36.1 C
Delhi
Friday, March 29, 2024
spot_img
spot_img

ਦਿੱਲੀ ਕਮੇਟੀ ਨੇ ਹਿਤ ਅਤੇ ਕੁਲਮੋਹਨ ਸਿੰਘ ਦੇ ਖਿਲਾਫ਼ ਗੁਰਬਾਣੀ ਦੀ ਬੇਅਦਬੀ ਦੀ ਸ਼ਿਕਾਇਤ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ

ਯੈੱਸ ਪੰਜਾਬ
ਨਵੀਂ ਦਿੱਲੀ, 12 ਮਈ, 2022 –
ਜਿਸ ਤਰੀਕੇ ਅਮਰੀਕਾ ਨਿਵਾਸੀ ਥਮਿੰਦਰ ਸਿੰਘ ਆਨੰਦ ਤੇ ਕੈਨੇਡਾ ਨਿਵਾਸੀ ਉਂਕਾਰ ਸਿੰਘ ਵੱਲੋਂ ਪੰਥ ਵਿਰੋਧੀ ਤਾਕਤਾਂ ਦਾ ਮੋਹਰਾ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸੈਂਕੜੇ ਗਲਤੀਆਂ ਤੇ ਤਬਦੀਲੀਆਂ ਕੀਤੀਆਂ ਗਈਆਂ, ਬਿਲਕੁਲ ਉਸੇ ਤਰੀਕੇ ਦਿੱਲੀ ਕਮੇਟੀ ਦਾ ਪ੍ਰਧਾਨ ਹੁੰਦਿਆਂ ਜਥੇਦਾਰ ਅਵਤਾਰ ਸਿੰਘ ਹਿੱਤ ਤੇ ਜਨਰਲ ਸਕੱਤਰ ਸਰਦਾਰ ਕੁਲਮੋਹਨ ਸਿੰਘ ਨੇ ਤੇਲਗੂ ਤੇ ਅੰਗਰੇਜ਼ੀ ਦੇ ਟੀਕਾਕਾਰ ਡਾ. ਵੇਮੁਰਾਜੂ ਭਾਨੂ ਮੂਰਤੀ ਤੋਂ ਗੁਰੂ ਗ੍ਰੰਥ ਸਾਹਿਬ ਦਾ ਗਲਤ ਤਰਜਮਾ ਕਰਵਾ ਤੇ ਸੈਂਕੜੇ ਗਲਤੀਆਂ ਵਾਲੇ ਕਿਤਾਬਚੇ ਛਪਵਾ ਕੇ ਸੰਗਤਾਂ ਨੁੰ ਵੰਡੇ ਗਏ। ਇਹ ਹੈਰਾਨੀਜਨਕ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।

ਇੱਥੇ ਜਾਰੀ ਇੱਕ ਬਿਆਨ ਵਿਚ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜਦੋਂ ਉਹਨਾਂ ਪਿਛਲੀ ਵਾਰ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਉਦੋਂ ਇਕ ਪੱਤਰਕਾਰ ਨੇ ਉਹਨਾਂ ਤੋਂ ਭਾਨੂੰ ਮੂਰਤੀ ਬਾਰੇ ਸਵਾਲ ਪੁੱਛਿਆ ਸੀ ਜਿਸਦੀ ਉਹਨਾਂ ਨੂੰ ਉਸ ਵੇਲੇ ਜਾਣਕਾਰੀ ਨਹੀਂ ਸੀ ਪਰ ਜਦੋਂ ਦਿੱਲੀ ਪਰਤ ਕੇ ਉਹਨਾਂ ਸਾਰੇ ਮਾਮਲੇ ਦੀ ਘੋਖ ਕਰਵਾਈ ਤਾਂ ਹੈਰਾਨੀ ਜਨਕ ਤੇ ਲੂੰ ਕੰਡੇ ਖੜੇ ਕਰਨ ਵਾਲੇ ਖੁਲਾਸੇ ਹੋਏ।

ਉਹਨਾਂ ਦੱਸਿਆ ਕਿ ਸਾਲ 2002 ਵਿਚ ਦਿੱਲੀ ਕਮੇਟੀ ਦਾ ਪ੍ਰਧਾਨ ਹੁੰਦਿਆਂ ਜਥੇਦਾਰ ਅਵਤਾਰ ਸਿੰਘ ਹਿੱਤ ਤੇ ਜਨਰਲ ਸਕੱਤਰ ਸਰਦਾਰ ਕੁਲਮੋਹਨ ਸਿੰਘ ਨੇ ਤੇਲਗੂ ਤੇ ਅੰਗਰੇਜ਼ੀ ਦੇ ਸਾਹਿਤਕਾਰ ਤੇ ਟੀਕਾਕਾਰ ਡਾ. ਵੇਮੁਰਾਜੂ ਭਾਨੂ ਮੂਰਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 17 ਭਾਸ਼ਾਵਾਂ ਵਿਚ ਅਨੁਵਾਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਇਹ ਜ਼ਿੰਮੇਵਾਰੀ ਸੌਂਪਦਿਆਂ ਇਹਨਾਂ ਆਗੂਆਂ ਨੇ ਇਹ ਵੀ ਚੈਕ ਨਹੀਂ ਕੀਤਾ ਕਿ ਡਾ. ਭਾਨੂੰ ਮੂਰਤੀ ਨੂੰ ਨਾ ਪੰਜਾਬੀ ਆਉਂਦੀ ਹੈ ਤੇ ਨਾ ਹੀ ਗੁਰਮਤਿ ਸਿਧਾਂਤਾਂ ਤੇ ਸਿੱਖ ਰਹਿਤ ਮਰਿਆਦਾ ਦੀ ਜਾਣਕਾਰੀ ਹੈ।

ਇਸ ਅਤਿ ਗੰਭੀਰ ਮਾਮਲੇ ’ਤੇ ਉਹਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਨਾਲ ਸਲਾਹ ਮਸ਼ਵਰਾ ਕਰਨ ਦੀ ਲੋੜ ਵੀ ਨਹੀਂ ਸਮਝੀ। ਉਸ ਵੇਲੇ ਜਥੇਦਾਰ ਹਿੱਤ ਤੇ ਸਰਦਾਰ ਕੁਲਮੋਹਨ ਸਿੰਘ ਨੇ ਜਪੁਜੀ ਸਾਹਿਬ ਦੇ ਕੀਤੇ ਅਨੁਵਾਦ ਦੇ 17000 ਕਿਤਾਬਚੇ ਛਪਵਾ ਕੇ ਸੰਗਤਾਂ ਵਿਚ ਵੰਡੇ ਜਿਸ ਵਿਚੋਂ 1000 ਕਿਤਾਬਚਾ ਹਰ ਭਾਸ਼ਾ ਦਾ ਸੀ। ਇਹਨਾਂ ਕਿਤਾਬਚਿਆਂ ਨੁੰ ਪ੍ਰਕਾਸ਼ਤ ਕਰਨ ਵੇਲੇ ਡਾ. ਭਾਨੂੰ ਮੂਰਤੀ ਨੇ ਗੁਰਬਾਣੀ ਵਿਚ ਕਈ ਤਬਦੀਲੀਆਂ ਕਰ ਦਿੱਤੀਆਂ ਤੇ ਅਨੇਕਾਂ ਲਗਾ ਮਾਤਰਾਂ ਬਦਲ ਦਿੱਤੀਆਂ।

ਉਹਨਾਂ ਕਿਹਾ ਕਿ ਇਸ ਤੋਂ ਵੱਡੀ ਦਿਲ ਵਲੂੰਧਰ ਵਾਲੀ ਗੱਲ ਇਹ ਹੈ ਕਿ ਇਹ ਘੋਰ ਕੁਤਾਹੀ ਤੇ ਬੇਅਦਬੀ ਕਰਨ ਤੋਂ ਬਾਅਦ ਜਥੇਦਾਰ ਹਿੱਤ ਤੇ ਸਰਦਾਰ ਕੁਲਮੋਹਨ ਸਿੰਘ ਨੇ ਡਾ. ਭਾਨੂੰ ਮੂਰਤੀ ਨੂੰ ਪੰਥ ਦੇ ਮਹਾਨ ਟੀਕਾਕਾਰ ’ਭਾਈ ਸਾਹਿਬ ਸਿੰਘ ਜੀ’ ਐਵਾਰਡ ਨਾਲ ਸਨਮਾਨਤ ਕੀਤਾ।

ਉਹਨਾਂ ਕਿਹਾ ਕਿ 20 ਸਾਲ ਪਹਿਲਾਂ ਹੋਈ ਇਹ ਕੁਤਾਹੀ ਤੇ ਬੇਅਦਬੀ ਹੀ ਅੱਜ ਅਮਰੀਕਾ ਨਿਵਾਸੀ ਥਮਿੰਦਰ ਸਿੰਘ ਆਨੰਦ ਤੇ ਕੈਨੇਡਾ ਨਿਾਵਸੀ ਉਂਕਾਰ ਸਿੰਘ ਵੱਲੋਂ ਕੀਤੀ ਕੁਤਾਹੀ ਦਾ ਸਬੱਬ ਬਣੀ ਹੈ।

ਉਹਨਾਂ ਦੱਸਿਆ ਕਿ ਨੌਜਵਾਨ ਖਾਲਸਾ ਫੁਲਵਾੜੀ ਨਾਂ ਦੀ ਧਾਰਮਿਕ ਜਥੇਬੰਦੀ ਜਿਸਦਾ ਦਫਤਰ ਐਫ 87, ਪਟੇਲ ਨਗਰ ਨਵੀਂ ਦਿੱਲੀ ਵਿਖੇ ਹੈ ਨੇ 5 ਜਨਵਰੀ 2005 ਨੂੰ ਇਸਦੀ ਸ਼ਿਕਾੲਤੀ ਤਤਕਾਲੀ ਜਥੇਦਾਰ ਅਕਾਲ ਤਖਤ ਸਾਹਿਬ ਨੁੰ ਕੀਤੀ ਪਰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ। ਇਸ ਜਥੇਬੰਦੀ ਨੇ ਫਿਰ 7 ਮਾਰਚ 2005 ਨੂੰ ਜਥੇਦਾਰ ਅਕਾਲ ਤਖਤ ਸਾਹਿਬ ਨੁੰ ਯਾਦ ਪੱਤਰ ਭੇਜ ਕੇ ਸ਼ਿਕਾਇਤ ਚੇਤੇ ਕਰਵਾਈ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ।

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਬੂਤਾਂ ਤੇ ਸੀ ਡੀ ਸਮੇਤ ਇਸਦੀ ਸ਼ਿਕਾਇਤ ਕੀਤੀ ਹੈ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਥਮਿੰਦਰ ਸਿੰਘ ਆਨੰਦ ਤੇ ਉਂਕਾਰ ਸਿੰਘ ਵਾਂਗੂ ਹੀ ਇਸ ਮਾਮਲੇ ਵਿਚ ਵੀ ਪੰਥਕ ਰਵਾਇਤਾਂ ਤੇ ਸਿਧਾਂਤਾਂ ਅਨੁਸਾਰ ਪੰਥਕ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਜਥੇਦਾਰ ਅਵਤਾਰ ਸਿੰਘ ਹਿੱਤ ਤੇ ਸਰਦਾਰ ਕੁਲਮੋਹਨ ਸਿੰਘ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਟੀਮ ਹਰ ਤਰਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਕਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਹੜਾ ਭਾਈ ਸਾਹਿਬ ਸਿੰਘ ਜੀ ਐਵਾਰਡ ਡਾ. ਭਾਨੁੰ ਪ੍ਰਤਾਪ ਨੁੰ ਦਿੱਤਾ ਸੀ, ਉਹ ਤੁਰੰਤ ਵਾਪਸ ਲਿਆ ਜਾਵੇ। ਉਹਨਾਂ ਦੱਸਿਆ ਕਿਹਾ ਕਿ ਸਿੰਘ ਸਾਹਿਬ ਮਾਮਲਾ ਵੇਖ ਕੇ ਹੈਰਾਨ ਸਨ। ਵੱਖ ਵੱਖ ਸਵਾਲਾਂ ਦੇ ਜਵਾਬ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੁਹਰਾਇਆ ਕਿ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਉਪਰ ਹੈ, ਸਾਨੁੰ ਜੋ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਵੇਗਾ, ਅਸੀਂ ਉਸਦੀ ਪਾਲਣਾ ਕਰਾਂਗੇ।

ਉਹਨਾਂ ਨੇ ਅੱਜ ਸਿੰਘ ਸਾਹਿਬ ਦੀਆਂ ਹਦਾਇਤਾਂ ’ਤੇ ਪੰਥਕ ਇਕੱਠ ਸੱਦਣ ਦੀ ਸਭ ਨੁੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਥਕ ਮਾਮਲਿਆਂ ’ਤੇ ਇਕਸੁਰ ਹੋ ਕੇ ਆਵਾਜ਼ ਬੁਲੰਦ ਹੋਵੇਗੀ।

ਇਸ ਪ੍ਰੈਸ ਕਾਨਫਰੰਸ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਸੀਡੀ ਚਲਾ ਕੇ ਵਿਖਾਈ ਜਿਸ ਵਿਚ ਡਾ. ਭਾਨੂੰ ਪ੍ਰਤਾਪ ਵੱਲੋਂ ਗੁਰਬਾਣੀ ਤੁੱਕਾਂ ਨਾਲ ਕੀਤੀ ਗਈ ਛੇੜਛਾੜ ਦੇ ਸਬੂਤ ਸਨ। ਇਸ ਤੋਂ ਇਲਾਵਾ ਉਹਨਾਂ ਵੱਖ ਵੱਖ ਭਾਸ਼ਾਵਾਂ ਵਿਚ ਜਪੁਜਾ ਸਾਹਿਬ ਦੇ ਕੀਤੇ ਅਨੁਵਾਦ ਦੀਆਂ ਕਾਪੀਆਂ ਵੀ ਮੀਡੀਆ ਸਾਹਮਣੇ ਵਿਖਾਈਆਂ।

ਉਹਨਾਂ ਇਹ ਵੀ ਦੱਸਿਆ ਕਿ ਅਸੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਜਥੇਦਾਰ ਅਵਤਾਰ ਸਿੰਘ ਹਿੱਤ ਦੇ ਮਾਮਲੇ ਦਾ ਕੋਈ ਫੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਜਥੇਦਾਰ ਹਿੱਤ ਨੁੰ ਪਟਨਾ ਸਾਹਿਬ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਕੀਤੇ ਜਾਵੇ ਤੇ ਕਿਸੇ ਵੀ ਪੰਥਕ ਇਕੱਠ ਵਿਚ ਸ਼ਾਮਲ ਨਾ ਹੋਣ ਦਿੱਤਾ ਜਾਵੇ।

ਉਹਨਾਂ ਇਹ ਵੀ ਕਿਹਾ ਕਿ ਜਥੇਦਾਰ ਹਿੱਤ ਇਕਲੌਤੇ ਅਜਿਹੇ ਆਦਮੀ ਹਨ ਜੋ ਵਾਰ ਵਾਰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕੀਤੇ ਗਏ ਹਨ। ਉਹਨਾਂ ਨੇ ਜਥੇਦਾਰ ਹਿੱਤ ਨੁੰ ਵਾਰ ਵਾਰ ਅਹੁਦੇ ਦੇ ਕੇ ਨਿਵਾਜਣ ’ਤੇ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਵੀ ਸਵਾਲ ਚੁੱਕੇ।

ਇਸ ਮੌਕੇ ਪ੍ਰੈਸ ਕਾਨਫਰੰਸ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਸਰਦਾਰ ਐਮ ਪੀ ਐਸ ਚੱਢਾ, ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸਰਦਾਰ ਆਤਮਾ ਸਿੰਘ ਲੁਬਾਣਾ, ਅੰਤਰਿੰਗ ਕਮੇਟੀ ਮੈਂਬਰ ਸਰਦਾਰ ਵਿਕਰਮ ਸਿੰਘ ਰੋਹਿਣੀ, ਕਮੇਟੀ ਮੈਂਬਰ ਸਰਬਜੀਤ ਸਿੰਘ ਵਿਰਕ, ਸੁਖਬੀਰ ਸਿੰਘ ਕਾਲੜਾ, ਜਸਬੀਰ ਸਿੰਘ ਜੱਸੀ, ਮੋਹਿੰਦਰਪਾਲ ਸਿੰਘ ਚੱਢਾ, ਸੁਰਜੀਤ ਸਿੰਘ ਜੀਤੀ, ਗੁਰਦੇਵ ਸਿੰਘ, ਭੁਪਿੰਦਰ ਸਿੰਘ ਗਿੰਨੀ, ਸਤਿੰਦਰਪਾਲ ਸਿੰਘ ਨਾਗੀ, ਹਰਜੀਤ ਸਿੰਘ ਪੱਪਾ, ਗੁਰਮੀਤ ਸਿੰਘ ਭਾਟੀਆ, ਜਸਮੇਨ ਸਿੰਘ ਨੋਨੀ ਤੇ ਹੋਰ ਪਤਵੰਤੇ ਮੌਜੁਦ ਰਹੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION