ਯੈੱਸ ਪੰਜਾਬ
ਬਠਿੰਡਾ / ਚੰਡੀਗੜ੍ਹ, ਮਈ 21, 2021:
ਲਾਹੌਰ (ਪਾਕਿਸਤਾਨ) ਤੋਂ ਮੈਡੀਕਲ ਆਕਸੀਜਨ ਦੇ 2 ਟੈਂਕਰ ਦੀ ਮੰਗ ਕਰਨ ਸਬੰਧੀ ਪੰਜਾਬ ਟੂਡੇ ਵੈੱਬ ਚੈਨਲ ਦੀ ਖਬਰ ‘ਤੇ ਤਿੱਖਾ ਪ੍ਰਤੀਕਰਮ ਕਰਦਿਆਂ ਸ੍ਰੀ ਆਰ.ਐੱਸ. ਸਚਦੇਵਾ, ਐਮਡੀ ਹਾਈਟੈਕ ਇੰਡਸਟਰੀਜ਼ ਮੁਹਾਲੀ ਅਤੇ ਮੈਂਟਰ, ਪੰਜਾਬ ਸਟੇਟ ਚੈਪਟਰ, ਪੀਐਚਡੀਸੀਸੀਆਈ ਨੇ ਸਪੱਸ਼ਟ ਕੀਤਾ ਕਿ ਇਹ ਵਿਸ਼ੇਸ਼ ਤੌਰ ‘ਤੇ ਇਕ ਆਕਸੀਜਨ ਨਿਰਮਾਤਾ ਵੱਲੋਂ ਆਪਣੇ ਗੁਆਂਢੀ ਦੇਸ਼ ਦੇ ਹਮਰੁਤਬਾ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਪੰਜਾਬ ਵਿਚ ਮੈਡੀਕਲ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਤਾਂ ਜੋ ਕੋਵਿਡ -19 ਤੋਂ ਪ੍ਰਭਾਵਿਤ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਸਚਦੇਵਾ ਨੇ ਕਿਹਾ ਕਿ ਉਕਤ ਚੈਨਲ ਨੇ ਜਾਣਬੁੱਝ ਕੇ ਇਸ ਮੁੱਦੇ ਨੂੰ ਬੇਲੋੜੀ ਸਿਆਸੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਲੋਕ ਹਿੱਤ ਵਿਚ ਅਜਿਹੇ ਭਾਵੁਕ ਮੁੱਦਿਆਂ ‘ਤੇ ਅਜਿਹੇ ਨਾਜ਼ੁਕ ਸਮੇਂ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ।
ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਸਚਦੇਵਾ ਨੇ ਕਿਹਾ ਕਿ ਮੈਡੀਕਲ ਆਕਸੀਜਨ ਦੇ ਨਿਰਮਾਤਾਵਾਂ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਗੁਆਂਢੀ ਦੇਸ਼ ਤੋਂ ਮੈਡੀਕਲ ਆਕਸੀਜਨ ਦੀ ਦਰਾਮਦ ਕਰਨ ਦੀ ਆਗਿਆ ਦੇਣ ਕਿਉਂਕਿ ਇਹ ਪਾਬੰਦੀਸ਼ੁਦਾ ਹੈ।
ਸ੍ਰੀ ਸਚਦੇਵਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਡੀ ਬੇਨਤੀ ਸਿਰਫ਼ ਭਾਰਤ ਸਰਕਾਰ ਨੂੰ ਭੇਜੀ ਸੀ ਅਤੇ ਇਸ ਘਟਨਾ ਵਿਚ ਉਹਨਾਂ ਦੀ ਕੋਈ ਸਿੱਧੀ ਭੂਮਿਕਾ ਨਹੀਂ ਸੀ। ਉਹਨਾਂ ਦੱਸਿਆ ਕਿ ਇਹ ਉਨ੍ਹਾਂ ਲਈ ਤਾਂ ਹੀ ਸੰਭਵ ਹੋਵੇਗਾ ਜੇ ਭਾਰਤ ਸਰਕਾਰ ਉਨ੍ਹਾਂ ਨੂੰ ਪਾਕਿਸਤਾਨ ਤੋਂ ਆਕਸੀਜਨ ਦਰਾਮਦ ਕਰਨ ਦੀ ਆਗਿਆ ਦੇਵੇ।
ਮਹਾਂਮਾਰੀ ਦੀਆਂ ਇਨ੍ਹਾਂ ਮੁਸ਼ਕਲਾਂ ਭਰੇ ਹਾਲਾਤਾਂ ਵਿੱਚ ਅਜਿਹੇ ਮੁੱਦਿਆਂ ਨੂੰ ਧਾਰਮਿਕ ਅਤੇ ਰਾਜਨੀਤਿਕ ਰੰਗਤ ਦੇਣ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਐਮਡੀ ਨੇ ਅਜਿਹੇ ਸੰਵੇਦਨਸ਼ੀਲ ਮੁੱਦੇ ਲਈ ਮਾਨਵਤਾਵਾਦੀ ਪਹੁੰਚ ਅਪਣਾਉਣ ਦੀ ਅਪੀਲ ਕੀਤੀ ਜੋ ਕਿ ਸਮੇਂ ਦੀ ਲੋੜ ਵੀ ਹੈ।
ਸ੍ਰੀ ਸਚਦੇਵਾ ਨੇ ਪੰਜਾਬ ਸਰਕਾਰ ਦੀਆਂ ਸ਼ਾਨਦਾਰ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਲਈ ਮੈਡੀਕਲ ਆਕਸੀਜਨ ਦਾ ਪ੍ਰਬੰਧ ਕਰਨਾ ਅਤੇ ਆਪਣੇ ਟੈਂਕਰਾਂ ਨੂੰ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਆਕਸੀਜਨ ਲਿਆਉਣ ਲਈ ਲਿਜਾਣ ਨਾਲ ਇਸ ਮੁਸ਼ਕਲ ਪੜਾਅ ਵਿੱਚ ਬਹੁਤ ਵੱਡਾ ਕੰਮ ਕੀਤਾ ਜਾ ਰਿਹਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ