29 C
Delhi
Friday, April 19, 2024
spot_img
spot_img

ਦੇਸ਼ ਭਗਤ ਕਮੇਟੀ ਵੱਲੋਂ 25 ਅਗਸਤ ਨੂੰ ਫਾਸ਼ੀਵਾਦ ਵਿਰੁੱਧ ਸਮਾਗਮ ਕਰਾਉਣ ਦਾ ਐਲਾਨ

ਯੈੱਸ ਪੰਜਾਬ

ਜਲੰਧਰ, 31 ਜੁਲਾਈ, 2019-

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਮਨਾਏ ਊਧਮ ਸਿੰਘ ਸ਼ਹੀਦੀ ਦਿਹਾੜੇ ਮੌਕੇ ਅਹਿਦ ਲਿਆ ਕਿ ਆਪਣੇ ਆਪ ਨੂੰ ‘ਮੁਹੰਮਦ ਸਿੰਘ ਆਜ਼ਾਦ’ ਅਖਵਾਉਣ ਵਾਲੇ ਸ਼ਹੀਦ ਦੇ ਸੰਗਰਾਮੀ ਜੀਵਨ ਸਫ਼ਰ ਦੀਆਂ ਪੈੜ੍ਹਾਂ ਨੂੰ ਬੁਲੰਦ ਰੱਖਦਿਆਂ ਸਾਡੇ ਦੇਸ਼ ਦੀ ਮਹਾਨ ਸਾਂਝੀ ਇਤਿਹਾਸਕ ਵਿਰਾਸਤ ਨੂੰ ਫਨਾਹ ਕਰਕੇ, ਲੋਕਾਂ ਨੂੰ ਭਰਾ-ਮਾਰ ਜੰਗ ਦੀ ਭੱਠੀ ਵਿਚ ਝੋਕਣ ਲਈ ਹਰ ਹਰਬਾ ਵਰਤ ਰਹੀਆਂ ਲੋਕ-ਦੋਖੀ ਸ਼ਕਤੀਆਂ ਖਿਲਾਫ਼ ਜੂਝਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ।

ਸ਼ਹੀਦ ਊਧਮ ਸਿੰਘ ਯਾਦਗਾਰੀ ਸਮਾਗਮ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬਰੇਰੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਮੂੰਹ ਬੋਲਦਾ ਇਤਿਹਾਸ ਗਵਾਹੀ ਭਰਦਾ ਹੈ ਕਿ ਊਧਮ ਸਿੰਘ ਨੂੰ ਮਹਿਜ਼ ਜਲਿ੍ਹਆਂਵਾਲਾ ਬਾਗ਼ ਖ਼ੂਨੀ ਕਾਂਡ ਦਾ ਬਦਲਾ ਲੈਣ ਤੱਕ ਮਹਿਦੂਦ ਕਰਨ ਦੀ ਬਜਾਏ ਉਸਦੇ ਵਡੇਰੇ ਆਦਰਸ਼ ਮੁਤਾਬਕ ਅਜੋਕਾ ਸਮਾਜ ਬਦਲਕੇ, ਦੇਸੀ-ਬਦੇਸ਼ੀ ਹਰ ਵੰਨਗੀ ਦੀ ਲੁੱਟ ਅਤੇ ਦਾਬੇ ਤੋਂ ਮੁਕਤ, ਲੋਕਾਂ ਦੀ ਪੁੱਗਤ ਵਾਲਾ, ਨਵਾਂ ਜਮਹੂਰੀ ਰਾਜ ਅਤੇ ਸਮਾਜ ਸਿਰਜਣ ਨੂੰ ਉਚਿਆਉਣਾ ਸਮੇਂ ਦੀ ਲੋੜ ਹੈ।

ਬੁਲਾਰਿਆਂ ਕਿਹਾ ਕਿ ਊਧਮ ਸਿੰਘ ਦੀ ਵਿਚਾਰਧਾਰਾ ਅਤੇ ਕੁਰਬਾਨੀ ਦਾ ਅਜੋਕੇ ਪ੍ਰਸੰਗ ਵਿਚ ਮਹੱਤਵ ਇਹ ਹੈ ਕਿ ਫ਼ਿਰਕੇ, ਜਾਤ, ਧਰਮ ਆਦਿ ਨਾਂਅ ’ਤੇ ਮੁਲਕ ਅੰਦਰ ਭੀੜਤੰਤਰ ਪੈਦਾ ਕਰਨ ਦੇ ਕਾਲ਼ੇ ਮਨਸ਼ੇ ਇਕਜੁੱਟ ਹੋ ਕੇ ਨਾਕਾਮ ਕੀਤੇ ਜਾਣ। ਊਧਮ ਸਿੰਘ ਦੀ ਸ਼ਹਾਦਤ ਮੰਗ ਕਰਦੀ ਹੈ ਕਿ ਲੋਕਾਂ ਨੂੰ ਕਰਜ਼ੇ, ਖੁਦਕੁਸ਼ੀਆਂ, ਨਸ਼ੇ, ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ, ਰੁਜ਼ਗਾਰ, ਸਿੱਖਿਆ, ਸਿਹਤ, ਸਥਾਪਤੀ ਦੀ ਸਰਪ੍ਰਸਤੀ ਹੇਠ ਔਰਤਾਂ ਉਪਰ ਹੋ ਰਹੇ ਹੱਲਿਆਂ ਅਤੇ ਦੇਸੀ-ਬਦੇਸ਼ੀ ਦਾਬੇ ਖਿਲਾਫ਼ ਆਵਾਜ਼ ਉਠਾਈ ਜਾਵੇ।

ਸਮਾਗਮ ਦੇ ਅਖੀਰ ’ਚ ਕਮੇਟੀ ਵੱਲੋਂ ਇਹ ਐਲਾਨ ਕੀਤਾ ਗਿਆ ਕਿ 25 ਅਗਸਤ ਦਿਨ ਐਤਵਾਰ 11 ਵਜੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ‘ਫਾਸ਼ੀਵਾਦ ਵਿਰੁੱਧ ਸਮਾਗਮ’ ਕੀਤਾ ਜਾਏਗਾ। ਕਮੇਟੀ ਨੇ ਦੱਸਿਆ ਕਿ ਅੱਜ ਜਦੋਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣਾ ਵੀ ਗੁਨਾਹ ਹੋ ਗਿਆ ਹੈ, ਜਦੋਂ ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ ਸਮੇਤ ਅਤੇ ਹਰ ਜਾਗਦੀ ਅੱਖ ਬੰਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਅਜੇਹੇ ਸਮੇਂ ਮਹਾਨ ਗ਼ਦਰੀ ਵਿਰਾਸਤ ’ਤੇ ਪਹਿਰਾ ਦਿੰਦਿਆਂ 25 ਅਗਸਤ ਦਾ ਸਮਾਗਮ ਲੋਕਾਂ ਨੂੰ ਜਾਗਣ ਦਾ ਹੋਕਾ ਦੇਵੇਗਾ।

ਅੱਜ ਦੇ ਸਮਾਗਮ ’ਚ ਕਮੇਟੀ ਮੈਂਬਰ ਡਾ. ਕਰਮਜੀਤ ਸਿੰਘ ਅਤੇ ਚਰੰਜੀ ਲਾਲ ਕੰਗਣੀਵਾਲ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION