34 C
Delhi
Tuesday, April 23, 2024
spot_img
spot_img

ਡਾ. ਦਲੀਪ ਕੌਰ ਟਿਵਾਣਾ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ

ਪਟਿਆਲਾ, 9 ਫਰਵਰੀ, 2020:
ਪੰਜਾਬੀ ਸਾਹਿਤ ਤੇ ਮਾਂ ਬੋਲੀ ਦੇ ਮਾਣ ਅਤੇ ਸ਼੍ਰੋਮਣੀ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਪੰਜਾਬੀ ਯੂਨੀਵਰਸਿਟੀ ਵਿਖੇ ਉਨ੍ਹਾਂ ਨਮਿਤ ਗੁਰਬਾਣੀ ਦਾ ਵੈਰਾਗਮਈ ਕੀਰਤਨ ਹੋਇਆ। ਇਸ ਮੌਕੇ ਵੱਡੀ ਗਿਣਤੀ ‘ਚ ਸਾਹਿਤਕ, ਧਾਰਮਿਕ, ਸਮਾਜਿਕ ਅਤੇ ਰਾਜਸੀ ਸ਼ਖਸੀਅਤਾਂ ਨੇ ਸਵਰਗੀ ਡਾ. ਦਲੀਪ ਕੌਰ ਟਿਵਾਣਾ ਦੀ ਅੰਤਿਮ ਅਰਦਾਸ ‘ਚ ਹਾਜ਼ਰੀ ਲਵਾਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਪੰਜਾਬੀ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦੀ ਤਰਫ਼ੋ ਸ਼ਰਧਾਂਜਲੀ ਅਰਪਿਤ ਕਰਨ ਪੁੱਜੇ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਨੇ ਸੰਬੋਧਨ ਕਰਦਿਆ ਕਿਹਾ ਕਿ ਡਾ. ਦਲੀਪ ਕੌਰ ਟਿਵਾਣਾ ਦੀ ਪੰਜਾਬੀ ਸਾਹਿਤ ਜਗਤ ਨੂੰ ਵੱਡੀ ਦੇਣ ਸੀ।

ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਨੂੰ ਦੁਨੀਆਂ ਦੇ ਕੌਨੇ-ਕੌਨੇ ਵਿਚ ਪਹੁੰਚਾਕੇ ਸਤਿਕਾਰ ਦਿਵਾਉਣਾ ਸਵਰਗੀ ਡਾ. ਦਲੀਪ ਕੌਰ ਟਿਵਾਣਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਡਾ. ਦਲੀਪ ਕੌਰ ਟਿਵਾਣਾ ਦੀਆਂ ਲਿਖਤਾਂ ਨੂੰ ਪੰਜਾਬੀ ਸਾਹਿਤ ਦਾ ਅਨਮੋਲ ਖਜਾਨਾਂ ਦੱਸਿਆ।

ਉਘੇ ਕਵੀ ਤੇ ਸਾਹਿਤਕਾਰ ਡਾ. ਸੁਰਜੀਤ ਪਾਤਰ ਨੇ ਇਸ ਮੌਕੇ ਸੰਬੋਧਨ ਕਰਦਿਆ ਕਿਹਾ ਕਿ ਡਾ. ਦਲੀਪ ਕੌਰ ਟਿਵਾਣਾ ਉਨ੍ਹਾਂ ਦੇ ਮਾਰਗ ਦਰਸ਼ਕ ਸਨ ਅਤੇ ਉਚ ਵਿਦਿਆਂ ਹਾਸਲ ਕਰਨ ਲਈ ਪੰਜਾਬੀ ਯੂਨੀਵਰਸਿਟੀ ਵਿਚ ਦਿਹਾਤੀ ਖੇਤਰਾਂ ਵਿਚੋਂ ਆਉਣ ਵਾਲੇ ਵਿਦਿਆਰਥੀਆਂ ਦੇ ਉਹ ਹਮੇਸ਼ਾਂ ਰਾਹ ਦਸੇਰਾ ਬਣੇ। ਡਾ. ਪਾਤਰ ਨੇ ਕਿਹਾ ਕਿ ਉਨ੍ਹਾਂ ਦੀ ਲਿਖਣ ਸ਼ੈਲੀ ਬਹੁਤ ਵਿਲੱਖਣ ਸੀ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰੀ ਬੀਰਦਵਿੰਦਰ ਸਿੰਘ ਨੇ ਸੰਬੋਧਨ ਕਰਦਿਆ ਜਿਥੇ ਬੀਬੀ ਟਿਵਾਣਾ ਨਾਲ ਬਿਤਾਏ ਪਲ ਸਾਂਝੇ ਕੀਤੇ ਉਥੇ ਹੀ ਉਨ੍ਹਾਂ ਕਿਹਾ ਕਿ ਬੀਬੀ ਟਿਵਾਣਾ ਨੇ ਪੰਜਾਬੀ ਸਭਿਆਚਾਰ ਤੇ ਭਾਸ਼ਾਈ ਵਿਰਸਾ ਸਾਡੀ ਝੋਲੀ ਪਾਇਆ ਹੈ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਉਨ੍ਹਾਂ ਦੀ ਵੱਡੀ ਦੇਣ ਹੈ।

ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਨੇ ਇਸ ਮੌਕੇ ਬੀਬੀ ਟਿਵਾਣਾ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਕਿਹਾ ਕਿ ਉਹ ਪੰਜਾਬੀ ਸਾਹਿਤ ਅਤੇ ਪੰਜਾਬੀ ਜਗਤ ਦੀ ਮੰਨੀ-ਪ੍ਰਮੰਨੀ ਅਤੇ ਸਤਿਕਾਰਤ ਸ਼ਖਸੀਅਤ ਸਨ। ਉਨ੍ਹਾਂ ਕਿਹਾ ਕਿ ਬੀਬੀ ਟਿਵਾਣਾ ਨੇ ਪੰਜਾਬੀ ਮਾਂ ਬੋਲੀ, ਪੰਜਾਬੀ ਸਾਹਿਤ, ਸਭਿਆਚਰ ਅਤੇ ਕਲਾਂ ਨੂੰ ਪ੍ਰਫੁੱਲਤ ਕਰਨ ਲਈ ਉਚ ਕੋਟੀ ਦਾ ਰੋਲ ਅਦਾ ਕੀਤਾ ਹੈ।

ਉਪ ਕੁਲਪਤੀ ਡਾ. ਘੁੰਮਣ ਨੇ ਕਿਹਾ ਕਿ ਬੀਬੀ ਟਿਵਾਣਾ ਦੀ ਸੋਚ ਨੂੰ ਅੱਗੇ ਤੌਰ ਕੇ ਅਤੇ ਉਸ ‘ਤੇ ਪਹਿਰਾਂ ਦੇਣਾ ਹੀ ਉਨ੍ਹਾਂ ਨੂੰ ਇਕ ਸੱਚੀ ਸ਼ਰਧਾਂਜਲੀ ਹੋਵੇਗੀ। ਡਾ. ਘੁੰਮਣ ਨੇ ਕਿਹਾ ਕਿ ਬੀਬੀ ਟਿਵਾਣਾ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਰ ਦੀ ਕੀਤੀ ਸੇਵਾ ਲਈ ਪੰਜਾਬੀ ਯੂਨੀਵਰਸਿਟੀ ਸਦਾ ਉਨ੍ਹਾਂ ਦੀ ਰਿਣੀ ਰਹੇਗੀ।

ਉਨ੍ਹਾਂ ਇਸ ਮੌਕੇ ਬੀਬੀ ਟਿਵਾਣਾ ਦੀ ਯਾਦ ‘ਚ ਯੂਨੀਵਰਸਿਟੀ ਵੱਲੋਂ ਕਈ ਵੱਡੀ ਐਲਾਨ ਕੀਤੇ ਜਿਨ੍ਹਾਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਐਮ.ਏ. ਕੋਰਸ ਵਿਚ ਪਹਿਲੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀ ਨੂੰ ਦਿੱਤੇ ਜਾਣ ਵਾਲੇ ਵਜੀਫੇ ਨੂੰ ਡਾ. ਦਲੀਪ ਕੌਰ ਟਿਵਾਣਾ ਦੇ ਨਾਮ ‘ਤੇ ਦਿੱਤੇ ਜਾਣ ਦਾ ਐਲਾਨ ਕੀਤਾ ਅਤੇ ਯੂਨੀਵਰਸਿਟੀ ਵਿਚ ਦਲੀਪ ਕੌਰ ਟਿਵਾਣਾ ਦੀ ਯਾਦ ਵਿਚ ਭਾਸ਼ਨ ਲੜੀ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ।

ਡਾ. ਘੁੰਮਣ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਡਾ. ਦਲੀਪ ਕੌਰ ਟਿਵਾਣਾ ਦੀਆਂ ਜਿੰਨੀਆਂ ਰਚਨਾਵਾਂ ਵੀ ਛਾਪੀਆਂ ਗਈਆਂ ਹਨ ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਦੁਬਾਰਾ ਛਾਪਕੇ ਪਾਠਕਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਹਿਮਤੀ ਨਾਲ ਡਾ. ਦਲੀਪ ਕੌਰ ਟਿਵਾਣਾ ਦੀਆ ਲਿਖਤਾਂ, ਉਨ੍ਹਾਂ ਦੀ ਨਿੱਜੀ ਲਾਇਬਰੇਰੀ ਦੀਆਂ ਕਿਤਾਬਾਂ ਅਤੇ ਸਾਰੀ ਲਿੱਖਣ ਸਮੱਗਰੀ ਨੂੰ ਯੂਨੀਵਰਸਿਟੀ ਦੀ ਮੁੱਖ ਲਾਇਬਰੇਰੀ ਵਿੱਚ ਡਾ. ਦਲੀਪ ਕੌਰ ਟਿਵਾਣਾ ਯਾਦਗਾਰੀ ਜਗ੍ਹਾਂ ਬਣਾਕੇ ਉਥੇ ਰੱਖਿਆ ਜਾਵੇਗਾ।

ਇਸ ਮੌਕੇ ਡਾ. ਘੁੰਮਣ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਡਾ. ਟਿਵਾਣਾ ਦੀ ਯਾਦ ਵਿੱਚ ਡਾ. ਦਲੀਪ ਕੌਰ ਟਿਵਾਣਾ ਸਿਮਰਤੀ ਗ੍ਰੰਥ ਵੀ ਪ੍ਰਕਾਸ਼ਤ ਕਰਵਾਇਆ ਜਾਵੇਗਾ ਅਤੇ ਪੰਜਾਬੀ ਵਿਭਾਗ ਜਾ ਪੰਜਾਬੀ ਭਾਸ਼ਾ ਨਾਲ ਜੁੜੇ ਬਾਕੀ ਵਿਭਾਗਾਂ ਨੂੰ ਬੀਬੀ ਟਿਵਾਣਾ ਦੀ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਦੇਣ ਵਿਸ਼ੇ ‘ਤੇ ਪੀ.ਐਚ.ਡੀ. ਅਤੇ ਐਮ.ਫਿਲ ਕਰਵਾਉਣ ਲਈ ਕਿਹਾ ਜਾਵੇਗਾ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 12 ਤੇ 13 ਫਰਵਰੀ ਨੂੰ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾ ਰਹੇ ਦੋ ਰੋੋਜ਼ਾ ਰਾਸ਼ਟਰੀ ਸੈਮੀਨਾਰ ਨੂੰ ਸਵਰਗੀ ਡਾ. ਦਲੀਪ ਕੌਰ ਟਿਵਾਣਾ ਅਤੇ ਸਵਰਗੀ ਸ. ਜਸਵੰਤ ਸਿੰਘ ਕੰਵਲ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਦੀ ਗੋਲ ਮਾਰਕਿਟ ਵਿਖੇ ਸਥਾਪਤ ਪੰਜਾਬੀ ਯੂਨੀਵਰਸਿਟੀ ਦੇ ਕਿਤਾਬ ਘਰ ਦਾ ਨਾਮ ਵੀ ਬੀਬੀ ਟਿਵਾਣਾ ਦੇ ਨਾਮ ‘ਤੇ ਰੱਖਿਆ ਜਾਵੇਗਾ।

ਇਸ ਮੌਕੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ. ਕੇ. ਸ਼ਰਮਾ, ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਭਾਸ਼ਾ ਵਿਭਾਗ ਪੰਜਾਬ, ਸਰਕਾਰੀ ਕਾਲਜ ਲੜਕੀਆਂ ਪਟਿਆਲਾ, ਭਾਈ ਕਾਨ੍ਹ ਸਿੰਘ ਨਾਭਾ ਵਿਚਾਰ ਮੰਚ, ਮਹਿੰਦਰਾ ਕਾਲਜ ਓਲਡ ਸਟੂਡੈਂਟ ਐਸੋਸੀਏਸ਼ਨ, ਕਿਰਤੀ ਕਾਲਜ ਨਿਆਲ ਪਾਤੜ੍ਹਾ, ਪਬਲਿਕ ਕਾਲਜ ਸਮਾਣਾ, ਬਠਿੰਡਾ ਰਿਜੀਨਲ ਸੈਂਟਰ, ਨਟਾਸ ਰੰਗ ਮੰਚ, ਕਲਾ ਪ੍ਰਸ਼ੀਦ ਪਟਿਆਲਾ, ਗਲੋਬਲ ਪੰਜਾਬੀ ਸਾਹਿਤ ਸਭਾ ਬਠਿੰਡਾ, ਲੋਕ ਗੀਤ ਪ੍ਰਕਾਸ਼ਨ, ਸੰਪਤ ਰਿਸ਼ੀ ਪ੍ਰਕਾਸ਼ਨ, ਸੰਗਮ, ਆਰ.ਸੀ. ਅਤੇ ਏਬੀਸ ਪ੍ਰਕਾਸ਼ਨ ਸਮੇਤ ਵੱਡੀ ਗਿਣਤੀ ਵਿੱਚ ਸੰਸਥਾਵਾਂ ਵੱਲੋਂ ਸ਼ੋਕ ਸ਼ੰਦੇਸ਼ ਵੀ ਭੇਜੇ ਗਏ।

ਇਸ ਮੌਕੇ ਸਵਰਗੀ ਡਾ. ਦਲੀਪ ਕੌਰ ਟਿਵਾਣਾ ਦੀ ਭੈਣ ਸ੍ਰੀਮਤੀ ਸੁਰਜੀਤ ਕੌਰ ਸਿੱਧੂ ਨੇ ਪੰਜਾਬੀ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਡਾ. ਗੁਰਨੈਬ ਸਿੰਘ ਨੇ ਨਿਭਾਈ।

ਸ਼ਰਧਾਂਜਲੀ ਸਮਾਰੋਹ ਮੌਕੇ ਐਮ.ਐਲ.ਏ. ਰਾਜਪੁਰਾ ਸ. ਹਰਦਿਆਲ ਸਿੰਘ ਕੰਬੋਜ, ਡਾ. ਸੁਰਜੀਤ ਪਾਤਰ, ਸਾਬਕਾ ਲੋਕ ਸਭਾ ਮੈਂਬਰ ਸ. ਜਗਮੀਤ ਸਿੰਘ ਬਰਾੜ, ਡਾ. ਧਰਮਵੀਰ ਗਾਂਧੀ, ਪ੍ਰੋ. ਕਿਰਪਾਲ ਸਿੰਘ ਬੰਡੂਗਰ, ਸਾਬਕਾ ਡਿਪਟੀ ਸਪੀਕਰ ਸ. ਬੀਰਦਵਿੰਦਰ ਸਿੰਘ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਡਵੀਜ਼ਨਲ ਕਮਿਸ਼ਨਰ ਸ. ਦਪਿੰਦਰ ਸਿੰਘ, ਡਾ. ਬਲਕਾਰ ਸਿੰਘ, ਸ. ਕੁਲਵੰਤ ਸਿੰਘ ਗਰੇਵਾਲ, ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ, ਸ. ਤੇਜਿੰਦਰ ਪਾਲ ਸਿੰਘ ਸੰਧੂ, ਡਾ. ਸੁਧੀਰ ਵਰਮਾਂ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ, ਡਾ. ਸੁਰਜੀਤ ਸਿੰਘ ਭੱਟੀ, ਡਾ. ਐਨ.ਐਸ. ਜੋਹਲ, ਡਾ. ਹਰਜਿੰਦਰ ਸਿੰਘ ਵਾਲੀਆਂ, ਡਾ. ਦਲੀਪ ਕੌਰ ਟਿਵਾਣਾ ਦੇ ਪਤੀ ਡਾ. ਭੁਪਿੰਦਰ ਸਿੰਘ, ਸਪੁੱਤਰ ਡਾ. ਸਿਮਰਨਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਦੂਰ-ਦੂਰਾਡੇ ਤੋਂ ਪੁੱਜੇ ਪੰਜਾਬੀ ਪ੍ਰੇਮੀ, ਸਾਹਿਤਕਾਰ, ਲੇਖਕ, ਬੁੱਧੀਜੀਵੀ, ਅਧਿਆਪਕ, ਵਿਦਿਆਰਥੀ ਅਤੇ ਬੀਬੀ ਟਿਵਾਣਾ ਦੇ ਸਕੇ ਸਬੰਧੀ ਅਤੇ ਰਿਸ਼ਤੇਕਾਰ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION