28.1 C
Delhi
Friday, March 29, 2024
spot_img
spot_img

ਟੋਰਾਂਟੋ ਤੋਂ ਪੰਜਾਬ ਦਾ ਹਵਾਈ ਸਫਰ ਹੋਵੇਗਾ ਸੁਖਾਲਾ: ਕਤਰ ਏਅਰਵੇਜ ਵਲੋਂ ਦੋਹਾ-ਟੋਰਾਂਟੋ ਸਿੱਧੀ ਉਡਾਣ ਸ਼ੁਰੂ

ਅੰਮ੍ਰਿਤਸਰ, 5 ਜੁਲਾਈ, 2020:

ਕੈਨੇਡਾ ਵਸੇ ਪੰਜਾਬੀਆਂ ਲਈ ਇਕ ਚੰਗੀ ਖਬਰ ਹੈ ਕਿ ਟੋਰਾਂਟੋ ਅਤੇ ਅੰਮ੍ਰਿਤਸਰ, ਪੰਜਾਬ ਦਰਮਿਆਨ ਹਵਾਈ ਸਫਰ, ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਹੋਣ ਤੋਂ ਬਾਦ ਸੁਖਾਲਾ ਹੋ ਜਾਵੇਗਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (ਪਹਿਲਕਦਮੀ) ਨੇ ਕਤਰ ਏਅਰਵੇਜ ਵਲੋਂ ਦੋਹਾ ਤੋਂ ਟੋਰਾਂਟੋ ਲਈ 4 ਜੁਲਾਈ ਤੋਂ ਹਫਤਾਵਾਰੀ ਤਿੰਨ ਸਿੱਧੀਆਂ ਉਡਾਣਾਂ ਦੇ ਸ਼ੁਰੂ ਹੋਣ ਦਾ ਸਵਾਗਤ ਕੀਤਾ ਹੈ।

ਕੈਨੇਡਾ ਤੋਂ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ, ਅਨੰਤਦੀਪ ਸਿੰਘ ਢਿੱਲੋਂ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਦੱਸਿਆ ਕਿ ਕਤਰ ਏਅਰ ਵਲੋਂ ਦੋਹਾ-ਟੋਰਾਂਟੋ ਸਿੱਧੀ ਉਡਾਣ ਸ਼ੁਰੂ ਕੀਤੇ ਜਾਣ ਨਾਲ ਪੰਜਾਬੀਆਂ ਨੂੰ ਵੀ ਰਾਹਤ ਮਿਲੇਗੀ, ਕਿਉਂਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਤੋਂ ਬਾਦ ਦੋਹਾ ਰਾਹੀਂ ਟੋਰਾਂਟੋ ਨਾਲ ਜੁੜ ਜਾਵੇਗਾ।

ਢਿੱਲੋਂ ਨੇ ਦੱਸਿਆ, “ਕਤਰ ਏਅਰਵੇਜ਼ ਦੀਆਂ ਪਹਿਲਾਂ ਤੋਂ ਹੀ ਦੋਹਾ ਅਤੇ ਅੰਮ੍ਰਿਤਸਰ ਦਰਮਿਆਨ ਰੋਜ਼ਾਨਾ ਸਿੱਧੀਆਂ ਉਡਾਣਾਂ ਹਨ। ਦੋਹਾ ਰਾਹੀਂ ਪੰਜਾਬੀ ਉੱਤਰੀ ਅਮਰੀਕਾ ਦੇ ਤਕਰੀਬਨ ਨੋਂ ਹਵਾਈ ਅੱਡਿਆਂ ਨਾਲ ਸਿੱਧੇ ਜੁੜੇ ਹੋਏ ਹਨ, ਜਿਸ ਵਿੱਚ ਕੈਨੇਡਾ ਦੇ ਮੋਂਟਰੀਅਲ ਲਈ ਚਾਰ ਹਫ਼ਤਾਵਾਰੀ ਉਡਾਣਾਂ ਵੀ ਸ਼ਾਮਲ ਹਨ। ਦੋਹਾ-ਟੋਰਾਂਟੋ ਦਰਮਿਆਨ ਸ਼ੁਰੂ ਹੋਈ ਇਸ ਉਡਾਣ ਦਾ ਸਮਾਂ ਇਹ ਦਰਸਾਉਂਦਾ ਹੈ ਕਿ ਪੰਜਾਬੀ ਸਿਰਫ 3 ਘੰਟੇ 45 ਮਿੰਟ ਦੇ ਇੰਤਜਾਰ ਤੋਂ ਬਾਦ ਦੋਹਾ ਤੋਂ ਟੋਰਾਂਟੋ ਜਾਂ ਵਾਪਸੀ ਤੇ ਅੰਮ੍ਰਿਤਸਰ ਲਈ ਉਡਾਣ ਲੈ ਸਕਣਗੇ।

ਕੈਨੇਡਾ ਦੇ ਟੋਰਾਂਟੋ, ਵੈਨਕੁਵਰ, ਕੈਲਗਰੀ ਸ਼ਹਿਰਾਂ ਦੇ ਆਸ ਪਾਸ ਪੰਜਾਬੀਆਂ ਦੀ ਵੱਡੀ ਗਿਣਤੀ ਵੱਸੀ ਹੋਈ ਹੈ। ਉਹ ਅੰਮ੍ਰਿਤਸਰ ਤੋਂ ਇਨ੍ਹਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਦਿੱਲੀ ਰਾਹੀਂ ਯਾਤਰਾ ਕਰਨ ਲਈ ਮਜਬੂਰ ਹਨ। ਕਤਰ ਏਅਰਵੇਜ਼ ਦੁਆਰਾ ਇਸ ਨਵੇਂ ਰੂਟ ਦੇ ਸ਼ੁਰੂ ਹੋਣ ਨਾਲ, ਅੰਮ੍ਰਿਤਸਰ ਤੋਂ ਸੱਤ ਹਫਤਾਵਾਰੀ ਉਡਾਣਾਂ ਦੋਹਾ ਰਾਹੀਂ ਕੈਨੇਡਾ ਜਾਣਗੀਆਂ।”

ਪੰਜਾਬ ਤੋਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਆ ਰਹੇ ਹਨ, ਜਦੋਂ ਕਿ ਇਸ ਸਮੇਂ ਕੈਨੇਡਾ ਵਿਚ ਵਸਦੇ ਹਜ਼ਾਰਾਂ ਪ੍ਰਵਾਸੀ ਹਰ ਸਾਲ ਪੰਜਾਬ ਆਉਂਦੇ ਹਨ। ਉਨ੍ਹਾਂ ਦੇ ਮੌਜੂਦਾ ਵਿਕਲਪ ਅੰਮ੍ਰਿਤਸਰ ਤੋਂ ਦਿੱਲੀ ਰਾਹੀਂ ਉਡਾਣਾਂ, ਜਾਂ ਸੜਕ ਅਤੇ ਰੇਲ ਰਾਹੀਂ ਪੰਜਾਬ ਤੋਂ ਦਿੱਲੀ ਜਾ ਕੇ ਕੈਨੇਡਾ ਲਈ ਉਡਾਣਾਂ ਹਨ। ਇੱਥੋਂ ਤੱਕ ਕਿ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੁਆਰਾ ਸਿੱਧੀਆਂ ਦਿੱਲੀ-ਟੋਰਾਂਟੋ ਉਡਾਣਾਂ ਨਾਲ ਵੀ, ਖਿੱਤੇ ਦੇ ਯਾਤਰੀਆਂ ਨੂੰ ਦਿੱਲੀ ਦੇ ਰਸਤੇ ਯਾਤਰਾ ਕਰਨ ਵਿਚ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿਚ ਇਮੀਗ੍ਰੇਸ਼ਨ, ਲੰਬੇ ਸਮੇਂ ਤੱਕ ਅੰਮ੍ਰਿਤਸਰ ਲਈ ਉਡਾਣ ਦਾ ਇੰਤਜਾਰ ਕਰਨਾ ਅਤੇ ਸਮਾਨ ਦਾ ਮੁੜ ਤੋਂ ਜਮਾਂ ਕਰਵਾਓਣਾ ਹੈ।

ਕਤਰ ਏਅਰਵੇਜ਼ ਦੀ ਇਹ ਨਵੀਂ ਉਡਾਣ ਹੁਣ ਮੋਂਟਰੀਅਲ ਦੇ ਨਾਲ ਨਾਲ ਟੋਰਾਂਟੋ ਲਈ ਵੀ ਬਹੁਤ ਹੀ ਸੁਵਿਧਾਜਨਕ ਸੰਪਰਕ ਪ੍ਰਦਾਨ ਕਰੇਗੀ ਅਤੇ ਹਜ਼ਾਰਾਂ ਯਾਤਰੀਆਂ ਲਈ ਪੰਜਾਬ ਦਾ ਹਵਾਈ ਸਫਰ ਸੁਖਾਲਾ ਹੋ ਜਾਵੇਗਾ।

ਫਲਾਈ ਅੰਮ੍ਰਿਤਸਰ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ ਨੇ ਦੱਸਿਆ, “ਕਤਰ ਏਅਰਵੇਜ਼ ਨੇ ਅਪ੍ਰੈਲ-ਮਈ ਦੇ ਮਹੀਨੇ ਵਿਚ ਇਕੱਲੇ ਅੰਮ੍ਰ੍ਰਿਤਸਰ ਹਵਾਈ ਅੱਡੇ ਤੋਂ ਵੱਡੀ ਗਿਣਤੀ ਵਿਚ ਲਗਭਗ 8000 ਕੈਨੇਡੀਅਨ ਨਾਗਰਿਕਾਂ ਨੂੰ ਵਾਪਸ ਭੇਜਣ ਲਈ ਕੈਨੇਡਾ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਹੈ।

ਇਹ ਗਿਣਤੀ ਕਤਰ ਏਅਰ ਵਲੋਂ ਪੂਰੀ ਦੁਨੀਆਂ ਤੋਂ ਤਕਰੀਬਨ 16000 ਕੈਨੇਡੀਅਨ ਨਾਗਰਿਕਾਂ ਦੀ ਕੁੱਲ ਗਿਣਤੀ ਦਾ ਅੱਧ ਹੈ ਜੋ ਸੁਰੱਖਿਅਤ ਕਤਰ ਏਅਰ ਤੇ ਕੈਨੇਡਾ ਆਪਣੇ ਘਰ ਵਾਪਸ ਪਰਤੇ ਹਨ। ਏਅਰ ਲਾਈਨ ਨੇ ਅੰਮ੍ਰਿਤਸਰ ਤੋਂ ਦੋਹਾ ਰਾਹੀਂ ਟੋਰਾਂਟੋ, ਵੈਨਕੂਵਰ ਅਤੇ ਮਾਂਟ੍ਰੀਅਲ ਲਈ ਲਗਭਗ 20 ਚਾਰਟਰਡ ਉਡਾਨਾਂ ਦਾ ਸੰਚਾਲਨ ਕੀਤਾ।“

ਉਹਨਾਂ ਇਹ ਵੀ ਕਿਹਾ ਕਿ “ਹੁਣ ਸਮਾਂ ਆ ਗਿਆ ਹੈ ਕਿ ਵਿਸ਼ਵ ਦੀਆਂ ਪ੍ਰਮੁੱਖ ਹਵਾਈ ਕੰਪਨੀਆਂ, ਟੋਰਾਂਟੋ, ਵੈਨਕੂਵਰ ਅਤੇ ਲੰਡਨ ਜਿਹੀਆਂ ਥਾਵਾਂ ਲਈ ਅੰਮ੍ਰਿਤਸਰ ਹਵਾਈ ਅੱਡੇ ਦੀ ਅਸਲ ਮਹੱਤਤਾ ਨੂੰ ਜਾਣਦੇ ਹੋਏ ਨੇੜ ਭਵਿੱਖ ਵਿਚ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਬਾਰੇ ਵਿਚਾਰ ਕਰਨਗੀਆਂ।

ਫਲਾਈ ਅੰਮ੍ਰਿਤਸਰ ਦੀਆਂ ਉਡਾਣਾਂ ਲਈ ਚੱਲ ਰਹੀਆਂ ਕੋਸ਼ਿਸ਼ਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਅਸੀਂ ਨਿਰੰਤਰ ਅੰਕੜਿਆਂ ਸਮੇਤ ਏਅਰਲਾਈਨਾਂ ਤੱਕ ਪਹੁੰਚ ਕਰਦੇ ਆ ਰਹੇ ਹਾਂ ਅਤੇ ਭਵਿੱਖ ਵਿੱਚ ਵੀ ਲ਼ਿਖਦੇ ਰਹਾਂਗੇ। ਟੋਰਾਂਟੋ, ਵੈਨਕੁਵਰ, ਕੈਲਗਰੀ ਸਮੇਤ ਕਈ ਥਾਵਾਂ ਤੋਂ ਅੰਮ੍ਰਿਤਸਰ ਨਾਲ ਸੁਵਿਧਾਜਨਕ ਸੰਪਰਕ ਲਈ ਵੱਖ-ਵੱਖ ਰਾਸ਼ਟਰੀ, ਖੇਤਰੀ ਅਤੇ ਅੰਤਰਰਾਸ਼ਟਰੀ ਪਲੇਟਫਾਰਮਾਂ ਤੇ ਕਈ ਏਅਰਲਾਈਨਾਂ ਨਾਲ ਮੀਟਿੰਗਾਂ ਵੀ ਕਰਦੇ ਹਾਂ।

ਕਤਰ ਏਅਰਵੇਜ਼ ਦੀ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਵਿਖੇ 4 ਜੁਲਾਈ, 2020 ਦੀ ਦੁਪਹਿਰ ਨੂੰ ਪਹਿਲੀ ਵਪਾਰਕ ਉਡਾਣ ਪਹੁੰਚੀ। ਇਸ ਰੂਟ ਤੇ ਏਅਰਬੱਸ ਏ350-900 ਦੇ ਜਹਾਜ, ਜਿਸ ਵਿੱਚ ਬਿਜ਼ਨਸ ਕਲਾਸ ਵਿੱਚ 36 ਸੀਟਾਂ ਅਤੇ ਇਕਾਨੋਮੀ ਕਲਾਸ ਵਿੱਚ 247 ਸੀਟਾਂ ਦੀ ਵਰਤੋਂ ਕੀਤੀ ਜਾਵੇਗੀ।

ਕਤਰ ਏਅਰਵੇਜ਼ ਸਿਰਫ ਮੌਂਟਰੀਆਲ ਲਈ ਹਫਤਾਵਾਰੀ ਚਾਰ ਉਡਾਣਾਂ ਚਲਾ ਰਹੀ ਸੀ, ਜਦੋਂ ਕਿ ਉਨ੍ਹਾਂ ਨੂੰ ਦੋਵਾਂ ਮੁਲਕਾਂ ਦਰਮਿਆਨ ਹਵਾਈ ਸਮਝੋਤਿਆ ਵਿਚ ਅੜਿੱਕੇ ਕਾਰਨ ਕੈਨੇਡਾ ਦੇ ਹੋਰ ਹਵਾਈ ਅੱਡਿਆਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ‘ਤੇ ਰੋਕ ਸੀ।

ਇਹਨਾਂ ਸਮਝੌਤਿਆਂ ਵਿਚ ਬਦਲਾਵ ਦੇ ਕਾਰਨ ਹੀ ਇਹ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਦੂਜੇ ਪਾਸੇ, ਕਤਰ ਦੇ ਅੰਮ੍ਰਿਤਸਰ ਲਈ ਭਾਰਤ ਸਰਕਾਰ ਨਾਲ ਹੋਏ ਹਵਾਈ ਸਮਝੋਤੇ ਯਾਤਰੀਆਂ ਦੀ ਗਿਣਤੀ ਨਾ ਵਧਾਓਣ ਤੇ ਅਸਰ ਪਾਉਂਦੇ ਹਨ। ਜੇਕਰ ਭਾਰਤ ਸਰਕਾੳ ਉਹਨਾਂ ਨੂੰ ਅੰਮ੍ਰਿਤਸਰ ਲਈ ਹਰ ਹਫਤੇ ਜਿਆਦਾ ਯਾਤਰੀ ਲਿਆਓਣ ਦੀ ਇਜਾਜਤ ਦੇਣ ਤਾਂ ਉਹ 179 ਸਵਾਰੀਆਂ ਨਾਲੋਂ ਵੀ ਵੱਡਾ ਜਹਾਜ ਲਿਆ ਸਕਦੇ ਹਨ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION