25.1 C
Delhi
Tuesday, April 23, 2024
spot_img
spot_img

ਪੰਜਾਬੀ ਆਸਟਰੇਲੀਆ ਤੋਂ ਕੁਦਰਤੀ ਸਰੋਤ ਅਤੇ ਵਿਰਾਸਤ ਦੀ ਸਾਂਭ ਸੰਭਾਲ ਸਿੱਖਣ: ਜਗਰੂਪ ਜਰਖ਼ੜ

ਚੰਡੀਗੜ੍ਹ, ਜੁਲਾਈ 16, 2019 –

ਮੇਰੀ ਆਸਟ੍ਰੇਲੀਆ ਯਾਤਰਾ ਦੌਰਾਨ ਸਿਡਨੀ, ਕੈਨਬਰਾ, ਗ੍ਰਿਫਥ, ਮੈਲਬੌਰਨ, ਐਡੀਲੇਡ ਤੋਂ ਬਾਅਦ ਮੈਨੂੰ ਛੋਟੇ ਸ਼ਹਿਰਾਂ ‘ਚ ਜਾਣ ਦਾ ਮੌਕਾ ਮਿਲਿਆ। ਜਿੱਥੇ ਉਥੋਂ ਦੀਆਂ ਸਥਾਨਕ ਸਰਕਾਰਾਂ ਨੇ ਅਤੇ ਲੋਕਾਂ ਨੇ ਆਪਣਾ ਇਤਿਹਾਸ, ਵਿਰਸਾਤ, ਖੇਡਾਂ ਅਤੇ ਹੋਰ ਇਤਿਹਾਸਕ ਪੱਖਾਂ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ ਕਿ ਇਹ ਲੋਕ ਤੇ ਇੰਨ੍ਹਾਂ ਦਾ ਇਤਿਹਾਸ ਰਹਿੰਦੀ ਦੁਨੀਆ ਤੱਕ ਜੀਵਤ ਰਹੇਗਾ।

ਜਦਕਿ ਪੰਜਾਬੀ ਖਾਸ ਕਰਕੇ ਸਿੱਖਾਂ ਬਾਰੇ ਜੋ ਧਾਰਨਾ ਬਣੀ ਹੈ, ਆਪਣੇ ਲੋਕ ਸਿਰਫ ਇਤਿਹਾਸ ਰਚਨਾ ਹੀ ਜਾਣਦੇ ਹਨ, ਉਸਨੂੰ ਸੰਭਾਲ ਨਹੀਂ ਸਕਦੇ। ਉਹ ਬਿਲਕੁਲ ਸਹੀ ਹੈ। ਕਿਉਂਕਿ, ਆਸਟ੍ਰੇਲੀਆ ਵਰਗੇ ਮੁਲਕ ਨੇ ਆਪਣੇ ਇੱਕ ਪਿੰਡ ਦਾ ਇਤਿਹਾਸ ਵੀ ਬਾਖੂਬੀ ਸੰਭਾਲ ਕੇ ਰੱਖਿਆ ਹੋਇਆ ਹੈ।

ਵਿਰਾਸਤੀ ਜੇਲ੍ਹ ਵੈਂਟਬਰਥ

ਮੇਰੀ ਯਾਤਰਾ ਦੌਰਾਨ ਮੈਨੂੰ 8 ਹਜ਼ਾਰ ਦੀ ਅਬਾਦੀ ਵਾਲਾ 1839 ‘ਚ ਕੈਪਟਨ ਚਾਰਲਸ ਸਟਰੂਅਟ ਵੱਲੋਂ ਖੋਜਿਆ ਸ਼ਹਿਰ ਵੈਂਟਬਰਥ ਦੀ 150 ਸਾਲ ਪੁਰਾਣੀ ਜੇਲ੍ਹ ਵੇਖਣ ਦਾ ਮੌਕਾ ਮਿਲਿਆ। ਇਹ ਜੇਲ੍ਹ 1879 ‘ਚ ਜੇਮਜ਼ ਬਰਨਿਟ ਨੇ ਬਣਾਈ ਸੀ। ਇਸ ਜੇਲ੍ਹ ‘ਚ ਰਾਜ ਭਾਗ ‘ਤੇ ਕਾਬਜ਼ ਇੰਗਲੈਂਡ ਦੇ ਗੋਰਿਆਂ ਵੱਲੋਂ ਆਸਟ੍ਰੇਲੀਆਈ ਮੂਲ ਵਾਸੀ ਜੁਝਾਰੂ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਤੇ ਉਨ੍ਹਾਂ ਨੂੰ ਇਥੇ ਤਸੀਹੇ ਤੇ ਹੋਰ ਕਠਿਨਾਈਆਂ ਦਿੱਤੀਆਂ ਜਾਂਦੀਆਂ ਸੀ।

ਇਸ ਜੇਲ੍ਹ ਦੀਆਂ ਉਹ ਪੁਰਾਣੀਆਂ 10 ਕੈਦੀ ਕੋਠੜੀਆਂ ਤੇ 2 ਇਸਤਰੀਆਂ ਦੀਆਂ ਕੋਠੜੀਆਂ, ਉਹ ਪੁਰਾਣਾ ਦਰੱਖਤ, ਜਿੰਨ੍ਹਾਂ ਨਾਲ ਕੈਦੀਆਂ ਨੂੰ ਬੰਨ੍ਹਿਆ ਜਾਂਦਾ ਸੀ, ਉਹ ਸੰਗਲ ਜੋ ਕੈਦੀਆਂ ਦੀਆਂ ਲੱਤਾਂ ‘ਚ ਪਾਇਆ ਜਾਂਦਾ ਸੀ, ਉਹ ਸਭ ਕੁਝ ਸੰਭਾਲ ਕੇ ਇੱਕ ਇਤਿਹਾਸਕ ਦਸਤਾਵੇਜ਼ ਵਜੋਂ ਰੱਖਿਆ ਗਿਆ ਹੈ। ਕੈਦੀਆਂ ਦੇ ਉਹ ਕਮਰੇ, ਉਨ੍ਹਾਂ ਦੇ ਬਿਸਤਰੇ, ਰਹਿਣ ਦਾ ਤਰੀਕਾ ਤੇ ਕਮਰਿਆਂ ‘ਚ ਛੋਟੇ-ਛੋਟੇ ਚੂਹੇ ਤੇ ਉਨ੍ਹਾਂ ਦੇ ਖਾਣ ਪੀਣ ਦੇ ਭਾਂਡੇ ਆਦਿ ਵਗੈਰਾ-ਵਗੈਰਾ ਰੱਖੇ ਹੋਏ ਸੀ।

ਜੋ ਉਨ੍ਹਾਂ ਨਾਲ ਵਰਤਾਉ ਹੁੰਦਾ ਸੀ, ਉਹ ਇੱਕ ਕਮਰੇ ‘ਚ ਨਮੂਨੇ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਜੇਲ੍ਹ ਦਾ ਨਾਂਅ ਓਲਡ ਵੈਂਟਬਰਥ (ਗੋਲ) ਹੈ। ਇਹ ਆਸਟ੍ਰੇਲੀਆ ਦੀ ਵਿਰਾਸਤ, ਹਿਸਟਰੀ ਦੀ ਲਿਸਟ ‘ਚ ਰੱਖਿਆ ਗਿਆ ਹੈ। ਇਹ ਜੇਲ੍ਹ ਦੋ ਦਰਿਆ ਮਰ੍ਹੀ ਤੇ ਡਾਰਲਿੰਗ ਦੇ ਜੰਕਸ਼ਨ ਦੇ ਨੇੜੇ ਬਣੀ ਹੋਈ ਹੈ। ਵੈਂਟ ਬਰਥ ਸ਼ਹਿਰ ਇੱਕ ਪਿੰਡ ਦੀ ਤਰ੍ਹਾਂ ਹੈ, ਪਰ ਇਤਿਹਾਸ ਇੰਨਾ ਕੁ ਸੰਭਾਲੀ ਬੈਠਾ ਹੈ ਕਿ ਉਹ ਆਪਣੇ ਆਪ ‘ਚ ਹੀ ਇੱਕ ਵੱਡੀ ਪਛਾਣ ਹੈ।

ਮਰ੍ਹੀ ਤੇ ਡਾਰਲਿੰਗ ਦਰਿਆ ਦਾ ਆਪਸੀ ਮੇਲ

ਸਾਡੇ ਪੰਜਾਬ ਹਰਿਆਣਾ ਆਪਸੀ ਪਾਣੀਆਂ ਪਿੱਛੇ ਲੜਦੇ ਹਨ। ਇੱਕ ਸੂਬਾ ਕਹਿੰਦਾ ਪਾਣੀ ਨਹੀਂ ਦੇਣਾ ਤੇ ਦੂਜਾ ਕਹਿੰਦਾ ਲੈ ਕੇ ਰਹਿਣਾ। ਨਾ ਅਦਾਲਤਾਂ ਤੇ ਨਾ ਹੀ ਰਾਜਨੀਤਿਕ ਲੋਕਾਂ ਨੂੰ ਪਤਾ ਲੱਗਦੈ ਕਿ ਕਰਨਾ ਕੀ ਹੈ। ਆਸਟ੍ਰੇਲੀਆ ਦੇ ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ਬਾਰਡਰਾਂ ‘ਤੇ ਦੋ ਦਰਿਆ ਮਰ੍ਹੀ ਤੇ ਡਾਰਲਿੰਗ ਦਾ ਆਪਸੀ ਮੇਲ ਹੁੰਦਾ ਹੈ।

ਦੋਹਾਂ ਦਰਿਆਵਾਂ ਦਾ ਉਨ੍ਹਾਂ ਨੇ ਪਾਣੀ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ ਕਿ ਆਉਣ ਵਾਲੇ ਕਈ ਸੈਂਕੜੇ ਸਾਲਾਂ ਤੱਕ ਆਸਟ੍ਰੇਲੀਆ ਨੂੰ ਕੋਈ ਪਾਣੀ ਦੀ ਸਮੱਸਿਆ ਨਹੀਂ ਆਏਗੀ। ਡਾਰਲਿੰਗ ਦਰਿਆ ਜੋ 1472 ਕਿ.ਮੀ ਲੰਬਾ ਹੈ ਅਤੇ ਮਰ੍ਹੀ ਦਰਿਆ ਜੋ ਕਰੀਬ 2500 ਕਿ.ਮੀ ਦੇ ਲੰਬਾ ਹੈ। ਜਾਣਿ ਕਿ ਦੋਹਾਂ ਦਰਿਆਵਾਂ ਦੀ ਲੰਬਾਈ 3750 ਕਿ.ਮੀ ਬਣਦੀ ਹੈ।

ਇਹ ਦੋਵੇਂ ਦਰਿਆਵਾਂ ਦਾ ਮਿਲਾਪ ਹੋ ਕੇ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਦਰਿਆ ਬਣਦਾ ਹੈ, ਉਥੇ ਇਸ ਤਰ੍ਹਾਂ ਦਾ ਇੱਕ ਪਿਕਨਿਕ ਸਪਾਟ ਬਣ ਗਿਆ ਹੈ ਕਿ ਲੋਕ ਇੰਨ੍ਹਾਂ ਦੋਹਾਂ ਦਰਿਆਵਾਂ ਦੇ ਮਿਲਾਪ ਨੂੰ ਦੇਖਣ ਆਉਂਦੇ ਨੇ। ਦੋਹਾਂ ਦਰਿਆਵਾਂ ਦੇ ਪਾਣੀ ਦਾ ਰੰਗ ਵੱਖਰਾ ਹੈ। ਪਰ ਅਖੀਰ ਮਿਲਾਪ ਹੋ ਕੇ ਇੱਕ ਖੂਬਸੂਰਤ ਨਜ਼ਾਰਾ ਪੇਸ਼ ਕਰ ਦਿੰਦਾ ਹੈ।

ਇਸ ਤਰ੍ਹਾਂ ਦਾ ਸਾਫ ਸੁਥਰਾ ਨਜ਼ਾਰਾ ਵੇਖਦਿਆਂ ਕੁਦਰਤੀ ਪ੍ਰਕਿਰਤੀ ਦਾ ਨਜ਼ਾਰਾ ਅਤੇ ਸੈਲਾਨੀਆਂ ਨੂੰ ਜੋ ਸਕੂਨ ਮਿਲਦਾ ਹੈ, ਉਸਦਾ ਕੋਈ ਮੁੱਲ ਹੀ ਨਹੀਂ। ਸਭ ਤੋਂ ਜੋ ਵੱਡੀ ਗੱਲ ਹੈ, ਕਿ ਆਸਟ੍ਰੇਲੀਅਨ ਮੂਲ ਵਾਸੀ ਲੋਕ ਹਨ, ਉਨ੍ਹਾਂ ਨੂੰ ਹਰ ਜਗ੍ਹਾ ਵੱਡਾ ਸਤਿਕਾਰ ਦਿੱਤਾ ਹੋਇਆ ਹੈ। ਉਨ੍ਹਾਂ ਦਾ ਕੌਮੀ ਝੰਡਾ ਪਹਿਲਾਂ ਲੱਗਦਾ ਹੈ ਅਤੇ ਆਸਟ੍ਰੇਲੀਆ ਦਾ ਕੌਮੀ ਝੰਡਾ ਬਾਅਦ ‘ਚ ਲੱਗਦਾ ਹੈ। ਜਿਸਦਾ ਇੱਕੋ ਸੰਦੇਸ਼ ਹੈ ਕਿ ਅਸੀਂ ਤੁਹਾਡੀ ਵਜ੍ਹਾ ਕਾਰਨ ਇਸ ਮੁਲਕ ‘ਚ ਰਹਿ ਰਹੇ ਹਾਂ।

ਵੇਖਿਆ ਸ਼ਹਿਰ ਮਲਡੂਰਾ

ਮਰ੍ਹੀ ਦਰਿਆ ਦੇ ਕੰਢਿਆਂ ‘ਤੇ ਵੱਸਿਆ ਸ਼ਹਿਰ ਮਲਡੂਰਾ ਦੀ ਅਬਾਦੀ 70 ਹਜ਼ਾਰ ਦੇ ਕਰੀਬ ਹੈ। ਇਥੇ ਮੁੱਖ ਕਿੱਤਾ ਖੇਤੀਬਾੜੀ, ਟ੍ਰਾਂਸਪੋਰਟ ਹੈ। ਚੈਫੀ ਬ੍ਰਦਰਜ਼ ਨੇ ਮਲਡੂਰਾ ਸਿਟੀ ਦੀ ਖੋਜ ਕੀਤੀ। ਪੰਜਾਬੀ ਭਾਈਚਾਰਾ 15 ਸਾਲ ਪਹਿਲਾਂ ਇਥੇ ਆ ਕੇ ਵੱਸਿਆ। ਇਸ ਵਕਤ ਹਜ਼ਾਰ ਦੇ ਕਰੀਬ ਆਪਣਾ ਪੰਜਾਬੀ ਤੇ ਸਿੱਖ ਭਾਈਚਾਰਾ ਵੱਸਦਾ ਹੈ।

ਜਿੰਨ੍ਹਾਂ ਦੇ ਵੱਡੇ ਵੱਡੇ ਫਾਰਮ ਹਾਊਸ ਜਾਂ ਟ੍ਰਾਂਸਪੋਰਟ ਦੇ ਵੱਡੇ ਕਾਰੋਬਾਰ ਹਨ। ਲੁਧਿਆਣਾ ਜ਼ਿਲ੍ਹੇ ਦੇ ਮਨਸੂਰਾਂ ਪਿੰਡ ਦੇ ਵੱਸਦੇ ਗਰੇਵਾਲ ਭਰਾਵਾਂ ਦੀ ਗਰੇਵਾਲ ਫਲੋਰ ਮਿੱਲ ਗੋਰਿਆਂ ਦੇ ਭਾਈਚਾਰੇ ‘ਚ ਵੀ ਵੱਡੀ ਪਹਿਚਾਣ ਹੈ।

ਇਸ ਤੋ ਇਲਾਵਾ ਬੌਬੀ ਗਿੱਲ ਤੇ ਚੈਰੀ ਗਰੇਵਾਲ ਹੁਰਾਂ ਦਾ ਵੀ ਮਲਡੂਰਾ ‘ਚ ਇਕ ਵੱਖਰਾ ਸਥਾਨ ਹੈ। ਗੁਰੂਘਰ ਸਥਾਪਤ ਹੋ ਗਿਆ ਹੈ। ਪਰ ਮੈਨੂੰ ਮਲਡੂਰਾ ਕਸਬੇ ਦੀ ਲਾਈਬ੍ਰੇਰੀ, ਉਥੋਂ ਦਾ ਸੂਚਨਾ ਕੇਂਦਰ ਤੇ ਹੋਰ ਵਿਲੱਖਣ ਥਾਵਾਂ ਵੇਖਣ ਦਾ ਮੌਕਾ ਮਿਲਿਆ। ਪਰ ਜੇਕਰ ਓਵਰਆਲ ਜਿਸ ਤਰ੍ਹਾਂ ਦਾ ਮਲਡੂਰਾ ਸਿਟੀ ਸੰਭਾਲਿਆ ਹੈ, ਅਸੀਂ ਆਪਣੇ ਅਨੰਦਪੁਰ ਸਾਹਿਬ, ਫਤਹਿਗੜ੍ਹ ਸਾਹਿਬ, ਅੰਮ੍ਰਿਤਸਰ, ਆਦਿ ਹੋਰ ਥਾਵਾਂ ‘ਤੇ ਜਿਥੇ ਸਿੱਖਾਂ ਨੇ ਇਤਿਹਾਸ ਰਚਿਆ, ਉਥੇ ਅਸੀਂ ਕੁਝ ਵੀ ਸੰਭਾਲ ਨਹੀਂ ਸਕੇ। ਜੋ ਮਲਡੂਰਾ ਸਿਟੀ ਨੇ ਆਪਣੀ ਹੋਂਦ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਸੰਭਾਲਿਆ ਹੋਇਆ ਹੈ।

ਮਲਡੂਰਾ ਸਿਟੀ ਦਾ ਸਪੋਰਟਸ ਕੰਪਲੈਕਸ

ਮਲਡੂਰਾ ਸਿਟੀ ਇੱਕ ਕਸਬੇ ਦੀ ਤਰ੍ਹਾਂ ਹੈ ਪਰ ਇੱਥੋਂ ਵਰਗੀਆਂ ਖੇਡ ਸਹੂਲਤਾਂ ਪੰਜਾਬ ਤਾਂ ਕੀ ਸਾਡੀ ਰਾਜਧਾਨੀ ਦਿੱਲੀ ‘ਚ ਵੀ ਨਹੀਂ ਹਨ। ਘੱਟੋ ਘੱਟ 100 ਏਕੜ ਦੇ ਏਰੀਏ ‘ਚ ਦੁਨੀਆ ਭਰ ਦੀਆਂ ਖੇਡ ਸਹੂਲਤਾਂ ਆਸਟ੍ਰੇਲੀਆਈ ਫੂਟੀ (ਉਥੋਂ ਦੀ ਫੁਟਬਾਲ ਵਰਗੀ ਆਪਣੀ ਖੇਡ) ਫੁਟਬਾਲ (ਸੌਕਰ), ਗੌਲਫ, ਹਾਕੀ ਦਾ ਐਸਟਰੋਟਰਫ ਮੈਦਾਨ, ਸਵਿਮਿੰਗ ਪੂਲ, ਵੱਡੇ ਜਿਮ, ਰਘਬੀ, ਨੈੱਟਬਾਲ, ਬਾਸਕਟਬਾਲ, ਹੈਂਡਬਾਲ, ਵਾਲੀਬਾਲ, ਕ੍ਰਿਕਟ, ਵਗੈਰਾ ਵਗੈਰਾ ਗ੍ਰਾਊਂਡਾਂ ਤੇ ਖੇਡ ਪਾਰਕਾਂ ਨੂੰ ਵੇਖਦਿਆਂ ਭੁੱਖ ਲਹਿੰਦੀ ਹੈ।

ਹਰ ਸ਼ਨੀਵਾਰ ਤੇ ਐਤਵਾਰ ਨੂੰ ਜਿਸ ਤਰ੍ਹਾਂ ਪੰਜਾਬ ਦੇ ਧਾਰਮਿਕ ਡੇਰਿਆਂ ‘ਤੇ ਮੇਲੇ ਲੱਗਦੇ ਨੇ, ਉਥੇ ਮਲਡੂਰਾ ਦੇ ਖੇਡ ਮੈਦਾਨਾਂ ‘ਚ ਬੱਚਿਆਂ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ, ਖੇਡ ਪ੍ਰੇਮੀਆਂ ਦੇ ਇਕੱਠ ‘ਚ ਜੋ ਟਿਕਟਾਂ ਖਰੀਦ ਕੇ ਮੈਦਾਨਾਂ ‘ਚ ਆਉਂਦੇ ਨੇ, ਦੀ ਇੰਨੀ ਕੁ ਭੀੜ ਹੁੰਦੀ ਹੈ ਕਿ ਤਿਲ ਸੁੱਟਣ ਜੋਗੀ ਜਗ੍ਹਾ ਵੀ ਨਹੀਂ ਮਿਲਦੀ। ਜਦਕਿ ਸਾਡੀਆਂ ਬੰਜਰ ਤੇ ਵੀਰਾਨ ਗ੍ਰਾਊਂਡਾਂ, ਜੋ ਜਿਥੇ ਕਿਤੇ ਖੇਡ ਕੰਪਲੈਕਸ ਬਣੇ ਵੀ ਹੋਣ, ਉਥੇ ਪ੍ਰਚਾਰ ਕਰਨ ਦੇ ਬਾਵਜੂਦ ਵੀ ਕੋਈ ਨਹੀਂ ਆਉਂਦਾ। ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਦੇ ਮੈਚਾਂ ਦਾ ਇੱਥੋਂ ਦੇ ਲੋਕਲ ਟੀਵੀ ਚੈਨਲ ‘ਤੇ ਸਿੱਧਾ ਪ੍ਰਸਾਰਣ ਆਉਂਦਾ ਹੈ।

ਗੱਲ ਕੀ, ਆਸਟ੍ਰੇਲੀਆ ‘ਚ ਭਾਵੇਂ ਕੋਈ ਸ਼ਹਿਰ ਹੋਵੇ ਜਾਂ ਪਿੰਡ, ਭਾਵੇਂ ਕੋਈ ਇਕੱਲਾ ਘਰ ਹੋਵੇ ਜਾਂ ਇਕੱਲਾ ਵੱਸਦਾ ਇਨਸਾਨ ਹੋਵੇ, ਉਸਨੂੰ ਹਰ ਤਰ੍ਹਾਂ ਦੀ ਸਹੂਲਤ, ਹਰ ਤਰ੍ਹਾਂ ਦਾ ਰਹਿਣ-ਸਹਿਣ, ਖਾਣ ਪੀਣ ਆਦਿ ਮਿਲਦਾ ਹੈ। ਹਰ ਕੋਈ ਸਵਰਗ ਦੀ ਜ਼ਿੰਦਗੀ ਜਿਉਂ ਰਿਹਾ ਹੈ। ਦੁਨੀਆ ‘ਤੇ ਚਲਦਾ ਫਿਰਦਾਅਸਲ ਸਵਰਗ, ਹਰ ਖੇਤਰ ‘ਚ ਇੰਨ੍ਹਾਂ ਮੁਲਕਾਂ ‘ਚੋਂ ਮਿਲ ਜਾਂਦਾ ਹੈ । ਰੱਬ ਭਲੀ ਕਰੇ। ਅਸੀਂ ਵੀ ਇੰਨ੍ਹਾਂ ਤੋਂ ਸਬਕ ਸਿੱਖ ਕੇ ਆਪਣੇ ਮੁਲਕ ‘ਚ ਇਸ ਤਰ੍ਹਾਂ ਦਾ ਸਿਸਟਮ ਸਥਾਪਤ ਕਰੀਏ ਕਿ ਸਾਨੂੰ ਵੀ ਥੋੜ੍ਹਾ ਬਹੁਤਾ ਕਿਸੇ ਸਵਰਗ ਦਾ ਸਕੂਨ ਮਿਲ ਸਕੇ ਰੱਬ ਰਾਖਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION