31.1 C
Delhi
Saturday, April 20, 2024
spot_img
spot_img

ਦੇਸ਼ ਦੇ ਸਭ ਤੋਂ ਲਾਪਰਵਾਹ ਮੁੱਖ ਮੰਤਰੀ ਸਾਬਤ ਹੋਏ ਕੈਪਟਨ ਅਮਰਿੰਦਰ ਸਿੰਘ: ਭਗਵੰਤ ਮਾਨ

ਚੰਡੀਗੜ੍ਹ, 15 ਨਵੰਬਰ 2019:
ਕਰੀਬ ਦੋ ਹਫ਼ਤਿਆਂ ਲਈ ਛੁੱਟੀਆਂ ਮਨਾਉਣ ਯੂਰਪੀਨ ਦੇਸ਼ਾਂ ਦੇ ਦੌਰੇ ‘ਤੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਬੋਲਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ‘ਚ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਲਾਪਰਵਾਹ ਮੁੱਖ ਮੰਤਰੀ ਸਾਬਤ ਹੋ ਰਹੇ ਹਨ। ਜੋ ਸੂਬੇ ਨੂੰ ਬਿਲਕੁਲ ਹੀ ਲਾਵਾਰਸ ਛੱਡ ਕੇ ਆਪਣੀ ‘ਕਿਚਨ ਕੈਬਨਿਟ ਸਮੇਤ ਯੂਰਪ ‘ਚ ‘ਸ਼ਿਕਾਰ’ ਖੇਡਣ ਨਿਕਲ ਗਏ।

‘ਆਪ’ ਮੁੱਖ ਮੰਤਰੀ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ‘ਰੋਮ ਜਲ ਰਿਹਾ ਸੀ’ ਕਹਾਵਤ ਨੂੰ ਹੂ-ਬ-ਹੂ ਸੱਚ ਕਰ ਕੇ ਦਿਖਾ ਦਿੱਤਾ ਹੈ। ਇੱਕ ਪਾਸੇ ਅੱਜ ਪੰਜਾਬ ਦੇ ਕਿਸਾਨ-ਮਜ਼ਦੂਰ, ਬੇਰੁਜ਼ਗਾਰ, ਮੁਲਾਜ਼ਮ-ਪੈਨਸ਼ਨਰ, ਵਪਾਰੀ-ਦੁਕਾਨਦਾਰ, ਬਜ਼ੁਰਗ ਤੇ ਵਿਧਵਾਵਾਂ ਅਤੇ ਦਲਿਤਾਂ-ਗ਼ਰੀਬਾਂ ਸਮੇਤ ਹਰੇਕ ਵਰਗ ਚੋਣ ਵਾਅਦਿਆਂ ਤੋਂ ਭੱਜੀ ਕੈਪਟਨ ਸਰਕਾਰ ਵਿਰੁੱਧ ਸੜਕਾਂ ‘ਤੇ ਰੋਸ-ਪ੍ਰਦਰਸ਼ਨ ਕਰ ਰਿਹਾ ਹੈ|

ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਸਭ ਨੂੰ ਅਣਗੌਲਿਆ ਕਰਕੇ ਵਿਦੇਸ਼ੀ ਧਰਤੀਆਂ ‘ਤੇ ਸੈਰ-ਸਪਾਟੇ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਨੂੰ ਅਜਿਹੇ ਤਰਸਯੋਗ ਹਾਲਤਾਂ ‘ਚ ਛੱਡ ਕੇ ਕੋਈ ਮੁੱਖ ਮੰਤਰੀ ਆਪਣੀ ਮੌਜ-ਮਸਤੀ ਬਾਰੇ ਕਿਵੇਂ ਸੋਚ ਸਕਦੇ ਹਨ?

ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਦੋ ਹਫ਼ਤਿਆਂ ਦੇ ਵਿਦੇਸ਼ ਦੌਰੇ ‘ਤੇ ਜਾਣ ਤੋਂ ਪਹਿਲਾਂ ਕਿਸੇ ਹੋਰ ਮੰਤਰੀ ਨੂੰ ਰੋਜਮਰਾਂ ਦੇ ਸਰਕਾਰੀ ਕੰਮਕਾਜ ਜਾਂ ਕਿਸੇ ਐਮਰਜੈਂਸੀ ਨਾਲ ਨਿਪਟਣ ਲਈ ‘ਚਾਰਜ’ ਦੇ ਕੇ ਜਾਣਾ ਵੀ ਜ਼ਰੂਰੀ ਨਹੀਂ ਸਮਝਿਆ।

ਭਗਵੰਤ ਮਾਨ ਮੁਤਾਬਿਕ ‘ਲੋਕਤੰਤਰ ਰਾਹੀਂ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠੇ ਕੈਪਟਨ ਅਮਰਿੰਦਰ ਸਿੰਘ ਅੱਜ ਵੀ ‘ ਰਾਜਾਸ਼ਾਹੀ ‘ ਵਾਲੇ ਅੰਦਾਜ਼ ਨਾਲ ਵਿਚਰ ਰਹੇ ਹਨ, ਜਿਵੇਂ ਪੰਜਾਬ ਉਨ੍ਹਾਂ ਦੇ ਸ਼ਾਹੀ ਪਟਿਆਲਾ ਖ਼ਾਨਦਾਨ ਦੀ ਨਿੱਜੀ ਜਾਗੀਰ ਹੋਵੇ।”

ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਾਲ ਗਈ ‘ਸ਼ਾਹੀ ਜੁੰਡਲੀ’,ਜਿੰਨਾ ‘ਚ ਐਡਵੋਕੇਟ ਜਨਰਲ ਪੰਜਾਬ ਅਤੁਲ ਨੰਦਾ, ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅਤੇ ਅਰਬਪਤੀ ਦੋਸਤ ਕੇਵਲ ਸਿੰਘ ਢਿੱਲੋਂ ਚੰਗੀ ਤਰ੍ਹਾਂ ਸਮਝ ਲੈਣ ਕਿ ਲੋਕਤੰਤਰ ਵਿਵਸਥਾ ‘ਚ ਲੋਕ ਵੱਡੇ ਹੁੰਦੇ ਹਨ ਅਤੇ ਰਾਜਭਾਗ ਰਾਣੀ ਦੀ ਕੁੱਖ ‘ਚੋਂ ਨਹੀਂ ਲੋਕਾਂ ਦੇ ਫ਼ਤਵੇ ਨਾਲ ਮਿਲਦਾ ਹੈ। ਇਸ ਲਈ ਸੱਤਾ ਦੇ ਨਸ਼ੇ ਚ ਕੈਪਟਨ ਲੋਕ ਫ਼ਤਵੇ ਦੀ ਅਹਿਮੀਅਤ ਨਾ ਭੁੱਲਣ ।

ਭਗਵੰਤ ਮਾਨ ਨੇ ਕਿਹਾ ਕਿ ਵੈਸੇ ਤਾਂ ਪਿਛਲੇ ਪੌਣੇ ਤਿੰਨ ਸਾਲਾਂ ਤੋਂ ਪੰਜਾਬ ਲਾਵਾਰਸ ਹੀ ਚੱਲ ਰਿਹਾ ਹੈ। ਮੁੱਖ ਮੰਤਰੀ ਬਣਨ ਉਪਰੰਤ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਮਿਲਣ ਜਾਂ ਸਿਵਲ ਸਕੱਤਰੇਤ ਸਥਿਤ ਮੁੱਖ ਮੰਤਰੀ ਦਫ਼ਤਰ ‘ਚ ਜਾਣਾ ਜ਼ਰੂਰੀ ਨਹੀਂ ਸਮਝਦੇ, ਜਿਸ ਕਾਰਨ ਸਾਰਾ ਸਕੱਤਰੇਤ ਵਿਹਲਾ ਪਿਆ ਹੈ ਅਤੇ ਕੰਮਕਾਰਾਂ ਲਈ ਆਉਂਦੇ ਲੋਕਾਂ ਖੱਜਲ-ਖ਼ੁਆਰ ਹੋ ਰਹੇ ਹਨ|

ਪਰੰਤੂ ਮੁੱਖ ਮੰਤਰੀ ਨੂੰ ਕਿਸੇ ਦੀ ਪ੍ਰਵਾਹ ਹੀ ਨਹੀਂ। ਹੋਰ ਤਾਂ ਹੋਰ ‘ਕਾਰਜਕਾਰੀ ਮੁੱਖ ਮੰਤਰੀ’ ਮੰਨੇ ਜਾਂਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵੀ ਅਮਰੀਕਾ ਦੇ ਦੌਰੇ ‘ਤੇ ਹਨ ਅਤੇ ਇਸ ਸਮੇਂ ਪੰਜਾਬ ‘ਰੱਬ ਆਸਰੇ’ ਚੱਲ ਰਿਹਾ ਹੈ।

ਭਗਵੰਤ ਮਾਨ ਨੇ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਨੂੰ ਆਪਣੇ ਕਿਸੇ ਮੰਤਰੀ ‘ਤੇ ਭਰੋਸਾ ਨਹੀਂ ਹੈ, ਕਿ ‘ਚਾਰਜ’ ਲੈਣ ਵਾਲਾ ਪਿੱਛੋਂ ਤਖ਼ਤਾ ਹੀ ਨਾ ਪਲਟ ਦੇਵੇ?

ਭਗਵੰਤ ਮਾਨ ਨੇ ਕਿਹਾ ਕਿ ਇੱਕ ਮੁੱਖ ਮੰਤਰੀ ਦਿੱਲੀ ‘ਚ ਵੀ ਹੈ, ਜਿਸ ਨੂੰ ਲੋਕਾਂ ਨੇ ਓਵੇਂ ਹੀ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਇਆ ਸੀ, ਜਿਵੇਂ ਪੰਜਾਬ ਨੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਵੱਡੀਆਂ ਉਮੀਦਾਂ ਨਾਲ ਸੱਤਾ ਸੌਂਪੀ ਸੀ। ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ਦੇ ਕੰਮਾਂ ਦੀ ਤੁਲਨਾ ਜ਼ਰੂਰ ਕਰਨ।

ਮਾਨ ਨੇ ਭਰੋਸਾ ਦਿੱਤਾ ਕਿ ਜੇਕਰ ਆਉਂਦੀਆਂ ਚੋਣਾਂ ‘ਚ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦਿੰਦੇ ਹਨ ਤਾਂ ਪੰਜਾਬ ‘ਚ ਦਿੱਲੀ ਨਾਲੋਂ ਵੀ ਜ਼ਿਆਦਾ ਲੋਕ ਪੱਖੀ ਅਤੇ ਪੰਜਾਬ ਪੱਖੀ ਕੰਮ ਕਰਕੇ ਦਿਖਾਏ ਜਾਣਗੇ, ਕਿਉਂਕਿ ਪੰਜਾਬ ਦਿੱਲੀ ਵਾਂਗ ਅੱਧਾ-ਅਧੂਰਾ ਨਹੀਂ ਸਗੋਂ ਪੂਰਨ ਰਾਜ ਹੈ ਅਤੇ ਮੁੱਖ ਮੰਤਰੀ ਕੋਲ ਖ਼ੁਦ ਸਾਰੇ ਫ਼ੈਸਲੇ ਲੈਣ ਦੇ ਅਧਿਕਾਰ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION