35.1 C
Delhi
Tuesday, April 16, 2024
spot_img
spot_img

ਦੇਸ਼ ਹਮੇਸ਼ਾ ਸ਼ਹੀਦ ਪੁਲੀਸ ਜਵਾਨਾਂ ਦਾ ਰਿਣੀ ਰਹੇਗਾ: ਗਿਰੀਸ਼ ਦਿਆਲਨ

ਐਸ.ਏ.ਐਸ. ਨਗਰ, 21 ਅਕਤੂਬਰ, 2019:
ਪੁਲੀਸ ਦੇ ਸ਼ਹੀਦ ਜਵਾਨਾਂ ਦੇ ਬਲੀਦਾਨ ਨੂੰ ਨਮਨ ਕਰਦਿਆਂ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਕਿਹਾ ਕਿ ਦੇਸ਼ ਆਪਣੇ ਇਨ੍ਹਾਂ ਅਸਲ ਨਾਇਕਾਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ।

ਪੁਲੀਸ ਸ਼ਹੀਦ ਯਾਦਗਾਰੀ ਦਿਵਸ ਮੌਕੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਰਵਾਏ ਸਮਾਰੋਹ ਦੌਰਾਨ ਸ਼ਹੀਦ ਜਵਾਨਾਂ ਦੇ ਪਰਿਵਾਰਾਂ, ਪੁਲੀਸ ਅਧਿਕਾਰੀਆਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਦਿਆਲਨ ਨੇ ਕਿਹਾ ਕਿ ਹਰ ਕੋਈ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।

ਉਨ੍ਹਾਂ ਕਿਹਾ ਕਿ ਅੱਜ ਦੇ ਮੌਕੇ ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਦੇਖਭਾਲ ਕਰੀਏ ਕਿਉਂਕਿ ਉਨ੍ਹਾਂ ਸਾਡੇ ਰੌਸ਼ਨ ਭਵਿੱਖ ਲਈ ਆਪਣੇ ਅਜ਼ੀਜ਼ ਮੈਂਬਰਾਂ ਨੂੰ ਗਵਾਇਆ ਹੈ। ਉਨ੍ਹਾਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਅਤੇ ਸੂਬੇ ਦੀ ਸ਼ਾਂਤੀ ਬਰਕਰਾਰ ਰੱਖਣ ਲਈ ਪੰਜਾਬ ਪੁਲੀਸ ਵੱਲੋਂ ਪਾਏ ਅਹਿਮ ਯੋਗਦਾਨ ਨੂੰ ਚੇਤੇ ਕੀਤਾ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲੀਸ ਦੇ 35 ਅਫ਼ਸਰਾਂ ਤੇ ਮੁਲਾਜ਼ਮਾਂ ਵੱਲੋਂ ਰਾਜ ਵਿੱਚ ਅਮਨ ਬਰਕਰਾਰ ਰੱਖਣ ਵਿੱਚ ਨਿਭਾਈ ਅਹਿਮ ਭੂਮਿਕਾ ਨਵੇਂ ਆਏ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਰਾਹ ਦਸੇਰਾ ਹੈ।

ਇਸ ਸਮਾਰੋਹ ਤੋਂ ਇਕ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਾ ਸਿਰਫ਼ ਅੱਜ ਪਰ ਜਦੋਂ ਵੀ ਪੁਲੀਸ ਸ਼ਹੀਦਾਂ ਦੇ ਪਰਿਵਾਰ ਸਾਡੇ ਕੋਲ ਆਉਣਗੇ, ਉਨ੍ਹਾਂ ਦੇ ਕੇਸਾਂ ਨਾਲ ਤਰਜੀਹ ਦੇ ਆਧਾਰ ਉਤੇ ਨਿਬੇੜਾ ਕੀਤਾ ਜਾਵੇਗਾ।

ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਐਸ.ਏ.ਐਸ. ਨਗਰ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਵੀ ਕਿਹਾ ਕਿ ਪੰਜਾਬ ਪੁਲੀਸ ਆਪਣੇ ਅਸਲ ਨਾਇਕਾਂ ਦੀ ਹਮੇਸ਼ਾ ਰਿਣੀ ਰਹੇਗੀ, ਜਿਨ੍ਹਾਂ ਆਪਣੀ ਬਹਾਦਰੀ ਨਾਲ ਪੁਲੀਸ ਫੋਰਸ ਲਈ ਨਾਮਣਾ ਖੱਟਿਆ। ਦੋਵਾਂ ਅਧਿਕਾਰੀਆਂ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਇਨ੍ਹਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ।

ਇਸ ਮੌਕੇ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਤੇ ਹੋਰ ਪੁਲੀਸ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਹੀਦੀ ਸਮਾਰਕ ਉਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਪੁਲੀਸ ਪਾਰਟੀ ਨੇ ਕਮਾਂਡਿੰਗ ਅਫ਼ਸਰ ਡੀ.ਐਸ.ਪੀ. (ਟਰੈਫਿਕ) ਸ੍ਰੀ ਗੁਰਇਕਬਾਲ ਸਿੰਘ ਦੀ ਅਗਵਾਈ ਵਿੱਚ ਆਪਣੀਆਂ ਰਾਈਫਲਾਂ ਝੁਕਾ ਕੇ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਐਸ.ਪੀ. (ਹੈੱਡ ਕੁਆਰਟਰ) ਸ੍ਰੀ ਗੁਰਸੇਵਕ ਸਿੰਘ ਬਰਾੜ ਨੇ ਸਤਿਕਾਰ ਵਜੋਂ ਪਿਛਲੇ ਸਾਲ ਦੌਰਾਨ ਦੇਸ਼ ਭਰ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਪੁਲੀਸ ਜਵਾਨਾਂ ਦੇ ਨਾਵਾਂ ਦੀ ਸੂਚੀ ਪੜ੍ਹੀ। ਮੁੱਖ ਮਹਿਮਾਨ ਸ੍ਰੀ ਦਿਆਲਨ ਅਤੇ ਐਸ.ਐਸ.ਪੀ. ਸ੍ਰੀ ਚਾਹਲ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ।

ਇਸ ਮੌਕੇ ਐਸ.ਪੀ. (ਜਾਂਚ) ਸ੍ਰੀ ਹਰਮਨਦੀਪ ਸਿੰਘ ਹਾਂਸ, ਐਸ.ਪੀ. (ਹੈੱਡ ਕੁਆਰਟਰ) ਸ੍ਰੀ ਗੁਰਸੇਵਕ ਸਿੰਘ ਬਰਾੜ, ਐਸ.ਪੀ. (ਪੀ.ਬੀ.ਆਈ., ਸੰਗਠਿਤ ਅਪਰਾਧ ਤੇ ਨਾਰਕੋਟਿਕਸ) ਸ੍ਰੀ ਹਰਬੀਰ ਸਿੰਘ ਅਟਵਾਲ, ਐਸ.ਪੀ. (ਟਰੈਫਿਕ) ਸ੍ਰੀ ਕੇਸਰ ਸਿੰਘ, ਐਸ.ਪੀ. (ਸਿਟੀ) ਸ੍ਰੀ ਹਰਵਿੰਦਰ ਸਿੰਘ ਵਿਰਕ, ਡੀ.ਐਸ.ਪੀ. (ਹੈੱਡ ਕੁਆਰਟਰ) ਸ੍ਰੀ ਦੀਪ ਕਮਲ, ਡੀ.ਐਸ.ਪੀ. (ਤਕਨੀਕੀ ਸਹਾਇਤਾ ਤੇ ਫੋਰੈਂਸਿਕ) ਸ੍ਰੀ ਰਾਜਪਾਲ ਸਿੰਘ ਹੁੰਦਲ ਅਤੇ ਡੀ.ਐਸ.ਪੀ. (ਸਾਈਬਰ ਕਰਾਈਮ) ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਤੇ ਹੋਰ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION