31.7 C
Delhi
Tuesday, April 16, 2024
spot_img
spot_img

ਨਨਕਾਣਾ ਸਾਹਿਬ ਦੀ ਘਟਨਾ ਵਿਰੁੱਧ ਪਟਿਆਲਾ ’ਚ ਪਾਕਿਸਤਾਨ ਖਿਲਾਫ਼ ਭੜਕਿਆ ਗੁੱਸਾ, ਪਰਨੀਤ ਕੌਰ ਦੀ ਅਗਵਾਈ ਵਿਚ ਹੋਇਆ ਪ੍ਰਦਰਸ਼ਨ

ਪਟਿਆਲਾ, 6 ਜਨਵਰੀ, 2020:

ਪਾਕਿਸਤਾਨ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪਿਛਲੇ ਦਿਨੀ ਵਾਪਰੀ ਮੰਦਭਾਗੀ ਘਟਨਾ ਅਤੇ ਸਿੱਖਾਂ ਉਪਰ ਹੋ ਰਹੇ ਅੱਤਿਆਚਾਰਾਂ ਦੇ ਖ਼ਿਲਾਫ਼ ਅੱਜ ਕਾਂਗਰਸ ਪਾਰਟੀ ਅਤੇ ਆਮ ਨਾਗਰਿਕਾਂ ਵੱਲੋਂ ਪਟਿਆਲਾ ਵਿਖੇ ਵੀ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।

ਇੱਥੇ ਫ਼ੁਹਾਰਾ ਚੌਂਕ ਵਿਖੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਅਤੇ ਆਮ ਨਾਗਰਿਕਾਂ ਨੇ ਇਕੱਠੇ ਹੋ ਕੇ ਪਾਕਿਸਤਾਨ ਸਰਕਾਰ ਅਤੇ ਉਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਜ਼ਬਰਦਸਤ ਵਿਖਾਵਾ ਕਰਕੇ ਨਾਅਰੇਬਾਜ਼ੀ ਕਰਦਿਆਂ ਵਿਸ਼ਾਲ ਰੋਸ ਧਰਨਾ ਦਿੱਤਾ।

ਇਸ ਮੌਕੇ ਇਮਰਾਨ ਖ਼ਾਨ ਦਾ ਪੁਤਲਾ ਸਾੜਦਿਆਂ ਮੰਗ ਕੀਤੀ ਗਈ ਕਿ ਪਾਕਿਸਤਾਨ ਸਥਿਤ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਪਿਛਲੇ ਦਿਨੀਂ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਤੋਂ ਬਿਨ੍ਹਾਂ ਮੋਦੀ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਪਾਕਿਸਤਾਨ ਸਥਿਤ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਮਾਮਲਾ ਕੌਮਾਂਤਰੀ ਪੱਧਰ ‘ਤੇ ਉਠਾਇਆ ਜਾਵੇ।

ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਜਵਾਬ ਦੇਣਾ ਹੀ ਪਵੇਗਾ ਕਿ ਉਨ੍ਹਾਂ ਦੇ ਦੇਸ਼ ਵਿੱਚ ਘੱਟ ਗਿਣਤੀਆਂ ਅਤੇ ਸਿੱਖਾਂ ਦੇ ਪਵਿੱਤਰ ਗੁਰੂ ਧਾਮ ਸੁਰੱਖ਼ਿਅਤ ਕਿਊਂ ਨਹੀਂ ਹਨ? ਉਨ੍ਹਾਂ ਮੰਗ ਕੀਤੀ ਕਿ ਪਹਿਲਾਂ ਸ੍ਰੀ ਨਨਕਾਣਾ ਸਾਹਿਬ ‘ਤੇ ਪੱਥਰਬਾਜ਼ੀ ਕਰਨ ਵਾਲਿਆਂ ਅਤੇ ਮਗਰੋਂ ਸਿੱਖ ਨੌਜਵਾਨ ਦੀ ਹੱਤਿਆ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਪਾਕਿਸਤਾਨ ਵਿਖੇ ਬੀਤੇ ਦਿਨੀਂ ਉਪਰੋਂ-ਥੱਲੇ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੀੜਤ ਧਿਰਾਂ ਨਾਲ ਆਪਣੀ ਸੰਵੇਦਨਾ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਵੀ ਪਾਕਿਸਤਾਨ ਸਥਿਤ ਸਿੱਖਾਂ ‘ਤੇ ਹੋ ਰਹੇ ਅੱਤਿਆਚਾਰਾਂ ਦਾ ਮਾਮਲਾ ਕੌਮਾਂਤਰੀ ਪੱਧਰ ‘ਤੇ ਉਠਾ ਕੇ ਪੀੜਤਾਂ ਨੂੰ ਨਿਆਂ ਦਿਵਾਉਣ ਤੇ ਭਵਿੱਖ ‘ਚ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬਣਦੀ ਕਾਰਵਾਈ ਕਰੇ।

ਸ੍ਰੀਮਤੀ ਪਰਨੀਤ ਕੌਰ ਦਾ ਕਹਿਣਾਂ ਸੀ ਕਿ ਅੱਜ ਦਾ ਇਹ ਰੋਸ ਪ੍ਰਦਰਸ਼ਨ ਜਿੱਥੇ ਪਾਕਿਸਤਾਨ ਸਥਿਤ ਮੰਦਭਾਗੀਆਂ ਘਟਨਾਵਾਂ ਦੀ ਨਿੰਦਾ ਕਰਨ ਲਈ ਹੈ ਅਤੇ ਨਾਲ ਹੀ ਦੇਸ਼ ਦੀ ਕੇਂਦਰ ਸਰਕਾਰ ਨੂੰ ਜਗਾਉਣ ਲਈ ਵੀ ਹੈ ਤਾਂ ਕਿ ਉਹ ਧਰਮ ਦੇ ਨਾਮ ‘ਤੇ ਦੇਸ਼ ਦੇ ਲੋਕਾਂ ਨੂੰ ਵੰਡਣ ਦੀ ਥਾਂ ਅਸਲ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰੇ।

ਸ੍ਰੀਮਤੀ ਪਰਨੀਤ ਕੌਰ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਦੀ ਕੀਤੀ ਗਈ ਕੁੱਟਮਾਰ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਧਰਮ ਦੇ ਨਾਮ ‘ਤੇ ਵੰਡਣ ਦੀ ਥਾਂ ਦੇਸ਼ ਦੀ ਵਿਗੜੀ ਆਰਥਿਕਾ ਠੀਕ ਕਰੇ, ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਅਤੇ ਪਲੀਤ ਹੋ ਰਹੇ ਵਾਤਾਵਰਣ ਦੀ ਸੰਭਾਲ ਕਰਨ ਦੇ ਨਾਲ-ਨਾਲ ਪਾਣੀ ਦੀ ਸੰਭਾਲ ਕਰੇ।

ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਹਿਲਾਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ‘ਤੇ ਜੁਲਮ ਹੋਇਆ ਅਤੇ ਹੁਣ ਜੇ.ਐਨ.ਯੂ. ‘ਚ ਪਰੰਤੂ ਕੇਂਦਰ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਸੀ.ਆਰ. ਵਿਰੁੱਧ ਲੋਕਾਂ ਦਾ ਗੁੱਸਾ ਅਜਿਹੀਆਂ ਹੋਛੀਆਂ ਗੱਲਾਂ ਨਾਲ ਠੰਡਾ ਨਹੀਂ ਹੋਣ ਵਾਲਾ।

ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ.ਕੇ. ਮਲਹੋਤਰਾ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਤ ਲਾਲ ਬਾਂਗਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸੰਤੋਖ ਸਿੰਘ, ਪੰਜਾਬ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਨ ਬਿਮਲਾ ਸ਼ਰਮਾ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਮਹਿਲਾ ਕਾਂਗਰਸ ਦੀ ਸ਼ਹਿਰੀ ਪ੍ਰਧਾਨ ਕਿਰਨ ਢਿੱਲੋਂ, ਜਸਵਿੰਦਰ ਸਿੰਘ ਰੰਧਾਵਾ, ਯੂਥ ਕਾਂਗਰਸ ਦੇ ਪ੍ਰਧਾਨ ਅਨੁਜ ਖੋਸਲਾ, ਸਕੱਤਰ ਸੰਦੀਪ ਮਲਹੋਤਰਾ, ਹਰਜੀਤ ਸਿੰਘ ਸ਼ੇਰੂ, ਰਵਿੰਦਰ ਪਾਲ ਸਿੰਘ ਸਵੀਟੀ, ਗੁਰਮੀਤ ਸਿੰਘ ਮੋਹਣੀ, ਕੇ.ਕੇ. ਸਹਿਗਲ, ਸਕੱਤਰ ਰਜਿੰਦਰ ਸ਼ਰਮਾ, ਕੌਂਸਲਰ ਹਰਵਿੰਦਰ ਸਿੰਘ ਨਿੱਪੀ, ਰਾਜੇਸ਼ ਮੰਡੋਰਾ, ਅਮਰਬੀਰ ਕੌਰ ਬੇਦੀ, ਰਜਿੰਦਰ ਸ਼ਰਮਾ, ਵਿਜੇ ਕੂਕਾ, ਇੰਦਰਜੀਤ ਸਿੰਘ ਬੋਪਾਰਾਏ, ਕੁਲਦੀਪ ਸਿੰਘ ਖ਼ਾਲਸਾ, ਹਰੀਸ਼ ਕਪੂਰ, ਗਿੰਨੀ ਨਾਗਪਾਲ, ਨਵਾਬ ਸਿੰਘ ਮਨੇਸ ਸਮੇਤ ਵੱਡੀ ਗਿਣਤੀ ਪਟਿਆਲਾ ਦੇ ਆਮ ਨਾਗਰਿਕਾਂ ਸਮੇਤ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਆਗੂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION