34 C
Delhi
Thursday, April 25, 2024
spot_img
spot_img

ਟਰੰਪ ਨਾਲ ਆਪਣੀ ਦੋਸਤੀ ਦਾ ਭਾਰਤੀ ਵਿਦਿਆਰਥੀਆਂ ਨੂੰ ਫ਼ਾਇਦਾ ਦਿਵਾਉਣ ਮੋਦੀ: ਭਗਵੰਤ ਮਾਨ

ਚੰਡੀਗੜ, 8 ਜੁਲਾਈ, 2020 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ‘ਚ ਪੜ ਰਹੇ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਹਿਤਾਂ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਆਪਣੀ ‘ਦੋਸਤੀ’ ਵਰਤਣ ਅਤੇ ਯਕੀਨੀ ਬਣਾਉਣ ਕਿ ਇੱਕ ਵੀ ਭਾਰਤੀ ਵਿਦਿਆਰਥੀ ਨੂੰ ਟਰੰਪ ਪ੍ਰਸਾਸਨ ਜੋਰ-ਜਬਰਦਸਤੀ ਅਮੀਰਕਾ ਛੱਡਣ ਲਈ ਮਜਬੂਰ ਨਹੀਂ ਕਰੇਗਾ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਅਨੁਸਾਰ ਟਰੰਪ ਪ੍ਰਸਾਸਨ ਵੱਲੋਂ ਅਮਰੀਕਾ ਦੇ ਕਾਲਜਾਂ-ਯੂਨੀਵਰਸਿਟੀਆਂ ‘ਚ ਪੜ ਰਹੇ ਢਾਈ ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ‘ਤੇ ਇਸ ਫ਼ੈਸਲੇ ਨਾਲ ਅਮਰੀਕਾ ਛੱਡਣ ਦੀ ਤਲਵਾਰ ਲਟਕਾ ਦਿੱਤੀ ਕਿ ਕੋਰੋਨਾ ਕਾਰਨ ਆਨ ਲਾਇਨ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਅਮਰੀਕਾ ‘ਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਭਗਵੰਤ ਮਾਨ ਨੇ ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਨੂੰ ਅਮਰੀਕਾ ‘ਚ ਪੜਦੇ ਉਨਾਂ ਸਾਰੇ ਵਿਦੇਸ਼ੀ ਵਿਦਿਆਰਥੀਆਂ ਨਾਲ ਸਰਾਸਰ ਧੱਕਾ ਕਰਾਰ ਦਿੱਤਾ, ਜਿੰਨਾ ਨੇ ਅਮਰੀਕੀ ਕਾਲਜਾਂ-ਯੂਨੀਵਰਸਿਟੀਆਂ ‘ਚ ਲੱਖਾਂ ਰੁਪਏ ਫ਼ੀਸਾਂ ਭਰੀਆਂ ਹਨ। ਅਜਿਹਾ ਫ਼ੈਸਲਾ ਨਾ ਕੇਵਲ ਉਨਾਂ ਦਾ ਭਵਿੱਖ ਧੁੰਦਲਾ ਕਰੇਗਾ, ਸਗੋਂ ਵੱਡੀ ਆਰਥਿਕ ਸੱਟ ਵੀ ਮਾਰੇਗਾ।

‘ਆਪ’ ਸੰਸਦ ਨੇ ਅਮਰੀਕਾ ਸਰਕਾਰ ਦੇ ਇਸ ਜੋਰ-ਜਬਰਦਸਤੀ ਵਾਲੇ ਫ਼ੈਸਲੇ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਦਖ਼ਲ ਅੰਦਾਜ਼ੀ ਦੀ ਅਪੀਲ ਕੀਤੀ ਹੈ।

ਭਗਵੰਤ ਮਾਨ ਨੇ ਦੱਸਿਆ ਕਿ ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ. ਸ਼ੰਕਰ ਨੂੰ ਪੱਤਰ ਲਿਖ ਕੇ ਭਾਰਤੀ ਵਿਦਿਆਰਥੀਆਂ ਦੇ ਹਿਤਾਂ ਦੀ ਰੱਖਿਆ ਲਈ ਤੁਰੰਤ ‘ਵਾਈਟ ਹਾਊਸ’ ਨਾਲ ਰਾਬਤਾ ਬਣਾਉਣ।

ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ‘‘ਤੁਹਾਡੀ ਡੋਨਲਡ ਟਰੰਪ ਨਾਲ ‘ਦੋਸਤੀ’ ਦੀ ਦੁਨੀਆ ਭਰ ‘ਚ ਚਰਚਾ ਰਹਿੰਦੀ ਹੈ। ਹਿਉਸਟਨ ‘ਚ ‘ਹਾਉਡੀ ਮੋਦੀ’ ਪ੍ਰੋਗਰਾਮ ਦੌਰਾਨ ਤੁਸੀਂ (ਮੋਦੀ) ਅਮਰੀਕੀ ਰਾਸ਼ਟਰਪਤੀ ਨਾਲ ਨਿੱਜੀ ਦੋਸਤੀ ਦਾ ਇਜ਼ਹਾਰ ਕਰਦੇ ਹੋਏ ‘ਅਬ ਕੀ ਵਾਰ ਟਰੰਪ ਸਰਕਾਰ’ ਤੱਕ ਦਾ ਨਾਅਰਾ ਲੱਗਾ ਦਿੱਤਾ ਸੀ, ਹਾਲਾਂਕਿ ਪ੍ਰੋਟੋਕੋਲ ਇਸ ਹੱਦ ਤੱਕ ਜਾਣ ਦੀ ਇਜਾਜ਼ਤ ਨਹੀਂ ਦਿੰਦਾ।

ਇਸੇ ਤਰਾਂ ਚੋਣਾਂ ਤੋਂ ਪਹਿਲਾਂ ਤੁਸੀਂ ਅਹਿਮਦਾਬਾਦ ‘ਚ 100 ਕਰੋੜ ਰੁਪਏ ਖ਼ਰਚ ਕੇ ‘ਨਮਸਤੇ ਟਰੰਪ’ ਪ੍ਰੋਗਰਾਮ ਕਰਵਾਇਆ ਸੀ। ਜੇਕਰ ਤੁਹਾਡੀ (ਮੋਦੀ) ਅਤੇ ਡੋਨਲਡ ਟਰੰਪ ਦੀ ‘ਦੋਸਤੀ’ ਇਸ ਕਦਰ ਗੂੜੀ ਹੈ ਤਾਂ ਤੁਹਾਨੂੰ ਬਤੌਰ ਭਾਰਤੀ ਪ੍ਰਧਾਨ ਮੰਤਰੀ ਅਮਰੀਕਾ ‘ਚ ਪੜਦੇ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਹਿਤਾਂ ਦੀ ਰੱਖਿਆ ਲਈ ਆਪਣੀ ‘ਦੋਸਤੀ’ ਵਰਤਣੀ ਚਾਹੀਦੀ ਹੈ ਅਤੇ ਹਰ ਹਾਲ ਭਾਰਤੀ ਵਿਦਿਆਰਥੀਆਂ ਨੂੰ ਉਨਾਂ ਦੀ ਪੜਾਈ ਜਾਂ ਵੀਜ਼ਾ ਪੂਰਾ ਹੋਣ ਤੱਕ ਅਮਰੀਕਾ ‘ਚ ਹੀ ਰਹਿਣ ਦੀ ਇਜਾਜ਼ਤ ਦਿਵਾਉਣੀ ਹੋਵੇਗੀ।’’

ਭਗਵੰਤ ਮਾਨ ਨੇ ਕਿਹਾ ਕਿ ਇਹ ਮੋਦੀ ਅਤੇ ਟਰੰਪ ਦੀ ਦੋਸਤੀ ਦੀ ਪਰਖ ਦੀ ਘੜੀ ਹੈ। ਜੇਕਰ ਪ੍ਰਧਾਨ ਮੰਤਰੀ ਮੋਦੀ ਆਪਣੇ ‘ਦੋਸਤ’ ਅਮਰੀਕੀ ਰਾਸ਼ਟਰਪਤੀ ਕੋਲੋਂ ਭਾਰਤੀ ਵਿਦਿਆਰਥੀਆਂ ਲਈ ਇਨਾਂ ਵੀ ਫ਼ਾਇਦਾ ਨਹੀਂ ਲੈ ਸਕਦੇ ਤਾਂ ਟਰੰਪ ਦੀਆਂ ਰੈਲੀਆਂ ‘ਚ ਜਾਣ ਅਤੇ ਟਰੰਪ ਨੂੰ ਇੱਥੇ ਬੁਲਾ ਕੇ ਲੋਕਾਂ ਦੇ ਟੈਕਸ ਨਾਲ ਇਕੱਠੇ ਕੀਤੇ ਅਰਬਾਂ ਰੁਪਏ ਪਾਣੀ ਵਾਂਗ ਵਹਾਉਣ ਦਾ ਕੋਈ ਫ਼ਾਇਦਾ ਨਹੀਂ।

ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਜੇਕਰ ਟਰੰਪ ਕੋਰੋਨਾ ਦੇ ਇਲਾਜ ਲਈ ਭਾਰਤ ਕੋਲੋਂ ਹਾਈਡ੍ਰੋਕਸਾਈਕਲੋਰੋਕਿਨ ਗੋਲੀਆਂ ਧੱਕੇ ਨਾਲ ਅਮਰੀਕਾ ਮੰਗਵਾ ਸਕਦਾ ਹੈ ਤਾਂ ਸਾਡੇ ਪ੍ਰਧਾਨ ਮੰਤਰੀ ਆਪਣੇ ਵਿਦਿਆਰਥੀਆਂ ਲਈ ਅਮਰੀਕਾ ‘ਤੇ ਉਸੇ ਤਰਾਂ ਦਾ ਦਬਾਅ ਕਿਉਂ ਨਹੀਂ ਬਣਾ ਸਕਦੇ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION