26.7 C
Delhi
Thursday, April 25, 2024
spot_img
spot_img

ਪਹਿਲਾ ਸਿੱਖ ਫੁੱਟਬਾਲ ਕੱਪ – ਕੇਸਾਧਾਰੀ ਟੀਮਾਂ ਪੰਜਾਬੀ ਸੱਭਿਆਚਾਰ ਤੇ ਸਿੱਖ ਪਛਾਣ ਦੀ ਚੇਤਨਾ ਨੂੰ ਕਰਨਗੀਆਂ ਪ੍ਰਫੁੱਲਤ

ਚੰਡੀਗੜ 29 ਜਨਵਰੀ, 2020 –

ਖ਼ਾਲਸਾ ਫੁੱਟਬਾਲ ਕਲੱਬ (ਖ਼ਾਲਸਾ ਐਫਸੀ) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵੱਲੋਂ ਪੰਜਾਬ ਅਤੇ ਚੰਡੀਗੜ੍ਹ ‘ਚ ਕੇਸਧਾਰੀ (ਸਾਬਤ-ਸੂਰਤ) ਖਿਡਾਰੀਆਂ ਲਈ ਪਹਿਲਾ ਸਿੱਖ ਫੁੱਟਬਾਲ ਕੱਪ 30 ਜਨਵਰੀ ਤੋਂ 8 ਫ਼ਰਵਰੀ ਤੱਕ ਕਰਵਾਇਆ ਜਾ ਰਿਹਾ ਹੈ।

ਖ਼ਾਲਸਾ ਐਫਸੀ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ, ਸੀਨੀਅਰ ਵਾਈਸ ਪ੍ਰਧਾਨ ਸ. ਬਲਵਿੰਦਰ ਸਿੰਘ ਜੌੜਾ ਅਤੇ ਸਕੱਤਰ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫੁੱਟਬਾਲ ਕੱਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।

ਇਹ ਕੱਪ ਫ਼ੀਫ਼ਾ ਦੇ ਨਿਯਮਾਂ ਤਹਿਤ 30 ਜਨਵਰੀ ਤੋਂ 8 ਫਰਵਰੀ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦਾ ਮੁੱਖ ਉਦੇਸ਼ ਪੰਜਾਬੀ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਤ ਕਰਨ ਅਤੇ ਉਨ੍ਹਾਂ ਨੂੰ ‘ਕੇਸਧਾਰੀ’ (ਸਾਬਤ-ਸੂਰਤ) ਖਿਡਾਰੀ ਬਣਾਉਣਾ ਹੈ ਤਾਂ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬੀਆਂ ਦੀ ਗਵਾਚੀ ਪੁਰਾਣੀ ਸ਼ਾਖ ਨੂੰ ਬਹਾਲ ਕੀਤਾ ਜਾ ਸਕੇ।

ਸ. ਗਰੇਵਾਲ ਨੇ ਅੱਗੇ ਦੱਸਿਆ ਕਿ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਇਸ ਟੂਰਨਾਮੈਂਟ ਦਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਉਦਘਾਟਨ ਕਰਨਗੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਜਿੰਦਰ ਸਿੰਘ ਮਹਿਤਾ ਪ੍ਰਧਾਨਗੀ ਕਰਨਗੇ ਅਤੇ ਡਾ. ਰੂਪ ਸਿੰਘ ਮੁੱਖ ਸਕੱਤਰ ਵਿਸ਼ੇਸ਼ ਮਹਿਮਾਨ ਹੋਣਗੇ।

ਸ. ਹਰਜੀਤ ਸਿੰਘ ਖ਼ਾਲਸਾ ਇੰਚਾਰਜ ਮਾਝਾ ਜੋਨ, ਡਾ. ਪ੍ਰੀਤਮ ਸਿੰਘ ਸਕੱਤਰ ਜਨਰਲ ਖ਼ਾਲਸਾ ਫੁੱਟਬਾਲ ਕਲੱਬ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਬਖ਼ਤਾਵਰ ਸਿੰਘ ਆਈ.ਏ.ਐਸ, ਮੁੱਖ ਪ੍ਰਬੰਧਕ, ਅੰਮ੍ਰਿਤਸਰ ਡਿਵੈਲਪਮੈਂਟ ਅਥਾਰਿਟੀ, ਸ. ਗੁਰਪ੍ਰੀਤ ਸਿੰਘ ਕਲਕੱਤਾ, ਪ੍ਰਿੰਸੀਪਲ ਮਹਿਲ ਸਿੰਘ ਖ਼ਾਲਸਾ ਕਾਲਜ ਅੰਮ੍ਰਿਤਸਰ, ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗੋਆਣੀ, ਬ੍ਰਿਗੇਡੀਅਰ ਹਰਚਰਨ ਸਿੰਘ ਓਲੰਪੀਅਨ, ਸ. ਸਰਦਾਰ ਹਰਿੰਦਰ ਸਿੰਘ ਮੱਲ੍ਹੀ, ਸ਼੍ਰੋਮਣੀ ਕਮੇਟੀ ਦੇ ਹੋਰ ਮੈਂਬਰਾਂ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਇਸ ਸਮਾਰੋਹ ਵਿੱਚ ਸ਼ਮੂਲੀਅਤ ਕਰਨਗੀਆਂ।

ਖ਼ਾਲਸਾ ਕੱਪ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨਾ ਦੱਸਿਆ ਕਿ ਖ਼ਾਲਸਾ ਐਫਸੀ ਇਸ ਮੈਗਾ ਉਤਸਵ ਦੌਰਾਨ ਆਪਣੀ 20 ਮੈਂਬਰੀ ਸਾਬਤ-ਸੂਰਤ ਟੀਮ ਦੀ ਚੋਣ ਕਰੇਗਾ। ਭਵਿੱਖ ਵਿੱਚ ਇਹ ਸਾਬਤ-ਸੂਰਤ ਟੀਮ ਭਾਰਤ ਸਮੇਤ ਵੱਖ-ਵੱਖ ਮੁਲਕਾਂ ਦੇ ਫੁੱਟਬਾਲ ਕਲੱਬਾਂ ਨਾਲ ਮੈਚ ਖੇਡੇਗੀ। ਉਨ੍ਹਾਂ ਕਿਹਾ ਕਿ ਖ਼ਾਲਸਾ ਐਫਸੀ ਸਮਰਪਿਤ ਖਿਡਾਰੀਆਂ ਲਈ ਇੱਕ ਲਾਂਚਿੰਗ ਪੈਡ ਦਾ ਕੰਮ ਕਰੇਗਾ ਤਾਂਕਿ ਖਿਡਾਰੀ ਆਪਣੀ ਕਿਸਮਤ ਇਨ੍ਹਾਂ ਉਚ ਪਾਏ ਦੇ ਭਾਰਤੀ ਕਲੱਬਾਂ ਸਮੇਤ ਯੂਰਪੀਅਨ ਫੁੱਟਬਾਲ ਕਲੱਬਾਂ ਨਾਲ ਜੋੜ ਸਕਣ ਅਤੇ ਹੋਰ ਤਰੱਕੀਆਂ ਕਰ ਸਕਣ।

ਫੁੱਟਬਾਲ ਪ੍ਰਮੋਟਰ ਸ. ਹਰਜੀਤ ਸਿੰਘ ਗਰੇਵਾਲ ਨੇ ਹੋਰ ਦੱਸਿਆ ਕਿ ਇਹ ਇਕ ਨਿਵੇਕਲਾ ‘ਕੇਸਧਾਰੀ’ ਖੇਡ ਉਸਤਵ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਸਿੱਖ ਪਛਾਣ ਦੀ ਚੇਤਨਾ ਨੂੰ ਵੀ ਵਿਸ਼ਵ ਪੱਧਰ ‘ਤੇ ਪ੍ਰਫੁੱਲਤ ਕਰਨ ਵਿੱਚ ਸਹਾਈ ਹੋਵੇਗਾ ਤਾਂ ਕਿ ਵਿਦੇਸ਼ਾਂ ਵਿੱਚ ਗ਼ਲਤ ਪਛਾਣ ਕਰਕੇ ਸਿੱਖਾਂ ‘ਤੇ ਹੁੰਦੇ ਨਸਲੀ ਹਮਲੇ ਰੋਕੇ ਜਾ ਸਕਣ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਸਹਾਈ ਹੋਵੇਗਾ ਅਤੇ ਉਨ੍ਹਾਂ ਦੀ ਸ਼ਕਤੀਸ਼ਾਲੀ ਊਰਜਾ ਨੂੰ ਖੇਡਾਂ ਵੱਲ ਲਗਾਈ ਜਾ ਸਕੇਗੀ ਤਾਂ ਜੋ ਆਪਣਾ ਕੈਰੀਅਰ ਖੇਡਾਂ ਨਾਲ ਜੋੜ ਕੇ ਉਹ ਭਵਿੱਖ ਦੇ ਸਰਵੋਤਮ ਖਿਡਾਰੀ ਬਣਕੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟ ਸਕਣ।

ਖ਼ਾਲਸਾ ਐਫਸੀ ਦੇ ਮੁਖੀ ਨੇ ਹੋਰ ਦੱਸਿਆ ਕਿ ਕਲੱਬ ਆਪਣੀ ਕੇਸਧਾਰੀ ਟੀਮ ਲਈ ਸਪੌਂਸਰ ਰਾਹੀਂ ਬਿਹਤਰ ਸਿਖਲਾਈ, ਕੋਚਿੰਗ ਅਤੇ ਮੈਡੀਕਲ ਸਹੂਲਤਾਂ ਸਮੇਤ ਮੁਫ਼ਤ ਪੜ੍ਹਾਈ ਤੇ ਰਹਿਣ-ਸਹਿਣ ਪ੍ਰਦਾਨ ਕਰਨ ਦੇ ਯਤਨ ਕਰੇਗਾ। ਇਸ ਤੋਂ ਇਲਾਵਾ ਖ਼ਾਲਸਾ ਐਫ਼ਸੀ ਆਪਣੇ ਫੁੱਟਬਾਲ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਦੌਰਾਨ ਸੱਟ-ਫ਼ੇਟ ਆਦਿ ਦੇ ਜੋਖ਼ਮ ਤੋਂ ਬਚਾਉਣ ਲਈ ਚੰਗੀ ਬੀਮਾ ਯੋਜਨਾ ਵੀ ਲੈਕੇ ਦੇਵੇਗਾ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦੀਆਂ ਖੇਡ ਪ੍ਰਾਪਤੀਆਂ ਨੂੰ ਮੀਡੀਆ ਦੇ ਪਲੈਟਫਾਰਮ ‘ਤੇ ਵੀ ਉਭਾਰਿਆ ਜਾਵੇਗਾ ਤਾਂ ਕਿ ਇਨ੍ਹਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਦਿਵਾਈ ਜਾ ਸਕੇ।

ਸ. ਗਰੇਵਾਲ ਨੇ ਹੋਰ ਦੱਸਿਆ ਕਿ, ਉਨ੍ਹਾਂ ਦਾ ਮੁੱਢਲਾ ਮੰਤਵ ਸਿੱਖੀ ਸਰੂਪ ਨੂੰ ਖੇਡਾਂ ਵਿੱਚ ਉਭਾਰਨਾ ਹੈ। ਉਨ੍ਹਾਂ ਦੱਸਿਆ ਕਿ ਖ਼ਾਲਸਾ ਐਫਸੀ ਵੱਲੋਂ ਪ੍ਰਸਿੱਧੀ ਪ੍ਰਾਪਤ ਕੇਸਧਾਰੀ ਖਿਡਾਰੀਆਂ, ਫੁੱਟਬਾਲਰਾਂ, ਕੋਚਾਂ ਅਤੇ ਤਨਕੀਨੀ ਅਧਿਕਾਰੀਆਂ ਸਮੇਤ ਪਰਉਪਕਾਰੀ ਸ਼ਖ਼ਸੀਅਤਾਂ ਨੂੰ ਵੀ ਉਨ੍ਹਾਂ ਦੇ ਯੋਗਦਾਨ ਬਦਲੇ ਆਪਣੇ ਸਲਾਨਾ ਸਮਾਗਮ ਦੌਰਾਨ ਸਨਮਾਨਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਸਿੱਖ ਫੁੱਟਬਾਲ ਕਪ ਦੇ ਜੇਤੂਆਂ ਅਤੇ ਰਨਰ-ਅਪ ਟੀਮਾਂ ਦੇ ਕੋਚਾਂ ਨੂੰ ਵੀ ਨਗ਼ਦ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਵੇਗਾ। ਜਦੋਂਕਿ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਆਉਣ-ਜਾਣ ਦੇ ਭੱਤੇ ਸਮੇਤ ਸਰਟੀਫਿਕੇਟ, ਸਪੋਰਟਸ ਕਿੱਟ, ਜਰਸੀ ਤੇ ਟ੍ਰੈਕ ਸੂਟ ਆਦਿ ਮੁਫ਼ਤ ਦਿੱਤੇ ਜਾਣਗੇ।

ਖ਼ਾਲਸਾ ਐਫਸੀ ਪ੍ਰਧਾਨ ਨੇ ਦੱਸਿਆ ਕਿ ਕੇਸਧਾਰੀ ਟੀਮਾਂ ਲਈ ਨਵੰਬਰ ਦੇ ਪਹਿਲੇ ਹਫ਼ਤੇ ਹੋਏ ਚੋਣ-ਟ੍ਰਾਇਲਾਂ ਦੌਰਾਨ ਸਾਬਤ ਸੂਰਤ ਖਿਡਾਰੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ਵਿੱਚੋਂ ਇਹ ਟੀਮਾਂ ਪਹਿਲਾਂ ਹੀ ਤਿਆਰ ਹੋ ਚੁੱਕੀਆਂ ਹਨ।

ਉਨ੍ਹਾਂ ਦੱਸਿਆ ਕਿ 2200 ਤੋਂ ਜਿਆਦਾ ਫੁੱਟਬਲਾਰਾਂ ਨੇ ਪੰਜਾਬ ਅਤੇ ਚੰਡੀਗੜ੍ਹ ਵਿਖੇ 23 ਵੱਖ-ਵੱਖ ਫੁੱਟਬਾਲ ਸਟੇਡੀਅਮਾਂ ‘ਚ ਹਫ਼ਤਾ ਭਰ ਚੱਲੇ ਚੋਣ ਟ੍ਰਾਇਲਾਂ ਦੌਰਾਨ ਹਿੱਸਾ ਲਿਆ ਸੀ। ਇਹੋ ਕੇਸਧਾਰੀ ਟੀਮਾਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੰਤਰ-ਜ਼ਿਲ੍ਹਾ ਟੂਰਮਨਾਮੈਂਟਾਂ ਵਿੱਚ ਨਾਕਆਊਟ ਅਧਾਰ ‘ਤੇ ਖੇਡਣਗੀਆਂ ਅਤੇ ਅੰਤਮ ਮੁਕਾਬਲੇ ਅਤੇ ਸਮਾਪਤੀ ਸਮਾਰੋਹ ਚੰਡੀਗੜ੍ਹ ਦੇ ਸੈਕਟਰ 42 ਸਥਿਤ ਫੁੱਟਬਾਲ ਸਟੇਡੀਅਮ ਵਿਖੇ 8 ਫਰਵਰੀ ਨੂੰ ਹੋਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION