36.7 C
Delhi
Friday, April 19, 2024
spot_img
spot_img

ਦਾਖ਼ਾ ਰੋਡ ਸ਼ੋਅ ’ਚ ਕੈਪਟਨ ਦਾ ਵੱਡਾ ਬਿਆਨ: ਸੁਖ਼ਬੀਰ ਦਾ ਹੰਕਾਰ ਹੀ ਉਸ ਨੂੰ ਅਤੇ ਅਕਾਲੀ ਦਲ ਨੂੰ ਖ਼ਤਮ ਕਰੇਗਾ

ਜਲਾਲਾਬਾਦ, 16 ਅਕਤੂਬਰ, 2019 –
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਾਬਕਾ ਵਿਧਾਇਕ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਵਿੱਚ ਕਾਂਗਰਸੀ ਉਮੀਦਵਾਰ ਰਵਿੰਦਰ ਸਿੰਘ ਆਂਵਲਾ ਦੇ ਵਿਸ਼ਾਲ ਰੋਡ ਸ਼ੋਅ ਨਾਲ ਤਹਿਲਕਾ ਮਚਾਉਂਦੇ ਹੋਏ ਐਲਾਨ ਕੀਤਾ ਕਿ ਅਕਾਲੀ ਦਲ ਦੇ ਪ੍ਰਧਾਨ ਦਾ ਹੰਕਾਰ ਹੀ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਖਤਮ ਕਰ ਦੇਵੇਗਾ ਅਤੇ ਜ਼ਿਮਨੀ ਚੋਣਾਂ ਦੇ ਨਤੀਜਿਆਂ ਵਿੱਚ ਅਕਾਲੀ ਦਲ ਦਾ ਮੁਕੰਮਲ ਸਫਾਇਆ ਹੋ ਜਾਵੇਗਾ।

ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਸੁਖਬੀਰ ਵੱਲੋਂ ਜਲਾਲਾਬਾਦ ਦੇ ਲੋਕਾਂ ਨੂੰ ਆਪਣੀ ਜੇਬ ਵਿੱਚ ਹੋਣ ਦੀ ਖੁਸ਼ਫਹਿਮੀ ਤੋਂ ਵੀ ਮੁਕਤ ਕਰ ਦੇਣਗੇ ਕਿਉਂਕਿ ਸੁਖਬੀਰ ਦਾ ਹੰਕਾਰ ਹੀ ਉਸ ਨੂੰ ਤਬਾਹ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਰੋਡ ਸ਼ੋਅ ਦੌਰਾਨ ਹਲਕੇ ਦੇ ਹਜ਼ਾਰਾਂ ਲੋਕਾਂ ਦਾ ਉਮੜਿਆ ਜਨ ਸੈਲਾਬ ਹੀ ਕਾਂਗਰਸੀ ਉਮੀਦਵਾਰ ਦੀ ਜਿੱਤ ਉਪਰ ਪੱਕੀ ਮੋਹਰ ਲਾ ਰਿਹਾ ਹੈ।

ਅਤਿਵਾਦ ਦੇ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਵਿੱਚ ਲੰਬੇ ਸਮੇਂ ਤੋਂ ਜੇਲ੍ਹਾਂ ਕੱਟ ਰਹੇ ਪੁਲਿਸ ਕਰਮੀਆਂ ਦੀ ਰਿਹਾਈ ਲਈ ਸੂਬਾ ਸਰਕਾਰ ਵੱਲੋਂ ਕੀਤੀ ਅਪੀਲ ਦੀ ਸੁਖਬੀਰ ਵੱਲੋਂ ਆਲੋਚਨਾ ਕਰਨ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਦੌਰ ਵਿੱਚ ਪੰਜਾਬ ਅਤੇ ਦੇਸ਼ ਦੀ ਰੱਖਿਆ ਕਰਦੇ ਹੋਏ ਹਜ਼ਾਰਾਂ ਪੁਲਿਸ ਕਰਮੀਆਂ ਨੇ ਆਪਣੀ ਜਾਨ ਗੁਆਈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਿਸ ਕਰਮੀਆਂ ਵੱਲੋੋਂ ਉਸ ਵੇਲੇ ਕੀਤੀ ਕਾਰਵਾਈ ਅਤਿਵਾਦ ਖਿਲਾਫ ਲੜਨ ਦੀ ਲੋੜ ਤੋਂ ਪ੍ਰੇਰਿਤ ਸੀ।

ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਨੂੰ ਮਨੁੱਖਤਾ ਦੇ ਆਧਾਰ ‘ਤੇ ਛੱਡਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਇਆ ਤੇ ਪਰਉਪਕਾਰ ਦੇ ਫਲਸਫੇ ਅਨੁਸਾਰ ਹੈ। ਉਨ੍ਹਾਂ ਕਿਹਾ, ”ਪਰ ਤੁਸੀਂ ਆਸ ਨਹੀਂ ਕਰ ਸਕਦੇ ਕਿ ਸੁਖਬੀਰ ਰਹਿਮ ਤੇ ਮਨੁੱਖਤਾ ਨੂੰ ਸਮਝੇਗਾ।” ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਿਰਫ ਜ਼ੁਬਾਨੀ ਤੌਰ ‘ਤੇ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਤੇ ਗੁਰੂ ਸਾਹਿਬ ਦੇ ਫਲਸਫੇ ਦੀ ਗੱਲ ਕੀਤੀ ਹੈ, ਅਮਲੀ ਰੂਪ ਕਦੇ ਨਹੀਂ ਦਿੱਤਾ।

ਕਾਂਗਰਸੀ ਉਮੀਦਵਾਰ ਆਂਵਲਾ ਵਿੱਚ ਆਪਣੇ ਭਰੋਸੇ ਨੂੰ ਸਪੱਸ਼ਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਉਮੀਦਵਾਰ ਵੱਲੋਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਨੂੰ ਯਕੀਨੀ ਬਣਾਉਣਗੇ। ਊਧਮ ਸਿੰਘ ਚੌਕ ਵਿਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੀ ਪਾਰਟੀ ਆਉਣ ਵਾਲੀਆਂ ਸਾਰੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਲਈ ਭਾਰੀ ਜਿੱਤ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ।

ਅੱਜ ਮੁੱਖ ਮੰਤਰੀ ਦੇ ਨਾਲ ਰਵਿੰਦਰ ਸਿੰਘ ਆਂਵਲਾ ਤੋਂ ਇਲਾਵਾ ਪਾਰਟੀ ਆਗੂ ਆਸ਼ਾ ਕੁਮਾਰੀ, ਸੁਨੀਲ ਜਾਖੜ, ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਨਾਲ ਸਨ। ਰੋਡ ਸ਼ੋਅ ਵਿੱਚ ਸ਼ਾਮਲ ਹੋਣ ਵਾਲੇ ਹੋਰਨਾਂ ਪਤਵੰਤਿਆਂ ਵਿੱਚ ਧਮਰਾਮਬੀਰ ਅਗਨੀਹੋਤਰੀ, ਸੁਖਪਾਲ ਸਿੰਘ ਭੁੱਲਰ, ਕਰਨ ਕੌਰ ਬਰਾੜ ਅਤੇ ਦਮਨ ਥਿੰਦ ਬਾਜਵਾ ਸ਼ਾਮਲ ਸਨ।

ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਸੁਖਬੀਰ ਨੂੰ ਲੱਗਦਾ ਹੈ ਕਿ ਅਕਾਲੀਆਂ ਕੋਲ ਇਹ ਕਾਂਗਰਸ ਖਿਲਾਫ ਜਿੱਤ ਦਾ ਇਕ ਮੌਕਾ ਹੈ ਤਾਂ ਉਹ ਇਕ ਵੱਡੇ ਭੁਲੇਖੇ ਵਿਚ ਜਿਉਂ ਰਿਹਾ ਹੈ। ਲੋਕ ਸ਼੍ਰੋਮਣੀ ਅਕਾਲੀ ਦਲ ਦੇ ਧੋਖਿਆਂ ਤੋਂ ਜਾਣੂ ਹਨ ਅਤੇ ਇਕ ਵਾਰ ਫਿਰ ਉਹ ਅਕਾਲੀਆਂ ਨੂੰ ਵੱਡੇ ਫ਼ਰਕ ਨਾਲ ਹਰਾਉਣ ਲਈ ਤਿਆਰ ਹਨ।

ਸੁਖਬੀਰ ਅਤੇ ਉਨ੍ਹਾਂ ਦੀ ਪਾਰਟੀ ਦੇ ਬਰਗਾੜੀ ਬੇਅਦਬੀ ਮਾਮਲੇ ਸਬੰਧੀ ਰੁਖ਼ ਨੂੰ ਲੈ ਵੀ ਕੈਪਟਨ ਅਮਰਿੰਦਰ ਸਿੰਘ ਨੇ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਕਾਲੀਆਂ ਨੇ ਇਸ ਮਾਮਲੇ ਨੂੰ ਸੀ.ਬੀ.ਆਈ. ਨੂੰ ਵਾਪਸ ਸੌਂਪਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਸਰਕਾਰ ਨੇ ਸਫਲਤਾਪੂਰਵਕ ਇਹ ਮਾਮਲੇ ਦੀ ਜਾਂਚ ਮੁੜ ਪ੍ਰਾਪਤ ਕਰ ਲਈ ਹੈ ਅਤੇ ਹੁਣ ਹਰ ਕੀਮਤ ‘ਤੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇਗਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਾਂਝੇ ਤੌਰ ‘ਤੇ ਮਨਾਉਣ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਸਾਰੇ ਮੁੱਖ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਹੀ ਕਰਵਾਏ ਜਾਣਗੇ ਅਤੇ ਸ਼੍ਰੋਮਣੀ ਕਮੇਟੀ ਦੁਆਰਾ ਗੁਰਦੁਆਰੇ ਅੰਦਰ ਹੋਰ ਸਬੰਧਤ ਪ੍ਰੋਗਰਾਮ ਵੱਖਰੇ ਤੌਰ ‘ਤੇ ਕਰਵਾਉਣ ਸਬੰਧੀ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਅਧੀਨ ਨਹੀਂ ਚੱਲਣਾ ਚਾਹੁੰਦੀ ਤਾਂ ਇਹ ਉਸਦੀ ਮਰਜ਼ੀ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਧਰਮ ਦੇ ਨਾਂ ‘ਤੇ ਸਿਆਸੀ ਲਾਹਾ ਖੱਟਣ ਦੇ ਹੱਕ ਵਿੱਚ ਨਹੀਂ ਹਨ।

ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਅਕਾਲੀਆਂ ਦੇ ਦਾਅਵਿਆਂ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਇਹ ਪ੍ਰੋਗਰਾਮ ਅਕਾਲੀ ਦਲ ਵੱਲੋਂ ਨਹੀਂ ਸਗੋਂ ਭਾਰਤ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਭਾਰਤ ਸਰਕਾਰ ਦਾ ਪ੍ਰਾਜੈਕਟ ਹੈ ਅਤੇ ਅਕਾਲੀਆਂ ਦੀ ਇਸ ਮਾਮਲੇ ਵਿੱਚ ਕੋਈ ਭੂਮਿਕਾ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਯੋਗ ਕਿਸਾਨਾਂ ਨੂੰ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਵਿੱਚੋਂ ਬਾਹਰ ਰੱਖਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਧੂਰੀ ਕਾਗਜ਼ੀ ਕਾਰਵਾਈ ਕਾਰਨ ਜੋ ਕਿਸਾਨ ਰਹਿ ਗਏ ਸਨ, ਉਨ੍ਹਾਂ ਦੇ ਖੇਤੀ ਕਰਜ਼ੇ ਵੀ ਕਾਗਜ਼ੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਮੁਆਫ਼ ਕਰ ਦਿੱਤੇ ਜਾਣਗੇ।

ਇਸ ਨੂੰ ਵੀ ਪੜ੍ਹੋ:  

ਇੰਗਲੈਂਡ ’ਚ ਪੰਜਾਬੀਆਂ ਦੇ ਵਿਆਹ ’ਤੇ ਹੋਈ ‘ਬਦਸ਼ਗਨੀ’, 4 ਬੰਦੇ ਹਸਪਤਾਲ ’ਚ – ਵੇਖ਼ੋ ਵੀਡੀਉ

Wolverhampton UK Hotel

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION