31.1 C
Delhi
Thursday, March 28, 2024
spot_img
spot_img

‘ਟਰਾਂਸਪੇਰੈਂਟ’ ਕਿਉਂ ਨਹੀਂ ਪੰਜਾਬ ’ਚ ਕੋਰੋਨਾ ਦੀ ਕਹਾਣੀ – ਅੰਕੜਿਆਂ ਨਾਲ ਕੌਣ ਖ਼ੇਡ ਰਿਹਾ ਹੈ ਖ਼ੇਡਾਂ: ਐੱਚ.ਐੱਸ.ਬਾਵਾ

ਪੰਜਾਬ ਵਿਚ ਕੋਰੌਨਾ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਰੋਜ਼ ਪੜ੍ਹ ਸੁਣ ਕੇ ਚੰਗਾ ਲੱਗਦਾ ਹੈ। ‘ਇਮਪਰੈਸ਼ਨ’ ਦਿੱਤਾ ਜਾ ਰਿਹਾ ਹੈ, ਕਿ ਪੰਜਾਬ ਕਮਾਲ ਕਰ ਰਿਹਾ ਹੈ, ਪੰਜਾਬ ਵਿਚ ਲਾਮਿਸਾਲ ਕੋਰੋਨਾ ‘ਮੈਨੇਜਮੈਂਟ’ ਹੋ ਰਹੀ ਹੈ। ਇਹ ਕਮਾਲ ਹੋ ਰਹੀ ਹੋਵੇ ਤਾਂ ਕਿਸਨੂੰ ਚੰਗਾ ਨਹੀਂ ਲੱਗੇਗਾ, ਪਰ ਕੀ ਵਾਕਿਆ ਹੀ ਕਮਾਲ ਹੋ ਰਹੀ ਹੈ? ਮੰਨ ਕੇ ਚੱਲਦੇ ਹਾਂ ਹੋ ਰਹੀ ਹੈ ਪਰ ਜੇ ਰਾਜ ਦੇ ਮੈਡੀਕਲ ਬੁਲੇਟਿਨ ’ਤੇ ਨਜ਼ਰ ਮਾਰੀਏ ਤਾਂ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਕੀ ਪੰਜਾਬ ਦੀ ‘ਕੋਰੋਨਾ ਮੈਨੇਜਮੈਂਟ’ ਪਾਰਦਰਸ਼ੀ ਹੈ, ‘ਟਰਾਂਸਪੇਰੈਂਟ’ ਹੈ?

ਅੰਕੜਿਆਂ ’ਤੇ ਬਾਅਦ ’ਚ ਆ ਜਾਵਾਂਗੇ, ਪਹਿਲਾਂ ਇਕ ਦਾਅਵੇ ਦਾ ਲੇਖ਼ਾ ਜੋਖ਼ਾ ਕਰਦੇ ਹਾਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ 2 ਮਈ ਦਾ ਬਿਆਨ ਹੈ। ਇਸ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਹੈ ਕਿ 31 ਮਈ ਤਕ ਦਾ ਟੀਚਾ ਰੋਜ਼ 5800 ਟੈਸਟ ਕਰਨ ਦਾ ਹੈ ਪਰ ਹੁਣ ਸੂਬੇ ਨੇ ਟੈਸਟਾਂ ਦੇ ਕੰਮ ਵਿਚ ਹੋਰ ਤੇਜ਼ੀ ਲਿਆਉਣੀ ਹੈ ਇਸ ਲਈ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਕਿਹਾ ਹੈ ਕਿ 15 ਮਈ ਤਕ ਹੀ ਰੋਜ਼ਾਨਾ 6 ਹਜ਼ਾਰ ਟੈਸਟਾਂ ਦਾ ਇੰਤਜ਼ਾਮ ਕੀਤਾ ਜਾਵੇ।

ਮੁੱਖ ਮੰਤਰੀ ਦੇ ਹਵਾਲੇ ਨਾਲ ਸੂਬੇ ਵਿਚ ਅਤੇ ਕੌਮੀ ਪੱਧਰ ’ਤੇ ਪ੍ਰਕਾਸ਼ਿਤ ਇਸ ਖ਼ਬਰ ਵਿਚ ਜ਼ਿਕਰ ਇਹ ਵੀ ਹੈ ਕਿ ਉਨ੍ਹਾਂ ਨੇ ਰਾਜ ਦੇ ਮੁੱਖ ਸਕੱਤਰ ਨੂੰ ਕੇਂਦਰ ਸਰਕਾਰ ਨਾਲ ਟੈਸਟਾਂ ਪ੍ਰਤੀ ਰਾਬਤਾ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਰੋਜ਼ਾਨਾ ਟੈਸਟਾਂ ਦੀ ਗਿਣਤੀ 20,000 ਕੀਤੀ ਜਾ ਸਕੇ।

ਮਹੀਨਾ ਮਈ ਦਾ ਲੰਘ ਗਿਆ ਹੈ। ਐਪਰ ਮੁੱਖ ਮੰਤਰੀ ਦੇ ਆਦੇਸ਼ ’ਤੇ ਗੱਲ 20 ਹਜ਼ਾਰ ਟੈਸਟ ਰੋਜ਼ਾਨਾ ਤਕ ਪਹੁੰਚਣੀ ਤਾਂ ਦੂਰ, 6 ਹਜ਼ਾਰ ਟੈਸਟ ਰੋਜ਼ਾਨਾ ਹੋਣੇ ਤਾਂ ਦੂਰ, 5800 ਟੈਸਟ ਵੀ ਰੋਜ਼ ਨਹੀਂ ਹੋ ਰਹੇ। ਕਿੰਨੇ ਹੋ ਰਹੇ ਹਨ? ਰਾਜ ਵਿਚ ਪਿਛਲੇ 10 ਦਿਨਾਂ ਵਿਚ ਲਗਪਗ 1900 ਟੈਸਟ ਰੋਜ਼ ਸਰਕਾਰੀ ਬੁਲੇਟਿਨ ਵਿਚ ਵਿਖ਼ਾਏ ਗਏ ਹਨ। 19 ਮਈ ਤੋਂ ਲੈ ਕੇ 28 ਮਈ ਤਕ 19513 ਟੈਸਟ ਕੀਤੇ ਗਏ ਜਦਕਿ ਮੁੱਖ ਮੰਤਰੀ ਦੇ ਐਲਾਨ ਅਨੁਸਾਰ 10 ਦਿਨ ਵਿਚ 60 ਹਜ਼ਾਰ ਟੈਸਟ ਹੋਣੇ ਚਾਹੀਦੇ ਸਨ।

ਟੈਸਟਾਂ ਬਾਰੇ ਤਾਂ ਇਕ ਨਿੱਜੀ ਡਾਕਟਰ ਦੀ ਰਾਏ ਕਾਫ਼ੀ ਮਹੱਤਵਪੂਰਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਪਾਜ਼ਿਟਿਵ ਆਏ ਮਰੀਜ਼ਾਂ, ਖ਼ਾਸ ਕਰ ਹਜ਼ੂਰ ਸਾਹਿਬ ਤੋਂ ਆਏ ਲੋਕਾਂ ਦਾ ਜੋ ਹਾਲ ਪੰਜਾਬ ਵਿਚ ਹੋਇਆ ਹੈ, ਉਸ ਨੂੰ ਵੇਖ਼ਦਿਆਂ ਹੁਣ ਲੋਕ ਆਪ ਹੀ ਕੇਸ ਰਿਪੋਰਟ ਨਹੀਂ ਕਰਨ ਤੋਂ ਟਾਲਾ ਵੱਟ ਰਹੇ ਹਨ ਅਤੇ ਦੂਜਾ ਸਰਕਾਰ ਦੀ ਵੀ ਜ਼ਿਆਦਾ ਟੈਸਟ ਕਰਨ ਵਿਚ ਦਿਲਚਸਪੀ ਨਹੀਂ ਹੈ ਕਿਉਂਕਿ ਇਸ ਨਾਲ ਅੰਕੜਾ ਵਧ ਕੇ ਪ੍ਰਾਪਤੀਆਂ ਦੇ ਦਾਅਵਿਆਂ ਦੀ ਖ਼ੇਡ ਖ਼ਰਾਬ ਹੋ ਸਕਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਟੈਸਟ ਨਾ ਹੋਣ ਕਰਕੇ ਰਾਜ ਅੰਦਰ ਐਸੇ ਕੇਸ ਆਏ ਹਨ ਜਿਨ੍ਹਾਂ ਵਿਚ ਮੌਤ ਤੋਂ ਬਾਅਦ ਵਿਅਕਤੀਆਂ ਨੂੰ ਪਾਜ਼ਿਟਿਵ ਪਾਇਆ ਗਿਆ। ਐਸੇ ਕੇਸ ਵੀ ਹਨ ਕਿ ਜਿਵੇਂ ਹੀ ਟੈਸਟ ਰਿਪੋਰਟ ਪਾਜ਼ਿਟਿੳ ਆਈ ਇਕ ਦੋ ਦਿਨ ਵਿਚ ਹੀ ਵਿਅਕਤੀ ਚੜ੍ਹਾਈ ਕਰ ਗਿਆ।

ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਸਥਾ ਤੋਂ ਲੈ ਕੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਵੱਖ ਵੱਖ ਸਿਹਤ ਮਾਹਰ ਇਹ ਆਖ਼ ਰਹੇ ਹਨ ਕਿ ਵਧ ਤੋਂ ਵੱਧ ਟੈਸਟ ਕੀਤੇ ਜਾਣੇ ਚਾਹੀਦੇ ਹਨ। ਟੈਸਟਾਂ ਦੀ ਗਿਣਤੀ ਘੱਟ ਰਹੇ ਤਾਂ ਹਾਲਾਤ ਵਿਗੜ ਸਕਦੇ ਹਨ, ਕਾਬੂ ਪਾਉਣਾ ਔਖ਼ਾ ਹੋ ਸਕਦਾ ਹੈ। ਇਸੇ ਲਈ ਸਾਰੇ ਦੇਸ਼, ਸਾਰੇ ਸੂਬੇ ਟੈਸਟ ਵਧਾਉਣ ’ਤੇ ਜ਼ੋਰ ਦੇ ਰਹੇ ਹਨ, ਵਧਾਉਣ ਲਈ ਜ਼ੋਰ ਲਗਾ ਰਹੇ ਹਨ।

ਦਿਲਚਸਪ

ਰੋਜ਼ ਵਾਂਗ 28 ਮਈ ਸ਼ਾਮ 6 ਵਜੇ ਜਾਰੀ ਮੀਡੀਆ ਬੁਲੇਟਿਨ ’ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ 24 ਘੰਟਿਆਂ ਵਿਚ ਨਾ ਤਾਂ ਕੋਰੋਨਾ ਦਾ ਕੋਈ ਨਵਾਂ ਮਰੀਜ਼ ਆਇਆ ਅਤੇ ਨਾ ਹੀ ਕੋਈ ਸੈਂਪਲ ਲਿਆ ਗਿਆ। ਭਾਵ ਕੋਈ ਟੈਸਟ ਨਹੀਂ ਕੀਤਾ ਗਿਆ। ਕਰਨੇ ਸੀ ਰੋਜ਼ ਦੇ 6 ਹਜ਼ਾਰ, ਵੀਰਵਾਰ ਨੂੰ ਅੰਕੜਾ ਰਹਿ ਗਿਆ ਸਿਫ਼ਰ। ਸਮਝਣਾ ਹੋਵੇ ਤਾਂ ਸਮਝ ਲਓ ਕਿ 27 ਅਤੇ 28 ਮਈ ਦੇ ਬੁਲੇਟਿਨ ਵਿਚ ਬਾਕੀ ਤਾਂ ਸਾਰੇ ਅੰਕੜੇ ਬਦਲੇ ਨੇ ਪਰ ਉਸ ਦਿਨ ਰਿਪੋਰਟ ਕੀਤੇ ਕੇਸਾਂ ਅਤੇ ਭੇਜੇ ਗਏ ਸੈਂਪਲਾਂ ਦੀ ਗਿਣਤੀ ਦੋਹਾਂ ਦਿਨਾਂ ਵਿਚ 72468 ਹੀ ਵਿਖ਼ਾਈ ਗਈ ਹੈ।

ਇਸ ਤੋਂ ਵੀ ਦਿਲਚਸਪ ਗੱਲ ਇਹ ਹੈ ਕਿ ਵੀਰਵਾਰ ਭਾਵ 28 ਮਈ ਨੂੰ 2 ਬੁਲੇਟਿਨ ਜਾਰੀ ਕੀਤੇ ਗਏ। ਇਕ 5 ਵਜੇ ਇਕ 6 ਵਜੇ। ਮਜ਼ੇਦਾਰ ਗੱਲ ਇਹ ਹੈ ਕਿ 5 ਵਜੇ ਜਾਰੀ ਬੁਲੇਟਿਨ ਕੁਝ ਹੋਰ ਬੋਲਦਾ ਹੈ ਜਦਕਿ 6 ਵਜੇ ਜਾਰੀ ਬੁਲੇਟਿਨ ਕੁਝ ਹੋਰ ਬੋਲਦਾ ਹੈ। ਜੇ 6 ਵਜੇ ਵਾਲੇ ਬੁਲੇਟਿਨ ਵਿਚ ਅੰਕੜੇ ਵਧੇ ਹੁੰਦੇ ਤਾਂ ਹੋਰ ਗੱਲ ਸੀ, 5 ਵਜੇ ਵਾਲਾ ਬੁਲੇਟਿਨ ਅੰਕੜੇ ਵੱਧ ਬੋਲਦਾ ਹੈ, 6 ਵਜੇ ਵਾਲਾ ਘੱਟ ਬੋਲਦਾ ਹੈ।

5 ਵਜੇ ਵਾਲਾ ਬੁਲੇਟਿਨ ਦੱਸਦਾ ਹੈ ਕਿ 28 ਮਈ ਨੂੰ ਪਿਛਲੇ 24 ਘੰਟਿਆਂ ਵਿਚ 78014 ਕੇਸ ਆਏ ਅਤੇ ਇੰਨੇ ਹੀ ਸੈਂਪਲ ਗਏ ਪਰ 6 ਵਜੇ ਦੇ ਬੁਲੇਟਿਨ ਵਿਚ ਇਹ ਗਿਣਤੀ ਘਟ ਕੇ 72468 ਰਹਿ ਜਾਂਦੀ ਹੈ। ਪੰਜ ਵਜੇ ਵਾਲੇ ਬੁਲੇਟਿਨ ਵਿਚ ਦੱਸਿਆ ਜਾਂਦਾ ਹੈ ਕਿ ਹੁਣ ਤਕ ਰਾਜ ਅੰਦਰ 70871 ਲੋਕ ਨੈਗੇਟਿਵ ਹੋ ਚੁੱਕੇ ਹਨ ਪਰ 6 ਵਜੇ ਵਾਲਾ ਬੁਲੇਟਿਨ ਕਹਿੰਦਾ ਹੈ 67325 ਲੋਕ ਹੀ ਨੈਗੇਟਿਵ ਰਹੇ।

ਮੈਡੀਕਲ ਬੁਲੇਟਿਨ ਬਣਾਉਣ ਵਾਲੇ ਵੱਡੇ ਪੱਧਰ ਦੇ ਅਫ਼ਸਰਾਂ ਨੂੰ ਜਾਂ ਉਹਨਾਂ ਦੇ ਕੰਪਿਊਟਰਾਂ ਨੂੰ ਕੋਰੋਨਾਵਾਇਰਸ ਨੇ ਜਮ੍ਹਾਂ ਮਨਫ਼ੀ ਦੇ ਹਿਸਾਬ ਦੇ ‘ਬੇਸਿਕ’ ਸਵਾਲ ਭੁਲਾ ਦਿੱਤੇ ਹਨ ਜਾਂ ਫ਼ਿਰ ਅੰਕੜਿਆਂ ਨਾਲ ਕੋਈ ਖ਼ੇਡਾਂ ਹੋ ਰਹੀਆਂ ਹਨ। ਚਰਚਾ ਆਮ ਹੈ ਕਿ ਰੋਜ ਹੀ ਅੰਕੜੇ ਪੇਸ਼ ਕਰਦਿਆਂ ਐਸੀਆਂ ਗ਼ਲਤੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗ਼ਲਤੀਆਂ ਘੱਟ ’ਤੇ ‘ਮੈਨੀਪੁਲੇਸ਼ਨ’ ਜ਼ਿਆਦਾ ਸਮਝਿਆ ਜਾ ਸਕਦਾ ਹੈ।

ਇਕ ਦਿਨ ਵਿਚ ਦੋ ਬੁਲੇਟਿਨ ਜਾਰੀ ਹੋਣ ਦੇ ਬਾਅਦ ਵੀ ਇਸ ਬਾਰੇ ਕੋਈ ਸਪਸ਼ਟੀਕਰਨ ਸਿਹਤ ਵਿਭਾਗ ਜਾਰੀ ਨਹੀਂ ਕਰਦਾ ਕਿ ਦੋ ਬੁਲੇਟਿਨ ਆਏ ਹਨ, ਉਨ੍ਹਾਂ ਵਿਚ ਫ਼ਰਕ ਆਇਆ ਹੈ, ਸਹੀ ਇਹ ਹੈ, ਗ਼ਲਤ ਇਹ ਹੈ, ਇਹ ਮੰਨਿਆ ਜਾਵੇ, ਇਹ ਨਾ ਮੰਨਿਆ ਜਾਵੇ ਅਤੇ ਇਹ ਵੀ ਕੋਈ ਨਹੀਂ ਸਮਝਾਉਂਦਾ ਕਿ ਦੋਹਾਂ ਵਿਚ ਇੰਨਾ ਵੱਡਾ ਫ਼ਰਕ ਕਿਉਂ ਅਤੇ ਕਿਵੇਂ ਆਉਂਦਾ ਹੈ। ਇਕ ਦਿਨ ਦੇ ਦੋ ਬੁਲੇਟਿਨਾਂ ਵਿਚ ਰਿਪੋਰਟਿਡ ਕੇਸਾਂ ਅਤੇ ਟੈਸਟ ਲੈ ਕੇ ਸੈਂਪਲ ਭੇਜਣ ਦੇ ਅੰਕੜਿਆਂ ਵਿਚਾਲੇ ਇਹ ਫ਼ਰਕ ਸਾਢੇ ਪੰਜ ਹਜ਼ਾਰ ਤੋਂ ਜ਼ਿਆਦਾ ਭਾਵ 5546 ਕੇਸਾਂ ਦਾ ਹੈ।

ਉਂਜ ਟੈਸਟ ਘੱਟ ਕਰਕੇ, ਘੱਟ ਪਾਜ਼ਿਟਿਵ ਕੇਸ ਵਿਖ਼ਾ ਕੇ ਆਪਣੇ ਸੂਬੇ ਦੀ ਕਾਰਗੁਜ਼ਾਰੀ ਹੋਰਨਾਂ ਨਾਲੋਂ ਚੰਗੀ ਵਿਖਾਉਣ ਦੀ ਖ਼ੇਡ ਸਾਰੇ ਦੇਸ਼ ਵਿਚ ਚੱਲ ਰਹੀ ਹੈ। ਇੱਥੇ ਕੀ ਹੋ ਰਿਹੈ, ਪਤਾ ਨਹੀਂ ਪਰ ਲੀਡਰਸ਼ਿਪ ਦੀ ਸਮਝਦਾਰੀ ਸਾਬਿਤ ਕਰਨ ਅਤੇ ਅਫ਼ਸਰਾਂ ਦੀ ‘ਮੈਨੇਜਮੈਂਟ’ ਸਾਬਿਤ ਕਰਨ ਲਈ ਇਦਾਂ ਦੀਆਂ ਖ਼ੇਡਾਂ ਖ਼ੇਡੇ ਜਾਣ ਦੀਆਂ ਗੱਲਾਂ ਰੋਜ਼ ਚਰਚਾ ਦਾ ਵਿਸ਼ਾ ਬਣ ਰਹੀਆਂ ਨੇ।

ਹੁਣ ਗੱਲ ਮੌਤਾਂ ਦੀ

ਪੁਰਾਣੀ ਗੱਲ ਕਰਾਂਗੇ ਤਾਂ ਸ਼ਾਇਦ ਕੁਝ ਯਾਦ ਨਾ ਆਵੇ। ਗੱਲ ਕਰਦੇ ਹਾਂ ਕਲ੍ਹ ਲੰਘੇ ਵੀਰਵਾਰ ਦੀ। ਪੰਜਾਬ ਵਿਚ ਦੋ ਮੌਤਾਂ ਹੋਈਆਂ। ਇਕ ਮਹਿਲਾ ਦੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ, ਦੂਜੀ ਲੁਧਿਆਣਾ ਡੀ.ਐਮ.ਸੀ. ਵਿਚ ਜਲੰਧਰ ਦੇ ਰਹਿਣ ਵਾਲੇ ਇਕ ਆਰ.ਪੀ.ਐਫ. ਜਵਾਨ ਦੀ।

ਇਹ ਦੋਵੇਂ ਖ਼ਬਰਾਂ ਦੁਪਹਿਰ ਤਕ ਹੀ ਆ ਗਈਆਂ ਸਨ। ਚੈਨਲਾਂ ਨੇ ਚਲਾਈਆਂ, ਵੈਬਸਾਈਟਾਂ ’ਤੇ ਪੈ ਗਈਆਂ, ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਸੀ ਕਿ ਅੱਜ ਰਾਜ ਅੰਦਰ ਦੋ ਮੌਤਾਂ ਹੋ ਗਈਆਂ ਹਨ। ਸ਼ਾਮ 6 ਵਜੇ ਤਕ ਮੀਡੀਆ ਬੁਲੇਟਿਨ ਜਾਰੀ ਕਰਦਿਆਂ ਸਿਹਤ ਵਿਭਾਗ ਦੇ ਉਨ੍ਹਾਂ ਆਲ੍ਹਾ ਅਫ਼ਸਰਾਂ ਨੂੰ ਨਹੀਂ ਸੀ ਪਤਾ, ਜਿਹਨਾਂ ਦੀ ਅੱਜ ਕਲ੍ਹ ਡਿਊਟੀ ਹੀ ਅੰਕੜੇ ਇਕੱਠੇ ਕਰਨ ’ਤੇ ਲੱਗੀ ਹੋਈ ਹੈ।

ਇਸੇ ਤਰ੍ਹਾਂ ਦੇ ਕੁਝ ਮਾਮਲੇ ਪਹਿਲਾਂ ਵੀ ਆਏ ਹਨ। ਕਈ ਵਾਰ ਤਾਂ ਅੱਜ ਸਵੇਰੇ ਹੋਈ ਮੌਤ ਵੀ ਸ਼ਾਮ ਦੇ ਬੁਲੇਟਿਨ ਵਿਚ ਨਹੀਂ ਮਿਲੀ, ਦੂਜੇ ਦਿਨ ’ਤੇ ਪੈ ਜਾਂਦੀ ਹੈ। ਪਤਾ ਨਹੀਂ ਕਿਹੜਾ ਹਿਸਾਬ ਹੈ, ਕਿਹੜਾ ਅਲਜਬਰਾ ਹੈ। ਜਿਹੜੇ ਮੀਡੀਆ ਸੈਂਟਰ ਨੇ ਮੀਡੀਆ ਬੁਲੇਟਿਨ ਕਰਕੇ ਪੱਤਰਕਾਰਾਂ ਰਾਹੀਂ ਸਹੀ ਜਾਣਕਾਰੀ ਲੋਕਾਂ ਤਕ ਪੁਚਾਉਣੀ ਸੀ, ਉਹੀ ਸਵੇਰੇ ਸ਼ਾਮ ਭੰਬਲਭੂਸਾ ਪੈਦਾ ਕਰਨ ਲੱਗਾ ਹੋਇਆ ਹੈ।

ਰੋਜ਼ ਮੀਡੀਆ ਬੁਲੇਟਿਨ ਤੋਂ ਵੱਧ ਕੇਸ ਮੀਡੀਆ ਵਿਚ ਰਿਪੋਰਟ ਹੁੰਦੇ ਹਨ, ਅਸਲ ਵਿਚ ਹੋਏ ਹੁੰਦੇ ਹਨ, ਪਰ ਘੱਟ ਕੇਸ ਮੀਡੀਆ ਬੁਲੇਟਿਨ ਵਿਚ ਪਾਉਣ ਦਾ ਵਰਤਾਰਾ ਲਗਾਤਾਰ ਜਾਰੀ ਹੈ। ਕੋਈ ਆਦੇਸ਼ ਐਸੇ ਦੇ ਰਿਹੈ, ਜਾਂ ਫ਼ਿਰ ਕੰਪਿਊਟਰ ਗਰਮ ਜਾਂ ਠੰਢੇ ਹੋ ਗਏ ਨੇ, ਪਤਾ ਨਹੀਂ।

ਜਲੰਧਰ ਵਿਚ 8 ਕੋਰੋਨਾ ਮੌਤਾਂ ਹੋ ਚੁੱਕੀਆਂ ਹਨ। ਸਥਾਨਕ ਪੱਧਰ ’ਤੇ ‘ਕਨਫ਼ਰਮ’ ਕੀਤਾ ਜਾ ਚੁੱਕੈ, ਖ਼ਬਰਾਂ ਛਪ ਗਈਆਂ ਹਨ ਪਰ ਪੰਜਾਬ ਸਰਕਾਰ ਦਾ ਮੈਡੀਕਲ ਬੁਲੇਟਿਨ 8 ਦੀ ਜਗ੍ਹਾ 6 ਮੌਤਾਂ ਹੀ ਲਗਾਤਾਰ ਵਿਖ਼ਾਈ ਤੁਰਿਆ ਆਉਂਦਾ ਹੈ। ਕਮਾਲ ਦੀ ‘ਟਰਾਂਸਪੇਰੈਂਸੀ’ ਹੈ।

ਆ ਜਾਓ ਪਾਜ਼ਿਟਿਵ ਕੇਸਾਂ ਵੱਲ

ਪਾਜ਼ਿਟਿਵ ਕੇਸਾਂ ਦੀ ਗਿਣਤੀ ਵਾਲਾ ਰੌਲਾ ਵੀ ਕਮਾਲ ਹੈ। ਉਂਜ ਗਿਣਤੀ ਹੁੰਦੀ ਹੈ, ਮੈਂ ਰੌਲਾ ਕਿਹਾ ਹੈ, ਕਿਉਂਕਿ ਇਹ ਰੌਲਾ ਰੋਜ਼ ਪੈਂਦਾ ਹੈ, ਰੋਜ਼ ਪੱਤਰਕਾਰਾਂ ਵਿਚ ਵੀ ‘ਡਿਸਕਸ’ ਹੁੰਦਾ ਹੈ ਪਰ ਅੰਕੜੇ ਪੇਸ਼ ਕਰਨ ਵਾਲੇ ਕਹਿੰਦੇ ਨੇ, ਇਹ ਤਾਂ ਇੰਜ ਹੀ ਚੱਲੇਗਾ।

ਇਹ ਗੱਲ ਅਫ਼ਸੋਸ ਨਾਲ ਕਹਿਣੀ ਪੈਂਦੀ ਹੈ ਕਿ ਅੰਕੜਿਆਂ ਦੀ ਖ਼ੇਡ ਜਿੰਨਾ ਜ਼ੋਰ ਕਿਤੇ ਬਿਮਾਰੀ ਦੇ ਟਾਕਰੇ ਨਾਲ ਲੱਗ ਜਾਵੇ ਤਾਂ ਸ਼ਾਇਦ ਪੰਜਾਬ ਬਚ ਜਾਵੇ, ਪੰਜਾਬੀਆਂ ਦੀਆਂ ਜਾਨਾਂ ਬਚ ਜਾਣ। ਲੁਧਿਆਣਾ ਵਿਚ ਵੱਡੀ ਗਿਣਤੀ ਵਿਚ ਆਰ.ਪੀ.ਐਫ. ਜਵਾਨ ਪਾਜ਼ਿਟਿਵ ਪਾਏ ਗਏ। ਲੁਧਿਆਣਾ ਵਿਚ ਇਨ੍ਹਾਂ ਦੀ ਐਂਟਰੀ ਹੀ ਨਹੀਂ ਪਾਈ ਗਈ। 15 ਮਈ ਨੂੰ ਦੋ ਬੁਲੇਟਿਨ ਜਾਰੀ ਹੋਏ ਜਿਨ੍ਹਾਂ ਵਿਚ ਸਵੇਰੇ 10 ਵਜੇ ਜਾਰੀ ਹੋਏ ਬੁਲੇਟਿਨ ਵਿਚ 17 ਕੇਸ ਆਰ.ਪੀ.ਐਫ. ਜਵਾਨਾਂ ਦੇ ਲਿਖ਼ੇ ਗਏ ਪਰ ਲੁਧਿਆਣਾ ਦੇ ਅੰਕੜਿਆਂ ਵਿਚ ਨਹੀਂ ਪਾਏ ਗਏ।

ਕਿਹਾ ਗਿਆ ਕਿ ਇਹ ਕੇਸ ਦਿੱਲੀ ਦੇ ਹਨ। ਇਸੇ ਦਿਨ ਸ਼ਾਮ 6 ਵਜੇ ਜਾਰੀ ਬੁਲੇਟਿਨ ਵਿਚ 18 ਅਤੇ 16 ਕੇਸ ਹੋਰ ਆਰ.ਪੀ.ਐਫ. ਜਵਾਨਾਂ ਦੇ ਵਿਖ਼ਾਏ ਗਏ ਜਿਨ੍ਹਾਂ ਅੱਗੇ ਇਹ ਲਿਖ਼ਿਆ ਗਿਆ ਕਿ ਇਹ ਦਿੱਲੀ ਦੇ ਹਨ ਅਤੇ ਇਨ੍ਹਾਂ ਨੂੰ ‘ਸੈਂਟਰਲ ਪੂਲ’ ਵਿਚ ਪਾ ਦਿੱਤਾ ਗਿਆ ਹੈ ਭਾਵ ਮੰਨਿਆ ਗਿਆ ਕਿ ਇਹ ਪਾਜ਼ਿਟਿਵ ਮਾਮਲੇ ‘ਉਮਿਟ’ ਕਰ ਦਿੱਤੇ ਗਏ ਲੁਧਿਆਣਾ ਵਿਚ ਨਹੀਂ ਗਿਣੇ ਗਏ, ਪੰਜਾਬ ਵਿਚ ਨਹੀਂ ਗਿਣੇ ਗਏ, ਹਾਲਾਂਕਿ ਉਹ ਲੁਧਿਆਣਾ ਵਿਚ ਹੀ ਇਲਾਜ ਅਧੀਨ ਹਨ।

ਸਿਵਲ ਸਰਜਨ ਦਾ ਕਹਿਣਾ ਹੈ ਕਿ ਇਨ੍ਹਾਂ ਬਾਰੇ ਸੂਚਨਾ ‘ਉੱਤੇ’ ਭੇਜ ਦਿੱਤੀ ਗਈ ਹੈ ਪਰ ਇਕ ਆਈ.ਏ.ਐਸ. ਅਧਿਕਾਰੀ ਨੇ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਗੱਲ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਜਿੱਥੇ ਰਿਪੋਰਟ ਹੋਇਆ, ਜਿੱਥੇ ਪਾਜ਼ਿਟਿਵ ਪਾਇਆ ਗਿਆ ਅਤੇ ਜਿੱਥੇ ਇਲਾਜ ਅਧੀਨ ਹੈ, ਉੱਥੇ ਹੀ ਗਿਣਿਆ ਜਾਵੇਗਾ ਹਾਂ ਉਸਦੇ ਇੰਦਰਾਜ ਦੇ ਸਾਹਮਣੇ ਇਹ ਲਿਖ਼ਿਆ ਜਾਵੇਗਾ ਕਿ ਇਹ ਫ਼ਲਾਂ ਜਗ੍ਹਾ ਤੋਂ ਆਇਆ ਹੈ।

ਇਸੇ ਤਰ੍ਹਾਂ ਜਲੰਧਰ ਵਿਚ ਦੋ ਤਾਜ਼ਾ ਪਾਜ਼ਿਟਿਵ ਕੇਸ ਨਹੀਂ ਗਿਣੇ ਗਏ। ਇਸ ਸੰਬੰਧੀ ਸਿਹਤ ਅਧਿਕਾਰੀ ਆਨ ਰਿਕਾਰਡ ਹਨ ਕਿ ਕੇਸ ਜਲੰਧਰ ਵਿਚ ਦੋ ਪਾਜ਼ਿਟਿਵ ਪਾਏ ਗਏ ਹਨ ਪਰ ਇਨ੍ਹਾਂ ਦੇ ਫ਼ਾਰਮ ਵਿਚ ਐਡਰੇਸ ਦੇ ਸਾਹਮਣੇ ‘ਕੇਅਰ ਆਫ਼’ ਲਿਖ਼ਿਆ ਹੈ, ਇਸ ਲਈ ਇਨ੍ਹਾਂ ਨੂੰ ਜਲੰਧਰ ਦੇ ਕੇਸਾਂ ਵਿਚ ਨਹੀਂ ਪਾਇਆ ਜਾ ਰਿਹਾ। ਅਸਲ ਵਿਚ ਜਿਵੇਂ ਉੱਪਰ ਸਰਕਾਰਾਂ ਆਪਣੀ ਕਾਰਗੁਜ਼ਾਰੀ ਵਿਖਾਉਣ ਦੀ ਹੋੜ ਵਿਚ ਹਨ ਉੋਵੇਂ ਹੀ ਜ਼ਿਲ੍ਹੇ ਆਪਣੀ ਕਾਰਗੁਜ਼ਾਰੀ ਠੀਕ ਰੱਖਣ ਦੇ ਆਹਰ ਵਿਚ ਹਨ।

ਵੈਂਟੀਲੇਟਰ

ਇਹ ਗੱਲ ਸਾਰਿਆਂ ਨਾਲੋਂ ਕਮਾਲ ਦੀ ਜੇ। ਪੰਜਾਬ ਵਿਚ 42 ਮੌਤਾਂ ਹੋ ਚੁੱਕੀਆਂ ਹਨ, 2158 ਲੋਕ ਪਾਜ਼ਿਟਿਵ ਹੋ ਚੁੱਕੇ ਹਨ ਪਰ ਮੀਡੀਆ ਬੁਲੇਟਿਨ ਵਿਚ ਇਕ ਅੰਕੜਾ ਕਦੇ ਨਹੀ ਬਦਲਦਾ। ਮੀਡੀਆ ਬੁਲੇਟਿਨ ਵਿਚ ਸਾਰੇ ਰਾਜ ਵਿਚ ਰੋਜ਼ ਵੈਂਟੀਲੇਟਰ ’ਤੇ ਇਕ ਹੀ ਵਿਅਕਤੀ ਹੁੰਦਾ ਹੈ। ਮੈਂ 18 ਮਈ ਤੋਂ 28 ਮਈ ਤਕ ਦਾ ਰਿਕਾਰਡ ਵੇਖ਼ਿਆ ਹੈ, ਵੈਂਟੀਲੇਟਰ ’ਤੇ ਵਿਅਕਤੀ ਦੇ ਸਾਹਮਣੇ ਰੋਜ਼ ਇਕ ਹੀ ਅੰਕੜਾ ਹੈ – ਇਕ। ਨਾ ਇਹ ਜ਼ੀਰੋ ’ਤੇ ਜਾਂਦਾ ਹੈ ਨਾ 2 ਤਕ ਪਹੁੰਚਦਾ ਹੈ।

ਜੇ ਇਹ ਸਹੀ ਹੈ ਤਾਂ ਸ਼ਾਇਦ ਕੋਈ ਵੱਡਾ ਹੀ ਸੰਜੋਗ ਹੈ। ਉਂਜ ਇਕ ਨਿੱਜੀ ਡਾਕਟਰ ਅਨੁਸਾਰ ਚੰਡੀਗੜ੍ਹ ਦੇ ਪੀ.ਜੀ.ਆਈ. ਅਤੇ ਪੰਜਾਬ ਵਿਚ ਨਿੱਜੀ ਸਿਹਤ ਸੰਸਥਾਵਾਂ ਡੀ.ਐਮ.ਸੀ. ਤੇ ਸੀ.ਐਮ.ਸੀ. ਆਦਿ ਨੂੰ ਛੱਡ ਕੇ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਜੋ ਵਿਅਕਤੀ ਵਿਅਕਤੀ ਵੈਂਟੀਲੇਟਰ ’ਤੇ ਗਏ, ਉਨ੍ਹਾਂ ਦੀ ਬਚਣ ਦਰ ਬਹੁਤ ਘੱਟ ਹੈ।

ਇਹ ਹੈ ਪੰਜਾਬ ਵਿਚ ਕੋਰੋਨਾ ਦੀ ਕਹਾਣੀ। ਸਮਝ ਨਹੀਂ ਆ ਰਹੀ ਕਿ ਮਹਾਮਾਰੀ ਨਾਲ ਟਾਕਰਾ ਹੋ ਰਿਹੈ ਜਾਂ ਫ਼ਿਰ ਧਿਆਨ ਅੰਕੜਿਆਂ ਦੀ ਖ਼ੇਡ ਵੱਲ ਹੈ। ਸਰਕਾਰਾਂ ਆਪਣਾ ਖ਼ਿਆਲ ਰੱਖ ਰਹੀਆਂ ਨੇ, ਅਧਿਕਾਰੀ ਆਪਣਾ, ਤੁਸੀਂ ਵੀ ਖ਼ਿਆਲ ਰੱਖੀਉ, ਆਪਣਾ, ਆਪਣੇ ਪਰਿਵਾਰ ਦਾ!

ਐੱਚ.ਐਸੱ.ਬਾਵਾ
ਸੰਪਾਦਕ
ਯੈੱਸ ਪੰਜਾਬ


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION