ਅੱਜ-ਨਾਮਾ
ਪਰਾਲੀ ਸਾੜਨ ਤੋਂ ਪਿਆ ਈ ਫੇਰ ਭੜਥੂ,
ਸੁਪਰੀਮ ਕੋਰਟ ਨੇ ਪਾਈ ਹੈ ਝਾੜ ਮੀਆਂ।
ਕਹਿੰਦੀ ਕੀਤਾ ਸਰਕਾਰ ਨੇ ਕੱਖ ਹੈ ਨਹੀਂ,
ਕਿਰਸਾਨ ਰਹੇ ਪਰਾਲੀ ਹਨ ਸਾੜ ਮੀਆਂ।
ਰਾਜ ਸਰਕਾਰ ਜੇ ਦੇਵੇ ਕੁਝ ਖਰਚ ਪੈਸਾ,
ਕਰ ਲੈਣ ਲੋਕ ਫਿਰ ਕੁਝ ਜੁਗਾੜ ਮੀਆਂ।
ਚਰਚਾ ਖਾਲੀ ਖਜ਼ਾਨੇ ਦੀ ਛਿੜੀ ਰਹਿੰਦੀ,
ਜੀਹਨੂੰ ਮਾਂਜ ਗਈ ਰਾਜਸੀ ਧਾੜ ਮੀਆਂ।
ਫਿਰ ਵੀ ਚਰਚਾ ਪਰਾਲੀ ਦੀ ਜਦੋਂ ਹੁੰਦੀ,
ਦੱਸਦਾ ਕੋਈ ਵੀ ਠੋਸ ਨਹੀਂ ਹੱਲ ਮੀਆਂ।
ਬੰਨਿ੍ਹਆ ਜਾਂਦਾ ਈ ਗੁੱਡਾ ਪੰਜਾਬੀਆਂ ਦਾ,
ਕੋਈ ਨਾ ਹੋਰਨਾਂ ਦੀ ਕਰਦਾ ਗੱਲ ਮੀਆਂ।
-ਤੀਸ ਮਾਰ ਖਾਂ
ਨਵੰਬਰ 26, 2019