28.1 C
Delhi
Friday, March 29, 2024
spot_img
spot_img

ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਇਜਲਾਸ ਵਿਚ ਕੈਪਟਨ ਵੱਲੋਂ ਆਉੈਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਣ ਪ੍ਰਦੂਸ਼ਣ ਤੋਂ ਬਚਾਉਣ ਦਾ ਸੱਦਾ

ਚੰਡੀਗੜ੍ਹ, 6 ਨਵੰਬਰ, 2019:
ਸ੍ਰੀ ਗੁਰੂ ਨਾਨਕ ਦੇਵ ਦੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਬੁੱਧਵਾਰ ਨੂੰ ਸੱਦੇ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਣ ਪ੍ਰਦੂਸ਼ਣ ਦੇ ਪ੍ਰਭਾਵ ਤੋਂ ਬਚਾਉਣ ਦਾ ਸੱਦਾ ਦਿੱਤਾ।

ਗੁਰੂ ਸਾਹਿਬ ਜੀ ਦੇ ਮਹਾਨ ਫਲਸਫੇ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕੁਦਰਤ ਤੇ ਮਨੁੱਖਤਾ ਦੇ ਵਿਚਕਾਰ ਆਪਸੀ ਅੰਤਰੀਵ ਸਾਂਝ ਨੂੰ ਦਰਸਾਇਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਫਲਸਫੇ ਦੀ ਭਾਵਨਾ ਨੂੰ ਕਾਇਮ ਰੱਖਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਵੀਆਂ ਨੂੰ ਵਾਤਾਵਰਣ ਪ੍ਰਦੂਸ਼ਣ ਕਾਰਨ ਫੈਲਦੀਆਂ ਘਾਤਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਜਿਵੇਂ ਕਿ ਮੌਜੂਦਾ ਸਮੇਂ ਹਵਾ ਪ੍ਰਦੂਸ਼ਣ ਨੇ ਕੌਮੀ ਰਾਜਧਾਨੀ ਸਮੇਤ ਸਮੁੱਚੇ ਉਤਰੀ ਭਾਰਤ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।

ਮੁੱਖ ਮੰਤਰੀ ਨੇ ਸਾਰਿਆਂ ਨੂੰ ਅਪੀਲ ਕਰਦਿਆਂ ਕੁਦਰਤ ਅਤੇ ਕੁਦਰਤੀ ਸਰੋਤਾਂ ਨੂੰ ਸਾਂਭਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਸਾਫ ਸੁਥਰਾ, ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ। ਇਸ ਲਈ ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਦੀ ਘੱਟ ਵਰਤੋਂ, ਪਾਣੀ ਦੀ ਘੱਟ ਵਰਤੋਂ ਵਾਲੀਆਂ ਫਸਲਾਂ ਪੈਦਾ ਕਰਨ, ਪਰਾਲੀ ਨਾ ਸਾੜਨ ਅਤੇ ਰਸਾਇਣਕ ਖਾਦਾਂ ਦੀ ਘੱਟ ਵਰਤੋਂ ’ਤੇ ਜ਼ੋਰ ਦਿੱਤਾ।

ਇਹੋ ਵਿਚਾਰ ਦੇਸ਼ ਦੇ ਉਪ ਰਾਸ਼ਟਰਪਤੀ ਐਮ.ਵੈਂਕੱਈਆ ਨਾਇਡੂ ਵੱਲੋਂ ਪ੍ਰਗਟਾਏ ਗਏ ਜੋ ਇਤਿਹਾਸਕ ਸੈਸ਼ਨ ਦੇ ਵਿਸ਼ੇਸ਼ ਮਹਿਮਾਨ ਸਨ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਰਾਇਣ ਆਰੀਆ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸਣੇ ਪੰਜਾਬ ਦੇ ਸੰਸਦ ਮੈਂਬਰ ਅਤੇ ਪੰਜਾਬ ਤੇ ਹਰਿਆਣਾ ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਹਾਜ਼ਰੀ ਵਿੱਚ ਸ਼ਿਰਕਤ ਕੀਤੀ।

ਆਪਣੇ ਸੰਬੋਧਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਰਾਬਰੀ ਵਾਲਾ ਸਮਾਜ ਸਿਰਜਣ, ਸਮਾਜਿਕ ਤੇ ਆਰਥਿਕ ਨਾਬਰਾਬਰੀ ਖਤਮ ਕਰਨ ਦੇ ਸਦੀਵੀਂ ਸੰਦੇਸ਼ ਦੀ ਪਾਲਣਾ ਕਰਨ ਲਈ ਸਾਰਿਆਂ ਨੂੰ ਅਪੀਲ ਕੀਤੀ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਸੰਦੇਸ਼ਾਂ ’ਤੇ ਮੁੜ ਵਿਚਾਰ ਕਰਨ ਅਤੇ ਇਸ ਤੋਂ ਕਿਸੇ ਭਟਕਣ ਨੂੰ ਠੀਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਪੀੜ੍ਹੀ ਨੂੰ ਆਪਣੇ ਜੀਵਨ ਕਾਲ ਵਿੱਚ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੀ ਬਖਸ਼ਿਸ਼ ਹਾਸਲ ਹੋਈ ਹੈ। ਉਨ੍ਹਾਂ ਨੇ ਪਹਿਲੇ ਸਿੱਖ ਗੁਰੂ ਦੀਆਂ ਰਹਿਮ ਅਤੇ ਪਿਆਰ ਕਰਨ ਦੀਆਂ ਸਿੱਖਿਆਵਾਂ ਅਤੇ ਕਦਰਾ ਕੀਮਤਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਹਿਣਸ਼ੀਲਤਾ ਤੇ ਸਦਭਾਵਨਾ ’ਤੇ ਜ਼ੋਰ ਦੇਣ ਲਈ ਗੁਰੂ ਸਾਹਿਬ ਦੀ ਏਕਤਾ ਅਤੇ ਇਕ ਪਰਮਾਤਮਾ ਦੇ ਫਲਸਫੇ ਦਾ ਵਿਸ਼ੇਸ਼ ਜ਼ਿਕਰ ਕੀਤਾ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕਰਦਿਆਂ ਕਿਹਾ ਕਿ ਸਦਨ ਵਿੱਚ ਪੰਜਾਬ ਤੇ ਹਰਿਆਣਾ ਦੇ ਵਿਧਾਇਕਾਂ ਦਰਮਿਆਨ ਅੱਜ ਦੇਖੀ ਗਈ ਸਦਭਾਵਨਾ ਭਵਿੱਖ ਵਿੱਚ ਦੋਵਾਂ ਸੂਬਿਆਂ ਵਿਚਕਾਰ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦੀ ਰਹੇਗੀ ਜਿਸ ਨਾਲ ਖਿੱਤੇ ਦੇ ਸਰਬਪੱਖੀ ਵਿਕਾਸ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕੇਗਾ।

ਆਪਣੇ ਮੁੱਖ ਭਾਸ਼ਣ ਵਿੱਚ ਉਪ ਰਾਸ਼ਟਰਪਤੀ ਐਮ. ਵੈਂਕੱਈਆ ਨਾਇਡੂ ਨੇ ਅਗਲੇ ਕੁਝ ਦਿਨਾਂ ਤੱਕ ਕਰਤਾਰਪੁਰ ਲਾਂਘਾ ਖੁੱਲ੍ਹਣ ’ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਲਾਂਘਾ ਸਾਨੂੰ ਪਵਿੱਤਰ ਅਸਥਾਨ ਕਰਤਾਰਪੁਰ ਨਾਲ ਜੋੜੇਗਾ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਵਰ੍ਹੇ ਬਿਤਾਏ।

ਉਨ੍ਹਾਂ ਨੇ ਵਿਧਾਇਕਾਂ ਨੂੰ ਇਕਸਾਰਤਾ ਵਾਲੇ ਸਮਾਜ ਦੀ ਸਿਰਜਣਾ ਲਈ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਲੋਕਾਂ ਦੀ ਸੇਵਾ ਕਰਕੇ ਮਿਸਾਲ ਕਾਇਮ ਕਰਨ ਦਾ ਸੱਦਾ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਰਾਬਰਤਾ ਦੇ ਮੁਦੱਈ ਦੱਸਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਪਹਿਲੇ ਸਿੱਖ ਗੁਰੂ ਸਾਹਿਬ ਨੇ ਔਰਤਾਂ ਦੇ ਸਤਿਕਾਰ ਲਈ ਵੀ ਆਵਾਜ਼ ਬੁਲੰਦ ਕੀਤੀ।

ਪੰਜਾਬ ਤੇ ਹਰਿਆਣਾ ਦੇ ਵਿਧਾਇਕਾਂ ਦੀ ਭਾਈਵਾਲੀ ਨਾਲ ਵਿਸ਼ੇਸ਼ ਇਜਲਾਸ ਸੱਦਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਵਧਾਈ ਦਿੰਦਿਆਂ ਉਪ ਰਾਸ਼ਟਰਪਤੀ ਨੇ ਉਮੀਦ ਪ੍ਰਗਟਾਉਂਦਿਆਂ ਕਿਹਾ ਕਿ ਇਸ ਵਿਲੱਖਣ ਕਦਮ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਅਤੇ ਸਿੱਖਿਆਵਾਂ ਦਾ ਪਾਸਾਰ ਕੋਨੇ-ਕੋਨੇ ਤੱਕ ਹੋਵੇਗਾ।

ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਿਆਂਕਾਰੀ ਸਮਾਜ ਨੂੰ ਯਕੀਨੀ ਬਣਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਸੀ ਪਿਆਰ ਅਤੇ ਸਤਿਕਾਰ ਦੇ ਦਿਖਾਏ ਰਾਹ ’ਤੇ ਚੱਲਣ ਦੀ ਅਪੀਲ ਕੀਤੀ। ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਸ਼ਾਂਤੀ ਤੇ ਸਦਭਾਵਨਾ ਨੂੰ ਇਕਮਾਤਰ ਰਸਤਾ ਦੱਸਦਿਆਂ ਉਨ੍ਹਾਂ ਨੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਕਸ਼ਮਕਸ਼ ਨੂੰ ਖਤਮ ਕਰਨ ਲਈ ਕਰਤਾਰਪੁਰ ਮਾਡਲ ਸਹਾਈ ਹੋਵੇਗਾ।

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਾਰਮਿਕ ਸਹਿਣਸ਼ੀਲਤਾ, ਅਮਨ-ਸ਼ਾਂਤੀ ਅਤੇ ਇਕ ਪ੍ਰਮਾਤਮਾ ਦਾ ਸੰਦੇਸ਼ ਫਿਰਕੂ ਹਿੰਸਾ ਦਾ ਖਾਤਮਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਫਿਰਕੂ ਹਿੰਸਾ ਵਿਸ਼ਵ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਉਪ ਰਾਸ਼ਟਰਪਤੀ, ਸਾਬਕਾ ਪ੍ਰਧਾਨ ਮੰਤਰੀ, ਪੰਜਾਬ ਤੇ ਹਰਿਆਣਾ ਦੇ ਰਾਜਪਾਲਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕਿਆ, ਯਾਦਗਾਰੀ ਚਿੰਨ੍ਹ ਅਤੇ ਕਿਤਾਬਾਂ ਦੇ ਸੈੱਟ ਨਾਲ ਸਨਮਾਨਿਤ ਕੀਤਾ ਗਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION