਹ ਦੱਸਿਆ ਕਿ ਜੰਗ-ਏ-ਅਜ਼ਾਦੀ ਯਾਦਗਾਰ ਦੇ ਬੂਹੇ ਖੁੱਲ੍ਹਣ ਤੋਂ ਬਾਅਦ ਇਥੇ ਪਹਿਲਾ ਕਵੀ ਦਰਬਾਰ ਕਰਵਾਉਣ ਦਾ ਸੁਭਾਗ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੂੰ ਮਿਲਿਆ ਹੈ, ਉਸ ਨਾਲ ਉਨ੍ਹਾਂ ਸਭਾ ਦਾ ਮਾਣ ਵਧਾ ਦਿੱਤਾ।

ਆਖਰ ਵਿਚ ਗੁਰਨਾਮ ਕੰਵਰ ਹੁਰਾਂ ਨੇ ਆਪਣੇ ਮਹਿਮਾਨਾਂ ਦਾ, ਯਾਦਗਾਰ ਕਮੇਟੀ ਦੇ ਸਮੂਹ ਅਹੁਦੇਦਾਰਾਂ ਦਾ ਜਿੱਥੇ ਧੰਨਵਾਦ ਕੀਤਾ, ਉਥੇ ਕਾਵਿ ਮਹਿਫ਼ਲ ਲਈ ਕੀਤੇ ਗਏ ਉਪਰਾਲੇ ਅਤੇ ਪ੍ਰਬੰਧਾਂ ਲਈ ਵੀ ਉਨ੍ਹਾਂ ਦਾ ਸ਼ੁਕਰਾਨਾ ਆਖਿਆ। ਇਸ ਮੌਕੇ ਚੰਡੀਗੜ੍ਹ ਤੋਂ ਗਏ ਇਸ ਵਫ਼ਦ ਵਿਚ ਹਰਮਿੰਦਰ ਕਾਲੜਾ, ਊਸ਼ਾ ਕੰਵਰ, ਡਾ. ਸੁਨੀਤਾ, ਹਰਪ੍ਰੀਤ ਕੌਰ, ਅਨੂ ਬਾਲਾ, ਮਧੂ ਰਾਜਾ ਆਦਿ ਸਣੇ ਵੱਡੀ ਗਿਣਤੀ ਵਿਚ ਸਰੋਤੇ ਵੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION