ਯੈੱਸ ਪੰਜਾਬ
ਚੰਡੀਗੜ੍ਹ, 24 ਮਈ, 2020:
ਪੰਜਾਬੀ ਦਾ ਇਕ ਬੜਾ ਮਸ਼ਹੂਰ ਗਾਣਾ ਰਿਹੈ, ‘ਕਿ ਇੰਨੀ ਜ਼ੋਰ ਦੀ ਮਰੋੜੀ ਮੇਰੀ ਬਾਂਹ ਜੱਟ ਨੇ, ਨਾਲੇ ਵੰਗ ਟੁੱਟ ਗਈ, ਨਾਲੇ ਬਾਂਹ ਟੁੱਟ ਗਈ।’
ਇਹੀ ਹੋਇਆ ਜਾਪਦਾ ਹੈ ਭਾਜਪਾ ਦੇ ਹਰਿਆਣਾ ਦੇ ਆਗੂ ਚੰਦਰ ਪ੍ਰਕਾਸ਼ ਕਥੂਰੀਆ ਨਾਲ। ਕਰਨਾਲ ਦੇ ਇਸ ਜਾਣੇ ਪਛਾਣੇ ਅਤੇ ਮਹੱਤਵਪੂਰਨ ਭਾਜਪਾ ਆਗੂ ਨੂੰ ਚੰਡੀਗੜ੍ਹ ਵਿਚ ਆਪਣੀ ਮਹਿਲਾ ਮਿੱਤਰ ਦੇ ਘਰ ਆਉਣਾ ਤਾਂ ਸ਼ਾਇਦ ਉਨਾ ਮਹਿੰਗਾ ਨਾ ਪੈਂਦਾ ਪਰ ਉੱਤੋਂ ਅਣਕਿਆਸਿਆ ‘ਛਾਪਾ’ ਪੈ ਜਾਣ ਕਾਰਨ ਪੈਦਾ ਹੋਈ ਅਜੀਬੋ ਗਰੀਬ ਸਥਿਤੀ ਨੇ ਉਨ੍ਹਾਂ ਨੂੰ ਕਸੂਤਾ ਫ਼ਸਾ ਦਿੱਤਾ।
ਪਹਿਲਾਂ ਤਾਂ ਉਕਤ ਮਹਿਲਾ ਦਾ ਪਰਿਵਾਰ ਉਸ ਵੇਲੇ ਆ ਧਮਕਿਆ ਜਦ ਕਥੂਰੀਆ ਉਸ ਮਹਿਲਾ ਮਿੱਤਰ ਦੇ ਘਰ ਪੁੱਜੇ ਹੋਏ ਸਨ। ਬਾਹਰੋਂ ਘੰਟੀਆਂ ਵੱਜੀਆਂ ਤਾਂ ਕਥੂਰੀਆ ਨੇ ਫ਼ੜੇ ਨਾ ਜਾਣ ਦੇ ਡਰੋਂ ਤੀਜੀ ਮੰਜ਼ਿਲ ਤੋਂ ਚਾਦਰ ਬੰਨ੍ਹਕੇ ਚਾਦਰ ਸਹਾਰੇ ਉੱਤਰ ਕੇ ਨੱਸ ਜਾਣ ਦੀ ਜੁਗਤ ਲੜਾਈ ਪਰ ਕਥੂਰੀਆ ਦਾ ਭਾਰ ਵੇਖ਼ ਕੇ ਚਾਦਰ ਜਵਾਬ ਦੇ ਗਈ ਤੇ ਨੇਤਾ ਜੀ ਧੜੰਮ ਥੱਲੇ ਆ ਡਿੱਗੇ। ਚੰਗੇ ਭਾਗੀਂ ਸਿਰ ਪਰਨੇ ਨਹੀਂ ਪਏ ਪਰ ਮੰਦੇ ਭਾਗੀਂ ਨਾ ਕੇਵਲ ਲੱਤ ਟੁੱਟ ਗਈ ਸਗੋਂ ਇਲਾਕੇ ਦੇ ਲੋਕਾਂ ਵੀਡੀਓ ਵੀ ਬਣਾ ਲਈ।
ਅਜੇ ਲੱਤ ਜੁੜਨ ਨੂੰ ਤਾਂ ਸਮਾਂ ਐ ਪਰ ਉੱਤੋਂ ਭਾਜਪਾ ਨੇ ਆਪਣੇ ਨੇਤਾ ਦੇ ਦਰਦ ਵਿਚ ਹੋਰ ਵਾਧਾ ਕਰ ਦਿੱਤਾ ਹੈ। ਭਾਜਪਾ ਹਰਿਆਣਾ ਦੇ ਪ੍ਰਧਾਨ ਸ੍ਰੀ ਸੁਭਾਸ਼ ਬਰਾਲਾ ਨੇ ਸ੍ਰੀ ਕਥੂਰੀਆ ਨੂੰ ਪਾਰਟੀ ਵਿਚੋਂ 6 ਸਾਲਾਂ ਲਈ ਮੁਅੱਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਕਥੂਰੀਆ ਦੇ ਮਾਮਲੇ ਵਿਚ ਉੱਤੋਥੱਲੀ ਆਏ ਦੋ ਵੀਡੀਉਜ਼ ਨੇ ਸਾਰੀ ਸਥਿਤੀ ਸਪਸ਼ਟ ਕਰ ਦਿੱਤੀ ਜਿਸ ਮਗਰੋਂ ਭਾਜਪਾ ਕੋਲ ਵੀ ਉਨ੍ਹਾਂ ਖਿਲਾਫ਼ ਐਕਸ਼ਨ ਲਏ ਬਿਨਾਂ ਕੋਈ ਚਾਰਾ ਨਹੀਂ ਰਹਿ ਗਿਆ ਸੀ ਕਿਉਂਕਿ ਇਹ ਵੀਡੀਓ ਸਾਹਮਣੇ ਆਉਣ ਮਗਰੋਂ ਪਾਰਟੀ ਦੀ ਕਿਰਕਿਰੀ ਹੋ ਰਹੀ ਸੀ।
ਵੇਖੋ ਵੀਡੀਓ