ਅੱਜ-ਨਾਮਾ
ਦਿਵਸ ਲੋਹੜੀ ਦਾ, ਬੱਦਲ ਸਨ ਆਣ ਗੱਜੇ,
ਪਾਇਆ ਲੋਹੜੀ ਦੇ ਰੰਗਾਂ ਵਿੱਚ ਭੰਗ ਬੇਲੀ।
ਮਟਰ ਵਰਗੀ ਇਹ ਫਸਲ ਨੂੰ ਠੀਕ ਤਾਂ ਨਹੀਂ,
ਕਹਿੰਦੇ ਕਣਕ ਲਈ ਸੋਹਣਾ ਇਹ ਰੰਗ ਬੇਲੀ।
ਚਿਕੜੀ ਜਿਹੀ ਆ ਫੈਲ ਗਈ ਸੜਕ ਉੱਤੇ,
ਇਸ ਤੋਂ ਆਏ ਡਰਾਈਵਰ ਆ ਤੰਗ ਬੇਲੀ।
ਦਿੱਲੀਓਂ ਆਇਆ ਜਹਾਜ਼ ਗਿਆ ਮੁੜ ਪਿੱਛੇ,
ਉੱਤਰਨ ਵਾਲਾ ਕੋਈ ਲੱਭਾ ਨਹੀਂ ਢੰਗ ਬੇਲੀ।
ਮੌਸਮ ਬਦਲਿਆ, ਕਿਸੇ ਲਈ ਠੀਕ ਲੱਗਦਾ,
ਕਿਸੇ ਹੋਰ ਲਈ ਮੁਸ਼ਕਲ ਜਿਹੀ ਖੜੀ ਬੇਲੀ।
ਜਿਸ ਥਾਂ ਪੈਂਦੀ ਪਈ ਬਰਫ ਕੀ ਹਾਲ ਓਧਰ,
ਅਸਾਂ ਨੂੰ ਝੱਲਣ ਵੀ ਮੁਸ਼ਕਲ ਹੈ ਝੜੀ ਬੇਲੀ।
-ਤੀਸ ਮਾਰ ਖਾਂ
ਜਨਵਰੀ 14, 2020