36.1 C
Delhi
Thursday, March 28, 2024
spot_img
spot_img

ਨਵਜੋਤ ਸਿੱਧੂ ਤੇ ਕਿਸਾਨ ਸੰਘਰਸ਼ ਦੇ ਭਾਵਨਾਤਮਕ ਕਦਮਾਂ ਦੀ ਪੈੜ- ਡਾ ਅਮਰਜੀਤ ਟਾਂਡਾ

ਬਹੁਤੀ ਵਾਰੀ ਸ਼ਰੀਕ ਲੈ ਬੈਠਦੇ ਨੇ ਬੰਦੇ ਨੂੰ। ਘਰ ਤਬਾਹ ਹੋ ਜਾਂਦੇ ਨੇ ਬੱਚੇ ਬਾਗੀ ਹੋ ਜਾਂਦੇ ਨੇ। ਸਿੱਧੂ ਚੁੱਪ ਨਹੀਂ ਬੈਠ ਸਕਦਾ। ਉਹ ਚੌਕੇ ਛਿੱਕੇ ਲਾਉਂਣ ਦਾ ਸ਼ੌਕੀਨ ਹੈ। ਇੱਕ ਇੱਕ ਰਨ ਲੈ ਕੇ ਕੁੱਝ ਨਹੀਂ ਬਣਦਾ। ਛਿੱਕੇ ਮਾਰੋ ਖੇਡ ਦਿਖਾਓ ਤੇ ਫਿਰ ਭਾਵੇਂ ਆਊਟ ਹੋ ਜਾਓ ਕੋਈ ਫਰਕ ਨਹੀਂ ਪੈਂਦਾ। ਅੰਬਰ ਤੇ ਖੇਡਣਾ ਹੀ ਖੇਡ ਹੁੰਦੀ ਹੈ। ਟੀਸੀ ਤੇ ਨੱਚਣ ਚ ਨਜ਼ਾਰਾ ਹੁੰਦਾ ਹੈ ਜਮੀਨ ਤੇ ਸਾਰੇ ਨੱਚ ਲੈਂਦੇ ਨੇ।

ਸਿੱਧੂ ਦੀ ਚੁੱਪ ਚ ਉਹਦੇ ਲਈ ਗੇਂਦਬਾਜ਼ ਕੈਪਟਨ ਦੀ ਸੋਚ ਸੀ। ਹੁਣ ਕੈਪਟਨ ਦਾ ਰਵੱਈਆ ਕੁੱਝ ਤਬਦੀਲ ਹੋਇਆ ਹੈ। ਨੇੜੇ ਵਾਲਿਆਂ ਨਾਲੋ ਉਹਨੂੰ ਉਹ ਚੰਗਾ ਲੱਗਣ ਲੱਗਾ ਹੈ। ਜਦੋਂ ਵੀ ਕੋਈ ਭਾਰੂ ਹੁੰਦਾ ਹੈ ਸੋਚ ਸਮਝ ਹੀ ਕਿਸੇ ਦੀ ਅੱਗੇ ਲੈ ਕੇ ਜਾਂਦੀ ਹੈ। ਕਦੇ ਵੀ ਨੇੜਲੇ ਚਾਪਲੂਸਾਂ ਤੇ ਯਕੀਨ ਨਾ ਕਰੋ ਉਹ ਤੁਹਾਨੂੰ ਲੈ ਡਿੱਗਣਗੇ। ਤੇ ਹਾਂ ਮਾੜੀ ਨੀਵੀਂ ਸੋਚ ਹੀ ਚਾਪਲੂਸ ਹੁੰਦੀ ਹੈ। ਝੂਠੀਆਂ ਵੱਡਆਈਆਂ ਵੀ ਬੰਦੇ ਨੂੰ ਲੈ ਡਿੱਗਦੀਆਂ ਹਨ।

ਮੈਂ ਵੀ ਕਈ ਵਾਰ ਕਹਿ ਚੁੱਕਾ ਹਾਂ ਕਿ ਸਿੱਧੂ ਬਗ਼ੈਰ ਕਾਂਗਰਸ ਦਾ ਨਹੀਂ ਸਰਨਾ । ਉਹ ਰੈਲੀਆਂ ਵਿੱਚ ਤਰਥੱਲੀ ਮਚਾ ਦਿੰਦਾ ਹੈ। ਆਪਣੇ ਛਿੱਕਿਆਂ ਨਾਲ ਹੀ ਟੀਮ ਨੂੰ ਜਿਤਾ ਸਕਦਾ ਹੈ।

ਕੈਪਟਨ ਵਲੋਂ ਸਿੱਧੂ ਨੂੰ ਦੁਪਹਿਰ ਦੇ ਭੋਜਨ ‘ਤੇ ਸੱਦਣ ਚ ਵੀ ਹੁਣ ਕੁਝ ਬਦਲ ਕੇ ਖੇਡਣ ਦਾ ਮੰਨ ਕੀਤਾ ਹੈ। ਖੇਡ ਵਿੱਚ ਚੰਗੇ ਖਿਡਾਰੀ ਹੀ ਜਿੱਤਾਉਦੇ ਨੇ। ਸਾਰੀ ਟੀਮ ਚ ਇਕ ਹੀ ਖਿਡਾਰੀ ਹੁੰਦਾ ਹੈ ਜੋ ਪਾਸੇ ਪਲਟ ਦਿੰਦਾ ਹੈ। ਸੱਚਨ ਨੂੰ ਦੇਖ ਕੇ ਲੋਕ ਡਰ ਜਾਂਦੇ ਸਨ ਪ੍ਰਿਥੀਪਾਲ ਦੀ ਖੇਡ ਹਾਕੀ ਚ ਸਭ ਤੋਂ ਅੱਗੇ ਸੀ। ਪਰਗਟ ਵੀ ਖੇਡ ਦਾ ਬਹੁਤ ਚਮਕਦਾਰ ਖਿਡਾਰੀ ਰਿਹਾ ਹੈ। ਹੁਣ ਉਹ ਸਮਝਦਾਰ ਰਾਜਨੀਤਕ ਨੇਤਾ ਵੀ ਹੈ। ਮੇਰਾ ਵੀ ਇਨ੍ਹਾਂ ਚੋਂ ਬਹੁਤਿਆਂ ਨੇਤਾਵਾਂ ਨਾਲ ਦਾ ਆਮ ਹੀ ਵਾਹ ਪੈੰਦਾ ਰਹਿੰਦਾ ਹੈ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਹੈ।

ਦੋਵਾਂ ਦੇ ਰਿਸ਼ਤਿਆਂ ਵਿਚ ਕੋਈ ਲੱਡੂ ਵੰਡ ਗਿਆ ਹੈ। ਰਾਵਤ ਦਾ ਵੀ ਬਹੁਤ ਵੱਡਾ ਰੋਲ ਹੈ। ਕੈਬਨਿਟ ਦੇ ਦਰਵਾਜ਼ੇ ਸਿੱਧੂ ਲਈ ਫਿਰ ਪੂਰੀ ਤਰ੍ਹਾਂ ਖੁੱਲ ਗਏ ਹਨ ਪਰ ਉਹਨੇ ਆਪਣੇ ਪਹਿਲੇ ਮਹਿਕਮੇ ਬਗੈਰ ਨਹੀਂ ਮੰਨਣਾ। ਵੈਸੇ ਤਾਂ ਉਹ ਕਿਸੇ ਮੰਤਰਾਲੇ ਤੋਂ ਬਗੈਰ ਵੀ ਮੰਤਰੀ ਹੀ ਹੈ ਲੋਕ ਉਹਦੀ ਸੁਣਦੇ ਨੇ ਤੇ ਉਹਦੇ ਪਿੱਛੇ ਲੱਗਣਗੇ। ਉਹ ਜਿਹੜੀ ਵੀ ਟੀਮ ਵਿੱਚ ਗਿਆ ਉਹੀ ਟੀਮ ਜਿੱਤੇਗੀ। ਉਹ ਭਵਿੱਖ ਚ ਕਾਂਗਰਸ ਦਾ ਮੁੱਖ ਮੰਤਰੀ ਹੈ।

ਦੱਸਿਆ ਜਾਂਦਾ ਹੈ ਕਿ ਸਿੱਧੂ ਨੂੰ ਮੁੜ ਤੋਂ ਕੈਬਨਿਟ ਮੰਤਰੀ ਦਾ ਅਹੁਦਾ ਦਿੱਤੇ ਜਾਣ ਬਾਰੇ ਵੀ ਗੱਲਬਾਤ ਹੋਈ। ਸਿੱਧੂ ਇਸ ਨੂੰ ਪ੍ਰਵਾਨ ਕਰਦੇ ਹਨ ਜਾਂ ਨਕਾਰ ਦਿੰਦੇ ਹਨ ਇਹ ਹੁਣ ਵੱਖਰਾ ਮਾਮਲਾ ਹੈ। ਤੇ ਹਾਂ ਜੇ ਮਹਿਕਮਾ ਫਿਰ ਉਹੀ ਦਿੰਦੇ ਹਨ ਤੇ ਕੰਮ ਵੀ ਨਹੀਂ ਕਰਨ ਦੇਣਾ ਫਿਰ ਕੋਈ ਫ਼ਾਇਦਾ ਨਹੀਂ ਸਿੱਧੂ ਲਈ। ਅਸੀਂ ਦੇਸ਼ ਛੱਡ ਦਿੱਤਾ ਸੀ ਇਹਨਾਂ ਕਾਰਨਾਂ ਕਰਕੇ। ਸਿੱਧੂ ਨੇ ਤਾਂ ਮਹਿਕਮਾ ਹੀ ਛੱਡਿਆ ਸੀ। ਜਿੱਥੇ ਕਿਸੇ ਦੀ ਪੁੱਛ ਗਿੱਛ ਨਾ ਹੋਵੇ ਉੱਥੇ ਰਹਿਣਾ ਵੀ ਨਹੀਂ ਚੰਗਾ।

ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਵਿਚ ਪੰਜਾਬ ਵਿਚ 2017 ਦੇ ਮਾਰਚ ਮਹੀਨੇ ਵਿਚ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਤੋਂ ਤਕਰੀਬਨ ਦੋ ਮਹੀਨੇ ਪਹਿਲਾਂ ਹੀ ਜਨਵਰੀ ਵਿਚ ਧਮਾਕੇਦਾਰ ਐਂਟਰੀ ਹੋਈ ਸੀ। ਕਿਹਾ ਜਾ ਰਿਹਾ ਸੀ ਕਿ ਸਿੱਧੂ ਭਾਜਪਾ ਛੱਡ ਕੇ ਕਾਂਗਰਸ ਵਿਚ ਇਸ ਸ਼ਰਤ ‘ਤੇ ਸ਼ਾਮਲ ਹੋਏ ਸਨ ਕਿ ਚੋਣਾਂ ਜਿੱਤਣ ਪਿੱਛੋਂ ਉਨ੍ਹਾਂ ਨੂੰ ਡਿਪਟੀ ਸੀ. ਐੱਮ. ਦੇ ਅਹੁਦੇ ਨਾਲ ਨਿਵਾਜ਼ਿਆ ਜਾਵੇਗਾ। ਪਰ ਮੁੱਖ ਮੰਤਰੀ ਦੇ ਨੇੜੇ ਬੈਠਣ ਦੀ ਕੁਰਸੀ ਤਾਂ ਮਿਲੀ ਪਰ ਕੈਪਟਨ ਨੇ ਉਹਦੀ ਇਕ ਨਾ ਮੰਨੀ।

ਚੋਣਾਂ ਵਿਚ ਕਾਂਗਰਸ ਨੇ 117 ਵਿਚੋਂ 77 ਸੀਟਾਂ ਜਿੱਤ ਕੇ ਰਿਕਾਰਡ ਕਾਇਮ ਕੀਤਾ। ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਬਣਨਾ ਪਹਿਲਾਂ ਤੋਂ ਹੀ ਤੈਅ ਸੀ। ਸਿੱਧੂ ਨੂੰ ਡਿਪਟੀ ਸੀ. ਐੱਮ. ਬਣਾਏ ਜਾਣ ਦੀਆਂ ਅਟਕਲਾਂ ਜ਼ੋਰਾਂ ਉਤੇ ਸਨ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੈਪਟਨ ਨੇ ਇਨ੍ਹਾਂ ਅਟਕਲਾਂ ‘ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਕਿ ਸੂਬੇ ਨੂੰ ਡਿਪਟੀ ਸੀ. ਐੱਮ. ਦੀ ਲੋੜ ਹੀ ਨਹੀਂ ਹੈ? ਪਰ ਜੇ ਭੱਠਲ ਵਰਗੀ ਹੁੰਦੀ ਤਾਂ ਸ਼ੋਰ ਮਚਾ ਦਿੰਦੀ। ਸਿੱਧੂ ਨੂੰ ਸਥਾਨਕ ਸਰਕਾਰ ਅਦਾਰਿਆਂ ਅਤੇ ਸੈਰ ਸਪਾਟਾ ਮੰਤਰਲਾ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ।

ਉਨ੍ਹਾਂ ਦੀ ਡਿਪਟੀ ਸੀ.ਐਮ. ਬਣਨ ਦੀ ਹਸਰਤ ਦਿੱਲ ਵਿਚ ਹੀ ਰਹਿ ਗਈ। ਇਥੋਂ ਤੱਕ ਹੀ ਨਹੀਂ ਉਨ੍ਹਾਂ ਦਾ ਮਨ ਪਸੰਦ ਦਾ ਮੰਤਰਾਲਾ ਉਨ੍ਹਾਂ ਕੋਲੋਂ ਖੋਹ ਕੇ ਉਨ੍ਹਾਂ ਨੂੰ ਘਰ ਬੈਠਣ ਲਈ ਮਜਬੂਰ ਕੀਤਾ ਗਿਆ । ਪਰ ਇਸ ਸਮੇਂ ਸਿੱਧੂ ਸਿਆਸੀ ਤੌਰ ‘ਤੇ ਇੰਨੇ ਮਜ਼ਬੂਤ ਹਨ ਕਿ ਉਹ ਚਾਹੁੰਣ ਤਾਂ ਆਪਣੀਆਂ ਸ਼ਰਤਾਂ ਪੂਰੀਆਂ ਕਰਵਾ ਸਕਦੇ ਹਨ ਸਿਆਸਤੀ ਮਾਹਿਰ ਹੀ ਨਹੀਂ ਬੱਚਾ ਬੱਚਾ ਇਹ ਕਹਿੰਦਾ ਹੈ। ਕੈਪਟਨ ਦਾ ਵਤੀਰਾ ਵੀ ਮੋਦੀ ਵਰਗਾ ਅੜੀਅਲ ਜੇਹਾ ਹੀ ਹੈ ਜੋ ਕਈਆਂ ਨੂੰ ਲੈ ਬੈਠਦਾ ਹੈ।

ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਸਾਲ 2019 ਵਿਚ ਲੋਕ ਸਭਾ ਦੀਆਂ ਚੋਣਾਂ ਦੌਰਾਨ ਪਾੜਾ ਡੂੰਘਾ ਪੈੰਦਾ ਗਿਆ। ਚੋਣਾਂ ਵਿਚ ਟਿਕਟਾਂ ਦੀ ਵੰਡ ਸਮੇਂ ਦੋਵਾਂ ਵਿਚ ਮਤਭੇਦ ਉਦੋਂ ਹੋਰ ਵੀ ਡੂੰਘੇ ਹੋ ਗਏ ਜਦੋਂ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਦੋਸ਼ ਲਗਾਇਆ ਕਿ ਕੈਪਟਨ ਅਤੇ ਪੰਜਾਬ ਮਾਮਲਿਆਂ ਦੀ ਸਾਬਕਾ ਇੰਚਾਰਜ ਆਸ਼ਾ ਕੁਮਾਰੀ ਦੇ ਕਹਿਣ ‘ਤੇ ਮੇਰੀ ਟਿਕਟ ਕੱਟੀ ਹੈ। ਦੋਸ਼ਾਂ ਦੇ ਦਬਾਅ ਦੇ ਜਵਾਬ ਵਿਚ ਕੈਪਟਨ ਨੇ ਵੀ ਕਿਹਾ ਕਿ ਸਿੱਧੂ ਇੱਛਾਵਾਨ ਹਨ ਤੇ ਮੁੱਖ ਮੰਤਰੀ ਬਣਨ ਦੀ ਇੱਛਾ ਵੱਧ ਰੱਖਦੇ ਹਨ।

ਅਕਾਲੀ ਦਲ ਤੋਂ ਵੱਖ ਹੋਣ ਪਿੱਛੋਂ ਹੁਣ ਜਿਥੇ ਭਾਰਤੀ ਜਨਤਾ ਪਾਰਟੀ ਭਵਿੱਖ ਦੇ ਮੰਤਰੀ ਦੇ ਸਿੱਖ ਉਮੀਦਵਾਰ ਦਾ ਚਿਹਰਾ ਲੱਭ ਰਹੀ ਹੈ, ਉੱਥੇ ਬੀਤੇ ਕਈ ਸਾਲਾਂ ਤੋਂ ਆਪਣੀਆਂ ਜੜਾਂ ਮਜ਼ਬੂਤ ਕਰਨ ਲਈ ਜ਼ਮੀਨ ਨਾਲ ਜੁੜਿਆ ਕੋਈ ਸਿੱਖ ਨੇਤਾ ਅਜੇ ਤੱਕ ਨਹੀਂ ਮਿਲ ਸਕਿਆ।

ਜਿਨ੍ਹਾਂ ਨੂੰ ਸਿੱਧੂ ਤੋਂ ਉਮੀਦ ਹੈ ਸੂਬੇ ਵਿਚ ਹੋਰ ਵੀ ਨਵੀਆਂ ਪਾਰਟੀਆਂ ਪੈਦਾ ਹੋਈਆਂ ਹਨ। ਹੁਣ ਕਾਂਗਰਸ ਹਾਈ ਕਮਾਨ ਨੂੰ ਅਜਿਹੀ ਹਾਲਤ ਵਿਚ ਸਿੱਧੂ ਦੇ ਪਾਰਟੀ ਤੋਂ ਕਿਨਾਰਾ ਕਰਨ ਦਾ ਡਰ ਸਤਾਉਣ ਲੱਗਿਆ ਹੈ। ਹਾਈ ਕਮਾਨ ਅਜਿਹੀ ਹਾਲਤ ਵਿਚ ਸਿੱਧੂ ਦੇ ਡਿਪਟੀ ਸੀ.ਐੱਮ. ਬਣਨ ਦੀ ਸੇਧ ‘ਤੇ ਵੀ ਮੋਹਰ ਲਗਾ ਸਕਦੀ ਹੈ।

ਅਗਸਤ 2018 ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਉਨ੍ਹਾਂ ਵਲੋਂ ਪਾਕਿਸਤਾਨ ਦੀ ਫੌਜ ਦੇ ਮੁਖੀ ਕਮਰ ਬਾਜਵਾ ਨਾਲ ਗਲੇ ਮਿਲਣ ਪਿੱਛੋਂ ਉਹ ਵਿਵਾਦਾਂ ਵਿਚ ਘਿਰ ਗਏ । ਇਸ ਮੁੱਦੇ ‘ਤੇ ਸਿੱਧੂ ਦੀ ਪੂਰੇ ਦੇਸ਼ ਵਿਚ ਆਲੋਚਨਾ ਹੋਈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ‘ਤੇ ਨਾਰਾਜ਼ਗੀ ਪ੍ਰਗਟਾਈ ਸੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਲਈ ਪਾਕਿਸਤਾਨ ਸਰਕਾਰ ਨੇ ਸਾਬਕਾ ਵਿਦੇਸ਼ ਮੰਤਰੀ ਸਵਰਗੀ ਸੁਸ਼ਮਾ ਸਵਰਾਜ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਸਣੇ ਕਈ ਆਗੂਆਂ ਨੂੰ ਸੱਦਿਆ ਸੀ। ਨਾ ਤਾਂ ਸੁਸ਼ਮਾ ਸਵਰਾਜ ਗਈ ਤੇ ਨਾ ਹੀ ਕੈਪਟਨ ਗਏ ਪਰ ਸਿੱਧੂ ਇਕ ਦਿਨ ਪਹਿਲਾਂ ਹੀ ਪਾਕਿਸਤਾਨ ਯਾਰ ਕੋਲ ਪਹੁੰਚ ਗਏ ਸਨ।

ਜਾਂਦਾ ਵੀ ਕਿਉਂ ਨਾ ਦੂਸਰੇ ਪੰਜਾਬ ਦੇ ਯਾਰ ਨੇ ਸੱਦਿਆ ਸੀ। ਨਵੰਬਰ 2018 ਵਿਚ ਤੇਲੰਗਾਨਾ ਵਿਚ ਚੋਣ ਪ੍ਰਚਾਰ ਦੌਰਾਨ ਸਿੱਧੂ ਨੇ ਇਥੋਂ ਤੱਕ ਕਹਿ ਦਿੱਤਾ ਕਿ ‘ਕੌਣ ਕੈਪਟਨ’? ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੀ ਮੇਰੇ ਕੈਪਟਨ ਹਨ। ਅਮਰਿੰਦਰ ਸਿੰਘ ਤਾਂ ਫੌਜ ਦੇ ਕੈਪਟਨ ਰਹੇ ਹਨ। ਇਹ ਵੀ ਇੱਕ ਨਾਰਾਜ਼ਗੀ ਦਾ ਕਾਰਨ ਸੀ।

ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਪਿੱਛੋਂ ਸਿੱਧੂ ਨੇ ਮੀਡੀਆ ਨਾਲੋਂ ਵੀ ਦੂਰੀ ਬਣਾ ਲਈ। ਇਸ ਦੌਰਾਨ ਉਨ੍ਹਾਂ ਨੇ ‘ਜਿੱਤੇਗਾ ਪੰਜਾਬ’ ਦੇ ਨਾਂ ਹੇਠ ਇਕ ਯੂ-ਟਿਊਬ ਚੈਨਲ ਬਣਾਇਆ, ਜਿਸ ਵਿਚ ਉਹ ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਉਠਾਉਂਦੇ ਰਹੇ ਤੇ ਨੀਤੀਆਂ ਦੀ ਵੀ ਪੜਚੋਲ ਕਰਦੇ ਰਹੇ। ਕਈ ਵਾਰ ਉਹ ਆਪਣੀ ਹੀ ਸਰਕਾਰ ਨੂੰ ਵੀ ਕਟਹਿਰੇ ਵਿਚ ਖੜ੍ਹਾ ਕਰ ਚੁੱਕੇ ਹਨ। ਕਿਸਾਨ ਅੰਦੋਲਨ ਕਾਰਣ ਸ਼੍ਰੋਮਣੀ ਅਕਾਲੀ ਦਲ ਐੱਨ.ਡੀ. ਏ. ਤੋਂ ਬਾਹਰ ਹੋ ਗਿਆ। ਸਿੱਧੂ ਨੂੰ ਨਜ਼ਰ-ਅੰਦਾਜ਼ ਕਰਨ ਵਾਲੇ ਕੈਪਟਨ ਸਾਹਿਬ ਲੰਚ ਡਿਪਲੋਮੈਸੀ ‘ਤੇ ਉਤਰ ਆਏ।

ਭਾਜਪਾ ਵੀ ਇਕ ਮਜ਼ਬੂਤ ਸਿੱਖ ਚਿਹਰੇ ਦੇ ਬਦਲ ਵਜੋਂ ਸਿੱਧੂ ਨੂੰ ਹੀ ਫਿਰ ਵੇਖ ਰਹੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਵੀ ਜਿਨ੍ਹਾਂ ਨੂੰ ਕੋਈ ਅੱਧ ਤੇ ਵੀ ਨਹੀਂ ਸਿਆਣਦਾ ਸਿੱਧੂ ਬਾਰੇ ਕਹਿ ਚੁੱਕੇ ਹਨ ਕਿ ਉਹ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕਰਦੇ ਹਨ। ਜਿਵੇਂ ਮੈਂ ਪਹਿਲਾਂ ਹੀ ਕਿਹਾ ਹੈ ਕਿ ਵਧੀਆ ਖਿਡਾਰੀ ਨੂੰ ਸਾਰੇ ਹੀ ਲੈਣ ਲਈ ਤਿਆਰ ਹੁੰਦੇ ਹਨ।ਇੱਥੋਂ ਤਕ ਕਿ ਦੁਨੀਆਂ ਦੇ ਦੇਸ਼ ਵੀ ਉੱਤਮ ਖਿਡਾਰੀ ਨੂੰ ਝੱਟ ਮਾਈਗ੍ਰੇਸ਼ਨ ਦਿੰਦੇ ਹਨ।

ਕਾਂਗਰਸ ਦੀ ਸਿਆਸਤ ਵਿਚ ਹਾਸ਼ੀਏ ‘ਤੇ ਚੱਲ ਰਹੇ ਨਵਜੋਤ ਸਿੰਘ ਸਿੱਧੂ ਲਈ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨ ਸੰਜੀਵਨੀ ਬੂਟੀ ਵਾਂਗ ਸਾਬਤ ਹੋਏ ਹਨ। ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਕਾਰਣ ਸੂਬੇ ਵਿਚ ਪੈਦਾ ਹੋਏ ਸਮੀਕਰਨਾਂ ਨੇ ਸਿੱਧੂ ਲਈ ਸਿਆਸੀ ਰਾਹ ਸਾਰੇ ਹੀ ਖੋਲ੍ਹ ਦਿੱਤੇ ਹਨ। ਮਿੱਤਰਾ ਹੁਣ ਭਾਵੇਂ ਸੁੱਥਣ ਸਵਾ ਲੈ ਭਾਵੇਂ ਲ਼ੈੰਗਾ।ਅਗਲਿਆਂ ਨੇ ਮੂਹਰੇ ਥਾਨ ਹੀ ਸੁੱਟ ਦਿੱਤਾ ਹੈ ।

ਕਾਂਗਰਸ ਹਾਈ ਕਮਾਨ ਕੋਲ ਸਿੱਧੂ ਨੂੰ ਡਿਪਟੀ ਸੀ. ਐੱਮ. ਬਣਾਏ ਜਾਣ ਦਾ ਮਾਮਲਾ ਇਕ ਵਾਰ ਫਿਰ ਤੋਂ ਜ਼ੋਰ ਫੜਨ ਲੱਗਿਆ ਹੈ ਕਿਉਂਕਿ ਕਾਂਗਰਸ ਦੇ ਮੌਜੂਦਾ ਹਾਲਾਤ ਅਜਿਹੇ ਹਨ ਕਿ ਉਸ ਦੇ ਆਪਣੇ ਹੀ ਕੌਮੀ ਪੱਧਰ ਦੇ ਨੇਤਾ ਪਾਰਟੀ ਦੇ ਕਮਜ਼ੋਰ ਹੋਣ ‘ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ ਤੇ ਬਿਲਕੁਲ ਅਜਿਹਾ ਹੀ ਜਾਪਦਾ ਹੈ।

ਫਿਰ ਕਹਾਂਗਾ ਕਿ ਵਧੀਆ ਖਿਡਾਰੀ ਦੀ ਮੰਨਣੀ ਹੀ ਪੈਣੀ ਹੈ ਨਹੀਂ ਤਾਂ ਮੈਚ ਹਾਰ ਜਾਉਗੇ ਤੇ ਹਾਂ ਹਾਰੀ ਹੋਈ ਟੀਮ ਨੂੰ ਕੋਈ ਸਿਆਣਦਾ ਵੀ ਨਹੀਂ ਹੁੰਦਾ। ਹਾਰ ਸਦਾ ਜਿੱਤ ਨੂੰ ਹੀ ਪੈਂਦੇ ਹਨ ਜਿਵੇਂ ਹੁਣ ਕਿਸਾਨ ਤੁਰੇ ਹਨ ਜਿੱਤ ਦੀਆਂ ਰਾਹਾਂ ਤੇ। ਘਰਾਂ ਨੂੰ ਜਿੱਤ ਕੇ ਹੀ ਪਰਤਣਗੇ ਤੇ ਤੇ ਹਰ ਬਨੇਰੇ ਤੇ ਦੀਵੇ ਜਗਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION