30.1 C
Delhi
Wednesday, March 27, 2024
spot_img
spot_img

ਪੰਜਾਬੀ ਕਦੇ ਖ਼ਤਮ ਨਹੀਂ ਹੋਵੇਗੀ, ਪੰਜਾਬੀ ਬੋਲਣ ਵਾਲੇ ਪਹਿਲਾਂ ਤੋਂ ਵੱਧ ਸੁਚੇਤ ਹੋਏ: ਡਾ. ਪਾਤਰ

ਪਟਿਆਲਾ, 1 ਨਵੰਬਰ, 2019 –
ਪੰਜਾਬ ਦਿਵਸ ਦੀ 53ਵੀਂ ਵਰ੍ਹੇ ਗੰਢ ਮੌਕੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਪੱਧਰੀ ਸਾਹਿਤਕ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ। ਭਾਸ਼ਾ ਵਿਭਾਗ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਕਰਵਾਏ ਗਏ ਸਮਾਗਮ ਮੌਕੇ ਦੋ ਦਿਨ ਚੱਲਣ ਵਾਲੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਰਾਜ ਭਰ ਤੋਂ ਪੁੱਜੇ ਕਵੀਆਂ ਤੇ ਸਾਹਿਤਕਾਰਾਂ ਨੇ ਸ਼ਿਰਕਤ ਕਰਕੇ ਆਪਣੀਆਂ ਰਚਨਾਵਾਂ ਸੁਣਾਈਆਂ।

ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਚੇਅਰਮੈਨ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਕਦੇ ਖ਼ਤਮ ਨਹੀਂ ਹੋ ਸਕਦੀ ਕਿਉਂਕਿ ਪੰਜਾਬੀ ਨੂੰ ਬੋਲਣ ਵਾਲੇ ਪਹਿਲਾਂ ਤੋਂ ਵੀ ਵੱਧ ਸੁਚੇਤ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰੰਤੂ ਜੇਕਰ ਸਾਡੇ ਵਿੱਦਿਅਕ ਅਦਾਰੇ ਤੇ ਸਰਕਾਰਾਂ ਜੇਕਰ ਹੋਰ ਸੁਚੇਤ ਹੋ ਜਾਣ ਤਾਂ ਇਸ ਵੇਲੇ ਦੁਨੀਆਂ ‘ਚ ਪੰਜਾਬੀ ਦਾ ਪਹਿਲੀਆਂ 11 ਬੋਲੀਆਂ ‘ਚ ਸਥਾਨ ਬਰਕਰਾਰ ਰੱਖਣ ‘ਚ ਸਹਾਇਤਾ ਹੋਵੇਗੀ।

ਉਨ੍ਹਾਂ ਕਿਹਾ ਕਿ ਅੱਜ ਪੰਜਾਬੀ 5 ਦਰਿਆਵਾਂ ਦੀ ਬੋਲੀ ਨਾ ਰਹਿ ਕੇ ਸਗੋਂ 7 ਸਮੁੰਦਰਾਂ ਦੀ ਭਾਸ਼ਾ ਬਣ ਗਈ ਹੈ ਇਸ ਲਈ ਸਾਨੂੰ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਲੈਕੇ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਨਿਰਾਸ਼ਾ ਦੇ ਵੀ ਕਈ ਹਾਂ ਪੱਖੀ ਪਹਿਲੂ ਹੁੰਦੇ ਹਨ।

ਡਾ. ਪਾਤਰ ਨੇ ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਹੇ ਭਾਈ ਮਰਦਾਨਾ ਦੇ ਨਾਮ ‘ਤੇ ਇੱਕ ਸਿੱਖ ਮਿਊਜਿਕ ਦਾ ਮਿਊਜੀਅਮ ਸਥਾਪਤ ਕੀਤੇ ਜਾਣ ਦਾ ਮਤਾ ਵੀ ਪੇਸ਼ ਕੀਤਾ, ਜਿਸ ਨੂੰ ਹਾਜ਼ਰੀਨ ਨੇ ਸਰਵਸੰਮਤੀ ਨਾਲ ਪ੍ਰਵਾਨ ਕੀਤਾ। ਡਾ. ਪਾਤਰ ਨੇ ਪੰਜਾਬੀ ਬਾਰੇ ਆਪਣੀ ਇੱਕ ਨਜ਼ਮ ‘ਇਸ ਧਰਤੀ ਅੰਦਰ ਉਹ ਵੀ ਦੇਸ਼ ਹੈ……’ ਵੀ ਸੁਣਾਈ ਅਤੇ ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਮੇਂ ‘ਚ ਭਾਸ਼ਾ ਵਿਭਾਗ ਹੋਰ ਪ੍ਰਫੁਲਤ ਹੋਵੇਗਾ ਅਤੇ ਮਾਂ ਬੋਲੀ ਪੰਜਾਬੀ ਦੀ ਹੋਰ ਵੀ ਵੱਧ-ਚੜ੍ਹਕੇ ਸੇਵਾ ਕਰੇਗਾ।

ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਕਰਮਜੀਤ ਕੌਰ ਨੇ ਭਾਸ਼ਾ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਵਿਭਾਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਨਗਰਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਤੇ ਬਕਾਲਾ ਬਾਰੇ ਪੁਸਤਕਾਂ ਲਿਖਵਾਈਆਂ ਹਨ ਅਤੇ ਗੁਰੂ ਨਾਨਕ ਦੀ ਵਿਚਾਰਧਾਰਾ ‘ਤੇ 30 ਹੋਰ ਪੁਸਤਕਾਂ ਮੁੜ ਪ੍ਰਕਾਸ਼ਤ ਕਰਵਾਈਆਂ ਜਾ ਰਹੀਆਂ ਹਨ। ਜਦੋਂਕਿ ਪੰਜਾਬ ਭਰ ‘ਚ ਵਿਦਿਆਰਥੀਆਂ ਦੇ ਵਿੱਦਿਅਕ ਮੁਕਾਬਲੇ ਕਰਵਾਏ ਹਨ ਅਤੇ ਹੋਰ ਵੀ ਕਈ ਪ੍ਰੋਗਰਾਮ ਉਲੀਕੇ ਗਏ ਸਨ।

ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਡਾ. ਰਤਨ ਸਿੰਘ ਜੱਗੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਪਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਗ੍ਰਹਿਸਥ ਜੀਵਨ ਨੂੰ ਪ੍ਰਧਾਨਤਾ ਦਿੱਤੀ ਅਤੇ ਔਰਤ ਨੂੰ ਵਡਿਆਇਆ। ਗੁਰੂ ਸਾਹਿਬ ਨੇ ਪ੍ਰਕਿਰਤੀ ਨੂੰ ਸਰਵੋਤਮ ਦੱਸਦਿਆਂ ਸਾਨੂੰ ਇਸ ਦੀ ਸੰਭਾਲ ਲਈ ਤਾਕੀਦ ਵੀ ਕੀਤੀ। ਡਾ. ਜੱਗੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਅਤੇ ਉਨ੍ਹਾਂ ਦੇ ਕੁਲ ਦੁਨੀਆਂ ਨੂੰ ਦਿੱਤੇ ਉਪਦੇਸ਼ ਦੀ ਪ੍ਰਸੰਗਕਤਾ ਪਹਿਲਾਂ ਵੀ ਸੀ, ਅੱਜ ਵੀ ਹੈ ਅਤੇ ਆਉਣ ਵਾਲੇ ਸਮੇਂ ‘ਚ ਵੀ ਰਹੇਗੀ। ਇਸ ਸਮੇਂ ਡਾ. ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ ਵੱਲੋਂ ਲਿਖੇ ਕਿਤਾਬਚੇ ਸਹਿਗੁਰੂ ਨਾਨਕ ਪ੍ਰਗਟਿਆ ਨੂੰ ਜਾਰੀ ਕੀਤਾ ਗਿਆ।

ਇਸ ਦੌਰਾਨ ਉੱਘੇ ਚਿੰਤਕ ਤੇ ਭਾਸ਼ਾ ਵਿਗਿਆਨੀ ਡਾ. ਜਸਵਿੰਦਰ ਸਿੰਘ ਨੇ ਸਮਕਾਲੀ ਪੰਜਾਬ ਅਤੇ ਪੰਜਾਬੀ ਵਿਸ਼ੇ ‘ਤੇ ਮੁੱਖ ਭਾਸ਼ਣ ਦਿੰਦਿਆਂ ਮੌਜੂਦਾ ਹਾਲਤ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਦੀ ਜਹਿਰੀਲੀ ਹੋ ਰਹੀ ਧਰਤੀ, ਵਿਦੇਸ਼ ਜਾ ਰਹੇ ਪੰਜਾਬੀ ਸਰਮਾਇਆ ਅਤੇ ਨੌਜਵਾਨਾਂ ਸਮੇਤ ਪੰਜਾਬ ਦੇ ਖਿੰਡ ਰਹੇ ਪੇਂਡੂ ਅਰਥਚਾਰੇ ਬਾਰੇ ਸੋਚਣ ਦੀ ਲੋੜ ‘ਤੇ ਜ਼ੋਰ ਦਿੱਤਾ।

ਇਸ ਦੌਰਾਨ ਹੋਰਨਾਂ ਤੋਂ ਇਲਾਵਾ ਡਾ. ਮੁਹੰਮਦ ਰਫ਼ੀ, ਡਿਪਟੀ ਡਾਇਰੈਕਟਰ ਸ੍ਰੀਮਤੀ ਵੀਰਪਾਲ ਕੌਰ, ਸ. ਸਤਨਾਮ ਸਿੰਘ, ਸਹਾਇਕ ਡਾਇਰੈਕਟਰ ਪ੍ਰਿਤਪਾਲ ਕੌਰ, ਡਾ. ਹਰਨੇਕ ਸਿੰਘ, ਡਾ. ਗੁਰਬਚਨ ਸਿੰਘ ਰਾਹੀ, ਪ੍ਰੋ. ਅਨੂਪ ਵਿਰਕ, ਪ੍ਰੋ. ਕੁਲਵੰਤ ਵਿਰਕ, ਡਾ. ਨਿੰਦਰ ਘੁਗਿਆਣਵੀ, ਡਾ. ਧਨਵੰਤ ਕੌਰ, ਡਾ. ਦਰਸ਼ਨ ਸਿੰਘ ਆਸ਼ਟ, ਓਮ ਪ੍ਰਕਾਸ਼ ਗਾਸੋ, ਰਾਜ ਭਾਸ਼ਾ ਸਲਾਹਕਾਰ ਬੋਰਡ ਦੇ ਮੈਂਬਰ ਸ੍ਰੋਮਣੀ ਸਾਤਿਹਕਾਰ, ਵਿਦਿਆਰਥੀ ਤੇ ਹੋਰ ਪਤਵੰਤੇ ਵੱਡੀ ਗਿਣਤੀ ‘ਚ ਹਾਜ਼ਰ ਸਨ। ਇਸ ਮੌਕੇ ਬੁਲਾਰਿਆਂ ਅਤੇ ਕਵੀਆਂ ਦਾ ਸਨਮਾਨ ਵੀ ਕੀਤਾ ਗਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION