ਯੈੱਸ ਪੰਜਾਬ
ਚੰਡੀਗੜ੍ਹ, 2 ਅਕਤੂਬਰ, 2021:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਸ: ਨਵਜੋਤ ਸਿੰਘ ਸਿੱਧੂ ਨੇ ਸਨਿਚਰਵਾਰ ਨੂੰ ਮਹਾਤਮਾ ਗਾਂਧੀ ਅਤੇ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਸ਼ਰਧਾਂਜਲੀ ਸੰਬੰਧੀ ਇਕ ਟਵੀਟ ਕਰਦਿਆਂ ਉਸ ਦੇ ਵਿੱਚ ਹੀ ਦਾਅਵਾ ਕੀਤਾ ਹੈ ਕਿ ਅਹੁਦਾ ਹੋਵੇ ਜਾਂਨਾ, ਉਹ ਸ੍ਰੀ ਰਾਹੁਲ ਗਾਂਧੀ ਅਤੇ ਸ੍ਰੀਮਤੀ ਪ੍ਰਿਅੰਕਾ ਗਾਂਧੀ ਦੇ ਨਾਲ ਖੜ੍ਹਣਗੇ।
ਅੱਜ ਆਪਣੇ ਟਵਿੱਟਰ ਹੈਂਡਲ ਰਾਹੀਂ ਕੀਤੇ ਇਕ ਟਵੀਟ ਰਾਹੀਂ ਸ: ਸਿੱਧੂ ਨੇ ਕਿਹਾ ਕਿ ‘ਮੈਂ ਗਾਂਧੀ ਜੀ ਅਤੇ ਸ਼ਾਸਤਰੀ ਜੀ ਦੇ ਆਦਰਸ਼ਾਂ ਨੂੰ ਕਾਇਮ ਰੱਖਾਂਗਾ.. ਅਹੁਦਾ ਹੋਵੇ ਜਾਂ ਨਾ, ਮੈਂ ਸ੍ਰੀ ਰਾਹੁਲ ਗਾਂਧੀ ਅਤੇ ਸ੍ਰੀਮਤੀ ਪ੍ਰਿਅੰਕਾ ਗਾਂਧੀ ਨਾਲ ਖੜ੍ਹਾਂਗਾ। ਸਾਰੀਆਂ ਨਾਕਾਰਾਤਮਕ ਤਾਕਤਾਂ ਨੂੰ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰ ਲੈਣ, ਪਰ ਆਪਣੀ ਪਾਜ਼ਿਟਿਵ ਐਨਰਜੀ ਦੇ ਨਾਲ ਮੈਂ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਦੀ ਜਿੱਤ ਦਰਜ ਕਰਾਵਾਂਗਾ।
ਜ਼ਿਕਰਯੋਗ ਹੈ ਕਿ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ਾਲੀ ਦੀ ਅਲੋਚਨਾ ਕਰਦੇ ਰਹੇ ਸ: ਸਿੱਧੂ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਕੇ ਬਣਾਏ ਗਏ ਨਵੇਂ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵੱਲੋਂ ਲਏ ਗਏ ਕੁਝ ਫ਼ੈਸਲਿਆਂ ਨਾਲ ਵੀ ਨਾਰਾਜ਼ ਚੱਲ ਰਹੇ ਹਨ ਅਤੇ ਉਨ੍ਹਾਂ ਦੀ ਇਸ ਨਾਰਾਜ਼ਗੀ ਦਾ ਪ੍ਰਗਟਾਵਾ ਉਨ੍ਹਾਂ ਦੇ ਅਸਤੀਫ਼ੇ ਦੇ ਰੂਪ ਵਿੱਚ ਸਾਹਮਣੇ ਆਇਆ ਜਿਸ ਬਾਰੇ ਅਜੇ ਤਕ ਕਾਂਗਰਸ ਹਾਈਕਮਾਨ ਨੇ ਕੋਈ ਫ਼ੈਸਲਾ ਨਹੀਂ ਲਿਆ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ