23.1 C
Delhi
Wednesday, April 24, 2024
spot_img
spot_img

ਧੋਖਾ ਹੈ 13 ਨੁਕਾਤੀ ਏਜੰਡਾ, ਸਿਰਫ਼ ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ਼ ਬਾਰੇ ਹੀ ਦੱਸ ਦੇਣ ਕਾਂਗਰਸੀ: ਹਰਪਾਲ ਸਿੰਘ ਚੀਮਾ

ਯੈੱਸ ਪੰਜਾਬ
ਚੰਡੀਗੜ੍ਹ, 14 ਨਵੰਬਰ 2021 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸਰਕਾਰ ਦੇ 13 ਨੁਕਾਤੀ ਏਜੰਡੇ ਸੰਬੰਧੀ ਕੀਤੇ ਗਏ ਦਾਅਵੇ ਨੂੰ ਮਹਿਜ਼ ਛਲਾਵਾ ਕਰਾਰ ਦਿੰਦੇ ਹੋਏ ਇੱਕ ਨੁਕਾਤੀ ਜਵਾਬ ਮੰਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਸਾਜ਼ਿਸ਼ ਘਾੜਿਆਂ ਸਮੇਤ ਦੋਸ਼ੀਆਂ ਨੂੰ ਮਿਸਾਲੀ ਸਜਾ ਕਦੋਂ ਮਿਲੇਗੀ?

ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨਾਂ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਸਰਕਾਰ ਦੇ 13 ਨੁਕਾਤੀ ਏਜੰਡੇ ‘ਤੇ ਤੰਜ ਕਸਦਿਆਂ ਚੁਣੌਤੀ ਦਿੱਤੀ ਕਿ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਰਫ਼ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਬਾਰੇ ਪੰਜਾਬ ਦੀ ਜਨਤਾ ਨੂੰ ਸਪੱਸ਼ਟ ਕਰ ਦੇਣ ਕਿ ਸਾਰੇ ਸਾਜਿਸ਼ਕਰਤਾ ਅਤੇ ਦੋਸ਼ੀਆਂ ਨੂੰ ਕਿੰਨੇ ਦਿਨਾਂ ਦੇ ਅੰਦਰ-ਅੰਦਰ ਮਿਸਾਲੀ ਸਜ਼ਾ ਮਿਲੇਗੀ?

ਚੀਮਾ ਨੇ ਕਿਹਾ ਕਿ ਅਜੇ ਤੱਕ ਇਨ੍ਹਾਂ ਮਾਮਲਿਆਂ ਦੀ ਜਾਂਚ ਹੀ ਮੁਕੰਮਲ ਨਹੀਂ ਹੋਈ ਅਤੇ ਨਾ ਹੀ ਚਾਲਾਨ ਪੇਸ਼ ਕਰਨ ਦੀ ਅੰਤਿਮ ਪ੍ਰਕਿਰਿਆ ਪੂਰੀ ਹੋਈ ਹੈ। ਫਿਰ ਚੰਨੀ ਸਰਕਾਰ ਅਤੇ ਕਾਂਗਰਸ ਪ੍ਰਧਾਨ ਬੇਅਦਬੀ ਅਤੇ ਬਹਿਬਲ ਕਲਾਂ ਮਾਮਲੇ ‘ਚ ਇਨਸਾਫ਼ ਸੰਬੰਧੀ ਹਵਾ ‘ਚ ਤੀਰ ਮਾਰ ਕੇ ‘ਗੁਰੂ ਸਾਹਿਬ’ ਦੀ ਵਾਰ-ਵਾਰ ਬੇਅਦਬੀ ਕਿਉਂ ਕਰ ਰਹੇ ਹਨ?

ਚੀਮਾ ਨੇ ਚੁਣੌਤੀ ਦਿੱਤੀ ਕਿ ਜੇਕਰ ਚੰਨੀ ਅਤੇ ਸਿੱਧੂ ‘ਚ ਗੁਰੂ ਅਤੇ ਗੁਰੂ ਦੀ ਸੰਗਤ ਪ੍ਰਤੀ ਜਰਾ ਜਿੰਨਾ ਵੀ ਸਨਮਾਨ ਹੈ ਤਾਂ ਉਹ ਗੁਰੂ ਸਾਹਿਬ ਦੇ ਦੋਖੀਆਂ ਨੂੰ ਅਗਲੇ ਚੰਦ ਦਿਨਾਂ ‘ਚ ਮਿਸਾਲੀ ਸਜਾ ਯਕੀਨੀ ਬਣਾਉਣ।

ਚੀਮਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਰਵਿੰਦ ਕੇਜਰੀਵਾਲ ਦੀ 49 ਦਿਨਾਂ ਸਰਕਾਰ ਦੀ ਮਿਸਾਲ ਦਿੰਦਿਆਂ ਪੁੱਛਿਆ, ”ਪਿਛਲੇ 2 ਮਹੀਨਿਆਂ ਤੋਂ ਸੂਬੇ ਦੀ ਮੁਕੰਮਲ ਕਮਾਨ ਤੁਹਾਡੇ ਦੋਵਾਂ ਦੇ ਹੱਥ ‘ਚ ਹੈ, ਪਰੰਤੂ ਜ਼ਮੀਨ ‘ਤੇ ਕੁੱਝ ਵੀ ਨਹੀਂ ਬਦਲਿਆ। ਜਨਤਾ ਨੂੰ ਗੁਮਰਾਹ ਕਰਨ ਲਈ ਡਰਾਮੇਬਾਜ਼ੀ ਅਤੇ ਝੂਠੇ ਅੰਕੜੇ ਪੇਸ਼ ਕਰਨ ਲਈ ਸਰਕਾਰੀ ਖ਼ਜ਼ਾਨੇ ਦੀ ਅੰਨ੍ਹੇਵਾਹ ਦੁਰਵਰਤੋਂ ਹੋ ਰਹੀ ਹੈ। ਭ੍ਰਿਸ਼ਟਾਚਾਰ ਜਿਉਂ ਦਾ ਤਿਉਂ ਹੈ। ਬਹੁਭਾਂਤੀ ਮਾਫ਼ੀਆ ਪਹਿਲਾਂ ਵਾਂਗ ਹੀ ਭਾਰੂ ਹੈ।

ਨਿੱਜੀ ਬਿਜਲੀ ਕੰਪਨੀਆਂ ਦਾ ਦਬਦਬਾ ਬਰਕਾਰ ਹੈ, ਜਿਸ ਕਾਰਨ ਤੁਸੀਂ (ਚੰਨੀ-ਸਿੱਧੂ) ਮਾਰੂ ਬਿਜਲੀ ਖ਼ਰੀਦ ਸਮਝੌਤਿਆਂ (ਪੀਪੀਏਜ਼) ਨੂੰ ਰੱਦ ਕਰਨ ਤੋਂ ਭੱਜ ਗਏ ਅਤੇ ਸੋਧਾਂ ‘ਤੇ ਆ ਗਏ। ਜਦਕਿ ਦਾਅਵੇ ਇਹ ਸਨ ਕਿ ਸਾਨੂੰ (ਸਿੱਧੂ-ਚੰਨੀ) ਨੂੰ ਕਮਾਨ-ਮਿਲਣ ਉਪਰੰਤ 4 ਦਿਨਾਂ ‘ਚ ਬਿਜਲੀ ਸਮਝੌਤੇ ਰੱਦ ਕਰ ਦਿੱਤੇ ਜਾਣਗੇ।

ਇਸੇ ਤਰਾਂ ਬੇਰੁਜ਼ਗਾਰੀ, ਬੇਰੁਜ਼ਗਾਰੀ ਭੱਤੇ, ਕਿਸਾਨ-ਮਜ਼ਦੂਰ ਕਰਜ਼ੇ ਅਤੇ ਹੋਰ ਸਾਰੇ ਭਖਵੇਂ ਮੁੱਦੇ ਵੀ ਜਿਉਂ ਦੇ ਤਿਉਂ ਲੰਬਿਤ ਪਏ ਹਨ, ਕਿਉਂਕਿ ਇਨ੍ਹਾਂ ਦੋ ਮਹੀਨਿਆਂ ‘ਚ ਕਾਂਗਰਸੀ ਆਗੂਆਂ ਨੇ ਜਾਂ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਹਨ ਅਤੇ ਜਾ ਫਿਰ ਚੰਨੀ ਸਾਹਿਬ ਨੇ ਦਿੱਲੀ ਦਰਬਾਰ ਦੇ ਗੇੜੇ ਲਗਾਏ ਹਨ। ਬਾਕੀ ਬਚਦਾ ਸਮਾਂ ਡਰਾਮੇਬਾਜੀਆਂ ਅਤੇ ਹੋਛੀ ਸ਼ੋਹਰਤ ਬਟੋਰਨ ‘ਤੇ ਲਗਾ ਦਿੱਤਾ।”

ਚੀਮਾ ਨੇ ਕਿਹਾ ਕਿ ਪੌਣੇ ਪੰਜ ਸਾਲ ਬਰਬਾਦ ਕਰਕੇ ਕਾਂਗਰਸ ਨੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਬੇਸ਼ੱਕ ‘ਅਲੀਬਾਬਾ’ ਬਦਲ ਦਿੱਤਾ, ਪਰੰਤੂ ਆਪਣਾ ਛਲ਼ ਕਪਟੀ ਕਿਰਦਾਰ ਅਤੇ ਭ੍ਰਿਸ਼ਟ ਮਿਜ਼ਾਜ ਨਹੀਂ ਬਦਲਿਆ, ਕਿਉਂਕਿ ਭ੍ਰਿਸ਼ਟਾਚਾਰ, ਝੂਠ, ਫ਼ਰੇਬ, ਦਿਖਾਵਾ, ਦੰਭ, ਮੌਕਾਪ੍ਰਸਤੀ ਅਤੇ ਢੀਠਤਾ ਕਾਂਗਰਸ ਦੇ ਖ਼ੂਨ ‘ਚ ਰਲਗੱਡ ਹੋ ਗਈ ਹੈ, ਜੇਕਰ ਅਜਿਹਾ ਨਾ ਹੁੰਦਾ ਤਾਂ ਕਾਂਗਰਸੀ ਸ੍ਰੀ ਗੁਟਕਾ ਸਾਹਿਬ ਜੀ ਦੀ ਸਹੁੰ ਉੱਤੇ ਹਰ ਹਾਲ ਖਰਾ ਉੱਤਰਦੇ।

ਚੀਮਾ ਮੁਤਾਬਿਕ ਜੋ ਚੋਣਾਂ ਜਿੱਤਣ ਲਈ ‘ਗੁਰੂ’ ਦਾ ਨਾਂ ਵਰਤ ਕੇ ਮੁੱਕਰ ਸਕਦੇ ਹਨ। ਅਜਿਹੇ ਅਕ੍ਰਿਤਘਣ ਲਈ ਆਮ ਲੋਕਾਂ ਦੀ ਕੀ ਹੈਸੀਅਤ ਹੋਵੇਗੀ? ਇਸ ਦਾ ਅੰਦਾਜ਼ਾ ਕਾਂਗਰਸ ਦੀ ਪੌਣੇ ਪੰਜ ਸਾਲਾਂ ਦੀ ਕਾਰਜਸ਼ੈਲੀ ਤੋਂ ਸਹਿਜੇ ਹੀ ਲੱਗ ਜਾਂਦਾ ਹੈ।

ਚੀਮਾ ਨੇ ਕਿਹਾ ਜੇਕਰ ਸਿੱਧੂ ਅਤੇ ਚੰਨੀ ਇਹ ਸਮਝਦੇ ਹਨ ਕਿ ਉਨ੍ਹਾਂ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਬਜ਼ੁਰਗਾਂ, ਵਪਾਰੀਆਂ ਅਤੇ ਗ਼ਰੀਬਾਂ ਨਾਲ 2017 ‘ਚ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ ਤਾਂ ਕਾਂਗਰਸ 2022 ਦੀਆਂ ਚੋਣਾਂ ਮੌਕੇ ਆਪਣੇ ਕੰਮਾਂ-ਕਾਰਾਂ ਅਤੇ ਕਾਰਗੁਜ਼ਾਰੀ ਦੇ ਆਧਾਰ ‘ਤੇ ਲੋਕਾਂ ਕੋਲੋਂ ਉਸੇ ਤਰੀਕੇ ਵੋਟਾਂ ਮੰਗਣ ਜਿਵੇਂ ਆਪਣੀ ਪੰਜ ਸਾਲਾਂ ਸਰਕਾਰ ਉਪਰੰਤ ਅਰਵਿੰਦ ਕੇਜਰੀਵਾਲ ਨੇ 2020 ਦੀਆਂ ਚੋਣਾਂ ਮੌਕੇ ਦਿੱਲੀ ਦੀ ਜਨਤਾ ਕੋਲੋਂ ਮੰਗੀਆਂ ਸਨ, ਕਿ ਜੇਕਰ ਕੇਜਰੀਵਾਲ ਸਰਕਾਰ ਨੇ ਕੰਮ ਕੀਤਾ ਤਾਂ ਵੋਟ ਦਿੱਤੀ ਜਾਵੇ, ਵਰਨਾ ਨਾ ਦਿੱਤੀ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION