ਯੈੱਸ ਪੰਜਾਬ
ਰਾਜਪੁਰਾ, 11 ਜੁਲਾਈ, 2020:
ਪ੍ਰਸਿੱਧ ਪੰਜਾਬੀ ਗਾਇਕ ਅਤੇ ਫ਼ਿਲਮ ਕਲਾਕਾਰ ਗੁਰਨਾਮ ਭੁੱਲਰ ’ਤੇ ਰਾਜਪੁਰਾ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਅਤੇ ਉਸਨੂੰ ‘ਹਿਰਾਸਤ’ ਵਿਚ ਲਏ ਜਾਣ ਦੀ ਖ਼ਬਰ ਹੈ ਪਰ ਅਜੇ ਕਿਸੇ ਵੀ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ।
ਪਤਾ ਲੱਗਾ ਹੈ ਕਿ ਗੁਰਨਾਮ ਭੁੱਲਰ ਸਨਿਚਰਵਾਰ ਨੂੰ ਰਾਜਪੁਰਾ-ਚੰਡੀਗੜ੍ਹ ਰੋਡ ’ਤੇ ਸਥਿਤ ਪ੍ਰਾਈਮ ਸਿਨੇਮਾ ਅਤੇ ਸ਼ਾਪਿੰਗ ਮਾਲ ਵਿੱਚ ਬਿਨਾਂ ਕਿਸੇ ਪ੍ਰਵਾਨਗੀ ਦੇ ‘ਸ਼ੂਟਿੰਗ’ ਕਰ ਰਹੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਾ ਤਾਂ ਸ਼ੂਟਿੰਗ ਮੌਕੇ ਹਾਜ਼ਰ ਲੋਕਾਂ ਵੱਲੋਂ ‘ਮਾਸਕ’ ਪਾਏ ਗਏ ਸਨ ਅਤੇ ਨਾਲ ਹੀ ‘ਸੋਸ਼ਲ ਡਿਸਟੈਂਸਿੰਗ’ ਦਾ ਖ਼ਿਆਲ ਰੱਖ਼ਿਆ ਜਾ ਰਿਹਾ ਸੀ।
ਕਿਹਾ ਜਾ ਰਿਹਾ ਹੈ ਕਿ ਇਸ ਸੰਬੰਧੀ ਸੂਚਨਾ ਮਿਲਣ ’ਤੇ ਰਾਜਪੁਰਾ ਪੁਲਿਸ ਦੀ ਇਕ ਪਾਰਟੀ ‘ਮਾਲ’ ਵਿਚ ਪੁੱਜੀ ਅਤੇ ਗੁਰਨਾਮ ਭੁੱਲਰ ਨੂੰ ‘ਮਾਲ’ ਵਿਚੋਂ ਆਪਣੇ ਨਾਲ ਲੈ ਗਈ।
ਇਸ ਸੰਬੰਧੀ ਉਨ੍ਹਾਂ ਨੂੰ ‘ਮਾਲ’ ਦੇ ਵਿੱਚੋਂ ਲਿਜਾਂਦੇ ਹੋਏ ਦੀ ਵੀਡੀਓ ਫ਼ੁੱਟੇਜ ਵੀ ਮੌਜੂਦ ਹੈ ਪਰ ਵੀਡੀਓ ਫੁੱਟੇਜ ਵਿਚ ਗੁਰਨਾਮ ਭੁੱਲਰ ਨੂੰ ਨਾਲ ਲੈ ਕੇ ਜਾ ਰਹੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਅਤੇ ਕਿਹਾ ਕਿ ਤੁਹਾਨੂੰ ਸਾਰੇ ਮਾਮਲੇ ਦੀ ਜਾਣਕਾਰੀ ਬਾਅਦ ਵਿਚ ਦਿੱਤੀ ਜਾਵੇਗੀ। ਮੀਡੀਆ ਕਰਮੀਆਂ ਨੇ ਗੁਰਨਾਮ ਭੁੱਲਰ ਨਾਲ ਗੱਲਬਾਤ ਕਰਨਦੀ ਕੋਸ਼ਿਸ਼ ਕੀਤੀ ਪਰ ਨਾ ਤਾਂ ਗੁਰਨਾਮ ਭੁੱਲਰ ਨੇ ਅਤੇ ਨਾ ਹੀ ਪੁਲਿਸ ਨੇ ਇਸ ਸੰਬੰਧੀ ਕੋਈ ਜਾਣਕਾਰੀ ਦਿੱਤੀ।
ਬਾਅਦ ਦੀ ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਿਸ ਨੇ ਗੁਰਨਾਮ ਭੁੱਲਰ, ਸ਼ੂਟਿੰਗ ਲਈ ਹਾਜ਼ਰ ਵੀਡੀਓਗ੍ਰਾਫ਼ਰ ਅਤੇ ਸਿਨੇਮਾ ਮਾਲਕ ’ਤੇ ਵੀ ‘ਐਪੀਡੈਮਿਕ ਐਕਟ’ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਅਜੇ ਇਹ ਸਪਸ਼ਟ ਨਹੀਂ ਹੈ ਕਿ ਪੁਲਿਸ ਵੱਲੋਂ ਇਹ ਕਾਰਵਾਈ ਕੇਵਲ ਬਿਨਾ ਪ੍ਰਵਾਨਗੀ ‘ਮਾਲ’ ਵਿਚ ਸ਼ੂਟਿੰਗ ਕਰਨ, ਮਾਸਕ ਨਾ ਪਾਉਣ ਅਤੇ ‘ਸੋਸ਼ਲ ਡਿਸਟੈਂਸਿੰਗ’ ਨਾ ਰੱਖੇ ਜਾਣ ਕਾਰਨ ਹੀ ਕੀਤੀ ਗਈ ਹੈ ਜਾਂ ਫ਼ਿਰ ਗਾਇਕ ਨੂੰ ਹਿਰਾਸਤ ਵਿਚ ਲਏ ਜਾਣ ਦਾ ਕਾਰਨ ਕੋਈ ਹੋਰ ਵੀ ਹੈ।
ਹੋਰ ਤੱਥ ਸਾਹਮਣੇ ਆਉਣ ’ਤੇ ਇਹ ਖ਼ਬਰ ਅਪਡੇਟ ਕੀਤੀ ਜਾਵੇਗੀ।
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/