spot_img
34.1 C
Delhi
Monday, June 17, 2024
spot_img

ਪ੍ਰਨੀਤ ਕੌਰ ਤੇ ਮਨੀਸ਼ਾ ਗੁਲਾਟੀ ਵੱਲੋਂ ਔਰਤਾਂ ਨੂੰ ਨਿਆਂ ਦਿਵਾਉਣ ਦੇ ਮਾਮਲੇ ‘ਚ 11 ਜ਼ਿਲ੍ਹਿਆਂ ਦੀ ਪੁਲਿਸ ਦੇ ਕੰਮ-ਕਾਜ ਦੀ ਸਮੀਖਿਆ

ਯੈੱਸ ਪੰਜਾਬ
ਪਟਿਆਲਾ, 5 ਮਾਰਚ, 2021 –
ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਅੱਜ ਔਰਤਾਂ ਨੂੰ ਨਿਆਂ ਦਿਵਾਉਣ ਅਤੇ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਨਿਪਟਾਰੇ ਸਬੰਧੀ ਸੂਬੇ ਦੇ 11 ਜ਼ਿਲ੍ਹਿਆਂ ਦੀ ਪੁਲਿਸ ਦੇ ਕੰਮ ਕਾਜ ਦੀ ਸਮੀਖਿਆ ਕੀਤੀ। ਇਸ ਤੋਂ ਬਾਅਦ ਔਰਤਾਂ ਵੱਲੋਂ ਮਹਿਲਾ ਕਮਿਸ਼ਨ ਨੂੰ ਭੇਜੀਆਂ ਗਈਟਾਂ ਸ਼ਿਕਾਇਤਾਂ ਦੀ ਸੁਣਵਾਈ ਕਰਨ ਲਈ ਵਿਸ਼ੇਸ਼ ਲੋਕ ਅਦਾਲਤ ਵੀ ਲਗਾਈ ਗਈ, ਜਿਸ ਦੌਰਾਨ ਤਕਰੀਬਨ 42 ਦੇ ਕਰੀਬ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ।

ਇਸ ਮੌਕੇ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸੂਬੇ ਦਾ ਮਹਿਲਾ ਕਮਿਸ਼ਨ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਦੀ ਅਗਵਾਈ ਹੇਠ ਔਰਤਾਂ ਦੀ ਸੁਰੱਖਿਆ ਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਨਿਪਟਾਰੇ ਲਈ ਸ਼ਲਾਘਾਯੋਗ ਉਪਰਾਲੇ ਕਰ ਰਿਹਾ ਹੈ, ਜਿਸ ਦਾ ਪੰਜਾਬ ਦੀਆਂ ਮਹਿਲਾਵਾਂ ਨੂੰ ਬਹੁਤ ਲਾਭ ਹੋਇਆ ਹੈ।

ਸ੍ਰੀਮਤੀ ਪ੍ਰਨੀਤ ਕੌਰ ਨੇ 8 ਮਾਰਚ ਨੂੰ ਆ ਰਹੇ ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮਹਿਲਾ ਸ਼ਸ਼ਕਤੀਕਰਨ ਲਈ ਅਹਿਮ ਕਦਮ ਉਠਾਏ ਜਿਸ ਤਹਿਤ ਲੜਕੀਆਂ ਨੂੰ ਨੌਕਰੀਆਂ ਲਈ 33 ਫੀਸਦੀ ਤੇ ਸਥਾਨਕ ਸਰਕਾਰਾਂ ਤੇ ਪੰਚਾਇਤੀ ਚੋਣਾਂ ‘ਚ 50 ਫੀਸਦੀ ਰਾਖਵਾਕਰਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਔਰਤਾਂ ਸਬੰਧੀਂ ਸੰਵੇਦਨਸ਼ੀਲ ਮੁੱਦੇ ‘ਤੇ ਅੱਜ ਇਹ ਮੀਟਿੰਗ ਹੋਈ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਇਸ ਨਾਲ ਕਮਿਸ਼ਨ ਤੇ ਪੁਲਿਸ ਦੇ ਆਪਸੀ ਤਾਲਮੇਲ ਨਾਲ ਔਰਤਾਂ ਦੇ ਮਾਮਲੇ ਹੋਰ ਤੇਜੀ ਨਾਲ ਹੱਲ ਹੋਣਗੇ।

ਇਸ ਦੌਰਾਨ ਰਾਜ ਦੇ 11 ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ, ਭਵਿੱਖ ‘ਚ ਕੀਤੇ ਜਾਣ ਵਾਲੇ ਉਪਰਾਲੇ, ਔਰਤਾਂ ਤੇ ਲੜਕੀਆਂ ਨਾਲ ਹੋ ਰਹੇ ਸਰੀਰਕ ਸੋਸ਼ਣ ‘ਤੇ ਠੱਲ ਪਾਉਣ ਲਈ ਕੀਤੇ ਜਾ ਰਹੇ ਯਤਨਾਂ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਅਤੇ ਜਨਤਕ ਥਾਵਾਂ ‘ਤੇ ਔਰਤਾਂ ਦੀ ਸੁਰੱਖਿਆ ਪੁਖ਼ਤਾ ਕਰਨ ਲਈ ਕੀਤੇ ਜਾ ਰਹੇ ਕੰਮਾਂ, ਬਜੁਰਗ ਔਰਤਾਂ ਨਾਲ ਘਰੇਲੂ ਹਿੰਸਾ ਦੇ ਮਾਮਲਿਆਂ ਅਤੇ ਕਮਿਸ਼ਨ ਵੱਲੋਂ ਭੇਜੇ ਕੇਸਾਂ ਬਾਰੇ ਮੰਗੀ ਪੜਤਾਲੀਆ ਰਿਪੋਰਟ ਬਾਬਤ ਸਮੀਖਿਆ ਕੀਤੀ ਗਈ।

ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਔਰਤਾਂ ਦੀਆਂ ਸਮੱਸਿਆਵਾਂ ਬਿਨ੍ਹਾਂ ਦੇਰੀ ਤੋਂ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਣ ਲਈ ਮਾਨਵੀ ਅਤੇ ਉਸਾਰੀ ਪਹੁੰਚ ਅਪਨਾਉਣ। ਉਨ੍ਹਾਂ ਕਿਹਾ ਕਿ ਮਹਿਲਾਵਾਂ ਖਾਸ ਕਰਕੇ ਦਿਹਾਤੀ ਖੇਤਰ ਦੀਆਂ ਔਰਤਾਂ ਨੂੰ ਤੁਰੰਤ ਨਿਆਂ ਪ੍ਰਦਾਨ ਕਰਨ ਲਈ ਵੀ ਪੁਖ਼ਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਪੁਲਿਸ ਥਾਣਿਆਂ ਤੇ ਖਾਸ ਕਰਕੇ ਮਹਿਲਾ ਥਾਣਿਆਂ ਦੀ ਕਾਰਗੁਜ਼ਾਰੀ ਉਪਰ ਤਿੱਖੀ ਨਜ਼ਰ ਰੱਖੀ ਜਾਵੇਗੀ ਔਰਤਾਂ ਨਾਲ ਸਬੰਧਤ ਮਾਮਲਿਆਂ ‘ਚ ਅਣਗਹਿਲੀ ਵਰਤਣ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਵਿਆਹਾਂ ਦੇ ਝਗੜਿਆਂ ਨੂੰ ਆਪਸੀ ਰਜਾਮੰਦੀ ਨਾਲ ਨਿਪਟਾਉਣ ਲਈ ਯਤਨ ਕੀਤੇ ਜਾਣ ਅਤੇ ਜੇ ਹੋ ਸਕੇ ਤਾਂ ਲੜਕੀਆਂ ਵੱਲੋਂ ਕੀਤੀ ਗਈ ਸ਼ਿਕਾਇਤ ਲੜਕੇ ਨੂੰ ਨਾ ਦਿਖਾਈ ਜਾਵੇ ਤਾਂ ਕਿ ਦੋਵਾਂ ਧਿਰਾਂ ‘ਚ ਮਨਮੁਟਾਵ ਖ਼ਤਮ ਕਰਕੇ ਕਾਉਂਸਲਿੰਗ ਜਰੀਏ ਪਰਿਵਾਰ ਨੂੰ ਵਸਾਇਆ ਜਾ ਸਕੇ।

ਉਨ੍ਹਾਂ ਨੇ ਘੱਟ ਰਹੇ ਸੰਜਮ ਦੇ ਹਵਾਲੇ ਨਾਲ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਲੜਕੀਆਂ ਨੂੰ ਵਿਆਹ ਤੋਂ ਪਹਿਲਾਂ ਕਾਉਂਸਲਿੰਗ ਕੀਤੀ ਜਾਵੇ ਅਤੇ ਲੜਕਿਆਂ ਨੂੰ ਵੀ ਆਪਣੇ ਪਰਿਵਾਰ ‘ਚ ਇਕਸੁਰਤਾ ਬਣਾਉਣ ਲਈ ਸਿੱਖਿਅਤ ਕੀਤਾ ਜਾਣਾ ਜਰੂੂਰੀ ਹੈ। ਉਨ੍ਹਾਂ ਹੋਰ ਕਿਹਾ ਕਿ ਔਰਤਾਂ ਦੀ ਸੁਰੱਖਿਆ ਤੇ ਉਨਤੀ ਲਈ ਸਰਕਾਰ, ਕਮਿਸ਼ਨ ਅਤੇ ਪੁਲਿਸ ਦੇ ਯਤਨਾਂ ਤੋਂ ਇਲਾਵਾ ਸਮਾਜਿਕ ਸੰਸਥਾਵਾਂ, ਮੀਡੀਆ ਅਤੇ ਆਮ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸੰਸਦ ਮੈਂਬਰ ਤੇ ਚੇਅਰਪਰਸਨ ਨੂੰ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀ ਮਦਦ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਬਣਾਏ ‘ਵਨ ਸਟਾਪ ਸਖੀ ਸੈਂਟਰ’ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਵੱਖ-ਵੱਖ ਕਮਿਸ਼ਨਾਂ ਵੱਲੋਂ ਮੰਗੀਆਂ ਗਈਆਂ ਰਿਪੋਰਟਾਂ ‘ਤੇ ਤੁਰੰਤ ਕਾਰਵਾਈ ਕਰਨ ਲਈ ਟਾਸਕ ਫੋਰਸ ਗਠਿਤ ਕੀਤੀ ਗਈ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਐਸ.ਐਸ.ਪੀ. ਵਿਕਰਮਜੀਤ ਦੁੱਗਲ ਨੇ ਸੰਸਦ ਮੈਂਬਰ ਅਤੇ ਚੇਅਰਪਰਸਨ ਦਾ ਸਵਾਗਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਚੁੱਕੇ ਕਦਮਾਂ, ਹਰ ਥਾਣੇ ‘ਚ ਸਥਾਪਤ ਮਹਿਲਾ ਹੈਲਪ ਡੈਸਕ ਤੋਂ ਇਲਾਵਾ ਮਹਿਲਾਵਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਮਹਿਲਾ ਅਧਿਕਾਰੀਆਂ ਵੱਲੋਂ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ। ਸ੍ਰੀ ਦੁੱਗਲ ਨੇ ਭਰੋਸਾ ਦਿੱਤਾ ਕਿ ਪਟਿਆਲਾ ਪੁਲਿਸ ਜ਼ਿਲ੍ਹੇ ਅੰਦਰ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਲਈ ਵਚਨਬੱਧ ਹੈ।

ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸੰਸਦ ਮੈਂਬਰ ਦੇ ਨਿਜੀ ਸਕੱਤਰ ਬਲਵਿੰਦਰ ਸਿੰਘ, ਆਈ.ਜੀ. ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ, ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਮਹਿਲਾ ਕਮਿਸ਼ਨ ਦੇ ਮੈਂਬਰ ਸਕੱਤਰ ਵਿਮੀ ਭੁੱਲਰ, ਕਮਿਸ਼ਨ ਦੇ ਸੀਨੀਅਰ ਵਾਇਸ ਚੇਅਰਪਰਸਨ ਬਿਮਲਾ ਸ਼ਰਮਾ, ਮੈਂਬਰ ਇੰਦਰਜੀਤ ਕੌਰ, ਡਿਪਟੀ ਡਾਇਰੈਕਟਰ ਸ੍ਰੀ ਵਿਜੇ ਕੁਮਾਰ ਅਤੇ ਮੋਹਨ ਕੌਸ਼ਲ ਤੋਂ ਇਲਾਵਾ ਐਸ.ਪੀ. ਸਥਾਨਕ ਡਾ. ਸਿਮਰਤ ਕੌਰ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਬਰਨਾਲਾ, ਬਠਿੰਡਾ, ਸੰਗਰੂਰ, ਖੰਨਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਆਦਿ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

ਇਸ ਮੌਕੇ ਪਟਿਆਲਾ ਜ਼ਿਲ੍ਹੇ ਲਈ ਮਹਿਲਾਵਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਗਠਿਤ ਉਮੀਦ ਸੰਸਥਾ ਦੇ ਪੈਨਲ ਮੈਂਬਰ ਪ੍ਰੋ. ਵੰਦਨਾ ਸ਼ਰਮਾ, ਡਾ. ਹੀਨਾ ਭਾਰਤੀ, ਇੰਜ. ਸਵਿੰਦਰਜੀਤ ਬਰਾੜ, ਡਾ. ਇੰਦਰਪ੍ਰੀਤ ਸੰਧੂ, ਐਡਵੋਕੇਟ ਗਗਨਦੀਪ ਸਿੰਘ, ਐਡਵੋਕੇਟ ਅਮਨ ਗਰਗ ਦਾ ਸਨਮਾਨ ਵੀ ਕੀਤਾ ਗਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION