23.1 C
Delhi
Wednesday, April 24, 2024
spot_img
spot_img

ਤੁਹਾਡੀਆਂ ਧਮਕੀਆਂ ਮੈਨੂੰ ਪੰਜਾਬ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਨ ਤੋਂ ਨਹੀਂ ਰੋਕ ਸਕਦੀਆਂ; ਕੈਪਟਨ ਦੀ ਸੁਖਬੀਰ ਨੂੰ ਵੰਗਾਰ

ਚੰਡੀਗੜ੍ਹ, 29 ਜੁਲਾਈ, 2020 –
ਗੈਰ ਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ.ਏ.ਪੀ.ਏ.) ਤਹਿਤ ਕੀਤੀਆਂ ਗਈਆਂ ਹਾਲੀਆਂ ਗ੍ਰਿਫਤਾਰੀਆਂ ਉਤੇ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਗਈ ਅਖੌਤੀ ਧਮਕੀ ਉਤੇ ਕਰੜੀ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪੰਜਾਬ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਕਾਨੂੰਨ ਅਨੁਸਾਰ ਸਭ ਢੁੱਕਵੇਂ ਚੁੱਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਦੀਆਂ ਧਮਕੀਆਂ ਉਨ੍ਹਾਂ ਨੂੰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਰਾਹ ਤੋਂ ਹਟਾ ਨਹੀਂ ਸਕਦੀਆਂ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਦੇ ਦਾਅਵੇ ਅਨੁਸਾਰ ਯੂ.ਏ.ਪੀ.ਏ. ਤਹਿਤ ਪੰਜਾਬ ਪੁਲਿਸ ਵੱਲੋਂ ਗਲਤ ਢੰਗ ਨਾਲ ਗ੍ਰਿਫਤਾਰ ਕਰਨ ਜਾਂ ਮਾਮਲਾ ਦਰਜ ਸਬੰਧੀ ਕੋਈ ਵਿਸ਼ੇਸ਼ ਕੇਸ ਉਨ੍ਹਾਂ ਦੇ ਧਿਆਨ ਵਿੱਚ ਹੈ ਤਾਂ ਅਕਾਲੀ ਦਲ ਪ੍ਰਧਾਨ ਬੇਲੋੜੀ ਬਿਆਨਬਾਜ਼ੀ ਦੀ ਥਾਂ ਉਨ੍ਹਾਂ ਨੂੰ ਇਸ ਦੀ ਸੂਚੀ ਭੇਜ ਸਕਦੇ ਹਨ।

ਉਨ੍ਹਾਂ ਸਾਫ ਕੀਤਾ ਕਿ ਕਿਸੇ ਉਤੇ ਵੀ ਝੂਠਾ ਮਾਮਲਾ ਦਰਜ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਪੰਜਾਬੀ ਨੌਜਵਾਨਾਂ ਖਾਸ ਕਰਕੇ ਸਿੱਖਾਂ ਨੂੰ ਪੰਜਾਬ ਪੁਲਿਸ ਖਿਲਾਫ ਭੜਕਾ ਕੇ ਵੱਖਵਾਦੀ ਤਾਕਤਾਂ ਦਾ ਹੱਥ ਠੋਕਾ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਅਗਾਂਹ ਕਿਹਾ ਕਿ ਯੂ.ਏ.ਪੀ.ਏ. ਕਾਫੀ ਸਮਾਂ ਪਹਿਲਾ ਤੋਂ ਹੀ ਵਜੂਦ ਵਿੱਚ ਹੈ ਅਤੇ ਸੁਖਬੀਰ ਸਿੰਘ ਬਾਦਲ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਇਸ ਐਕਟ ਤਹਿਤ ਪੰਜਾਬ ਵਿੱਚ 60 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 2010 ਵਿੱਚ 19 ਅਤੇ 2017 ਵਿੱਚ 12 ਮਾਮਲੇ ਸਨ। ਇਨ੍ਹਾਂ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ 225 ਵਿਅਕਤੀਆਂ ਵਿੱਚੋਂ 120 ਨੂੰ ਬਰੀ ਕਰ ਦਿੱਤਾ ਗਿਆ ਜੋ ਇਸ ਗੱਲ ਦਾ ਸਾਫ ਸੰਕੇਤ ਹੈ ਕਿ ਇਹ ਅਕਾਲੀ ਹਕੂਮਤ ਦੌਰਾਨ ਹੀ ਇਸ ਐਕਟ ਦੀ ਅੰਨ੍ਹੇਵਾਹ ਦੁਰਵਰਤੋਂ ਕੀਤੀ ਗਈ ਸੀ।

ਪੰਜਾਬ ਪੁਲਿਸ ਖਾਸ ਕਰ ਕੇ ਡੀ.ਜੀ.ਪੀ. ਜਿਨ੍ਹਾਂ ਦੀ ਧਰਮ ਨਿਰਪੱਖਤਾ ਅਤੇ ਆਪਣੇ ਫਰਜ਼ ਪ੍ਰਤੀ ਸਮਰਪਣ ਉਤੇ ਉਂਗਲੀ ਨਹੀਂ ਚੁੱਕੀ ਜਾ ਸਕਦੀ, ਖਿਲਾਫ ਸਿਆਸਤ ਤੋਂ ਪ੍ਰੇਰਿਤ ਗੁੰਮਰਾਹਕੁਨ ਪ੍ਰਚਾਰ ਰਾਹੀਂ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਕਰੜੇ ਹੱਥੀ ਲੈਂਦਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਕ ਅਜਿਹੀ ਪਾਰਟੀ ਜੋ ਕਿ ਸਿੱਖੀ ਦੀ ਅਲੰਬਰਦਾਰ ਹੋਣ ਦਾ ਦਾਅਵਾ ਕਰਦੀ ਹੈ, ਦੇ ਪ੍ਰਧਾਨ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਵੱਲੋਂ ਵੱਖਵਾਦੀ ਅਤੇ ਦਹਿਸ਼ਤਗਰਦੀ ਤੱਤਾਂ ਖਿਲਾਫ ਵਿੱਢੀ ਗਈ ਮੁਹਿੰਮ ਦੀ ਵਿਰੋਧਤਾ ਕਰ ਕੇ ਸਿੱਖਾਂ ਵਿੱਚ ਫਿਰਕੂ ਵੰਡੀਆਂ ਪਾਉਣ ਦਾ ਕੋਝਾ ਯਤਨ ਕਰ ਰਹੇ ਹਨ।

ਪਾਕਿਸਤਾਨ ਦੀ ਆਈ.ਸੀ.ਆਈ. ਵੱਲੋਂ ਸਰਹੱਦ ਪਾਰ ਤੋਂ ਪੰਜਾਬ ਵਿੱਚ ਦਹਿਸ਼ਤਗਰਦਾਂ ਦੀ ਘੁਸਪੈਠ ਅਤੇ ਹਥਿਆਰਾਂ ਦੀ ਤਸਕਰੀ ਕਰਵਾਉਣ ਦੀਆਂ ਵਧਦੀਆਂ ਜਾ ਰਹੀਆਂ ਕੋਸ਼ਿਸ਼ਾਂ ਵੱਲ ਧਿਆਨ ਦਿਵਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਾਨੂੰਨ ਅਨੁਸਾਰ ਲੋੜੀਂਦੇ ਕਦਮ ਚੁੱਕ ਰਹੀ ਹੈ ਤਾਂ ਜੋ ਨਾ ਸਿਰਫ ਪੰਜਾਬ ਸਗੋਂ ਸਮੁੱਚੇ ਦੇਸ਼ ਦੀ ਅਜਿਹੇ ਤੱਤਾਂ ਤੋਂ ਰਾਖੀ ਕੀਤੀ ਜਾ ਸਕੇ। ਉਨ੍ਹਾਂ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਦੇ ਖਾਲਿਸਤਾਨੀ ਏਜੰਡੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੁਝ ਅਜਿਹੀਆਂ ਤਾਕਤਾਂ ਹਨ ਜੋ ਵੱਖਵਾਦੀ ਵਿਚਾਰਧਾਰਾ ਨੂੰ ਉਤਸ਼ਾਹਤ ਕਰ ਕੇ ਦੇਸ਼ ਵਿੱਚ ਗੜਬੜੀ ਪੈਦਾ ਕਰਨਾ ਚਾਹੁੰਦੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਐਸ.ਐਫ.ਜੇ. ਨੂੰ ਭਾਰਤ ਸਰਕਾਰ ਵੱਲੋਂ ਗੈਰ-ਕਾਨੂੰਨੀ ਸੰਸਥਾ ਐਲਾਨਿਆ ਜਾ ਚੁੱਕਾ ਹੈ ਅਤੇ ਇਸ ਦੇ ਮੁਖੀ ਗੁਰਪਤਵੰਤ ਪੰਨੂੰ ਨੂੰ ਅਤਿਵਾਦੀ ਘੋਸ਼ਿਤ ਕੀਤਾ ਗਿਆ ਹੈ। ਇਸ ਨਾਲ ਪੰਜਾਬ ਸਮੇਤ ਸਾਰੇ ਸੂਬਿਆਂ ਦੀ ਪੁਲਿਸ ਫੋਰਸ ਕੌਮੀ ਸੁਰੱਖਿਆ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਵਿਰੁੱਧ ਹਰ ਕਾਨੂੰਨੀ ਕਦਮ ਚੁੱਕਣ ਲਈ ਪਾਬੰਦ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਦੁਨੀਆਂ ਭਰ ਦੇ ਮੁਲਕ ਐਸ.ਐਫ.ਜੇ. ਦੇ ਖਾਲਿਸਤਾਨੀ ਪੱਖੀ ਏਜੰਡੇ ਨੂੰ ਰੱਦ ਕਰ ਰਹੇ ਹਨ ਤਾਂ ਉਸ ਵੇਲੇ ਸੁਖਬੀਰ ਵੱਲੋਂ ਆਪਣੇ ਸੂਬੇ ਦੀ ਪੁਲਿਸ ‘ਤੇ ਹੀ ਨਿਸ਼ਾਨਾ ਸਾਧ ਕੇ ਅਸਲ ਮਾਅਨਿਆਂ ‘ਚ ਇਸ ਦੀ ਹਮਾਇਤ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੀ ਪੁਲਿਸ ਨੇ ਵੱਖਵਾਦੀਆਂ ਦੀਆਂ ਧਮਕੀਆਂ ਦਾ ਸਾਹਮਣਾ ਕਰਦਿਆਂ ਪੰਜਾਬ ਦੀ ਅਮਨ ਸ਼ਾਂਤੀ ਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਮਾਰਚ 2017 ਤੋਂ 30 ਅੱਤਵਾਦੀ ਗਿਰੋਹਾਂ ਦਾ ਪਰਦਾਫਾਸ਼ ਕੀਤਾ ਅਤੇ 170 ਅਤਿਵਾਦੀ ਗ੍ਰਿਫਤਾਰ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਵਾਈਆਂ ਦੌਰਾਨ ਪੁਲਿਸ ਨੇ ਲਗਭਗ 85 ਅਤਿ ਆਧੁਨਿਕ ਰਾਈਫਲਜ਼/ਪਿਸਤੌਲ ਸਮੇਤ ਏ.ਕੇ-47 ਅਤੇ ਐਮ.ਪੀ.-9/ਐਮ.ਪੀ.-5 ਰਾਈਫਲਜ਼, ਚੀਨ ਦੇ ਬਣੇ ਤਿੰਨ ਸ਼ਕਤੀਸ਼ਾਲੀ ਡਰੋਨ, 5 ਸੈਟੇਲਾਈਟ ਫੋਨ ਅਤੇ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤਾ ਗਿਆ ਜੋ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਦੇ ਸੰਕੇਤ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਪੱਸ਼ਟ ਤੌਰ ‘ਤੇ ਸੁਖਬੀਰ ਦੀ ਇਨ੍ਹਾਂ ਤੱਥਾਂ ਵਿੱਚ ਕੋਈ ਦਿਲਚਸਪੀ ਨਹੀਂ ਅਤੇ ਉਹ ਸਿਰਫ਼ ਤੇ ਸਿਰਫ਼ ਆਪਣੇ ਸੌੜੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਵੱਲ ਹੀ ਧਿਆਨ ਦਿੰਦਾ ਹੈ, ਭਾਵੇਂ ਇਸ ਦੀ ਪੰਜਾਬ ਅਤੇ ਇੱਥੋਂ ਦੇ ਲੋਕਾਂ ਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ।

ਸੁਖਬੀਰ ਵੱਲੋਂ ਪੰਜਾਬ ਦੇ ‘ਕਾਲੇ ਦੌਰ’ ਦਾ ਜ਼ਿਕਰ ਕਰਨ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਕਾਲੇ ਦੌਰ ਵਿੱਚ ਜਾਣ ਤੋਂ ਰੋਕਣ ਲਈ ਉਨ੍ਹਾਂ ਦੀ ਸਰਕਾਰ ਅਤੇ ਸੂਬੇ ਦੀ ਪੁਲੀਸ ਸਾਰੇ ਅਤਿਵਾਦੀਆਂ ਅਤੇ ਵੱਖਵਾਦੀ ਗਤੀਵਿਧੀਆਂ ‘ਤੇ ਸ਼ਿਕੰਜਾ ਕੱਸ ਰਹੀ ਹੈ।

Gall Squareਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੱਥੋਂ ਤੱਕ ਕਿ ਉਨ੍ਹਾਂ ਦੀ ਸਰਕਾਰ ਨੇ ਨੌਜਵਾਨਾਂ ਨੂੰ ਗਰਮਖ਼ਿਆਲੀ ਵਿਚਾਰਾਂ ਤੋਂ ਲਾਂਭੇ ਕਰਨ ਵਾਸਤੇ ਸੋਸ਼ਲ ਮੀਡੀਆ ਰਾਹੀਂ ਵਿਆਪਕ ਮੁਹਿੰਮ ਚਲਾਈ ਤਾਂ ਕਿ ਪੰਜਾਬ ਵਿੱਚ ਨੌਜਵਾਨਾਂ ਨੂੰ ਗਰਮਖ਼ਿਆਲੀ ਵਿਚਾਰਧਾਰਾ ਨਾਲ ਜੋੜਣ ਅਤੇ ਉਨ੍ਹਾਂ ਨੂੰ ਅੱਤਵਾਦੀ ਜਾਂ ਹਿੰਸਕ ਗਤੀਵਿਧੀਆਂ ਲਈ ਉਕਸਾਉਣ ਵਾਲੇ ਪਾਕਿਸਤਾਨ ਅਤੇ ਐਸ.ਐਫ.ਜੇ. ਦੇ ਹੱਥਠੋਕਿਆਂ ਦੇ ਮਨਸੂਬਿਆਂ ਨੂੰ ਪੱਟੜੀ ਤੋਂ ਲਾਹਿਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ‘ਤੇ ਦੋਸ਼ ਲਾਉਣ ਜਾਂ ਗ੍ਰਿਫਤਾਰ ਕਰਨ ਦੀ ਬਜਾਏ ਅਸਲ ਵਿੱਚ ਇਨ੍ਹਾਂ ਨੂੰ ਕਾਊਂਸਲਿੰਗ ਕਰਕੇ ਸਮਝਾਇਆ ਗਿਆ ਅਤੇ ਸਮਾਜਿਕ ਮੁੱਖ ਧਾਰਾ ਵਿੱਚ ਵਾਪਸ ਲਿਆਂਦਾ ਗਿਆ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION