ਯੈੱਸ ਪੰਜਾਬ
ਅੰਮ੍ਰਿਤਸਰ, 7 ਦਸੰਬਰ, 2022:
ਅਕਾਲ ਤਖ਼ਤ ਸਾਹਿਬ ਵੱਲੋਂ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖ਼ਾਹੀਆ ਕਰਾਰ ਦੇਣ, ਇਕ ਹੋਰ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਸੇਵਾ ਤੋਂ ਮੁਕਤ ਕਰਨ, ਬੋਰਡ ਦੇ ਪ੍ਰਧਾਨ ਸਣੇ ਤਿੰਨ ਵਿਅਕਤੀਆਂ ਨੂੰ ਧਾਰਮਿਕ ਸਜ਼ਾ ਲਾਉਣ ਅਤੇ ਕੁਝ ਹੋਰ ਸਖ਼ਤ ਫ਼ੈਸਲੇ ਸੁਣਾਏ ਜਾਣ ਮਗਰੋਂ ਪਟਨਾ ਸਾਹਿਬ ਵਿਖ਼ੇ ਸ਼ੁਰੂ ਹੋਏ ਪੁਤਲੇ ਸਾੜਨ ਦੇ ਸਿਲਸਿਲੇ ਅਤੇ ਹੋਰ ਹੁੱਲੜਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੇ ਜਿੱਥੇ ਹੁੱਲੜਬਾਜ਼ਾਂ ਨੂੰ ਤਾੜਨਾ ਕੀਤੀ ਹੈ ਉੱਥੇ ਬਿਹਾਰ ਸਰਕਾਰ ਨੂੰ ਵੀ ਪਟਨਾ ਸਾਹਿਬ ਵਿੱਚ ਵਾਪਰ ਰਹੇ ਵਰਤਾਰੇ ਬਾਰੇ ਅੱਖਾਂ ਮੀਟ ਲੈਣ ’ਤੇ ਲੰਮੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਇਸ ਵਿਵਾਦ ਕਾਰਨ ਕੋਈ ਜਾਨੀ ਨੁਕਸਾਨ ਹੋਇਆ ਤਾਂ ਬਿਹਾਰ ਸਰਕਾਰ ਜ਼ਿੰਮੇਵਾਰ ਹੋਵੇਗੀ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੁਝ ਹੁੱਲੜਬਾਜ਼ ਤਨਖ਼ਾਹੀਏ ਵਿਅਕਤੀ ਨੂੰ ਤਖ਼ਤ ਸਾਹਿਬ ਦੇ ਅੰਦਰ ਲਿਜਾਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ ਅਤੇ ਇਸ ਬਾਰੇ ਪ੍ਰਬੰਧਕੀ ਬੋਰਡ ਵੱਲੋਂ ਪਟਨਾ ਸਾਹਿਬ ਪ੍ਰਸ਼ਾਸ਼ਨ ਨੂੰ ਲਿਖ਼ਤੀ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਬਿਹਾਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ।
ਸਰਕਾਰ ਨੂੰ ਇਹ ਵਰਤਾਰਾ ਤੁਰੰਤ ਰੋਕਣ ਲਈ ਕਹਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਪਟਨਾ ਸਾਹਿਬ ਵਿੱਚ ਇਕ ਤਨਖ਼ਾਹੀਆ, ਰੋਕ ਲੱਗੀ ਹੋਣ ਦੇ ਬਾਵਜੂਦ, ਤਖ਼ਤ ’ਤੇ ਹਾਜ਼ਰ ਹੋ ਕੇ ਧਾਰਮਿਕ ਮਰਿਆਦਾ ਨਿਭਾਉਂਦਾ ਹੈ ਤਾਂ ਪੰਜਾਬ ਅਤੇ ਹੋਰ ਥਾਂਵਾਂ ਤੋਂ ਸਿੱਖ ਪਟਨਾ ਸਾਹਿਬ ਪਹੁੰਚਣ ਵਾਸਤੇ ਮਜਬੂਰ ਹੋਣਗੇ।
ਉਨ੍ਹਾਂ ਆਖ਼ਿਆ ਕਿ ਜੇ ਇਸ ਕਰਕੇ ਹਾਲਾਤ ਖ਼ਰਾਬ ਹੁੰਦੇ ਹਨ ਅਤੇ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਜ਼ਿੰਮੇਵਾਰੀ ਬਿਹਾਰ ਸਰਕਾਰ ਦੀ ਅਤੇ ਪਟਨਾ ਸਾਹਿਬ ਪ੍ਰਸ਼ਾਸਨ ਦੀ ਹੋਵੇਗੀ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ