29 C
Delhi
Friday, April 19, 2024
spot_img
spot_img

ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਪਿੰਡ ਪੱਧਰ ’ਤੇ ਏਕਾਂਤਵਾਸ ਵਿੱਚ ਹੋਵੇਗਾ ਰਹਿਣਾ: ਕੈਪਟਨ ਨੇ ਕੀਤੇ ਹੁਕਮ

ਚੰਡੀਗੜ੍ਹ, 30 ਅਪਰੈਲ, 2020 –

ਵੱਖ-ਵੱਖ ਡਿਪਟੀ ਕਮਿਸ਼ਨਰਾਂ ਵੱਲੋਂ ਹਾਲ ਹੀ ਦੇ ਦਿਨਾਂ ਵਿੱਚ ਦੂਜੇ ਸੂਬਿਆਂ ਤੋਂ ਕੋਵਿਡ ਪ੍ਰਭਾਵਿਤ ਮਰੀਜ਼ਾਂ ਦੇ ਆਉਣ ਦੇ ਮਾਮਲੇ ਬਾਰੇ ਡੂੰਘੀ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਪਿੰਡ ਪੱਧਰ ’ਤੇ ਏਕਾਂਤਵਾਸ ਵਜੋਂ ਐਲਾਨੀਆਂ ਇਮਾਰਤਾਂ ਵਿੱਚ ਰੱਖਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਚਾਹੇ ਕੋਈ ਕੇਸ ਪਾਜ਼ੇਟਿਵ ਹੋਵੇ ਜਾਂ ਨੈਗੇਟਿਵ ਹੋਵੇ, ਸਾਰਿਆਂ ਨੂੰ ਲਾਜ਼ਮੀ ਤੌਰ ਉਤੇ ਏਕਾਂਤਵਾਸ ਸੰਸਥਾਵਾਂ ਵਿੱਚ ਰੱਖਣ ਦੇ ਹੁਕਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।

ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ, ਐਸ.ਐਸ.ਪੀਜ਼/ਪੁਲਿਸ ਕਮਿਸ਼ਨਰਜ਼ ਨਾਲ ਚੱਲੀ ਮੈਰਾਥਨ ਵੀਡਿਓ ਕਾਨਫਰੰਸ ਵਿੱਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬਾਹਰ ਤੋਂ ਆਉਣ ਵਾਲੇ ਹਰ ਵਿਅਕਤੀ ਨੂੰ 21 ਦਿਨਾਂ ਦਾ ਏਕਾਂਤਵਾਸ ਸਮਾਂ ਪੂਰਾ ਹੋਣ ਤੋਂ ਬਾਅਦ ਹੀ ਘਰ ਭੇਜਣ ਦੀ ਆਗਿਆ ਦਿੱਤੀ ਜਾਵੇ ਕਿਉਂ ਜੋ ਆਮ ਤੌਰ ’ਤੇ ਮਹਾਮਾਰੀ ਦੇ ਲੱਛਣ ਥੋੜੇਂ ਸਮੇਂ ਬਾਅਦ ਸਾਹਮਣੇ ਆਉਂਦੇ ਹਨ। ਉਨ੍ਹਾਂ ਕੋਰੋਨਾਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸੁਝਾਅ ਦਿੱਤਾ ਕਿ ਜਿੱਥੇ ਸੰਭਵ ਹੋਵੇ ਇਨ੍ਹਾਂ ਵਿਅਕਤੀਆਂ ਵਿੱਚੋਂ ਪਾਜ਼ੇਟਿਵ ਤੇ ਨੈਗੇਟਿਵ ਪਾਏ ਜਾਣ ਵਾਲਿਆਂ ਨੂੰ ਵੱਖ-ਵੱਖ ਇਮਾਰਤਾਂ ਵਿੱਚ ਅਲੱਗ-ਅਲੱਗ ਰੱਖਿਆ ਜਾਵੇ।

ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਸਰਪੰਚਾਂ ਨਾਲ ਮਿਲ ਕੇ ਪਿੰਡਾਂ ਵਿੱਚ ਏਕਾਂਤਵਾਸ ਲਈ ਸਕੂਲਾਂ ਅਤੇ ਹੋਰਨਾਂ ਇਮਾਰਤਾਂ ਦੀ ਸ਼ਨਾਖਤ ਕਰਨ। ਮੁੱਖ ਮੰਤਰੀ ਨੇ ਸਰਪੰਚਾਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਇਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪਿੰਡ ਪੱਧਰ ’ਤੇ ਚੌਕਸੀ ਵਧਾ ਦੇਣ।

ਮੀਟਿੰਗ ਵਿੱਚ ਦੱਸਿਆ ਗਿਆ ਕਿ ਪਿਛਲੇ ਚਾਰ ਦਿਨਾਂ ਵਿੱਚ ਹੁਣ ਤੱਕ ਨਾਂਦੇੜ ਸਾਹਿਬ (ਮਹਾਰਾਸ਼ਟਰ) ਤੋਂ 3525 ਸ਼ਰਧਾਲੂ, ਕੋਟਾ (ਰਾਜਸਥਾਨ) ਤੋਂ 153 ਵਿਦਿਆਰਥੀ ਆਏ ਹਨ। ਇਸ ਤੋਂ ਇਲਾਵਾ ਫਾਜ਼ਿਲਕਾ-ਰਾਜਸਥਾਨ ਸਰਹੱਦ ਉਤੇ 3085 ਮਜ਼ਦੂਰ ਆਏ ਹਨ। ਨਾਂਦੇੜ ਸਾਹਿਬ ਤੋਂ ਆਉਣ ਵਾਲਿਆਂ ਵਿੱਚੋਂ ਹੁਣ ਤੱਕ 577 ਵਿਅਕਤੀਆਂ ਦੀ ਟੈਸਟ ਰਿਪੋਰਟ ਆ ਗਈ ਹੈ ਜਿਨ੍ਹਾਂ ਵਿੱਚੋਂ 20 ਫੀਸਦੀ ਪਾਜ਼ੇਟਿਵ ਪਾਏ ਗਏ ਹਨ। ਵੀਰਵਾਰ ਨੂੰ 105 ਤਾਜ਼ਾ ਪਾਏ ਗਏ ਪਾਜ਼ੇਟਿਵ ਕੇਸਾਂ ਵਿੱਚੋਂ 98 ਬਾਹਰੋਂ ਆਉਣ ਵਾਲੇ ਹਨ।

ਮੁੱਖ ਮੰਤਰੀ ਨੇ ਡੀ.ਸੀਜ਼/ਐਸ.ਐਸ.ਪੀਜ਼ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਬਾਹਰੋਂ ਆਉਣ ਵਾਲਿਆਂ ਨੂੰ ਕੋਵਾ ਐਪ ’ਤੇ ਅਪਲੋਡ ਕਰ ਦਿੱਤਾ ਜਾਵੇ ਤਾਂ ਜੋ ਜੀਓ ਫੈਂਸਿੰਗ ਰਾਹÄ ਇਨ੍ਹਾਂ ਦੇ ਆਉਣ-ਜਾਣ ’ਤੇ ਸਖਤ ਨਿਗਰਾਨੀ ਰੱਖੀ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਦੂਜੇ ਸੂਬਿਆਂ ਤੋਂ ਆਪਣੇ ਆਪ ਆਉਣ ਵਾਲਿਆਂ ਦੀ ਵੀ ਟਰੈਕਿੰਗ ਅਤੇ ਸਕਰੀਨਿੰਗ ਕੀਤੀ ਜਾਵੇ।

ਮੀਟਿੰਗ ਵਿੱਚ ਪਰਵਾਸੀ ਮਜ਼ਦੂਰਾਂ ਤੇ ਹੋਰਨਾਂ ਤੋਂ ਇਲਾਵਾ ਸੂਬੇ ਵਿੱਚ ਲੌਕਡਾਊਨ ਤੇ ਛੋਟਾਂ ਅਤੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਮੁੱਦਾ ਵੀ ਵਿਚਾਰਿਆ ਗਿਆ।

ਮੁੱਖ ਮੰਤਰੀ ਨੇ ਸਰਹੱਦ ’ਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਨੂੰ ਰੱਦ ਕਰ ਦਿੱਤਾ ਜੋ ਸਖਤੀ ਨਾਲ ਸੀਲ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਆਪਣੇ ਲੋਕਾਂ ਨੂੰ ਲੈਣ ਲਈ ਸਬੰਧਤ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਨੂੰ ਪਰਮਿਟ/ਪ੍ਰਵਾਨਗੀ ਤੋਂ ਬਿਨਾਂ ਪੰਜਾਬ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਰਹੱਦ ਨੂੰ ਸੀਲ ਕਰਨ ਦੀ ਸਖਤੀ ਨਾਲ ਪਾਲਣਾ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੰਦਿਆਂ ਆਖਿਆ, ‘‘ਅਸੀਂ ਕਿਸੇ ਨੂੰ ਵੀ ਢੁੱਕਵੀਂ ਪ੍ਰਕ੍ਰਿਆਂ ਤੋਂ ਬਿਨਾਂ ਦਾਖਲ ਹੋਣ ਦੀ ਆਗਿਆ ਨਹੀਂ ਦੇਵਾਂਗੇ।’’ ਕੁਝ ਡਿਪਟੀ ਕਮਿਸ਼ਨਰਾਂ ਨੇ ਦੱਸਿਆ ਕਿ ਉਹ ਆਪਣੇ ਜ਼ਿਲਿ੍ਹਆਂ ਵਿੱਚ ਸਿਰਫ ਜ਼ਰੂਰੀ ਵਸਤਾਂ ਵਾਲੇ ਟਰੱਕਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਦੇ ਰਹੇ ਹਨ।

ਪੰਜਾਬ ਵਿੱਚ ਮੁੱਖ ਮੰਤਰੀ ਨੇ ਇਸ ਰੋਗ ਦੇ ਫੈਲਾਅ ਦੇ ਤਿੰਨ ਸਰੋਤ ਐਨ.ਆਰ.ਆਈਜ਼, ਨਿਜ਼ਾਮੂਦੀਨ ਤਬਲੀਗੀ ਜਮਾਤ ਅਤੇ ਨਾਂਦੇੜ ਤੋਂ ਪਰਤੇ ਲੋਕਾਂ ਨੂੰ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਘਰ ਪਰਤਣ ਵਾਲੇ ਪੰਜਾਬੀਆਂ ਦਾ ਸਵਾਗਤ ਹੈ ਪਰ ਉਨ੍ਹਾਂ ਨੂੰ ਏਕਾਂਤਵਾਸ ਨੂੰ ਸਖਤੀ ਨਾਲ ਅਮਲ ਵਿੱਚ ਲਿਆਉਣਾ ਹੋਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਸੇ ਵੀ ਅਣ-ਅਧਿਕਾਰਤ ਵਾਹਨ ਨੂੰ ਸਰਹੱਦ ’ਤੇ ਦਾਖਲ ਹੋਣ ਦੀ ਇਜਾਜ਼ਤ ਨਾ ਦੇਣ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਤਾੜਨਾ ਕਰਦਿਆਂ ਆਖਿਆ ਕਿ ਜੇਕਰ ਅਸੀਂ ਸਥਿਤੀ ’ਤੇ ਕਾਬੂ ਨਾ ਪਾਇਆ ਤਾਂ ਕੋਈ ਉਦਯੋਗ ਨਹੀਂ ਖੁੱਲ੍ਹੇਗਾ।

ਸੂਬੇ ਦੇ ਅਰਥਚਾਰੇ ਦੀ ਸੁਰਜੀਤੀ ਲਈ ਉਦਯੋਗ ਨੂੰ ਮਹੱਤਵਪੂਰਨ ਦੱਸਦਿਆਂ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਇਸ ਦੀ ਸਹੂਲਤ ਲਈ ਸੰਭਾਵਨਾਵਾਂ ਤਲਾਸ਼ਣ ਲਈ ਆਖਿਆ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 2.5 ਲੱਖ ਤੋਂ ਵੱਧ ਸਨਅਤਾਂ ਵਿੱਚੋਂ ਸਿਰਫ 3600 ਦੇ ਲਗਪਗ ਉਦਯੋਗ ਹੀ ਖੁੱਲ੍ਹਣ ਦੇ ਯੋਗ ਹੋਏ ਹਨ ਅਤੇ ਇਨ੍ਹਾਂ ਵਿੱਚੋਂ ਵੀ ਹੁਣ ਤੱਕ ਮਹਿਜ਼ 1100 ਉਦਯੋਗਾਂ ਦੇ ਚੱਲਣ ਦੀ ਚੋਣ ਹੋਈ ਹੈ।

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਮਾਸਟਰ ਪਲਾਨ ਮੁਤਾਬਕ ਨਿਰਧਾਰਤ ਇਲਾਕਿਆਂ ਵਿੱਚ ਜਿਹੜੇ ਉਦਯੋਗ ਫੋਕਲ ਪੁਆਇੰਟ ਅਤੇ ਇੰਡਸਟਰੀਅਲ ਅਸਟੇਟਾਂ ਵਿੱਚ ਸਥਿਤ ਨਹੀਂ ਹਨ, ਨੂੰ ਚਲਾਉਣ ਦੀ ਇਜਾਜ਼ਤ ਦੇਣ ਲਈ ਵੀ ਆਖਿਆ। ਮੁੱਖ ਮੰਤਰੀ ਨੇ ਸਹਿਮਤ ਹੁੰਦਿਆਂ ਕਿਹਾ ਕਿ ਸੂਬੇ ਦੀ 95 ਫੀਸਦੀ ਸਨਅਤ ਲੁਧਿਆਣਾ ਵਿੱਚ ਹੈ ਜਿਸ ਕਰਕੇ ਪੰਜਾਬ ਦੇ ਅਰਥਚਾਰੇ ਨੂੰ ਪੈਰਾਂ-ਸਿਰ ਕਰਨ ਲਈ ਇਨ੍ਹਾਂ ਸਨਅਤਾਂ ਨੂੰ ਚਲਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਸੂਬੇ ਦੇ ਸਾਰੇ ਮਿਲਕ ਪਲਾਂਟਾਂ ਨੂੰ ਪੂਰੀ ਸਮਰਥਾ ਨਾਲ ਚਲਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਮੁੱਖ ਮੰਤਰੀ ਨੇ ਕਣਕ ਦੇ ਖਰੀਦ ਕਾਰਜਾਂ ਦੇ ਬਿਹਤਰੀਨ ਪ੍ਰਬੰਧਨ ਲਈ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਹੁਣ ਤੱਕ ਅਨੁਮਾਨਿਤ ਫਸਲ ਦੀ 50 ਫੀਸਦੀ ਤੋਂ ਵੱਧ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 68 ਲੱਖ ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਭਰੋਸਾ ਦਿਵਾਇਆ ਕਿ ਮੰਡੀਆਂ ਵਿੱਚ ਵੱਡੀ ਮਾਤਰਾ ਵਿੱਚ ਆ ਰਹੀ ਕਣਕ ਨੂੰ ਸਾਂਭਣ ਲਈ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਸਥਿਤੀ ਨੂੰ ਅਣਕਿਆਸੀ ਦੱਸਦਿਆਂ ਆਖਿਆ ਕਿ ਸਾਲ 1965 ਅਤੇ 1971 ਦੇ ਯੁੱਧ ਮੌਕੇ ਵੀ ਅਜਿਹੇ ਹਾਲਾਤ ਨਹੀਂ ਦੇਖੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਸੁਚੇਤ ਕਰਦਿਆਂ ਆਖਿਆ ਕਿ ਇਸ ਮਹਾਮਾਰੀ ਦੇ ਫੈਲਾਅ ਦੇ ਆਲਮੀ ਰੁਝਾਨਾਂ ਦੇ ਸੰਦਰਭ ਵਿੱਚ ਆਉਂਦੇ ਦਿਨਾਂ ’ਚ ਇਹ ਸਥਿਤੀ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਖੁਸ਼ਕਿਸਮਤ ਹੈ ਜਿੱਥੇ ਹੁਣ ਤੱਕ ਸਥਿਤੀ ਕਾਬੂ ਹੇਠ ਹੈ।

ਮੁੱਖ ਮੰਤਰੀ ਨੇ ਬੀਤੇ ਦਿਨ ਉਨ੍ਹਾਂ ਵੱਲੋਂ ਐਲਾਨੀ ਢਿੱਲ ਦਾ ਜ਼ਿਕਰ ਕਰਦਿਆਂ ਆਖਿਆ ਕਿ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣਾ ਔਖਾ ਕੰਮ ਹੈ ਪਰ ਇਹ ਕਰਨਾ ਹੋਵੇਗਾ। ਹਾਲਾਂਕਿ, ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਮੌਕੇ ਦੀਆਂ ਸਥਿਤੀਆਂ ਦੇ ਅਨੁਕੂਲ ਖੁੱਲ੍ਹ ਦੇਣੀ ਚਾਹੀਦੀ ਹੈ ਜਦੋਂ ਉਹ ਇਸ ਲਈ ਸੁਰੱਖਿਅਤ ਮਹਿਸੂਸ ਕਰ ਸਕਦੇ ਹੋਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਆਖਿਆ ਕਿ ਕੋਈ ਵੀ ਵਿਅਕਤੀ ਬਿਨਾਂ ਮਾਸਕ ਪਹਿਨਣ ਤੋਂ ਆਪਣੇ ਘਰ ਤੋਂ ਬਾਹਰ ਨਾ ਨਿਕਲੇ।

ਸਾਰੇ ਡੀ.ਸੀਜ਼/ਐਸ.ਐਸ.ਪੀਜ਼/ਸੀ.ਪੀਜ਼ ਨੇ ਰੋਟੇਸ਼ਨ ਨਾਲ ਦੁਕਾਨਾਂ ਖੋਲ੍ਹਣ ਸਬੰਧੀ ਮੁੱਖ ਮੰਤਰੀ ਨੂੰ ਆਪੋ-ਆਪਣੇ ਜ਼ਿਲਿ੍ਹਆਂ ਵਿੱਚ ਢਿੱਲ ਦੇ ਪ੍ਰਬੰਧਨ ਬਾਰੇ ਅਪਡੇਟ ਕੀਤਾ। ਕੁਝ ਜ਼ਿਲਿ੍ਹਆਂ ਵਿੱਚ ਡਿਪਟੀ ਕਮਿਸ਼ਨਰਾਂ ਨੇ ਹੁਣ ਤੱਕ ਸਿਰਫ ਪੇਂਡੂ ਖੇਤਰਾਂ ਵਿੱਚ ਦੁਕਾਨਾਂ ਖੋਲ੍ਹਣ ਫੈਸਲਾ ਕੀਤਾ ਅਤੇ ਸ਼ਹਿਰੀ ਖੇਤਰਾਂ ਵਿੱਚ ਦੁਕਾਨਾਂ ਖੋਲ੍ਹਣ ਦੇ ਫੈਸਲੇ ਨੂੰ ਕੁਝ ਦਿਨਾਂ ਲਈ ਰੋਕ ਦਿੱਤਾ ਹੈ।

ਜਿਵੇਂ ਕਿ ਏ.ਸੀ.ਪੀ. ਅਨਿਲ ਕੋਹਲੀ ਦੇ ਸੰਪਰਕ ਵਿਚ ਆਏ ਤਿੰਨੇ ਪੁਲਿਸ ਮੁਲਾਜ਼ਮਾਂ ਨੂੰ ਕੋਵਿਡ ਦੇ ਲੱਛਣਾਂ ਤੋਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਕੱਲ੍ਹ ਛੁੱਟੀ ਦਿੱਤੀ ਜਾਣੀ ਹੈ, ਲੁਧਿਆਣਾ ਵਿਚ ਢਿੱਲ ਪੜਾਅਵਾਰ ਲਾਗੂ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਕੇਂਦਰ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹਲਕੇ ਕੇਸਾਂ ਲਈ ਘਰਾਂ ਵਿਚ ਏਕਾਂਤਵਾਸ ਨੂੰ ਵਧਾਉਣ ਦਾ ਸੁਝਾਅ ਦਿੱਤਾ।

ਜਗਰਾਉਂ ਵਿੱਚ ਮਾਰਕੀਟ ਅਤੇ ਵਪਾਰ ਕਮੇਟੀਆਂ ਨੂੰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਦੁਕਾਨਾਂ ਖੋਲ੍ਹਣ ਲਈ ਆਪਣਾ ਸ਼ਡਿਊਲ ਤਹਿ ਕਰਨ ਲਈ ਕਿਹਾ ਗਿਆ। ਨਵਾਂ ਸ਼ਹਿਰ ਵਿੱਚ ਪਿੰਡ ਪੱਧਰੀ ਏਕਾਂਤਵਾਸ ਸੁਵਿਧਾਵਾਂ ਬਣਾਉਣ ਲਈ ਸਰਪੰਚਾਂ ਦੀ ਸਹਾਇਤਾ ਨਾਲ ਸਕੂਲਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ।

ਮੋਗਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਲਕੇ ਤੋਂ ਰੋਟੇਸ਼ਨ ਨਾਲ ਢਿੱਲ ਦੇਣੀ ਸ਼ੁਰੂ ਕਰ ਦੇਵੇਗਾ। ਡੀ.ਸੀ. ਨੇ ਮੀਟਿੰਗ ਨੂੰ ਇਹ ਜਾਣਕਾਰੀ ਦਿਤੀ ਕਿ ਨੈਸਲੇ ਪਲਾਂਟ ਅਤੇ ਇਸਦੇ ਨਾਲ ਜੁੜੀਆਂ ਸਹਾਇਕ ਸਹੂਲਤਾਂ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ।

ਫਿਰੋਜ਼ਪੁਰ ਵਿੱਚ ਭਲਕੇ ਰੋਟੇਸ਼ਨ ਨਾਲ ਪੇਂਡੂ ਖੇਤਰਾਂ ਵਿੱਚ ਦੁਕਾਨਾਂ ਖੁੱਲ੍ਹਣਗੀਆਂ, ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਸਿਰਫ ਕਰਿਆਨੇ ਦੀਆਂ ਦੁਕਾਨਾਂ ਅਤੇ ਕੈਮਿਸਟਾਂ ਨੂੰ ਸ਼ੁਰੂਆਤੀ ਤੌਰ ’ਤੇ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਜ਼ਿਲ੍ਹੇ ਨੇ ਕੁਝ ਹੋਰ ਸਮੇਂ ਲਈ ਹੋਮ ਡਿਲੀਵਰੀ ’ਤੇ ਨਿਰਭਰ ਕਰਨ ਦਾ ਫੈਸਲਾ ਕੀਤਾ ਹੈ।

ਮੀਟਿੰਗ ਵਿੱਚ ਦੱਸਿਆ ਗਿਆ ਕਿ ਜਲੰਧਰ ਤੋਂ ਆਏ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਪਰਵਾਸੀਆਂ ਦੇ ਭੀੜ ਵਾਲੀ ਸਥਿਤੀ ਵਿੱਚ ਰਹਿਣ ਕਾਰਨ ਕੋਰੋਨਾਵਾਇਰਸ ਦੇ ਫੈਲਣ ਦੇ ਖ਼ਤਰੇ ’ਤੇ ਚਿੰਤਾ ਜ਼ਾਹਰ ਕੀਤੀ। ਫਾਜ਼ਿਲਕਾ ਵਿੱਚ ਸ਼ੈਲਰ ਮਾਲਕਾਂ ਅਤੇ ਇੱਟਾਂ ਦੇ ਭੱਠਿਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਮੀਟਿੰਗ ਵਿਚ ਭਾਗ ਲੈਂਦੇ ਹੋਏ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸਰਕਾਰ ਖਾਸ ਤੌਰ ’ਤੇ ਵੱਡੀ ਗਿਣਤੀ ਵਿਚ ਪਰਵਾਸੀ ਆਬਾਦੀ ਵਾਲੇ ਜ਼ਿਲਿ੍ਹਆਂ ਵਿਚ ਵੰਡੇ ਜਾ ਰਹੇ ਖੁਰਾਕ ਪੈਕਟਾਂ/ਕਿੱਟਾਂ ਵਿਚ ਵਾਧਾ ਕਰਨ ਵੱਲ ਕੰਮ ਕਰ ਰਹੀ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION