30.6 C
Delhi
Friday, April 26, 2024
spot_img
spot_img

ਦਰਬਾਰ ਸਾਹਿਬ ਵਿਖ਼ੇ ਖੁਲ੍ਹੇਗਾ ਜੈਨਰਿਕ ਦਵਾਈਆਂ ਦਾ ਸਟੋਰ; ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਲਾਈ ਕਈ ਅਹਿਮ ਫ਼ੈਸਲਿਆਂ ’ਤੇ ਮੋਹਰ

ਯੈੱਸ ਪੰਜਾਬ
ਅੰਮ੍ਰਿਤਸਰ, 18 ਜੂਨ, 2021 –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੋਸ਼ਾਖਾਨਾ ਦੀਆਂ ਬੇਸ਼ਕੀਮਤੀ ਇਤਿਹਾਸਕ ਵਸਤਾਂ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰਕੇ ਸੰਭਾਲਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ ਦੀਆਂ ਰਿਹਾਇਸ਼ਾਂ ਵੀ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਦੇ ਉੱਪਰ ਵਾਲੇ ਕਮਰਿਆਂ ਦੀ ਥਾਂ ਆਟਾ ਮੰਡੀ ਦਰਵਾਜ਼ੇ ਦੇ ਸਾਹਮਣੇ ਬਣਾਈਆਂ ਜਾਣਗੀਆਂ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਇਹ ਫੈਸਲਾ ਲਿਆ ਗਿਆ ਹੈ। ਇਕੱਤਰਤਾ ਮਗਰੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਗੁਰਪੁਰਬਾਂ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਜਾਂਦੇ ਜਲੌ ਦੀਆਂ ਇਤਿਹਾਸਕ ਵਸਤਾਂ ਜੋ ਤੋਸ਼ਾਖਾਨਾ ਵਿਚ ਸੁਰੱਖਿਅਤ ਹਨ, ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰ ਕੇ ਸੰਭਾਲੀ ਜਾਵੇਗੀ।

ਇਸ ਤੋਂ ਇਲਾਵਾ ਤੋਸ਼ਾਖਾਨਾ ਨੂੰ ਵੀ ਆਧੁਨਿਕ ਤਕਨੀਕ ਨਾਲ ਨਵਿਆਇਆ ਜਾਵੇਗਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਗ੍ਰੰਥੀ ਸਿੰਘ ਸਾਹਿਬਾਨ ਦੀਆਂ ਰਿਹਾਇਸ਼ਾਂ ਪਰਕਰਮਾਂ ਤੋਂ ਬਾਹਰ ਕਰਨ ਲਈ ਵਿਸ਼ੇਸ਼ ਕੁਆਰਟਰ ਤਿਆਰ ਦਾ ਵੀ ਫੈਸਲਾ ਕੀਤਾ ਹੈ। ਇਸ ਲਈ ਆਟਾ ਮੰਡੀ ਦਰਵਾਜ਼ੇ ਦੇ ਸਾਹਮਣੇ ਵਾਲੀ ਜਗ੍ਹਾ ਦੀ ਵਰਤੋਂ ਕੀਤੀ ਜਾਵੇਗੀ।

ਬੀਬੀ ਜਗੀਰ ਕੌਰ ਨੇ ਹੋਰ ਫੈਸਲਿਆਂ ਬਾਰੇ ਦੱਸਿਆ ਕਿ ਜਲਦ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੂਚਨਾ ਕੇਂਦਰ ਨਜ਼ਦੀਕ ਜੈਨਰਿਕ ਦਵਾਈਆਂ ਦਾ ਸਟੋਰ ਖੋਲ੍ਹਿਆ ਜਾਵੇਗਾ, ਤਾਂ ਜੋ ਲੋੜਵੰਦ ਅਤੇ ਗਰੀਬ ਲੋਕ ਲਾਗਤ ਕੀਮਤ ’ਤੇ ਦਵਾਈਆਂ ਪ੍ਰਾਪਤ ਕਰ ਸਕਣ। ਫਿਲਹਾਲ ਇਹ ਸਟੋਰ ਸ੍ਰੀ ਦਰਬਾਰ ਸਾਹਿਬ ਵਿਖੇ ਖੋਲ੍ਹਿਆ ਜਾਵੇਗਾ ਅਤੇ ਬਾਅਦ ਵਿਚ ਤਖ਼ਤ ਸਾਹਿਬਾਨ ਅਤੇ ਹੋਰ ਗੁਰਦੁਆਰਿਆਂ ਵਿਚ ਵੀ ਸਥਾਪਿਤ ਹੋਣਗੇ।

ਇਨ੍ਹਾਂ ਸਟੋਰਾਂ ਦੇ ਨਾਲ ਲੈਬਾਰਟਰੀਆਂ ਵੀ ਬਣਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਕਿਸੇ ਵੀ ਅਨੈਤਿਕ ਕੁਕਰਮ ਵਿਚ ਫਸੇ ਮੁਲਾਜ਼ਮ ਨੂੰ ਫੌਰੀ ਤੌਰ ’ਤੇ ਫਾਰਗ ਕਰਨ ਦਾ ਫੈਸਲਾ ਵੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਕੁਝ ਮੁਲਾਜ਼ਮਾਂ ਵੱਲੋਂ ਕੀਤੀ ਗਈ ਅਨੈਤਿਕ ਕਾਰਵਾਈ ਮਗਰੋਂ ਦੋਸ਼ੀ ਮੁਲਾਜ਼ਮ ਫਾਰਗ ਕੀਤੇ ਗਏ ਹਨ ਅਤੇ ਅੱਗੇ ਤੋਂ ਪੱਕਾ ਨਿਯਮ ਬਣਾ ਦਿੱਤਾ ਗਿਆ ਹੈ ਕਿ ਜੋ ਵੀ ਮੁਲਾਜ਼ਮ ਅਨੈਤਿਕ ਕਾਰਵਾਈ ਅਤੇ ਨਸ਼ਾਖੋਰੀ ਆਦਿ ਵਿਚ ਦੋਸ਼ੀ ਪਾਇਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਅਜਿਹੇ ਮੁਲਾਜ਼ਮ ਨੂੰ ਗੁਰਦੁਆਰਾ ਪ੍ਰਬੰਧ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜ਼ੁੰਮੇਵਾਰ ਪਦਵੀਆਂ ’ਤੇ ਬੈਠੇ ਅਧਿਕਾਰੀ ਤੇ ਕਰਮਚਾਰੀ ਜਿਨ੍ਹਾਂ ਦਾ ਸਮਾਂ ਇਕ ਥਾਂ ’ਤੇ 2 ਸਾਲ ਤੋਂ ਵੱਧ ਹੋ ਗਿਆ ਹੈ, ਉਨ੍ਹਾਂ ਨੂੰ ਤਬਦੀਲੀਆਂ ਕੀਤੀਆਂ ਜਾਣਗੀਆਂ, ਤਾਂ ਜੋ ਪ੍ਰਬੰਧ ਚੁਸਤ ਦਰੁੱਸਤ ਰਹਿ ਸਕੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਐਸ. ਐਸ. ਕੋਹਲੀ ਐਸੋਸੀਏਟ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਵੀ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸੀਏ ਕੋਹਲੀ ਨੇ ਸੰਸਥਾ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਜਿਸ ਦੇ ਚੱਲਦਿਆਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਉਸ ਦਾ ਲਾਇਸੈਂਸ ਰੱਦ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ।

ਇਸ ਦੌਰਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੈਕਸ਼ਨ 87 ਦੇ 35 ਗੁਰਦੁਆਰੇ ਸੈਕਸ਼ਨ 85 ਵਿਚ ਲਿਆਉਣ ਲਈ ਭਾਰਤ ਸਰਕਾਰ ਨੂੰ ਲਿਖਿਆ ਗਿਆ ਸੀ, ਪਰੰਤੂ ਸਰਕਾਰ ਨੇ ਅਜੇ ਤੀਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਮੁੜ ਲਿਖਿਆ ਜਾਵੇਗਾ, ਤਾਂ ਜੋ ਇਨ੍ਹਾਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ਸ਼੍ਰੋਮਣੀ ਕਮੇਟੀ ਵੱਲੋਂ ਸਿੱਧੇ ਤੌਰ ’ਤੇ ਕੀਤੀ ਜਾ ਸਕੇ।

ਬੀਬੀ ਜਗੀਰ ਕੌਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਦੇ ਸੇਵਾਦਾਰਾਂ ਅਤੇ ਹੋਰ ਕਰਮਚਾਰੀਆਂ ਨੂੰ ਸੇਵਾ ਸੰਭਾਲ ਲਈ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਲਈ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਤੇ ਨਿਊਟ੍ਰੇਸ਼ਨ ਗੁਰਦਾਸਪੁਰ ਦਾ ਸਹਿਯੋਗ ਲਿਆ ਜਾਵੇਗਾ। ਇਸ ਸੰਸਥਾ ਵਿਚ ਵਾਰੀ ਸਿਰ ਸੇਵਾਦਾਰਾਂ ਨੂੰ ਭੇਜਿਆ ਜਾਵੇਗਾ, ਜਿਥੇ ਉਹ ਟ੍ਰੇਨਿੰਗ ਪ੍ਰਾਪਤ ਕਰਨਗੇ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਆਉਂਦੇ ਸ਼ਰਧਾਲੂਆਂ ਲਈ ਨਵੀਆਂ ਸਰਾਵਾਂ ਵੀ ਜਲਦ ਸ਼ੁਰੂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਇਤਿਹਾਸਕ ਖੂਹ ਦੀ ਸਾਫ਼ ਸਫਾਈ ਅਤੇ ਲੋੜ ਅਨੁਸਾਰ ਮੁਰੰਮਤ ਕੀਤੀ ਜਾਵੇਗੀ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ, ਧਰਮ ਪ੍ਰਚਾਰ ਕਮੇਟੀ ਅਤੇ ਹੋਰ ਅਦਾਰਿਆਂ ਦੀਆਂ ਜ਼ਮੀਨਾਂ ਦੇ ਮੁਲਾਂਕਣ ਲਈ ਰੈਵੀਨਿਊ ਕਮੇਟੀ ਬਣਾਈ ਗਈ ਹੈ, ਜੋ ਜਾਇਦਾਦਾਂ ਦੇ ਮਾਮਲਿਆਂ ਦਾ ਸਰਲੀਕਰਨ ਕਰਨ ਲਈ ਆਪਣੀ ਰਿਪੋਰਟ ਦੇਵੇਗੀ।

ਇਸ ਮੌਕੇ ਬੀਬੀ ਜਗੀਰ ਕੌਰ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਲਈ ਸੋਲਰ ਸਿਸਟਮ ਲਗਾਉਣ ਲਈ ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਦਾ ਧੰਨਵਾਦ ਕੀਤਾ ਅਤੇ ਜਲਦ ਹੀ ਭਾਫ਼ ਵਿਧੀ ਰਾਹੀਂ ਰਸੋਈ ਤਿਆਰ ਕਰਨ ਦੀ ਵਚਨਬੱਧਤਾ ਪ੍ਰਗਟਾਈ। ਬੀਬੀ ਜਗੀਰ ਕੌਰ ਨੇ ਇਹ ਵੀ ਦੱਸਿਆ ਕਿ ਕੋਰੋਨਾ ਵੈਕਸੀਨ ਲਈ ਸ਼੍ਰੋਮਣੀ ਕਮੇਟੀ ਨਿਰੰਤਰ ਆਪਣੀ ਸੇਵਾ ਨਿਭਾਅ ਰਹੀ ਹੈ ਅਤੇ ਇਸੇ ਤਹਿਤ ਭਲਕੇ 19 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੋਰੋਨਾ ਵੈਕਸੀਨ ਕੈਂਪ ਸ਼ੁਰੂ ਕੀਤਾ ਜਾਵੇਗਾ।

ਇਸੇ ਦੌਰਾਨ ਅੰਤ੍ਰਿੰਗ ਕਮੇਟੀ ਵੱਲੋਂ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਦੇ ਅਕਾਲ ਚਲਾਣੇ ’ਤੇ ਸ਼ੋਕ ਮਤੇ ਪੜ੍ਹੇ ਗਏ ਅਤੇ ਵਿਛੜੀਆਂ ਰੂਹਾਂ ਨੂੰ ਮੂਲਮੰਤਰ ਦਾ ਪਾਠ ਕਰਕੇ ਸ਼ਰਧਾਜ਼ਲੀ ਦਿੱਤੀ ਗਈ। ਇਸ ਦੇ ਨਾਲ ਹੀ ਬੀਤੇ ਸਮੇਂ ਚਲਾਣਾ ਕਰ ਗਏ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਨੂੰ ਵੀ ਪ੍ਰਵਾਨ ਕੀਤਾ ਗਿਆ।

ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਸ. ਨਵਤੇਜ ਸਿੰਘ ਕਾਉਣੀ, ਸ. ਬਲਦੇਵ ਸਿੰਘ ਚੂੰਘਾਂ, ਸ. ਸਤਵਿੰਦਰ ਸਿੰਘ ਟੌਹੜਾ, ਸ. ਅਜਮੇਰ ਸਿੰਘ ਖੇੜਾ, ਸ. ਭੁਪਿੰਦਰ ਸਿੰਘ ਭਲਵਾਨ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਸ. ਹਰਭਜਨ ਸਿੰਘ ਮਸਾਣਾਂ, ਸ. ਮਿੱਠੂ ਸਿੰਘ ਕਾਹਨੇਕੇ, ਸ. ਅਮਰੀਕ ਸਿੰਘ ਸ਼ਾਹਪੁਰ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਤੇਜਿੰਦਰ ਸਿੰਘ ਪੱਡਾ, ਸ. ਬਲਵਿੰਦਰ ਸਿੰਘ ਕਾਹਲਵਾਂ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਓਐਸਡੀ ਸ. ਸਤਬੀਰ ਸਿੰਘ ਧਾਮੀ, ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION