28.1 C
Delhi
Thursday, April 25, 2024
spot_img
spot_img

ਦਲਬੀਰ ਢਿੱਲਵਾਂ ਗੋਲੀਕਾਂਡ ਬਦਲੇ ਲਈ ਕੀਤਾ ਗਿਆ ਸਿਆਸੀ ਕਤਲ, ਮਜੀਠੀਆ ਨੇ ਪੰਜਾਬ ਦੇ ਇਕ ਮੰਤਰੀ ਵੱਲ ਉਂਗਲ ਚੁੱਕੀ

ਚੰਡੀਗੜ੍ਹ, 21 ਨਵੰਬਰ, 2019:

ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਡੇਰਾ ਬਾਬਾ ਨਾਨਕ ਵਿਚ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦਾ ਬੇਰਹਿਮੀ ਨਾਲ ਕੀਤਾ ਕਤਲ ਦਰਅਸਲ ਇੱਕ ਮੰਤਰੀ, ਗੈਂਗਸਟਰ ਅਤੇ ਪੁਲਿਸ ਦੇ ਗਿਰੋਹ ਵੱਲੋਂ ਮਿਲ ਕੇ ਕੀਤਾ ਗਿਆ ਸਿਆਸੀ ਕਤਲ ਹੈ।

ਉਹਨਾਂ ਦੱਸਿਆ ਕਿ ਇਹ ਕਤਲ 2004 ਵਿਚ ਵਾਪਰੀ ਉਸ ਘਟਨਾ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ, ਜਿਸ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਦਸਤਾਰ ਉੱਤਰ ਗਈ ਸੀ। ਉਹਨਾਂ ਮੰਤਰੀ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਜਦੋਂ ਸੂਬੇ ਅੰਦਰ ਉਹਨਾਂ ਦੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਲੋਕਾਂ ਉੱਪਰ ਅਜਿਹੇ ਅੱਤਿਆਚਾਰ ਢਾਹੇ ਜਾ ਰਹੇ ਹਨ ਤਾਂ ਉਹਨਾਂ ਨੇ ਚੁੱਪ ਕਿਉਂ ਧਾਰ ਰੱਖੀ ਹੈ?

ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ 2004 ਦੀਆਂ ਸੰਸਦੀ ਚੋਣਾਂ ਦੌਰਾਨ ਢਿੱਲਵਾਂ ਪਿੰਡ ਵਿਚ ਬੂਥਾਂ ਉੱਤੇ ਕਬਜ਼ੇ ਹੋਣ ਦੀਆਂ ਰਿਪੋਰਟਾਂ ਆਈਆਂ ਸਨ ਅਤੇ ਸੁਖਜਿੰਦਰ ਰੰਧਾਵਾ ਵੱਲੋਂ ਕੀਤੇ ਪਿੰਡ ਦੇ ਦੌਰੇ ਦੌਰਾਨ ਦਲਬੀਰ ਢਿੱਲਵਾਂ ਦੇ ਪਰਿਵਾਰਕ ਮੈਂਬਰਾਂ ਨਾਲ ਹੋਈ ਹੱਥੋਪਾਈ ਵਿਚ ਰੰਧਾਵਾ ਦੀ ਦਸਤਾਰ ਉੱਤਰ ਗਈ ਸੀ।

ਰੰਧਾਵਾ ਉਸ ਸਮੇਂ ਮੁੱਖ ਸੰਸਦੀ ਸਕੱਤਰ ਸੀ ਅਤੇ ਉਸ ਨੇ ਇਸ ਘਟਨਾ ਲਈ ਦਲਬੀਰ ਸਿੰਘ ਅਤੇ ਉਸ ਦੇ ਪਿਤਾ ਸੰਤ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਸੰਤ ਸਿੰਘ ਨੂੰ ਧਮਕੀ ਦਿੱਤੀ ਸੀ ਕਿ ਉਹ ਆਪਣੇ ਦੋ ਬੇਟੇ ਖੋ ਚੁੱਕਿਆ ਹੈ ਅਤੇ ਜਲਦੀ ਹੀ ਇੱਕ ਹੋਰ ਬੇਟਾ ਵੀ ਖੋ ਦੇਵੇਗਾ।

ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਤੋਂ ਬਾਅਦ 2004 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੌਰਾਨ ਦਲਬੀਰ ਦੇ ਪਰਿਵਾਰ ਦੇ 10 ਮੈਂਬਰਾਂ ਨੂੰ ਮਨਘੜਤ ਦੋਸ਼ਾਂ ਹੇਠ ਗਿਰਫਤਾਰ ਕੀਤਾ ਗਿਆ ਸੀ ਅਤੇ ਦਲਬੀਰ ਉੱਤੇ ਤਸ਼ੱਦਦ ਵੀ ਢਾਹਿਆ ਗਿਆ ਸੀ।

ਉਹਨਾਂ ਕਿਹਾ ਕਿ ਅਗਲੇ ਦਸ ਸਾਲ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਕੁੱਝ ਨਹੀਂ ਵਾਪਰਿਆ, ਪਰੰਤੂ ਹੁਣ ਕਾਂਗਰਸੀ ਹਕੂਮਤ ਦੌਰਾਨ ਬਦਲਾ ਲੈਣ ਲਈ ਦਲਬੀਰ ਉੱਤੇ ਹਮਲਾ ਕੀਤਾ ਗਿਆ, ਜਿਸ ਦੌਰਾਨ ਹਮਲਾਵਰਾਂ ਵੱਲੋਂ ਬੇਰਹਿਮੀ ਨਾਲ ਉਸ ਦੀਆਂ ਲੱਤਾਂ ਵੱਢਣ ਅਤੇ 15 ਗੋਲੀਆਂ ਮਾਰਨ ਕਰਕੇ ਅਕਾਲੀ ਆਗੂ ਦੀ ਮੌਤ ਹੋ ਗਈ।

ਇਹ ਟਿੱਪਣੀ ਕਰਦਿਆਂ ਕਿ ਉਹ ਸੁਖਜਿੰਦਰ ਰੰਧਾਵਾ ਖ਼ਿਲਾਫ ਇਹ ਸਾਰੇ ਖੁਲਾਸੇ ਦਸਤਾਵੇਜ਼ੀ ਸਬੂਤਾਂ ਸਮੇਤ ਕਰ ਰਹੇ ਹਨ, ਅਕਾਲੀ ਆਗੂ ਨੇ ਕਿਹਾ ਕਿ ਮਸ਼ਹੂਰ ਗੈਂਗਸਟਰ ਜੱਗੂ ਭਗਵਾਨਪੁਰਾ, ਜਿਸ ਦੀ ਮਾਤਾ ਜੇਲ੍ਹ ਮੰਤਰੀ ਦੀ ਹਮਾਇਤ ਸਦਕਾ ਡੇਰਾ ਬਾਬਾ ਨਾਨਕ ਵਿਚ ਪੈਂਦੇ ਪਿੰਡ ਭਗਵਾਨਪੁਰਾ ਦੀ ਪੰਚਾਇਤ ਮੈਂਬਰ ਬਣ ਚੁੱਕੀ ਹੈ, ਕਾਂਗਰਸੀ ਹਕੂਮਤ ਦੌਰਾਨ ਮਨਆਈਆਂ ਕਰ ਰਿਹਾ ਹੈ।

ਉਹਨਾਂ ਨੇ ਕੁੱਝ ਮੀਡੀਆ ਰਿਪੋਰਟਾਂ ਵਿਖਾਈਆਂ,ਜਿਹਨਾਂ ਵਿਚ ਕੁੱਝ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਇਹ ਖੁਲਾਸਾ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਜੱਗੂ ਭਗਵਾਨਪੁਰਾ ਜੇਲ੍ਹ ਅੰਦਰ ਫੋਨਾਂ ਦਾ ਇਸਤੇਮਾਲ ਕਰ ਰਿਹਾ ਹੈ ਅਤੇ ਆਪਣੇ 33 ਸਾਥੀਆਂ ਦੀ ਮੱਦਦ ਨਾਲ ਜੇਲ੍ਹ ਅੰਦਰ ਬੈਠਾ ਇੱਕ ਫਿਰੌਤੀ ਗਿਰੋਹ ਚਲਾ ਰਿਹਾ ਹੈ।

ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਜ਼ਿਲ੍ਹਾ ਪੁਲਿਸ ਇਹ ਵਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦਲਬੀਰ ਢਿੱਲਵਾਂ ਦਾ ਕਤਲ ਇੱਕ ਸਿਆਸੀ ਕਤਲ ਨਹੀਂ ਹੈ। ਉਹਨਾਂ ਕਿਹਾ ਕਿ ਗੁਰਦਾਸਪੁਰ ਦਾ ਐਸਐਸਪੀ ਉਪਿੰਦਰਜੀਤ ਘੁੰਮਣ ਇੱਕ ਕਾਂਗਰਸੀ ਬੁਲਾਰੇ ਵਾਂਗ ਕੰਮ ਕਰ ਰਿਹਾ ਹੈ।

ਕਤਲ ਹੋਣ ਤੋਂ 15 ਮਿੰਟ ਬਾਅਦ ਹੀ ਉਸ ਨੇ ਐਲਾਨ ਕਰ ਦਿੱਤਾ ਸੀ ਕਿ ਇਸ ਕਤਲ ਪਿੱਛੇ ਕੋਈ ਵੀ ਸਿਆਸੀ ਸਾਜ਼ਿਸ਼ ਨਹੀਂ ਸੀ। ਉਹਨਾਂ ਕਿਹਾ ਕਿ ਐਸਐਸਪੀ ਅਜਿਹੇ ਬਿਆਨ ਦੇ ਕੇ ਕਿ ਇਹ ਕਤਲ ਜ਼ਮੀਨੀ ਝਗੜੇ ਕਰਕੇ ਹੋਇਆ ਹੈ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਅਕਾਲੀ ਆਗੂ ਨੇ ਇਹ ਸਾਬਿਤ ਕਰਨ ਲਈ ਕਿ ਕਾਤਿਲਾਂ ਅਤੇ ਦਲਬੀਰ ਢਿੱਲਵਾਂ ਦੀਆਂ ਜ਼ਮੀਨਾਂ ਦੀ ਆਪਸ ਵਿਚ ਵੱਟ ਨਹੀਂ ਸੀ ਲੱਗਦੀ, ਮਾਲ ਵਿਭਾਗ ਦੇ ਰਿਕਾਰਡ ਵਿਖਾਏ। ਉਹਨਾਂ ਕਿਹਾ ਕਿ ਕਿੰਨੀ ਮੰਦਭਾਗੀ ਗੱਲ ਹੈ ਕਿ ਕੱਲ੍ਹ ਵੀ ਐਸਐਸਪੀ ਨੇ ਇਹ ਦਾਅਵਾ ਕੀਤਾ ਸੀ ਕਿ ਇਸ ਘਟਨਾ ਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ ਜਦਕਿ ਘਟਨਾ ਵਾਪਰਨ ਤੋਂ 72 ਘੰਟੇ ਬਾਅਦ ਵੀ ਉਹ ਨਾ ਤਾਂ ਪੀੜਤ ਪਰਿਵਾਰ ਨੂੰ ਮਿਲਿਆ ਹੈ ਅਤੇ ਨਾ ਹੀ ਉਸ ਨੇ ਕੋਈ ਗਿਰਫਤਾਰੀ ਕੀਤੀ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਐਸਐਸਪੀ ਅਤੇ ਸਥਾਨਕ ਪੁਲਿਸ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਨ ਲਈ ਵੀ ਤਿਆਰ ਨਹੀਂ ਹਨ। ਉਹਨਾਂ ਕਿਹਾ ਕਿ ਢਿੱਲਵਾਂ ਦੇ ਸਪੁੱਤਰ ਸੰਦੀਪ ਨੇ ਹੁਣ ਡੀਜੀਪੀ ਨੂੰ ਲਿਖਿਆ ਹੈ ਕਿ ਉਸ ਦੇ ਪਿਤਾ ਦਾ ਕਤਲ ਸੁਖਜਿੰਦਰ ਰੰਧਾਵਾ ਦੀ ਸਿਆਸੀ ਪੁਸ਼ਤਪਨਾਹੀ ਮਾਣ ਰਹੇ ਕਾਂਗਰਸੀਆਂ ਨੇ ਕੀਤਾ ਹੈ ਅਤੇ ਕਿਹਾ ਹੈ ਕਿ ਸਥਾਨਕ ਪੁਲਿਸ ਉਹਨਾਂ ਦੇ ਬਿਆਨ ਦਰਜ ਨਹੀਂ ਕਰ ਰਹੀ ਹੈ।

ਇਹ ਟਿੱਪਣੀ ਕਰਦਿਆਂ ਕਿ ਅਕਾਲੀ ਦਲ ਚੁੱਪ ਕਰਕੇ ਨਹੀਂ ਬੈਠੇਗਾ ਅਤੇ ਦਲਬੀਰ ਢਿੱਲਵਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਾਈ ਕੋਰਟ ਜਾਣ ਸਮੇਤ ਸਾਰੇ ਵਸੀਲਿਆਂ ਦਾ ਇਸਤੇਮਾਲ ਕਰੇਗਾ, ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਸ ਤਰ੍ਹਾਂ ਮਨੁੱਖੀ ਅਧਿਕਾਰਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਵੇਲੇ ਕੁਚਲਿਆ ਗਿਆ ਸੀ।

ਉਹਨਾਂ ਕਿਹਾ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਸੂਬੇ ਦੇ ਸਮਾਜਿਕ ਢਾਂਚੇ ਨੂੰ ਤੋੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਦਲਬੀਰ ਦੇ ਸਿਆਸੀ ਕਤਲ ਉੱਤੇ ਮਿੱਟੀ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾ ਦਿਆਂਗੇ। ਇਸ ਤੋਂ ਇਲਾਵਾ ਸੰਗਰੂਰ ਵਿਚ ਜਗਮੇਲ ਸਿੰਘ, ਮੁਹਾਲੀ ਵਿਚ ਨੇਹਾ ਸ਼ੋਰੀ ਅਤੇ ਗੁਰਦਾਸਪੁਰ ਵਿਚ ਗੁਰਬਚਨ ਸਿੰਘ ਦੇ ਕਤਲਾਂ ਸਮੇਤ ਸੂਬੇ ਅੰਦਰ ਹੋਏ ਸਾਰੇ ਕਤਲਾਂ ਦਾ ਲੋਕਾਂ ਵਿਚ ਜਾ ਕੇ ਪਰਦਾਫਾਸ਼ ਕਰਾਂਗੇ।

ਇਸ ਮੌਕੇ ਉੱਪਰ ਬੋਲਦਿਆਂ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਹਾਲ ਹੀ ਵਿਚ ਹੋਏ ਸਾਰੇ ਕਤਲ ਇੱਕੋ ਹੀ ਢੰਗ ਨਾਲ ਹੋਏ ਹਨ, ਜਿਸ ਦੌਰਾਨ ਕਾਂਗਰਸੀ ਵਰਕਰਾਂ ਨੇ ਜੁਰਮ ਕੀਤਾ ਹੈ ਅਤੇ ਪੁਲਿਸ ਨੇ ਉਸ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਉਹਨਾਂ ਕਿਹਾ ਕਿ ਦਲਿਤ ਜਗਮੇਲ ਸਿੰਘ ਦੇ ਕਤਲ ਦੇ ਮਾਮਲੇ ਵਿਚ ਜਦੋਂ ਉਸ ਨੂੰ ਉਹਨਾਂ ਹੀ ਹਮਲਾਵਰਾਂ ਵੱਲੋਂ ਪਹਿਲੀ ਵਾਰ ਕੁੱਟਿਆ ਗਿਆ ਸੀ ਤਾਂ ਪੁਲਿਸ ਨੇ ਕੋਈ ਕਾਰਵਾਈ ਹੀ ਨਹੀਂ ਸੀ ਕੀਤੀ, ਉਲਟਾ ਉਸ ਨੂੰ ਹਮਲਾਵਰਾਂ ਨਾਲ ਸਮਝੌਤਾ ਕਰਨ ਲਈ ਮਜ਼ਬੂਰ ਕੀਤਾ ਸੀ।

ਉਹਨਾਂ ਕਿਹਾ ਕਿ ਜਗਮੇਲ ਦੇ ਕਤਲ ਮਗਰੋਂ ਵੀ ਪੁਲਿਸ ਨੇ ਘਟਨਾ ਲਈ ਜ਼ਿੰਮੇਵਾਰ ਸਿਆਸੀ ਵਿਅਕਤੀਆਂ ਦਾ ਬਚਾਅ ਕੀਤਾ ਸੀ ਅਤੇ ਇਹ ਬਿਆਨ ਦੇ ਕੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਪੀੜਤ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਅਤੇ ਇਹ ਮਾਮਲਾ ਇੱਕ ਦਲਿਤ-ਜਿਮੀਦਾਰ ਵਿਚਲਾ ਝਗੜਾ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION