23.1 C
Delhi
Friday, March 29, 2024
spot_img
spot_img

ਦੁਆਬਾ ਮੱਕੀ ਪ੍ਰੋਸੈਸਿੰਗ ਦੀ ‘ਹੱਬ’ ਬਣੇਗਾ, ਚਾਲੂ ਵਿੱਤੀ ਸਾਲ ਦੇ ਅੰਤ ਤਕ ਸ਼ੁਰੂ ਹੋਵੇਗਾ ‘ਸੁਖ਼ਜੀਤ ਮੈਗਾ ਫ਼ੂਡ ਪਾਰਕ’

ਫਗਵਾੜਾ, 21 ਨਵੰਬਰ, 2019:
ਸੂਬੇ ਵਿਚ ਸਨਅਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀਆਂ ਜੀਅ-ਤੋੜ ਕੋਸ਼ਿਸ਼ਾਂ ਸਦਕਾ, ਦੁਆਬਾ ਖੇਤਰ ਜਲਦ ਹੀ ਰਾਜ ਦੀ ਮੱਕੀ ਪ੍ਰੋਸੈਸਿੰਗ ਹੱਬ ਬਣਨ ਜਾ ਰਿਹਾ ਹੈ, ਕਿਉਂਕਿ ਇਥੇ ਚਾਲੂ ਵਿੱਤੀ ਵਰੇ ਦੇ ਅੰਤ ਤੱਕ ‘ਸੁਖਜੀਤ ਮੈਗਾ ਫੂਡ ਪਾਰਕ’ ਚਾਲੂ ਹੋਣ ਲਈ ਤਿਆਰ ਹੈ।

ਸਾਲਾਨਾ ਦੋ ਲੱਖ ਟਨ ਤੋਂ ਵੱਧ ਮੱਕੀ ਨੂੰ ਪ੍ਰੋਸੈਸ ਕਰਨ ਦੀ ਸਮਰੱਥਾ ਵਾਲਾ ਇਹ ਪਾਰਕ ਫਗਵਾੜਾ ਨੇੜੇ ਪਿੰਡ ਰਿਹਾਣਾ ਜੱਟਾਂ ਵਿਖੇ 55 ਏਕੜ ਰਕਬੇ ਵਿਚ ਉੱਘੇ ਕਾਰੋਬਾਰੀ ਘਰਾਣੇ ਸੁਖਜੀਤ ਸਟਾਰਚ ਮਿੱਲ ਦੁਆਰਾ ਸਥਾਪਿਤ ਕੀਤਾ ਜਾ ਰਿਹਾ ਹੈ, ਜੋ ਕਿ 1943 ਵਿਚ ਹੋਂਦ ਵਿਚ ਆਇਆ ਰਾਜ ਦਾ ਸਭ ਤੋਂ ਪੁਰਾਣਾ ਖੇਤੀਬਾੜੀ ਫੂਡ ਪ੍ਰੋਸੈਸਿੰਗ ਅਦਾਰਾ ਹੈ।

ਅਤਿ-ਆਧੁਨਿਕ ਮਸ਼ੀਨਰੀ ਨਾਲ ਲੈਸ ਰੋਜ਼ਾਨਾ 600 ਟਨ ਮੱਕੀ ਦੀ ਪ੍ਰੋਸੈਸਿੰਗ ਕਰਨ ਵਾਲੇ ਇਸ ਪਾਰਕ ਦਾ ਮਕਸਦ ਮੱਕੀ ਦੀ ਵੱਡੀ ਮੰਗ ਪੈਦਾ ਕਰਨਾ ਹੈ, ਜੋ ਕਿ ਬਹੁਤ ਘੱਟ ਪਾਣੀ ਵਾਲੀ ਫ਼ਸਲ ਹੈ। ਇਸ ਨਾਲ ਜਿਥੇ ਸੂਬੇ ਵਿਚ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਤੋੜਨ ਵਿਚ ਸਹਾਇਤਾ ਮਿਲੇਗੀ ਉਥੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸਾਵਾਂ ਵੀ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਰਾਹੀਂ ਹੋਣ ਵਾਲੇ ਪ੍ਰਦੂਸ਼ਣ ਤੋਂ ਵੀ ਨਿਜ਼ਾਤ ਮਿਲੇਗੀ।

ਸ੍ਰੀ ਧੀਰਜ ਸਰਦਾਨਾ ਦੀ ਮੌਜੂਦਗੀ ਵਿਚ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਾਰਕ ਦੇ ਡਾਇਰੈਕਟਰ ਸ੍ਰੀ ਭਵਦੀਪ ਸਰਦਾਨਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਚਾਲੂ ਹੋਣ ਦੇ ਆਪਣੇ ਅੰਤਿਮ ਪੜਾਅ ਵਿਚ ਹੈ ਅਤੇ ਉਮੀਦ ਹੈ ਕਿ ਚਾਲੂ ਵਿੱਤੀ ਵਰੇ ਦੀ ਆਖ਼ਰੀ ਤਿਮਾਹੀ ਤੱਕ ਇਥੇ ਕੰਮ ਸ਼ੁਰੂ ਹੋ ਜਾਵੇਗਾ।

ਉਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਲਈ ਕਿਫਾਇਤੀ ਬੁਨਿਆਦੀ ਢਾਂਚੇ ਦੀ ਸਿਰਜਣਾ ਤੋਂ ਇਲਾਵਾ, ਇਹ ਪਾਰਕ ਵੱਖ-ਵੱਖ ਫ਼ਸਲਾਂ ਦੀ ਸਿੱਧੀ ਖ਼ਰੀਦ ਦੀ ਸਹੂਲਤ ਵੀ ਕਿਸਾਨਾਂ ਦੇ ਦੇਵੇਗਾ। ਉਨਾਂ ਕਿਹਾ ਕਿ ਇਹ ਪਾਰਕ 60 ਹਜ਼ਾਰ ਟਨ ਦੀ ਸਟੋਰੇਜ ਸਮਰੱਥਾ ਰੱਖਣ ਵਾਲੀ ਸਟੇਟ ਆਫ ਆਰਟ ਕੋਲਡ ਚੇਨ ਬਣੇਗੀ, ਜਿਥੇ ਕਿਸਾਨਾਂ ਦੀ ਪੈਦਾਵਾਰ ਨੂੰ ਸੁਰੱਖਿਅਤ ਰੱਖਣ ਅਤੇ ਸਟੋਰ ਕਰਨ ਲਈ ਅਤਿ-ਆਧੁਨਿਕ ਤਿੰਨ ਕੋਲਡ ਚੇਨ ਅਤੇ ਤਿੰਨ ਸਿਲੋ ਤਿਆਰ ਕੀਤੇ ਜਾ ਰਹੇ ਹਨ।

ਉਨਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਜਲੰਧਰ ਦੇ ਪਿੰਡ ਮਾਹੂਵਾਲ, ਹੁਸ਼ਿਆਰਪੁਰ ਦੇ ਢੋਰੋਂ ਅਤੇ ਅੰਮਿ੍ਰਤਸਰ ਦੇ ਬੱਲਾਂ ਮੰਝਪੁਰ ਵਿਖੇ ਤਿੰਨ ਪ੍ਰਾਇਮਰੀ ਖ਼ਰੀਦ ਕੇਂਦਰ ਬਣਾਏ ਗਏ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਰਾਜ ਵਿਚ ਨਿਵੇਸ਼ਕ ਦੋਸਤਾਨਾ ਮਾਹੌਲ ਸਿਰਜਣ ਦਾ ਸਵਾਗਤ ਕਰਦਿਆਂ ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਸਦਕਾ ਪੰਜਾਬ ਵਿਚ ਉਦਯੋਗਿਕ ਵਿਕਾਸ ਵੇਖਣ ਨੂੰ ਮਿਲ ਰਿਹਾ ਹੈ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਵਧੀਆ ਨੀਤੀਆਂ ਅਤੇ ਪਹਿਲਕਦਮੀਆਂ ਸਦਕਾ ਇਸ ਪ੍ਰਾਜੈਕਟ ਨੂੰ ਨਿਰਵਿਘਨ ਚਲਾਉਣਾ ਸੰਭਵ ਹੋਇਆ ਹੈ। ਉਨਾਂ ਕਿਹਾ ਕਿ ਨਿਵੇਸ਼ਕਾਂ ਨੂੰ ਸਿੰਗਲ ਵਿੰਡੋ ਨਾਲ ਜੋੜਨਾ ਉੱਦਮੀਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ।

ਸ੍ਰੀ ਸਰਦਾਨਾ ਨੇ ਕਿਹਾ ਕਿ ਉਦਯੋਗਪਤੀਆਂ ਲਈ ਇਹ ਬੜੇ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਪਜਾਂਬ ਸਰਕਾਰ ਉਨਾਂ ਨੂੰ ਰੈਡ ਕਾਰਪੈਟ ਦਾ ਵਾਧੂ ਲਾਭ ਦੇ ਕੇ ਉਨਾਂ ਦਾ ਸਵਾਗਤ ਕਰ ਰਹੀ ਹੈ ਅਤੇ ਰਾਜ ਵਿਚ ਉਨਾਂ ਨੂੰ ਆਪਣੇ ਉਦਯੋਗ ਸਥਾਪਿਤ ਕਰਨ ਨੂੰ ਪਹਿਲ ਦੇ ਰਹੀ ਹੈ।

ਪੰਜਾਬ ਸਰਕਾਰ ਨੂੰ ਸੂਬੇ ਦੇ ਸਰਬਪੱਖੀ ਵਿਕਾਸ ਲਈ ਅਗਾਂਹਵਧੂ, ਗਤੀਸ਼ੀਲ ਅਤੇ ਪਾਰਦਰਸ਼ੀ ਸਰਕਾਰ ਦੱਸਦਿਆਂ ਉਨਾਂ ਕਿਹਾ ਕਿ ਉਦਯੋਗਪਤੀ ਇਸ ਸਰਕਾਰ ਤੋਂ ਬੇਹੱਦ ਖੁਸ਼ ਹਨ, ਕਿਉਂਕਿ ਇਹ ਸਰਕਾਰ ਸਹੂਲਤਾਂ ਦੇ ਕੇ ਵਿਕਾਸ ਅਤੇ ਖੁਸ਼ਹਾਲੀ ਵਿਚ ਉਨਾਂ ਦੀ ਭਾਈਵਾਲ ਬਣ ਗਈ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਦੀ ਸਰਗਰਮ ਉਦਯੋਗਿਕ ਨੀਤੀ ਸਨਅਤੀ ਦੋਸਤਾਨਾ ਅਤੇ ਸਾਜ਼ਗਾਰ ਮਾਹੌਲ ਪ੍ਰਦਾਨ ਕਰਨ ਵਿਚ ਸਫਲ ਰਹੀ ਹੈ।

ਉਨਾਂ ਕਿਹਾ ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਪੰਜਾਬ ਦੀ ਆਰਥਿਕਤਾ ਵਿਚ ਵਾਧਾ ਹੋ ਰਿਹਾ ਹੈ। ਮੁਹਾਲੀ ਵਿਖੇ 5 ਤੇ 6 ਦਸੰਬਰ ਨੂੰ ਕਰਵਾਏ ਜਾ ਰਹੇ ਪ੍ਰੋਗਰੈਸਿਵ ਪੰਜਾਬ ਨਿਵੇਸ਼ ਸੰਮੇਲਨ ਲਈ ਸੂਬਾ ਸਰਕਾਰ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਇਹ ਸੰਮੇਲਨ ਰਾਜ ਵਿਚ ਉਦਯੋਗਿਕ ਕ੍ਰਾਂਤੀ ਲਈ ਇਕ ਮੀਲ ਪੱਥਰ ਸਾਬਿਤ ਹੋਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION