34 C
Delhi
Friday, April 19, 2024
spot_img
spot_img

ਡੀ.ਜੀ.ਪੀ. ਕੁੰਡੂ ਵੱਲੋਂ ਹਿਮਾਚਲ ’ਚ ਦਾਖ਼ਲ ਹੋਣ ਵਾਲਿਆਂ ਦੇ ਲਾਇਸੈਂਸੀ ਹਥਿਆਰਾਂ ਅਤੇ ਕਿਰਪਾਨ ਉੱਤੇ ਲਗਾਈ ਰੋਕ ਗੈਰ-ਕਾਨੂੰਨੀ: ਸਿਮਰਨਜੀਤ ਸਿੰਘ ਮਾਨ

ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 23 ਜੁਲਾਈ, 2021 –
“ਬੀਤੇ ਕੁਝ ਦਿਨ ਪਹਿਲੇ ਹਿਮਾਚਲ ਦੇ ਮਨਾਲੀ ਵਿਖੇ ਪੰਜਾਬ ਤੋਂ ਗਏ ਕੁਝ ਯਾਤਰੂਆਂ ਅਤੇ ਉਥੋਂ ਦੇ ਨਿਵਾਸੀਆਂ ਦੇ ਵਿਚਕਾਰ ਕਿਸੇ ਗੱਲ ਤੋਂ ਹੋਈ ਤਕਰਾਰ ਅਤੇ ਝਗੜੇ ਨੂੰ ਮੁੱਖ ਰੱਖਕੇ ਹਿਮਾਚਲ ਪੁਲਿਸ ਦੇ ਡੀਜੀਪੀ ਸ੍ਰੀ ਸੰਜੇ ਕੁੰਡ ਵੱਲੋਂ ਹਿਮਾਚਲ ਪ੍ਰਦੇਸ਼ ਵਿਚ ਦਾਖਲ ਹੋਣ ਵਾਲੇ ਸਮੁੱਚੇ ਯਾਤਰੂਆਂ ਦੇ ਲਾਈਸੈਸੀ ਹਥਿਆਰਾਂ ਅਤੇ ਸਿੱਖ ਕੌਮ ਦੇ ਧਾਰਮਿਕ ਚਿੰਨ੍ਹ ਕਿਰਪਾਨ ਉਤੇ, ਪੁਲਿਸ ਹੈੱਡਕੁਆਰਟਰ ਤੋਂ ਹਿਮਾਚਲ ਦੇ ਸਮੁੱਚੇ ਐਸ.ਪੀਜ ਨੂੰ ਜੋ ਰੋਕ ਲਗਾਉਦੇ ਹੋਏ ਹੁਕਮ ਕੀਤੇ ਗਏ ਹਨ ।

ਇਹ ਹੁਕਮ ਜਿਥੇ ਗੈਰ ਵਿਧਾਨਿਕ, ਗੈਰ ਧਾਰਮਿਕ ਹਨ, ਉਥੇ ਤਾਨਾਸ਼ਾਹੀ ਦੁੱਖਦਾਇਕ ਅਮਲ ਵੀ ਹਨ । ਕਿਉਂਕਿ ਅਜਿਹੇ ਹੁਕਮਾਂ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਜਾ ਰਹੀ ਹੈ । ਜਿਸ ਨੂੰ ਸਿੱਖ ਕੌਮ ਕਦਾਚਿਤ ਸਹਿਣ ਨਹੀਂ ਕਰੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਜੈ ਰਾਮ ਠਾਕੁਰ ਨੂੰ ਆਪਣੇ ਵੱਲੋਂ ਲਿਖੇ ਗਏ ਰੋਸ਼ ਭਰੇ ਪੱਤਰ ਵਿਚ ਵਰਣਨ ਕਰਦੇ ਹੋਏ ਇਸ ਲਗਾਈ ਗਈ ਪਾਬੰਦੀ ਨੂੰ ਤੁਰੰਤ ਖ਼ਤਮ ਕਰਨ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਇਮਾਨਦਾਰੀ ਨਾਲ ਇੱਜਤ ਕਰਨ ਦੀ ਗੱਲ ਕਰਦੇ ਹੋਏ ਸਾਂਝੇ ਕੀਤੇ ।

ਉਨ੍ਹਾਂ ਇਸ ਪੱਤਰ ਵਿਚ ਵੇਰਵਾਂ ਦਿੰਦੇ ਹੋਏ ਕਿਹਾ ਕਿ ਸ੍ਰੀ ਸਾਹਿਬ (ਕਿਰਪਾਨ) ਸਿੱਖ ਕੌਮ ਦਾ ਉਹ ਧਾਰਮਿਕ ਚਿੰਨ੍ਹ ਹੈ ਜਿਸਨੂੰ ਗੁਰੂ ਸਾਹਿਬਾਨ ਨੇ ਸਾਨੂੰ ਸਿੱਖ ਕੌਮ ਦੇ ਜਨਮ ਤੋਂ ਹੀ ਪਹਿਨਣ, ਨਾਲ ਰੱਖਣ ਅਤੇ ਕਿਸੇ ਵੀ ਇਲਾਕੇ ਵਿਚ ਵਿਚਰਣ ਦੀ ਧਾਰਮਿਕ ਹਦਾਇਤ ਕੀਤੀ ਹੋਈ ਹੈ ।

ਸਾਨੂੰ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਤੋਂ ਕਤਈ ਨਹੀਂ ਰੋਕ ਸਕਦੀ । ਕਿਉਂਕਿ ਸਿੱਖ ਇਕ ਬਹੁਤ ਹੀ ਅਨੁਸਾਸਿਤ, ਨਿਮਰਤਾ-ਨਿਰਮਾਨਤਾ, ਸਹਿਜਸੀਲ, ਸਮੁੱਚੀ ਮਨੁੱਖਤਾ ਦੀ ਹਰ ਸਮੇਂ ਹਰ ਪੱਖੋ ਬਿਹਤਰੀ ਲੋੜਨ ਵਾਲੀ ਕੌਮ ਹੈ ।

ਹਰ ਤਰ੍ਹਾਂ ਦੀ ਕਾਨੂੰਨੀ ਵਿਵਸਥਾਂ, ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਦੀ ਜਿਥੇ ਹਾਮੀ ਹੈ, ਉਥੇ ਕਿਸੇ ਤਰ੍ਹਾਂ ਦੇ ਵੀ ਜ਼ਬਰ ਜੁਲਮ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਨ ਅਤੇ ਜਾਲਮ ਤਾਕਤਾਂ ਦਾ ਆਪਣੀਆ ਕੌਮੀ ਰਵਾਇਤਾ ਅਨੁਸਾਰ ਨਾਸ ਕਰਨ ਵਿਚ ਵਿਸਵਾਸ ਰੱਖਦੀ ਹੈ । ਸਾਨੂੰ ਗੁਰੂ ਸਾਹਿਬਾਨ ਨੇ ”ਭੈ ਕਾਹੂ ਕਊ ਦੇਤ ਨਾਹਿ, ਨਾਹਿ ਭੈ ਮਾਨਤ ਆਨ” ਦੇ ਆਦੇਸ਼ ਦਿੱਤੇ ਹਨ । ਇਸ ਲਈ ਸਿੱਖ ਕੌਮ ਨਾ ਤਾਂ ਕਿਸੇ ਨੂੰ ਭੈ ਦਿੰਦੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਭੈ ਨੂੰ ਪ੍ਰਵਾਨ ਕਰਦੀ ਹੈ ।

ਲੇਕਿਨ ਜੋ ਹਿਮਾਚਲ ਦੇ ਮਨਾਲੀ ਵਿਖੇ ਹੋਈ ਘਟਨਾ ਨੂੰ ਆਧਾਰ ਬਣਾਕੇ ਸਮੁੱਚੇ ਹਿਮਾਚਲ ਵਿਚ ਦਾਖਲ ਹੋਣ ਵਾਲੇ ਸਿੱਖਾਂ ਅਤੇ ਹੋਰਨਾਂ ਦੇ ਕ੍ਰਮਵਾਰ ਕਿਰਪਾਨ ਅਤੇ ਲਾਈਸੈਸੀ ਹਥਿਆਰਾਂ ਉਤੇ ਪਾਬੰਦੀ ਲਗਾਈ ਜਾ ਰਹੀ ਹੈ, ਇਹ ਅਮਲ ਸਿੱਖ ਕੌਮ ਉਤੇ ਸਿੱਧਾਂ ਮੰਦਭਾਵਨਾ ਅਧੀਨ ਵੱਡਾ ਹਮਲਾ ਹੈ ਅਤੇ ਜਿਨ੍ਹਾਂ ਨੂੰ ਵਿਧਾਨਿਕ ਤੌਰ ਤੇ ਆਪਣੀ ਨਿੱਜੀ ਸੁਰੱਖਿਆ ਲਈ ਲਾਈਸੈਸੀ ਹਥਿਆਰ ਪ੍ਰਾਪਤ ਹੋਏ ਹਨ, ਉਨ੍ਹਾਂ ਦੀ ਸੁਰੱਖਿਆ ਨੂੰ ਵੱਡੇ ਖ਼ਤਰੇ ਵਿਚ ਪਾਉਣ ਵਾਲੇ ਦੁੱਖਦਾਇਕ ਅਮਲ ਹਨ ।

ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗਾ । ਇਸ ਲਈ ਹਿਮਾਚਲ ਸਰਕਾਰ ਅਤੇ ਪੁਲਿਸ ਵੱਲੋ ਇਹ ਬਿਹਤਰ ਹੋਵੇਗਾ ਕਿ ਅਜਿਹੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਅਤੇ ਕਿਸੇ ਦੀ ਸੁਰੱਖਿਆ ਲਈ ਖ਼ਤਰਾਂ ਬਣਨ ਵਾਲੇ ਗੈਰ ਕਾਨੂੰਨੀ ਹੁਕਮਾਂ ਨੂੰ ਤੁਰੰਤ ਵਾਪਸ ਲਏ ।

ਉਨ੍ਹਾਂ ਇਹ ਵੀ ਕਿਹਾ ਕਿ ਅਪਰਾਧਿਕ ਕਾਰਵਾਈਆ ਨੂੰ ਰੋਕਣ ਲਈ ਪਹਿਲੋ ਹੀ ਪੁਲਿਸ ਅਤੇ ਹੁਕਮਰਾਨਾਂ ਕੋਲ ਵੱਡੇ ਅਧਿਕਾਰ ਤੇ ਹੱਕ ਪ੍ਰਾਪਤ ਹਨ। ਇਸ ਲਈ ਅਪਰਾਧਿਕ ਕਾਰਵਾਈਆ ਨੂੰ ਰੋਕਣ ਦਾ ਹਵਾਲਾ ਦੇਕੇ ਸਿੱਖ ਕੌਮ ਦੇ ਧਾਰਮਿਕ ਚਿੰਨ੍ਹ ਉਤੇ ਪਾਬੰਦੀ ਲਗਾਉਣਾ ਜਾਂ ਜਿਨ੍ਹਾਂ ਇਨਸਾਨਾਂ ਨੇ ਆਪਣੀ ਸੁਰੱਖਿਆ ਲਈ ਹਥਿਆਰ ਪ੍ਰਾਪਤ ਕੀਤੇ ਹੋਏ ਹਨ, ਉਨ੍ਹਾਂ ਨੂੰ ਨਿਰ-ਹਥਿਆਰ ਕਰਨਾ ਅਤੇ ਉਨ੍ਹਾਂ ਦੀਆਂ ਜਿੰਦਗਾਨੀਆਂ ਨਾਲ ਖੇਡਣ ਵਾਲੇ ਦੁੱਖਦਾਇਕ ਅਮਲ ਹਨ ।

ਇਨ੍ਹਾਂ ਅਪਰਾਧਿਕ ਕਾਰਵਾਈਆ ਨੂੰ ਰੋਕਣ ਲਈ ਉਹ ਪੁਲਿਸ ਨੂੰ ਹੋਰ ਚੁਸਤ-ਦਰੁਸਤ ਕਰ ਸਕਦੇ ਹਨ ਅਤੇ ਚੈਕਿੰਗ ਵਧਾ ਸਕਦੇ ਹਨ । ਬਸਰਤੇ ਅਜਿਹਾ ਕਰਦੇ ਹੋਏ ਹਿਮਾਚਲ ਵਿਚ ਦਾਖਲ ਹੋਣ ਵਾਲੇ ਯਾਤਰੀਆ ਤੇ ਸਿੱਖਾਂ ਦੀ ਅਣਖ਼-ਗੈਰਤ ਨੂੰ ਕੋਈ ਆਚ ਨਾ ਆਵੇ ਅਤੇ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਅਪਮਾਨ ਨਾ ਹੋਵੇ ।

ਸ. ਮਾਨ ਨੇ ਸ੍ਰੀ ਠਾਕੁਰ ਤੋਂ ਉਮੀਦ ਕੀਤੀ ਕਿ ਉਹ ਸਮੁੱਚੀ ਉਤਪੰਨ ਹੋਈ ਗੰਭੀਰ ਸਥਿਤੀ ਨੂੰ ਮੁੱਖ ਰੱਖਦੇ ਹੋਏ ਅਤੇ ਸਿੱਖ ਕੌਮ ਦੇ ਧਾਰਮਿਕ ਚਿੰਨ੍ਹ ਦੀ ਵੱਡੀ ਮਹੱਤਤਾ ਅਤੇ ਸਿੱਖਾਂ ਦੀਆਂ ਭਾਵਨਾਵਾ ਨੂੰ ਮੁੱਖ ਰੱਖਦੇ ਹੋਏ ਇਹ ਕੀਤੇ ਗਏ ਤਾਨਾਸ਼ਾਹੀ ਹੁਕਮ ਤੁਰੰਤ ਵਾਪਸ ਕਰਵਾਕੇ ਸਿੱਖ ਮਨਾਂ ਵਿਚ ਉੱਠੇ ਵੱਡੇ ਰੋਹ ਨੂੰ ਜਿਥੇ ਸ਼ਾਂਤ ਕਰ ਦੇਣਗੇ, ਉਥੇ ਅਜਿਹਾ ਨਿਜਾਮੀ ਪ੍ਰਬੰਧ ਕਰਨਗੇ ਕਿ ਜਿਸ ਨਾਲ ਕਿਸੇ ਸਮੇਂ ਹਿਮਾਚਲ ਵਿਚ ਪੈਦਾ ਹੋਣ ਵਾਲੀ ਕਾਨੂੰਨੀ ਵਿਵਸਥਾਂ ਵਿਚ ਕੋਈ ਰੁਕਾਵਟ ਨਾ ਪਵੇ ਅਤੇ ਕਿਸੇ ਵੀ ਨਾਗਰਿਕ ਦੇ ਮਾਣ-ਇੱਜਤ ਨੂੰ ਠੇਸ ਨਾ ਪਹੁੰਚੇ ਅਤੇ ਸਾਡੇ ਕੌਮੀ ਧਾਰਮਿਕ ਚਿੰਨ੍ਹ ਅਤੇ ਉਸਦੀ ਆਜ਼ਾਦੀ ਦਾ ਸਿੱਖ ਕੌਮ ਬਿਨ੍ਹਾਂ ਕਿਸੇ ਡਰ-ਭੈ ਤੋਂ ਸਤਿਕਾਰ-ਮਾਣ ਨੂੰ ਕਾਇਮ ਰੱਖ ਸਕੇ ।

ਉਨ੍ਹਾਂ ਕਿਹਾ ਕਿ ਸਭ ਵਰਗਾਂ ਅਤੇ ਕੌਮਾਂ ਵਿਚ ਕੋਈ ਗਲਤ ਅਨਸਰ ਹੋ ਸਕਦਾ ਹੈ, ਲੇਕਿਨ ਕਿਸੇ ਇਕ ਨਾਗਰਿਕ ਦੀ ਗੈਰ ਕਾਨੂੰਨੀ ਕਾਰਵਾਈ ਦੀ ਬਦੌਲਤ ਕਿਸੇ ਸਮੁੱਚੀ ਕੌਮ ਜਾਂ ਧਰਮ ਨੂੰ ਕੋਈ ਹੁਕਮਰਾਨ ਨਿਸ਼ਾਨਾਂ ਬਣਾ ਦੇਵੇ, ਉਸਨੂੰ ਨਾ ਤਾਂ ਜਾਇਜ ਠਹਿਰਾਇਆ ਜਾ ਸਕਦਾ ਹੈ ਅਤੇ ਨਾ ਹੀ ਉਹ ਵਿਧਾਨਿਕ ਤੇ ਸਮਾਜਿਕ ਤੌਰ ਤੇ ਪ੍ਰਵਾਨ ਹੋ ਸਕਦਾ ਹੈ ।

ਸ. ਮਾਨ ਨੇ ਆਪਣੇ ਵੱਲੋਂ ਲਿਖੇ ਇਸ ਪੱਤਰ ਦੀ ਨਕਲ ਕਾਪੀ ਇੰਡੀਆ ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਨੂੰ ਵੀ ਉਚੇਚੇ ਤੌਰ ਤੇ ਭੇਜਦੇ ਹੋਏ ਮੰਗ ਕੀਤੀ ਕਿ ਇੰਡੀਆ ਦੇ ਹੁਕਮਰਾਨ ਵੱਖ-ਵੱਖ ਸੂਬਿਆਂ ਜਾਂ ਹਿਮਾਚਲ ਵਿਚ ਅਜਿਹੇ ਸਿੱਖ ਕੌਮ ਵਿਰੋਧੀ ਹੋ ਰਹੇ ਅਮਲਾਂ ਨੂੰ ਤੁਰੰਤ ਰੋਕ ਕੇ ਸਮੁੱਚੇ ਮੁਲਕ ਦੇ ਮਾਹੌਲ ਨੂੰ ਅਮਨਮਈ ਬਣਾਈ ਰੱਖਣ ਵਿਚ ਯੋਗਦਾਨ ਪਾਉਣ ਤਾਂ ਕਿ ਇਥੇ ਸਦਾ ਲਈ ਸਹਿਜ ਵਾਲਾ ਮਾਹੌਲ ਕਾਇਮ ਰਹਿ ਸਕੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION