ਯੈੱਸ ਪੰਜਾਬ
ਰੋਪੜ, 27 ਅਗਸਤ, 2019 –
ਪੰਜਾਬ ਦੇ ਸਾਬਕਾ ਸਿੱਖ਼ਿਆ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਡਾ: ਦਲਜੀਤ ਸਿੰਘ ਚੀਮਾ ਨੇ ਬੀਤੇ ਦਿਨੀਂ ਕੀਤੇ ਐਲਾਨ ਅਨੁਸਾਰ ਰੋਪੜ ਵਿਧਾਨ ਸਭਾ ਹਲਕੇ ਦੇ ਹੜ੍ਹ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਅਤੇ ਸਕੂਲੀ ਬੈਗ ਵੰਡਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।
ਯਾਦ ਰਹੇ ਕਿ ਬੀਤੇ ਦਿਨ ਡਾ: ਚੀਮਾ ਨੇ ਐਲਾਨ ਕੀਤਾ ਸੀ ਕਿ ਰੋਪੜ ਹਲਕੇ ਦੇ ਜਿਨ੍ਹਾਂ ਬੱਚਿਆਂ ਦੀਆਂ ਪੁਸਤਕਾਂ ਅਤੇ ਕਾਪੀਆਂ ਹੜ੍ਹ ਕਾਰਨ ਖ਼ਰਾਬ ਹੋ ਗਈਆਂ ਹਨ, ਨੂੰ ਨਵੀਂਆਂ ਪੁਸਤਕਾਂ ਅਤੇ ਕਾਪੀਆਂ ਉਹ ਆਪ ਮੁਹੱਈਆ ਕਰਾਉਣਗੇ।
ਡਾ: ਚੀਮਾ ਵੱਲੋਂ ਆਪਣੇ ਸਾਥੀ ਆਗੂਆਂ ਨਾਲ ਪਿੰਡ ਖੈਰਾਬਾਦ ਵਿਚ ਵੱਖ ਵੱਖ ਸਕੂਲਾਂ ਦੇ 84 ਲੋੜਵੰਦ ਬੱਚਿਆਂ, ਜਿਨ੍ਹਾਂ ਦੀਆਂ ਕਿਤਾਬਾਂ, ਕਾਪੀਆਂ ਹੜ੍ਹ ਕਾਰਨ ਖ਼ਰਾਬ ਹੋ ਗਈਆਂ ਸਨ ਨੂੰ ਕਿਤਾਬਾਂ ਕਾਪੀਆਂ ਅਤੇ ਸਕੂਲ ਬੈਗ ਪ੍ਰਦਾਨ ਕੀਤੇ ਗਏ।
ਉਨ੍ਹਾਂ ਨੇ ਇਹ ਕਾਮਨਾ ਵੀ ਕੀਤੀ ਕਿ ਪ੍ਰਮਾਤਮਾ ਇਨ੍ਹਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਬੱਚਿਆਂ ਨੂੰ ਵੀ ਉਨ੍ਹਾਂ ਦੇ ਚੰਗੇ ਵਿਦਿਅਕ ਸਫ਼ਰ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।