ਅੱਜ-ਨਾਮਾ
ਪਾਰਲੀਮੈਂਟ ਦਾ ਕਰਨ ਇਜਲਾਸ ਖਾਤਰ,
ਦਿੱਲੀ ਅੰਦਰ ਜਦ ਬੈਠਕ ਬੁਲਾਈ ਬੇਲੀ।
ਕਰੀਏ ਬਹਿਸ ਵਿਕਾਸ ਦੀ ਬਾਤ ਵਾਲੀ,
ਬਾਤ ਮੁੜ ਕੇ ਸਰਕਾਰ ਦੁਹਰਾਈ ਬੇਲੀ।
ਜਿਨ੍ਹਾਂ ਗੱਲਾਂ ਤੋਂ ਕੌੜ ਕੁਝ ਚੜ੍ਹਨ ਵਾਲੀ,
ਵਿਰੋਧੀ ਆਗੂਆਂ ਵੀ ਬਾਤ ਪਾਈ ਬੇਲੀ।
ਆਈ ਮੁੱਢਾਂ ਤੋਂ ਚੱਲੀ ਹੈ ਪਿਰਤ ਜਿੱਦਾਂ,
ਸਮਝੋ ਗਈ ਉਹ ਫਿਰ ਨਿਭਾਈ ਬੇਲੀ।
ਚੱਲਿਆ ਜਦੋਂ ਅਜਲਾਸ ਤਾਂ ਵੇਖ ਲੈਣਾ,
ਪਊਗਾ ਰੌਲਾ ਤੇ ਪਊ ਫਿਰ ਖੱਪ ਬੇਲੀ।
ਦੂਸ਼ਣਬਾਜ਼ੀ ਤੇ ਲੱਗਣਗੇ ਫੇਰ ਨਾਅਰੇ,
ਹੁੰਦਾ ਰਹਿਣਾ ਈ ਕੰਮ ਤਾਂ ਠੱਪ ਬੇਲੀ।
-ਤੀਸ ਮਾਰ ਖਾਂ
18 ਨਵੰਬਰ, 2019