35.1 C
Delhi
Friday, March 29, 2024
spot_img
spot_img

ਪੰਜਾਬੀ ਪੱਤਰਕਾਰੀ ਦੀ ਅਭੁੱਲ ਸ਼ਖਸੀਅਤ ਸ਼ੰਗਾਰਾ ਸਿੰਘ ਭੁੱਲਰ – ਨਵਦੀਪ ਗਿੱਲ

ਸ਼ੰਗਾਰਾ ਸਿੰਘ ਭੁੱਲਰ ਨੂੰ ਇਸ ਜਹਾਨੋਂ ਤੁਰਿਆ ਕਰੀਬ ਸਾਲ ਹੋਣ ਵਾਲਾ ਹੈ। ਉਨ੍ਹਾਂ ਨੂੰ ਚਾਹੁਣ ਤੇ ਜਾਨਣ ਵਾਲਿਆਂ ਨੂੰ ਅੱਜ ਵੀ ਯਕੀਨ ਨਹੀਂ ਆਉਂਦਾ ਕਿ ਉਹ ਸਾਡੇ ਵਿਚਕਾਰ ਨਹੀਂ ਹਨ। ਉਹ ਪੰਜਾਬੀ ਪੱਤਰਕਾਰੀ ਦੀ ਅਭੁੱਲ ਸਖਸ਼ੀਅਤ ਹੈ ਜਿਨ੍ਹਾਂ ਦੀ ਕਲਮ ਉਮਰ ਦੇ ਆਖਰੀ ਪੜਾਅ ਤੱਕ ਨਿਰੰਤਰ ਚਲਦੀ ਰਹੀ।

ਸ਼ੰਗਾਰਾ ਸਿੰਘ ਭੁੱਲਰ ਨੂੰ ਇਹ ਮਾਣ ਹੈ ਕਿ ਉਹ ਇਕਲੌਤਾ ਪੰਜਾਬੀ ਪੱਤਰਕਾਰ ਸੀ ਜੋ ਚਾਰ ਅਖਬਾਰਾਂ ਦਾ ਸੰਪਾਦਕ ਰਿਹਾ ਜਿਨ੍ਹਾਂ ਵਿੱਚ ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਦੇਸ਼ ਵਿਦੇਸ਼ ਟਾਈਮਜ਼ ਤੇ ਰੋਜ਼ਾਨਾ ਸਪੋਕਸਮੈਨ ਸ਼ਾਮਲ ਹਨ। ਪੰਜਾਬੀ ਟ੍ਰਿਬਿਊਨ ਵਿੱਚ ਤਾਂ ਉਨ੍ਹਾਂ ਢਾਈ ਦਹਾਕਿਆਂ ਤੋਂ ਵੀ ਵੱਧ ਸਮਾਂ ਸੇਵਾਵਾਂ ਨਿਭਾਈਆਂ। ਉਨ੍ਹਾਂ ਦੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਹੋਣ ਦੇ ਸਮੇਂ ਅਖਬਾਰ ਵੱਲੋਂ ਪਹਿਲੀ ਵਾਰ ਇਕ ਦਿਨ ਵਿੱਚ 100 ਸਫਿਆਂ ਦਾ ਸਪਲੀਮੈਂਟ ਕੱਢਿਆ ਗਿਆ ਸੀ।

ਸ਼ੰਗਾਰਾ ਸਿੰਘ ਭੁੱਲਰ ਸਾਰਿਆਂ ਦਾ ਸਾਂਝਾ ਸੀ। ਉਸ ਦੇ ਦਾਇਰੇ ਵਿੱਚ ਨਵੀਂ ਉਮਰ ਦੇ ਪੱਤਰਕਾਰਾਂ ਤੋਂ ਲੈ ਕੇ ਮਹਿੰਦਰ ਸਿੰਘ ਰੰਧਾਵਾ ਵਰਗੇ ਕੁਸ਼ਲ ਪ੍ਰਸ਼ਾਸਕ ਤੇ ਉਘੀ ਸਖਸ਼ੀਅਤ ਵਾਲੇ ਵਿਅਕਤੀ ਸਨ। ਹਰੇਕ ਨੂੰ ਆਪਣਾ ਬਣਾਉਣਾ ਉਨ੍ਹਾਂ ਦੀ ਕਲਾ ਸੀ। ਸ਼ੰਗਾਰਾ ਸਿੰਘ ਭੁੱਲਰ ਦੇ ਤੁਰ ਜਾਣ ਤੋਂ ਬਾਅਦ ਹਰੇਕ ਨੇ ਆਪੋ-ਆਪਣੀਆਂ ਸਾਂਝਾਂ ਦਾ ਜ਼ਿਕਰ ਕਰਦਿਆਂ ਗੱਲਾਂ ਸੁਣਾਈਆਂ ਵੀ ਤੇ ਲੇਖ ਵੀ ਲਿਖੇ।

ਸਾਥੀ ਤੇ ਜੂਨੀਅਰ ਕਰਮੀਆਂ ਵਿਚਰਦਿਆਂ ਆਪਣੇ ਹਲੀਮੀ ਤੇ ਨਿਮਰਤਾ ਭਰਪੂਰ ਸੁਭਾਅ ਕਾਰਨ ਉਹ ਹਰਮਨ ਪਿਆਰੇ ਸੰਪਾਦਕ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨੂੰ ਕਿਤੇ ਵੀ ਤਲਖੀ ਜਾਂ ਉਚੀ ਬੋਲਦਿਆਂ ਘੱਟ ਹੀ ਸੁਣਿਆ। ਇਸੇ ਕਰਕੇ ਉਨ੍ਹਾਂ ਦਾ ਘੇਰਾ ਵਿਸ਼ਾਲ ਸੀ। ਸਹਿਜਮਤਾ ਤੇ ਠਰੰਮ੍ਹਾ ਜਿੱਥੇ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਸੀ ਉਥੇ ਪੰਜਾਬੀਆਂ ਵਾਲੀ ਮੜ੍ਹਕ ਵੀ ਉਨ੍ਹਾਂ ਵਿੱਚ ਸੀ। ਉਨ੍ਹਾਂ ਦੇ ਸੁਭਾਅ ਵਿੱਚ ਖਾਸ ਕਿਸਮ ਦਾ ਨਿੱਘ ਸੀ।

ਸ਼ੰਗਾਰਾ ਸਿੰਘ ਭੁੱਲਰ ਨੇਕ ਦਿਲ ਇਨਸਾਨ, ਹਸਮੁੱਖ ਸੁਭਾਅ, ਸਕਰਾਤਮਕਤਾ ਨਾਲ ਲਬਾਲਬ ਸੁਹਿਰਦ ਸੰਪਾਦਕ ਸਨ ਜਿਨ੍ਹਾਂ ਦੇ ਸਿਰੜ ਤੇ ਸਿਦਕਦਿਲੀ ਦੀਆਂ ਅੱਜ ਵੀ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ। ਕੈਂਸਰ ਜਿਹੀ ਨਾਮੁਰਾਦ ਬਿਮਾਰੀ ਹੋਣ ਦੇ ਬਾਵਜੂਦ ਉਨ੍ਹਾਂ 74 ਵਰ੍ਹਿਆ ਦੀ ਉਮਰੇ ਨਾ ਤਾਂ ਸਰਗਰਮ ਪੱਤਰਕਾਰੀ ਛੱਡੀ ਅਤੇ ਨਾ ਹੀ ਉਨ੍ਹਾਂ ਨਾਲ ਰੋਜ਼ਾਨਾ ਵਿਚਰਦਿਆਂ ਨੂੰ ਆਪਣੇ ਰੋਗ ਦਾ ਭੇਤ ਪੈਣ ਦਿੱਤਾ। ਬਹੁਤੇ ਜਾਣਕਾਰਾਂ ਤੇ ਦੋਸਤਾਂ ਨੂੰ ਤਾਂ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੀ ਬਿਮਾਰੀ ਬਾਰੇ ਪਤਾ ਲੱਗਿਆ।

ਸ਼ੰਗਾਰਾ ਸਿੰਘ ਭੁੱਲਰ ਜਿੱਥੇ ਚੰਗੇ ਪੱਤਰਕਾਰ ਸਨ ਉਥੇ ਇਕ ਵਧੀਆ ਇਨਸਾਨ ਵੀ। ਉਹ ਬਹੁਪੱਖੀ ਕਾਲਮ ਨਵੀਸ ਹੋਣ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ, ਸੂਬੇ ਦੇ ਸਮਾਜਿਕ, ਆਰਥਿਕ ਤੇ ਧਾਰਮਿਕ ਦ੍ਰਿਸ਼ਟੀਕੋਣਾਂ ਤੋਂ ਚੰਗੀ ਤਰ੍ਹਾਂ ਜਾਣੂੰ ਸਨ। ਉਨ੍ਹਾਂ ਹਮੇਸ਼ਾ ਪ੍ਰੈਸ ਦੀ ਆਜ਼ਾਦੀ ਲਈ ਕੰਮ ਕੀਤਾ ਅਤੇ ਪੰਜਾਬੀ ਭਾਸ਼ਾ, ਸਾਹਿਤ ਤੇ ਪੱਤਰਕਾਰੀ ਦੇ ਪ੍ਰਚਾਰ ਤੇ ਪਸਾਰ ਲਈ ਮੋਹਰੀ ਹੋ ਕੇ ਕੰਮ ਕੀਤਾ।

ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਪੱਤਰਕਾਰ ਐਵਾਰਡ ਜੇਤੂ ਸ਼ੰਗਾਰਾ ਸਿੰਘ ਭੁੱਲਰ ਨਵਾਂ ਜਮਾਨਾ ਅਖਬਾਰ ਦੇ ਉਪ ਸੰਪਾਦਕ ਵੀ ਰਹੇ ਹਨ। ਉਹ ਦਿੱਲੀ ਵਿੱਚ ਜਥੇਦਾਰ ਅਖਬਾਰ ਦੇ ਉਪ ਸੰਪਾਦਕ ਵੀ ਰਹੇ। ਵੱਖ-ਵੱਖ ਵਿਸ਼ਿਆਂ ਉਤੇ ਨਿਰੰਤਰ ਕਾਲਮ ਲਿਖਣ ਵਾਲੇ ਸ਼ੰਗਾਰਾ ਸਿੰਘ ਦਾ ਜੱਦੀ ਪਿੰਡ ਗੁਰਦਾਸਪੁਰ ਜ਼ਿਲੇ ਵਿੱਚ ਭੁੱਲਰ ਹੈ।

ਬੇਅਰਿੰਗ ਕ੍ਰਿਸਚੀਅਨ ਕਾਲਜ ਤੋਂ ਬੀ.ਏ. ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੰਜਾਬੀ ਦੀ ਐਮ.ਏ. ਕਰਦਿਆਂ ਉਹ ਰੋਜ਼ਾਨਾ ਅਜੀਤ ਦੇ ਪ੍ਰਬੰਧਕੀ ਸੰਪਾਦਕ ਅਤੇ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਮਾਤੀ ਸਨ। ਉਘੇ ਪ੍ਰਸ਼ਾਸਕ ਅਤੇ ਸਾਹਿਤ/ਕਲਾ ਪ੍ਰੇਮੀ ਡਾ ਮਹਿੰਦਰ ਸਿੰਘ ਰੰਧਾਵਾ ਨੇ ਆਪਣੀ ਪੁਸਤਕ ਆਪ ਬੀਤੀ ਦੀ ਡਿਕਟੇਸ਼ਨ ਸ਼ੰਗਾਰਾ ਸਿੰਘ ਭੁੱਲਰ ਨੂੰ ਦਿੱਤੀ ਸੀ।

ਉਨ੍ਹਾਂ ਨਾਲ ਮੇਰੀਆਂ ਨਿੱਜੀ ਯਾਦਾਂ ਵੀ ਬਹੁਤ ਜੁੜੀਆਂ ਹਨ। ਆਪਣੀ ਜ਼ਿੰਦਗੀ ਦੀ ਪਹਿਲੀ ਨੌਕਰੀ ਦਾ ਨਿਯੁਕਤੀ ਪੱਤਰ ਮੈਨੂੰ ਉਨ੍ਹਾਂ ਦੇ ਹੀ ਦਸਤਖਤਾਂ ਹੇਠ ਮਿਲਿਆ ਸੀ ਜਦੋਂ ਉਹ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਨ। ਮੇਰੀ ਨਿਯੁਕਤੀ ਜਲੰਧਰ ਛਾਉਣੀ ਤੋਂ ਬਤੌਰ ਪੱਤਰ ਪ੍ਰੇਰਕ ਹੋਈ ਸੀ। ਭੁੱਲਰ ਸਾਹਬ ਦੀ ਪ੍ਰਵਾਨਗੀ ਨਾਲ ਹੀ ਦਸੰਬਰ 2006 ਵਿੱਚ ਦੋਹਾ (ਕਤਰ) ਵਿਖੇ ਹੋਈਆਂ ਏਸ਼ਿਆਈ ਖੇਡਾਂ ਦੀ ਕਵਰੇਜ ਦਾ ਮੈਨੂੰ ਮੌਕਾ ਮਿਲਿਆ ਸੀ।

ਸ਼ੰਗਾਰਾ ਸਿੰਘ ਭੁੱਲਰ ਦੇ ਤੁਰ ਜਾਣ ਨਾਲ ਪੱਤਰਕਾਰੀ ਖੇਤਰ ਵਿੱਚ ਪਿਆ ਖੱਪਾ ਕਦੇ ਵੀ ਪੂਰਿਆ ਨਹੀਂ ਜਾ ਸਕਦਾ। ਉਹ ਪੰਜਾਬੀ ਪੱਤਰਕਾਰੀ ਦਾ ਉਚਾ ਬੁਰਜ ਸੀ ਜਿਹੜਾ ਪੱਤਰਕਾਰੀ ਨਾਲ ਜੁੜੇ ਹਰ ਸਖ਼ਸ਼ ਅਤੇ ਪਾਠਕਾਂ ਦੇ ਦਿਲਾਂ ਵਿੱਚ ਆਪਣੇ ਜਿੰਦਾਦਿਲ ਸੁਭਾਅ ਅਤੇ ਵੱਖ-ਵੱਖ ਅਖਬਾਰਾਂ ਵਿੱਚ ਲਿਖੇ ਕਾਲਮਾਂ ਵਿੱਚ ਲਿਖੀਆਂ ਨਿਡਰ ਅਤੇ ਵਿਲੱਖਣ ਲਿਖਤਾਂ ਸਦਕਾ ਸਦਾ ਚੇਤਿਆਂ ਵਿੱਚ ਵਸਿਆ ਰਹੇਗਾ।

ਸ਼ੰਗਾਰਾ ਸਿੰਘ ਭੁੱਲਰ ਦੀ ਪਹਿਲੀ ਬਰਸੀ ਮੌਕੇ 8 ਨਵੰਬਰ ਨੂੰ ਮੁਹਾਲੀ ਦੇ ਸੈਕਟਰ 69 ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਨੇੜੇ ਆਰਮੀ ਇੰਸਟੀਚਿਊਟ ਆਫ ਲਾਅ) ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਸਹਿਜ ਪਾਠ ਦਾ ਭੋਗ ਅਤੇ ਅਰਦਾਸ ਹੋਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION